Thursday, February 1, 2024

                                                         ਸ਼੍ਰੋਮਣੀ ਕਮੇਟੀ
                                 ਵੋਟਰ ਬਣਨ ਲਈ ਮੱਠਾ ਹੁੰਗਾਰਾ
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ’ਚ ਪੰਜਾਬ ਵਾਸੀ ਐਤਕੀਂ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇ। ਕਾਰਨ ਕੁੱਝ ਵੀ ਰਹੇ ਹੋਣ ਪਰ 30 ਜਨਵਰੀ ਤੱਕ ਸਮੁੱਚੇ ਸੂਬੇ ’ਚ ਸਿਰਫ 15.06 ਲੱਖ ਵੋਟਾਂ ਬਣੀਆਂ ਹਨ ਜਦਕਿ ਸਾਲ 2011 ਵਿੱਚ ਇਹ ਅੰਕੜਾ 51.86 ਲੱਖ ਵੋਟਾਂ ਦਾ ਸੀ। ਸਾਲ 2011 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਈਆਂ ਸਨ। ਕਰੀਬ 13 ਸਾਲ ਪਹਿਲਾਂ ਦੇ ਮੁਕਾਬਲੇ ਐਤਕੀਂ ਸਿਰਫ 29 ਫੀਸਦ ਵੋਟਾਂ ਹੀ ਬਣੀਆਂ ਹਨ, ਜਦਕਿ ਬੀਤੇ ਵਰ੍ਹਿਆਂ ਦੌਰਾਨ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਚਾਹੀਦਾ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਜਦੋਂ ਵੀ ਚੀਫ ਕਮਿਸ਼ਨਰ, ਗੁਰਦੁਆਰਾ ਚੋਣਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾਈ ਜਾਂਦੀ ਹੈ ਤਾਂ ਨਵੇਂ ਸਿਰਿਓਂ ਸਾਰੀਆਂ ਵੋਟਾਂ ਬਣਦੀਆਂ ਹਨ। ਚੀਫ ਕਮਿਸ਼ਨਰ ਦੀ ਸਿਫਾਰਸ਼ ’ਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋਂ 21 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਲਈ ਵੋਟਾਂ ਬਣਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਿਸ ਦੀ ਆਖਰੀ ਤਰੀਕ 15 ਨਵੰਬਰ 2023 ਸੀ। 

         ਸ਼੍ਰੋਮਣੀ ਕਮੇਟੀ ਨੇ ਲੋਕਾਂ ਦੀ ਘੱਟ ਦਿਲਚਸਪੀ ਨੂੰ ਦੇਖਦਿਆਂ ਤਰੀਕ ਵਿੱਚ ਵਾਧੇ ਦੀ ਮੰਗ ਕੀਤੀ ਸੀ, ਜਿਸ ਮਗਰੋਂ ਇਹ ਤਰੀਕ ਵਧਾ ਕੇ 29 ਫਰਵਰੀ 2024 ਕੀਤੀ ਗਈ ਹੈ। 10 ਨਵੰਬਰ 2023 ਤੱਕ ਵੋਟਾਂ ਵਾਸਤੇ ਸਿਰਫ 1.32 ਲੱਖ ਫਾਰਮ ਹੀ ਜਮ੍ਹਾਂ ਹੋਏ ਸਨ। ਪੰਥਕ ਧਿਰਾਂ ਲਈ ਸਿੱਖ ਵੋਟਰਾਂ ਦਾ ਮੱਠਾ ਹੁੰਗਾਰਾ ਫਿਕਰਮੰਦੀ ਵਾਲਾ ਹੈ। ਸਾਲ 2011 ਵਿਚ ਸ਼੍ਰੋਮਣੀ ਕਮੇਟੀ ਚੋਣਾਂ ਲਈ 51.86 ਲੱਖ ਵੋਟਰ ਸਨ, ਪਰ ਇਨ੍ਹਾਂ ’ਚੋਂ 30 ਲੱਖ ਵੋਟਰਾਂ ਨੇ ਵੋਟ ਦਾ ਇਸਤੇਮਾਲ ਕੀਤਾ ਸੀ। ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਤਾਂ ਸਾਲ 2011 ਦੀ ਵੋਟਰ ਸੂਚੀ ਦੇ ਮੁਕਾਬਲੇ 30 ਫੀਸਦ ਤੋਂ ਵੀ ਘੱਟ ਵੋਟਾਂ ਬਣੀਆਂ ਹਨ, ਜਦਕਿ ਸਿਰਫ਼ ਚਾਰ ਜ਼ਿਲ੍ਹਿਆਂ ਤਰਨ ਤਾਰਨ, ਲੁਧਿਆਣਾ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਵੋਟਰਾਂ ਦਾ ਅੰਕੜਾ ਇੱਕ ਲੱਖ ਨੂੰ ਪਾਰ ਕੀਤਾ ਹੈ। ਕਪੂਰਥਲਾ ਜ਼ਿਲ੍ਹੇ ਵਿੱਚ ਸਾਲ 2011 ਵਿੱਚ 1.40 ਲੱਖ ਵੋਟਰ ਸਨ, ਜਦਕਿ ਐਤਕੀਂ 22,163 ਵੋਟਾਂ ਬਣੀਆਂ ਹਨ। ਬਰਨਾਲਾ ਜ਼ਿਲ੍ਹੇ ਵਿੱਚ ਸਿਰਫ 20 ਫੀਸਦ ਵੋਟਾਂ ਬਣੀਆਂ ਹਨ।

        ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਿੱਚ ਪੂਰਾ ਸਹਿਯੋਗ ਕਰਨ ਅਤੇ ਪਿੰਡ ਪਿੰਡ ਸਟਾਫ ਭੇਜਿਆ ਜਾਵੇ। ਪੰਥਕ ਹਲਕਿਆਂ ਦਾ ਅੰਦਾਜ਼ਾ ਹੈ ਕਿ ਐਤਕੀਂ ਔਰਤਾਂ ਦੀਆਂ ਵੋਟਾਂ ਵੱਧ ਬਣਨ ਦੀ ਸੰਭਾਵਨਾ ਹੈ। ਨਵੀਂ ਪੀੜ੍ਹੀ ਤਾਂ ਇਨ੍ਹਾਂ ਵੋਟਾਂ ਵਿੱਚ ਦਿਲਚਸਪੀ ਦਿਖਾ ਹੀ ਨਹੀਂ ਰਹੀ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਦੀ ਸਾਖ਼ ਨੂੰ ਬੀਤੇ ਸਮੇੀ ਵਿੱਚ ਵੱਡਾ ਖੋਰਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਘੱਟ ਦਿਲਚਸਪੀ ਦਾ ਰੁਝਾਨ ਸੱਚਮੁੱਚ ਚਿੰਤਤ ਕਰਨ ਵਾਲਾ ਹੈ। ਸ਼੍ਰੋਮਣੀ ਕਮੇਟੀ ਦਾ ਵੋਟਰ ਬਣਨ ਲਈ 21 ਸਾਲ ਦੀ ਉਮਰ ਵਿੱਚ ਦਾੜ੍ਹੀ ਤੇ ਕੇਸ ਹੋਣੇ ਲਾਜ਼ਮੀ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਦਾ ਕਹਿਣਾ ਸੀ ਕਿ ਫਾਰਮ ’ਤੇ ਲੱਗਣ ਵਾਲੀ ਫੋਟੋ ਕਰ ਕੇ ਵੀ ਦਿੱਕਤਾਂ ਆਈਆਂ ਹਨ।

No comments:

Post a Comment