Friday, February 17, 2023

                                                  ਮੁੱਖ ਮੰਤਰੀ ਵੱਲੋਂ ਹਰੀ ਝੰਡੀ 
                               ‘ਆਪ’ ਵਿਧਾਇਕ ਸ਼ੱਕ ਦੇ ਘੇਰੇ ’ਚ !
                                                        ਚਰਨਜੀਤ ਭੁੱਲਰ       


ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਦਿਆਂ ਸਾਰ ਹੀ ਵਿਜੀਲੈਂਸ ਨੇ ਬਠਿੰਡਾ (ਦਿਹਾਤੀ) ਹਲਕੇ ਤੋਂ ‘ਆਪ’ ਵਿਧਾਇਕ ਅਮਿਤ ਰਤਨ ਦੇ ਕਰੀਬੀ ਰੇਸ਼ਮ ਗਰਗ ਨੂੰ ਚਾਰ ਲੱਖ ਰੁਪਏ ਲੈਂਦੇ ਦਬੋਚਿਆ ਹੈ। ਬਠਿੰਡਾ ਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਤੋਂ ਇਹ ਕਰੀਬੀ ਗਰਾਂਟਾਂ ਜਾਰੀ ਕਰਵਾਉਣ ਬਦਲੇ ਪੈਸੇ ਮੰਗ ਰਿਹਾ ਸੀ ਅਤੇ ਪੈਸਾ ਲੈਣ ਲਈ ਸਰਕਟ ਹਾਊਸ ਬਠਿੰਡਾ ਵਿੱਚ ਪੁੱਜਿਆ ਸੀ। ਅਹਿਮ ਸੂਤਰਾਂ ਅਨੁਸਾਰ ‘ਆਪ’ ਸਰਕਾਰ ਦੀ ਪਿਛਲੇ ਕੁਝ ਸਮੇਂ ਤੋਂ ਬਠਿੰਡਾ (ਦਿਹਾਤੀ) ਹਲਕੇ ’ਤੇ ਅੱਖ ਸੀ, ਜਿੱਥੋਂ ਦੀਆਂ ਕਾਫ਼ੀ ਸ਼ਿਕਾਇਤਾਂ ਸਰਕਾਰ ਕੋਲ ਪੁੱਜੀਆਂ ਸਨ। ‘ਆਪ’ ਸਰਕਾਰ ਨੂੰ ਬਠਿੰਡਾ ਦਿਹਾਤੀ ਹਲਕੇ ਵਿਚ ਜਦੋਂ ਸਭ ਕੁਝ ਸਹੀ ਨਾ ਹੋਣ ਦੀ ਭਿਣਕ ਪਈ ਤਾਂ ਸਰਕਾਰ ਨੇ ਗੁਪਤ ਤੌਰ ’ਤੇ ਇੱਕ ਰਿਪੋਰਟ ਹਾਸਲ ਕੀਤੀ। ਇਸ ਰਿਪੋਰਟ ਮਗਰੋਂ ਸਰਕਾਰ ਹਰਕਤ ਵਿਚ ਆ ਗਈ ਕਿਉਂਕਿ ਕਿਸੇ ਹਲਕੇ ਤੋਂ ਅਜਿਹੀ ਰਿਪੋਰਟ ਸਿਆਸੀ ਹਲਕਿਆਂ ਨੂੰ ਵੀ ਪ੍ਰੇਸ਼ਾਨ ਕਰਨ ਵਾਲੀ ਸੀ। ਸੂਤਰ ਦੱਸਦੇ ਹਨ ਕਿ ਇਸ ਗੁਪਤ ਰਿਪੋਰਟ ਵਿਚ ਅੱਜ ਫੜੇ ਗਏ ਰੇਸ਼ਮ ਗਰਗ ਸਣੇ ਤਿੰਨ ਹੋਰਾਂ ਦੇ ਨਾਮ ਵੀ ਦਰਜ ਹਨ। 

         ਵਿਜੀਲੈਂਸ ਨੂੰ ਪਹਿਲਾਂ ਹੀ ਇਨ੍ਹਾਂ ਲੋਕਾਂ ’ਤੇ ਨਜ਼ਰ ਰੱਖਣ ਲਈ ਆਖਿਆ ਗਿਆ ਸੀ। ‘ਆਪ’ ਸਰਕਾਰ ਨੇ ਪਹਿਲਾਂ ਆਪਣੇ ਹੀ ਸਿਹਤ ਮੰਤਰੀ ਦੀ ਛੁੱਟੀ ਕਰ ਦਿੱਤੀ ਸੀ ਅਤੇ ਉਸ ਮਗਰੋਂ ਇੱਕ ਹੋਰ ਮੰਤਰੀ ਨੂੰ ਵੀ ਵਿਹਲਾ ਕਰ ਦਿੱਤਾ। ਰੇਸ਼ਮ ਗਰਗ ਦੇ ਫੜੇ ਜਾਣ ਮਗਰੋਂ ਹੁਣ ‘ਆਪ’ ਵਿਧਾਇਕ ਅਮਿਤ ਰਤਨ ਵੀ ਸ਼ੱਕ ਦੇ ਘੇਰੇ ਵਿਚ ਆ ਗਏ ਹਨ। ਸੂਤਰ ਦੱਸਦੇ ਹਨ ਕਿ ਸਰਕਾਰ ਕੋਲ ਰਿਪੋਰਟ ਪੁੱਜੀ ਸੀ ਕਿ ਹਲਕਾ ਬਠਿੰਡਾ ਦਿਹਾਤੀ ਵਿਚ ਸੰਗਤ ਮੰਡੀ ਦੇ ਵਾਰਡ ਨੰਬਰ-9 ਦਾ ਇੱਕ ਵਿਅਕਤੀ ਜੂਏ ਦਾ ਧੰਦਾ ਚਲਾ ਰਿਹਾ ਹੈ। ਮਾਲ ਮਹਿਕਮੇ ਤੇ ਪੁਲੀਸ ਮਹਿਕਮੇ ਵਿਚ ਤਾਇਨਾਤੀਆਂ ਵਿਚ ਘਪਲਾ ਹੋ ਰਿਹਾ ਹੈ। ਦੀਵਾਲੀ ’ਤੇ ਤੋਹਫ਼ੇ ਮੰਗੇ ਜਾਣ ਦੀ ਗੱਲ ਵੀ ਸਰਕਾਰ ਤੱਕ ਪੁੱਜੀ ਹੈ। ਦੱਸਣਯੋਗ ਹੈ ਕਿ ਅਮਿਤ ਰਤਨ ਨੇ ਬਠਿੰਡਾ ਦਿਹਾਤੀ ਹਲਕੇ ਤੋਂ ਬਤੌਰ ਅਕਾਲੀ ਉਮੀਦਵਾਰ ਸਾਲ 2017 ਵਿਚ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ‘ਆਪ’ ਉਮੀਦਵਾਰ ਰੁਪਿੰਦਰ ਕੌਰ ਰੂਬੀ ਤੋਂ ਚੋਣ ਹਾਰ ਗਏ ਸਨ। ਚੋਣ ਹਾਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅਮਿਤ ਰਤਨ ਨੂੰ ਹਲਕਾ ਇੰਚਾਰਜ ਵਜੋਂ ਤਾਇਨਾਤ ਕਰ ਦਿੱਤਾ ਸੀ। 

         2018 ਵਿਚ ਅਮਿਤ ਰਤਨ ਉਸ ਵਕਤ ਵਿਵਾਦਾਂ ਦੇ ਘੇਰੇ ਵਿਚ ਆ ਗਏ ਸਨ, ਜਦੋਂ ਅਕਾਲੀ ਵਰਕਰਾਂ ਨੇ ਉਨ੍ਹਾਂ ’ਤੇ ਇਲਜ਼ਾਮ ਲਗਾਏ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਅਮਿਤ ਰਤਨ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਇਸ ਗ੍ਰਿਫ਼ਤਾਰੀ ਮਗਰੋਂ ਗੱਲ ਠੱਲ੍ਹਣ ਦੇ ਰੌਂਅ ਵਿਚ ਨਹੀਂ ਹਨ ਅਤੇ ਇਸ ਮਾਮਲੇ ਦੀ ਹੁਣ ਪੈੜ ਕਿੱਥੋਂ ਤੱਕ ਜਾਂਦੀ ਹੈ, ਬਾਰੇ ਵੀ ਵਿਜੀਲੈਂਸ ਜਾਂਚ ਕਰੇਗੀ। ਵਿਜੀਲੈਂਸ ਨੇ ਜਾਂਚ ਅੱਗੇ ਵਧਾਈ ਤਾਂ ਹਲਕਾ ਬਠਿੰਡਾ ਦਿਹਾਤੀ ਵਿਚ ਕਾਫ਼ੀ ਕੁਝ ਬੇਪਰਦ ਹੋਣ ਦੀ ਸੰਭਾਵਨਾ ਹੈ। ਇਸ ਹਲਕੇ ਵਿਚ ਇੱਕ ‘ਅੰਕਲ’ ਵੀ ਮਸ਼ਹੂਰ ਹੈ, ਜੋ ਹਲਕੇ ਵਿਚ ਨੌਕਰੀਆਂ ਦੇਣ ਦੇ ਨਾਮ ਹੇਠ ਕਾਫ਼ੀ ਚੱਕਰ ਚਲਾ ਰਿਹਾ ਹੈ।ਬਠਿੰਡਾ ਦਿਹਾਤੀ ਹਲਕੇ ਵਿਚ ਪੁਲੀਸ ਮਹਿਕਮੇ ’ਚ ਤਾਇਨਾਤੀਆਂ ਨੂੰ ਲੈ ਕੇ ਵੀ ਉਂਗਲਾਂ ਉੱਠੀਆਂ ਹਨ, ਜਿਨ੍ਹਾਂ ਦੀ ਜਾਂਚ ਹੁਣ ਵਿਜੀਲੈਂਸ ਕਰੇਗੀ। ਹਲਕਾ ਵਿਧਾਇਕ ਅਮਿਤ ਰਤਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਫੱਤਾ ਦੇ ਵਸਨੀਕ ਹਨ ਪਰ ਉਹ ਇਸ ਵੇਲੇ ਪਟਿਆਲਾ ਵਿੱਚ ਰਹਿ ਰਹੇ ਹਨ। ਅਮਿਤ ਰਤਨ ਨਾਲ ਸੰਪਰਕ ਕਰਨ ਵਾਸਤੇ ਫ਼ੋਨ ਵੀ ਕੀਤਾ ਅਤੇ ਮੈਸੇਜ ਵੀ ਕੀਤੇ ਪਰ ਉਨ੍ਹਾਂ ਕੋਈ ਜੁਆਬ ਨਹੀਂ ਦਿੱਤਾ।

No comments:

Post a Comment