Tuesday, February 7, 2023

                                           ਸਾਜਨ ਦੇ ਹੱਥ ਡੋਰ..
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ਵਾਹ ਸੇਠ ਜੀ ਵਾਹ! ਤੁਸੀਂ ਤਾਂ ਜੇਠਾ ਲਾਲ ਦੇ ਵੀ ਬਾਪ ਨਿਕਲੇ। ਨਹੀਂ ਤਾਂ ਏਨੀ ਜੱਗ ਹਸਾਈ ਕੌਣ ਕਰਾਉਂਦੈ। ਅਡਾਨੀ ਦੀ ਅੱਖ ਕਈ ਦਿਨਾਂ ਤੋਂ ਫਰਕਦੀ ਪਈ ਸੀ। ਅਡਾਨੀ ਜ਼ਰੂਰ ਕੋਈ ਟੂਣਾ ਟੱਪੇ ਹੋਣਗੇ, ਤਾਹੀਓਂ ‘ਹਿੰਡਨਬਰਗ’ ਨੇ ਡੌਂਡੀ ਪਿੱਟ ਦਿੱਤੀ ਐ। ਐਵੇਂ ਅੱਗ ਬਿਨਾਂ ਧੂੰਆਂ ਨਿਕਲਣਾ ਔਖੈ। ਅਮਰੀਕਨ ਕੰਪਨੀ ਨੇ ਲੀਰਾਂ ਦੀ ਖਿੱਦੋ ਕੀ ਖਿਲਾਰੀ, ਦੇਸ਼ ਦੇ ਅਰਥਚਾਰੇ ਦਾ ਧੂੰਆਂ ਅਸਮਾਨੀਂ ਚਾੜ੍ਹ ਦਿੱਤਾ। ਏਨੀ ਤੇਜ਼ੀ ਨਾਲ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਨੀ ਡਿੱਗਿਆ ਹੋਣਾ, ਜਿੰਨੀ ਤੇਜ਼ੀ ਨਾਲ ਅਡਾਨੀ ਹੇਠਾਂ ਡਿੱਗਿਆ।
        ਆਖਿਆ ਜਾਂਦੈ ਕਿ ਅਮੀਰ ਬੰਦਾ ਰੱਬ ਨੂੰ ਜੇਬ ’ਚ ਰੱਖਦੈ। ਚੰਗੇ ਭਲੇ ਲਾਲਾ ਜੀ ਗੁਜਰਾਤ ’ਚ ਦਸ ਨਹੁੰਆਂ ਦੀ ਕਿਰਤ ਕਰਦੇ ਪਏ ਸਨ। ਨਰਿੰਦਰ ਮੋਦੀ ਨੇ ਖਹਿੜਾ ਨਾ ਛੱਡਿਆ, ਅਖੇਂ ਦਿੱਲੀ ਨਾਲ ਚੱਲ, ਇਕੱਠੇ ਸੇਵਾ ਕਰਾਂਗੇ। ਜੇਬ ’ਚ ਬੈਠਾ ਰੱਬ ਜ਼ਰੂਰ ਇਨ੍ਹਾਂ ਬੰਦਿਆਂ ਦੀਆਂ ਸਕੀਮਾਂ ’ਤੇ ਹੱਸਿਆ ਹੋਊ। ਐਸੀ ਕਿਰਪਾ ਹੋਈ, ਰੱਬ ਨੇ ਗਾਜਰਾਂ ਦੇ ਖੇਤ ਭਰ ਦਿੱਤੇ, ਅਡਾਨੀ ਨੇ ਵੀ ਰੰਬਾ ਵਿੱਚੇ ਰੱਖਿਆ। ਮੋਦੀ ਜੀ ਵੇਲੇ ਸਿਰ ਲੱਕੜ ਦੀ ਪੌੜੀ ਲੈ ਆਏ, ਦੇਖਦੇ ਦੇਖਦੇ ਇਹ ਭਲਾ ਪੁਰਸ਼ ਛੜੱਪੇ ਮਾਰਦਾ ਵਿਸ਼ਵੀ ਦੌਲਤਮੰਦਾਂ ਵਾਲੇ ਬਨੇਰੇ ’ਤੇ ਜਾ ਚੜ੍ਹਿਆ।
      ਮੁੁਲਕ ਦੀ ਛੱਤ ’ਤੇ ਗੀਤ ਦੀ ਗੂੰਜ ਪਈ, ‘ਯੇ ਦੋਸਤੀ ਹਮ ਨਹੀਂ ਛੋਡੇਂਗੇ..। ਕੋਈ ਅਡਾਨੀ ਨੂੰ ਪੁੱਛ ਬੈਠਾ, ਤੁਹਾਡੀ ਸਫਲਤਾ ਦਾ ਰਾਜ਼। ਅੱਗਿਓਂ ਹਜ਼ੂਰ-ਏ-ਆਲਾ ਫ਼ਰਮਾਏ, ‘ਉਪਰੋਂ ਭਗਵਾਨ ਦੀ ਕਿਰਪਾ, ਹੇਠੋਂ ਅਸਾਂ ਦੀ ਮਿਹਨਤ’। ਕਾਮਰੇਡ ਲੱਖ ਪਏ ਆਖਣ, ਬਈ ਇੱਕ ਬੰਦੇ ਦੀ ਅਮੀਰੀ ਪਿੱਛੇ ਲੱਖਾਂ ਦੀ ਗਰੀਬੀ ਛੁਪੀ ਹੁੰਦੀ ਹੈ। ਸ਼ਾਇਦ ਤਾਹੀਓਂ ਸੇਠ ਜੀ ਹੁਣ ਗਰੀਬਾਂ ਨੂੰ ਨਿਉਂਦਾ ਮੋੜ ਰਹੇ ਨੇ। ਕਿਸੇ ਸੱਚ ਆਖਿਐ, ਲੇਖਾ ਮਾਵਾਂ ਧੀਆਂ ਦਾ। ਅਡਾਨੀ ਨੇ ਭਲੇ ਵੇਲਿਆਂ ’ਚ ਕੋਈ ਤਪੱਸਿਆ ਕੀਤੀ ਹੋਊ, ਜਿਹੜੀ ਭਗਵਾਨ ਦੀ ਏਨੀ ਅਗੰਮੀ ਬਖਸ਼ਿਸ਼ ਹੋਈ ਹੈ।
       ਜਿਨਾ ਅਡਾਨੀ ਨੇ ਵਿਕਾਸ ਕੀਤੈ, ਉਸ ਨੂੰ ਦੇਖ ਤਾਂ ਅਕਲ ਦੇ ਵੀ ਖ਼ਾਨਿਓਂ ਗਈ ਹੋਣੀ ਹੈ। ਲੋਕ ਤਾਲੀ ਤੇ ਥਾਲ਼ੀ ਖੜਕਾਉਂਦੇ ਰਹਿ ਗਏ, ਬਾਜ਼ੀ ਗੁਜਰਾਤ ਦੇ ਲਾਡਲੇ  ਮਾਰ ਗਏ। ਨਾਲੇ ਪਿੰਡ ਦਾ ਤਾਂ ਕੁੱਤਾ ਮਾਣ ਨਹੀਂ ਹੁੰਦਾ। ਦੇਖੋ ਐਸੀ ਪ੍ਰਭੂ ਦੀ ਕਿਰਪਾ ਹੋਈ, ਐਨਡੀਟੀਵੀ ਛੱਪਰ ਪਾੜ ਕੇ ਵਿਹੜੇ ’ਚ ਡਿੱਗਿਆ। ਲੋਕ ਵੇਂਹਦੇ ਰਹਿ ਗਏ, ਡੱਡਾਂ ਪਾਣੀ ਪੀ ਕੇ ਔਹ ਗਈਆਂ। ਰਵੀਸ਼ ਕੁਮਾਰ ਨੇ ਜਿਉਂ ਹੀ ਅਸਤੀਫ਼ਾ ਦਿੱਤਾ, ਉਦੋਂ ਇਹ ਦੋਵੇਂ ਮਿੱਤਰ ਖੁੱਲ੍ਹ ਕੇ ਹੱਸੇ। ਏਨਾਂ ਤਾਂ ਕਦੇ ਕਪਿਲ ਸ਼ਰਮਾ ਦੇ ਸ਼ੋਅ ’ਚ ਨਵਜੋਤ ਸਿੱਧੂ ਨੀ ਹੱਸਿਆ ਹੋਣਾ। ਚਿੱਤ ਚੇਤੇ ਨਹੀਂ ਸੀ ਕਿ ਏਦਾਂ ਹਾਸੇ ਦਾ ਤਮਾਸ਼ਾ ਬਣ ਜਾਊ। ਟੱਲਾਂ ਵਾਲਾ ਸਾਧ ਜ਼ਰੂਰ ਹਰਖਿਆ ਹੋਣੈ, ਬੰਦਿਓ! ਤੁਸੀਂ ਦੇਸ਼ ਹੀ ਚਾਰ’ਤਾ। ਰਾਂਝੇ ਨੇ ਤਾਂ ਮੱਝਾਂ ਹੀ ਚਾਰੀਆਂ ਸੀ।
       ਸ਼ੇਅਰ ਬਾਜ਼ਾਰ ਹੁਣ ਗੋਤੇ ਖਾ ਰਿਹੈ, ਅਡਾਨੀ ਦੀ ਕਿਸ਼ਤੀ ਭਵਸਾਗਰ ’ਚ ਫਸੀ ਹੈ। ‘ਹਿੰਡਨਬਰਗ’ ਦਾ ਖੋਜਾਰਥੀ ਐਂਡਰਸਨ ਕਿਸੇ ਵੇਲੇ ਐਂਬੂਲੈਂਸ ਡਰਾਈਵਰ ਹੁੰਦਾ ਸੀ। ਪਹਿਲੋਂ ਪਤਾ ਹੁੰਦਾ ਕਿ ਇਹ ਡਰਾਈਵਰ ਅਡਾਨੀ ਗਰੁੱਪ ਦੀ ਜਾਮਾ ਤਲਾਸ਼ੀ ਲਏਗਾ, ਕੋਈ ਬੰਨ੍ਹ ਸੁੱਬ ਕਰ ਲੈਂਦੇ। ਅਰਥਚਾਰਾ ਹੀ ਲੰਗਾਰ ਕਰ ਦਿੱਤਾ, ਨਿਰਮਲਾ ਸੀਤਾਰਾਮਨ ਹੁਣ ਕੰਧੂਈ ਸੂਈ ਚੁੱਕੀ ਫਿਰਦੀ ਹੈ। ਬੀਬੀ ਨੂੰ ਕੌਣ ਸਮਝਾਏ, ਹੁਣ ਇਹ ਸਿਉਣਾ ਔਖੈ। ਐਂਡਰਸਨ ਜੀ, ਤੁਸੀਂ ਹੀ ਕਰੋ ਬੇਨਤੀ ਕਬੂਲ, ਇਨ੍ਹਾਂ ਸ਼ੇਅਰਾਂ ਨੂੰ ਐਂਬੂਲੈਸ ’ਚ ਪਾ ਕੇ ਵੈਂਟੀਲੇਟਰ ’ਤੇ ਲਵਾਓ।
      ‘ਰੱਬਾ ਹੁਣ ਕੀ ਕਰੀਏ, ਛੜੇ ਬੈਠ ਕੇ ਸਲਾਹਾਂ ਕਰਦੇ।’ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਸ਼ੇਅਰ ਵੀ ਆਸਣ ਕਰਨ ਲੱਗੇ ਨੇ। ਗਰੰਥਾਂ ’ਚ ਜ਼ਿਕਰ ਆਉਂਦੈ ਕਿ ਭਾਈ! ਪੈਸਾ ਤਾਂ ਹੱਥਾਂ ਦੀ ਮੈਲ ਹੈ। ਇੰਜ ਜਾਪਦੈ ਜਿਵੇਂ ਅਡਾਨੀ ਤੇ ਬਾਬਾ ਰਾਮਦੇਵ ਨੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਹੱਥ ਧੋਤੇ ਹੋਣਗੇ, ਨਾਲ ਹੀ ਹੱਥਾਂ ਦੀ ਮੈਲ ਧੋਤੀ ਗਈ ਹੋਵੇਗੀ। ਇਸੇ ਕਰਕੇ ਭਗਵਾਨ ਨੇ ਆਪਣੀ ਕਿਰਪਾ ਵਿਦਡਰਾਅ (ਵਾਪਸ) ਕਰ ਲਈ ਹੋਵੇਗੀ। ਤਾਹੀਓਂ ਹੁਣ ਲੱਛਮੀ ਦੀ ਥਾਂ ਬਦਨਾਮੀ ਦੀਆਂ ਮੀਗਣਾਂ  ਦੇ ਅਡਾਨੀ ਦੇ ਘਰ ਢੇਰ ਲੱਗੇ ਨੇ। ‘ਸੌ ਦਿਨ ਚੋਰ ਦਾ, ਇੱਕ ਦਿਨ ਸਾਧ ਦਾ।’
       ਬਾਬਾ ਰਾਮਦੇਵ ਜੀ, ਹੁਣ ਤੁਸੀਂ ਹੀ ਕੋਈ ਨਵੇਂ ਆਸਣ ਦੀ ਕਾਢ ਕੱਢੋ। ਕਰ ਦਿਓ ਬੇੜਾ ਪਾਰ, ਬੈਂਕਾਂ ਨੂੰ ਤਾਂ ਧੁੜਕੂ ਲੱਗਿਆ ਪਿਐ। ਨਹੀਂ ਫਿਰ ਬਾਗੇਸ਼ਵਰ ਵਾਲੇ ਬਾਬੇ ਨੂੰ ਖੇਚਲਾ ਦੇਣੀ ਪਵੇਗੀ। ਗੱਲ ਫੇਰ ਨਾ ਬਣੀ ਤਾਂ ਮਿੱਤਰਾਂ ਨੂੰ ਕਹਾਂਗੇ, ਕੋਈ ‘ਅਡਾਨੀ ਬਚਾਓ ਯਾਤਰਾ’ ਹੀ ਕੱਢ ਲਓ। ਠੱਗਾਂ ਦੇ ਕਿਹੜਾ ਹਲ਼ ਚੱਲਦੇ ਨੇ, ਇਹ ਤਾਂ ਪਤਾ ਨਹੀਂ ਪਰ ਸਿਆਣੇ ਆਖਦੇ ਨੇ ਕਿ ਜੀਹਦੀ ਕਲਮ ਤੇ ਜ਼ਬਾਨ ਚੱਲਦੀ ਹੈ, ਉਹਦੇ ਦਸ ਹਲ਼ ਚੱਲਦੇ ਨੇ। ਕੀ ਪਤਾ ਸੀ ਕਿ ਅਡਾਨੀ ਦੀ ਪੱਕੀ ਫਸਲ ਅਮਰੀਕਾ ਵਾਲੇ ਏਦਾਂ ਕਰੰਡ ਕਰ ਦੇਣਗੇ। ਖੇਤੀ ਕਾਨੂੰਨਾਂ ਨੂੰ ਚੇਤੇ ਕਰ, ਪੰਜਾਬ ਸੋਚਦਾ ਹੋਊ ਕਿ ਆਹ ਤਾਂ ਸਾਡੀ ਹਾਅ ਲੱਗੀ ਹੈ। ਕਿਸਾਨ ਘੋਲ ਦੇ ਸ਼ਹੀਦਾਂ ਦੀ ਰੂਹ ਨੂੰ ਜ਼ਰੂਰ ਸ਼ਾਂਤੀ ਮਿਲੀ ਹੋਊ।
        ਮਸ਼ਹੂਰੀ ਤਾਂ ਸੁਣੀ ਹੋਵੇਗੀ, ਭਈਆ, ਏਹ ਦੀਵਾਰ ਟੂਟਤੀ ਕਿਊਂ ਨਹੀਂ। ਇਵੇਂ ਮੋਦੀ ਤੇ ਅਡਾਨੀ ਦੀ ਦੋਸਤੀ ਦਾ ਵੀ ਫੈਵੀਕੋਲ ਵਾਲਾ ਜੋੜ ਐ। ਪਿਆਰੇ ਐਂਡਰਸਨ, ਤੂੰ ਅਡਾਨੀ ’ਤੇ ਨਹੀਂ, ਦੇਸ਼ ’ਤੇ ਹਮਲਾ ਕੀਤਾ ਹੈ। ਏਡੇ ਦਾਨਵੀਰ ਦੀ ਇੱਜ਼ਤ ਨੂੰ ਹੱਥ ਪਾਇਐ। ਮਿੱਤਰੋ! ਅਸੀਂ ਲੜਾਂਗੇ, ਉਦੋਂ ਤੱਕ ਜਦ ਤੱਕ ਦੋਸਤ ਦੇ ਹੱਥਾਂ ’ਤੇ ਸਰ੍ਹੋਂ ਨਹੀਂ ਜਮਾ ਦਿੰਦੇ। ਮੈਲ ਜਮਾਉਣੀ ਤਾਂ ਅਸਾਂ ਲਈ ਖੱਬੇ ਹੱਥ ਦਾ ਖੇਡ ਹੈ। ਕਿਧਰੋਂ ਸਾਹ ਹੁਸੈਨ ਦੀ ਹੂਕ ਕੰਨੀਂ ਪਈ ਹੈ, ‘ਸਾਜਨ ਦੇ ਹੱਥ ਡੋਰ ਅਸਾਡੀ, ਮੈਂ ਸਾਜਨ ਦੀ ਗੁੱਡੀ।’ ਹੁਣ ਅਡਾਨੀ ਦੀ ਅੰਬਰੋਂ ਡਿੱਗੀ ਗੁੱਡੀ ਦਾ ਕੀ ਬਣਦੈ, ਦੇਖਦੇ ਰਹੋ ਐਨਡੀਟੀਵੀ!

No comments:

Post a Comment