Friday, April 21, 2023

                                                        ਕਾਂਗੜ ਦੀ ਜਾਂਚ 
                   ਵਿਜੀਲੈਂਸ ਅਪਰੇਸ਼ਨ ਤੇ ਭਾਰੂ ਪਿਆ ਗੋਡਿਆਂ ਦਾ ਅਪਰੇਸ਼ਨ
                                                         ਚਰਨਜੀਤ ਭੁੱਲਰ   

ਚੰਡੀਗੜ੍ਹ: ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਗੋਡਿਆਂ ਦਾ ਅਪਰੇਸ਼ਨ ਕਰਵਾ ਲਿਆ ਹੈ ਜਿਸ ਕਾਰਨ ਉਹ ਕਰੀਬ ਡੇਢ ਮਹੀਨਾ ਹੁਣ ਵਿਜੀਲੈਂਸ ਜਾਂਚ ਵਿਚ ਪੇਸ਼ ਨਹੀਂ ਹੋ ਸਕਣਗੇ। ਵਿਜੀਲੈਂਸ ਰੇਂਜ ਬਠਿੰਡਾ ਨੇ ਸਾਬਕਾ ਮੰਤਰੀ ਕਾਂਗੜ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਬਣਾਈ ਜਾਇਦਾਦ ਨੂੰ ਲੈ ਕੇ 17 ਅਪਰੈਲ ਨੂੰ ਮੁੜ ਤਲਬ ਕੀਤਾ ਸੀ ਪਰ ਉਨ੍ਹਾਂ ਨੇ ਇਸ ਦਿਨ ਮੈਡੀਕਲ ਸਰਟੀਫਿਕੇਟ ਭੇਜ ਦਿੱਤਾ ਸੀ। ਫੋਰਟਿਸ ਹਸਪਤਾਲ ਮੁਹਾਲੀ ਵੱਲੋਂ 17 ਅਪਰੈਲ ਨੂੰ ਕਾਂਗੜ ਦਾ ਮੈਡੀਕਲ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਵਿਜੀਲੈਂਸ ਰੇਂਜ ਵੱਲੋਂ ਗੁਰਪ੍ਰੀਤ ਕਾਂਗੜ ਨੂੰ ਇੱਕ ਪ੍ਰੋਫਾਰਮਾ ਜਾਰੀ ਕੀਤਾ ਗਿਆ ਸੀ ਜਿਸ ’ਚ ਖ਼ੁਦ ਕਾਂਗੜ ਵੱਲੋਂ ਆਪਣੀ ਸੰਪਤੀ ਦੇ ਵੇਰਵਿਆਂ ਦਾ ਵਿਸਥਾਰ ਦਿੱਤਾ ਜਾਣਾ ਸੀ। ਇਹ ਪ੍ਰੋਫਾਰਮਾ ਭਰ ਕੇ ਕਾਂਗੜ ਨੇ ਵਿਜੀਲੈਂਸ ਨੂੰ 17 ਅਪਰੈਲ ਨੂੰ ਵਾਪਸ ਕਰਨਾ ਸੀ। ਪ੍ਰੋਫਾਰਮੇ ਦੀ ਥਾਂ ਵਿਜੀਲੈਂਸ ਨੂੰ ਕਾਂਗੜ ਦਾ ਮੈਡੀਕਲ ਸਰਟੀਫਿਕੇਟ ਪ੍ਰਾਪਤ ਹੋਇਆ। ਫੋਰਟਿਸ ਹਸਪਤਾਲ ਮੁਹਾਲੀ ਵੱਲੋਂ ਜਾਰੀ ਮੈਡੀਕਲ ਸਰਟੀਫਿਕੇਟ ਅਨੁਸਾਰ 8 ਅਪਰੈਲ ਨੂੰ ਕਾਂਗੜ ਦਾ ਅਪਰੇਸ਼ਨ ਕਰਕੇ ਦੋਵੇਂ ਗੋਡੇ ਬਦਲੇ ਗਏ ਹਨ ਅਤੇ 13 ਅਪਰੈਲ ਨੂੰ ਕਾਂਗੜ ਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਸੀ।

          ਫੋਰਟਿਸ ਵਿਭਾਗ ਦੇ ਸਬੰਧਤ ਵਿਭਾਗ ਦੇ ਡਾਇਰੈਕਟਰ ਨੇ ਕਾਂਗੜ ਨੂੰ ਛੇ ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਕਿ ਵਾਕਿਆ ਹੀ ਕਾਂਗੜ ਨੂੰ ਏਨਾ ਲੰਮਾ ਆਰਾਮ ਕਰਨ ਦੀ ਲੋੜ ਹੈ ਅਤੇ ਕਿਤੇ ਇਹ ਵਿਜੀਲੈਂਸ ਜਾਂਚ ਤੋਂ ਟਾਲਾ ਵੱਟਣ ਦਾ ਤਰੀਕਾ ਤਾਂ ਨਹੀਂ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਰੇਂਜ ਬਠਿੰਡਾ ਨੇ ਹੁਣ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜ ਕੇ ਸਾਬਕਾ ਮਾਲ ਮੰਤਰੀ ਕਾਂਗੜ ਦੀ ਜਾਇਦਾਦ ਦੇ ਵੇਰਵਿਆਂ ਬਾਰੇ ਪੁੱਛਿਆ ਹੈ ਜਿਨ੍ਹਾਂ ਵਿਚ ਜ਼ਿਲ੍ਹਾ ਰੋਪੜ, ਮੁਹਾਲੀ, ਸੰਗਰੂਰ, ਬਰਨਾਲਾ, ਬਠਿੰਡਾ ਆਦਿ ਸ਼ਾਮਿਲ ਹਨ। ਵਿਜੀਲੈਂਸ ਦੀ ਇੱਕ ਟੀਮ ਨੂੰ ਦੂਸਰੇ ਸੂਬਿਆਂ ਵਿਚ ਬੇਨਾਮੀ ਸੰਪਤੀ ਦੀ ਜਾਂਚ ਲਈ ਭੇਜੇ ਜਾਣ ਦੀ ਵਿਉਂਤਬੰਦੀ ਚੱਲ ਰਹੀ ਹੈ। ਵਿਜੀਲੈਂਸ ਨੇ ਬਠਿੰਡਾ ਦੇ ਇੱਕ ਕਲੋਨਾਈਜ਼ਰ ਤੋਂ ਵੀ ਪੁੱਛ-ਪੜਤਾਲ ਕੀਤੀ ਹੈ। ਜ਼ਿਕਰਯੋਗ ਹੈ ਕਿ ਥੋੜ੍ਹਾ ਅਰਸਾ ਪਹਿਲਾਂ ਗੁਰਪ੍ਰੀਤ ਕਾਂਗੜ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

        ਵਿਜੀਲੈਂਸ ਵੱਲੋਂ ਹੁਣ ਉਸ ਅਰਸੇ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ ਜਦੋਂ ਕਾਂਗੜ ਮਾਲ ਮੰਤਰੀ ਰਹੇ ਹਨ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਇੱਕ ਸਾਬਕਾ ਈਟੀਓ ਅਤੇ ਮਾਲ ਵਿਭਾਗ ਦੇ ਦੋ ਅਧਿਕਾਰੀਆਂ ਨੂੰ ਵੀ ਸੱਦ ਸਕਦੀ ਹੈ ਜਿਨ੍ਹਾਂ ਦੀ ਕਾਂਗੜ ਦੇ ਵਜ਼ੀਰ ਹੁੰਦਿਆਂ ਤੂਤੀ ਬੋਲਦੀ ਰਹੀ ਹੈ। ਦੱਸਣਯੋਗ ਹੈ ਕਿ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹਾ ਮੁਹਾਲੀ ਵਿਚ ਨਾਜਾਇਜ਼ ਕਬਜ਼ੇ ਹੇਠੋਂ ਖ਼ਾਲੀ ਕਰਾਈ ਗਈ ਜ਼ਮੀਨ ਵਾਲੀ ਸੂਚੀ ਵਿਚ ਸਾਬਕਾ ਮੰਤਰੀ ਕਾਂਗੜ ਦੇ ਲੜਕੇ ਹਰਮਨਦੀਪ ਸਿੰਘ ਦਾ ਨਾਮ ਵੀ ਸੀ ਅਤੇ ਪੰਜ ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਏ ਜਾਣ ਦੀ ਗੱਲ ਉਦੋਂ ਸਰਕਾਰ ਨੇ ਕੀਤੀ ਸੀ।ਵਿਜੀਲੈਂਸ ਹੁਣ ਕਾਂਗੜ ਦੀ ਛੜੱਪੇ ਮਾਰ ਕੇ ਵਧੀ ਜਾਇਦਾਦ ਦਾ ਵੀ ਮੁਲਾਂਕਣ ਕਰ ਰਹੀ ਹੈ। ਰਾਜ ਭਾਗ ਦੌਰਾਨ ਸੰਪਤੀ ਦੀ ਜਾਂਚ ਵੀ ਨਾਲੋ ਨਾਲ ਵਿਜੀਲੈਂਸ ਕਰਨ ਦੇ ਰਾਹ ਪਈ ਹੈ।  

No comments:

Post a Comment