Wednesday, February 28, 2024

                                                      ‘ਸਿਆਸੀ ਖੇਤੀ’
                                        ਹੁਣ ਤਾਂ ਹਰ ਰਾਹ ਬੱਲ੍ਹੋ ਨੂੰ ਜਾਂਦੈ..!
                                                      ਚਰਨਜੀਤ ਭੁੱਲਰ 

ਚੰਡੀਗੜ੍ਹ : ਸਿਆਸੀ ਨੇਤਾਵਾਂ ਦੇ ਗੇੜਿਆਂ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਹੁਣ ਹਰ ਰਾਹ ਹੀ ਪਿੰਡ ਬੱਲ੍ਹੋ ਨੂੰ ਜਾਂਦਾ ਹੋਵੇ। ਸ਼ਹਿਰਾਂ ਤੋਂ ਦੂਰ ਪੈਂਦੇ ਇਹ ਪਿੰਡ ਹਮੇਸ਼ਾ ਅਣਗੌਲਿਆ ਰਿਹਾ। ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਸ਼ਹੀਦ ਹੋਣ ਮਗਰੋਂ ਇੱਥੇ ਹਰ ਛੋਟਾ ਵੱਡਾ ਨੇਤਾ ਪਹੁੰਚ ਰਿਹਾ ਹੈ। ਜ਼ਿੰਦਗੀ ਭਰ ਤੰਗੀ-ਤੁਰਸ਼ੀ ਨਾਲ ਘੁਲਣ ਵਾਲੇ ਸ਼ੁਭਕਰਨ ਦੇ ਪਰਿਵਾਰ ਦੀ ਕਦੇ ਕਿਸੇ ਨੇ ਬਾਂਹ ਨਹੀਂ ਫੜੀ ਸੀ। ਜਦੋਂ ਪਰਿਵਾਰ ਦਾ ਕਰਜ਼ ਇੱਕ ਮਰਜ਼ ਬਣ ਗਿਆ ਤਾਂ ਸ਼ੁਭਕਰਨ ਇਸ ਦੀ ਦਵਾ ਦਾਰੂ ਲੱਭਣ ਲਈ ਪਹਿਲਾਂ ਦਿੱਲੀ ਮੋਰਚੇ ’ਚ ਗਿਆ ਅਤੇ ਹੁਣ ਖਨੌਰੀ ਬਾਰਡਰ ’ਤੇ ਬੈਠ ਗਿਆ। ਸ਼ੁਭਕਰਨ ਦੇ ਘਰ ਦੇ ਵਿਹੜੇ ’ਚ ਪਹਿਲਾਂ ਕਦੇ ਬੈਂਕਾਂ ਵਾਲੇ ਅਤੇ ਕਦੇ ਸ਼ਾਹੂਕਾਰ ਗੇੜੇ ਮਾਰਦੇ ਸਨ। ਜਦੋਂ ਉਹ ਹੁਣ ‘ਖੇਤੀ ਸ਼ਹੀਦ’ ਬਣ ਗਿਆ ਤਾਂ ਉਸ ਦੇ ਘਰ ਰੋਜ਼ਾਨਾ ਕੋਈ ਨਾ ਕੋਈ ਨੇਤਾ ਬਹੁੜ ਰਿਹਾ ਹੈ। ਹਰ ਸਿਆਸੀ ਧਿਰ ਨੂੰ ਵੋਟਾਂ ਵਾਲਾ ਰਾਹ ਉਸ ਦੇ ਰਾਹ ਵਿੱਚੋਂ ਦਿੱਸਦਾ ਹੈ।

         ਸ਼ੁਭਕਰਨ ਦੀ ਮ੍ਰਿਤਕ ਦੇਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੁਰਦਘਾਟ ਵਿੱਚ ਪਈ ਹੈ ਜਦੋਂ ਕਿ ਸਿਆਸੀ ਨੇਤਾ ਉਸ ਦੇ ਘਰ ਅਫਸੋਸ ਜਤਾ ਰਹੇ ਹਨ। ਪਿੰਡ ਦੇ ਮੋਹਤਬਰਾਂ ਦਾ ਕਹਿਣਾ ਹੈ ਕਿ ਸਿਆਸੀ ਨੇਤਾ ਪਰਿਵਾਰ ਨਾਲ ਫੋਕਾ ਹੇਜ ਜਤਾ ਕੇ ਚਲੇ ਜਾਂਦੇ ਹਨ। ਕਿਸੇ ਨੇ ਹਮਦਰਦੀ ਵਿੱਚ ਕੋਈ ਵਿੱਤੀ ਮਦਦ ਨਹੀਂ ਕੀਤੀ। ਪਿੰਡ ਬੱਲ੍ਹੋ ਦਾ ਜਸਵਿੰਦਰ ਸਿੰਘ ਆਖਦਾ ਹੈ ਕਿ ਪੰਜਾਬ ਦੀ ਛੋਟੀ ਕਿਸਾਨੀ ਦਾ ਦਰਦ ਸ਼ੁਭਕਰਨ ਦੇ ਘਰ ਵਿੱਚੋਂ ਦੇਖਿਆ ਜਾ ਸਕਦਾ ਹੈ। ਇਸ ਘਰ ਨੇ ਕਰਜ਼ਾ ਅਤੇ ਕਰਜ਼ੇ ’ਚ ਵਿਕੀ ਜ਼ਮੀਨ ਦਾ ਦਰਦ ਝੱਲਿਆ ਹੈ। ਪਰਿਵਾਰ ਵਾਲੇ ਆਖਦੇ ਹਨ ਕਿ ਸ਼ੁਭਕਰਨ ਤਾਂ ਇਹ ਸੋਚ ਖਨੌਰੀ ਬਾਰਡਰ ਚਲਾ ਗਿਆ ਕਿ ਪਿਉ ਦਾਦੇ ਦੇ ਚਾਰ ਸਿਆੜ ਬਚ ਜਾਣ। ਉਸ ਦੇ ਦੁੱਖਾਂ ਦੀ ਕਹਾਣੀ ਤਾਂ ਕਿਰਸਾਨੀ ਦੇ ਘਰ-ਘਰ ਦੀ ਕਹਾਣੀ ਜਾਪਦੀ ਹੈ। ਸ਼ੁਭਕਰਨ ਦਸ ਵਰ੍ਹਿਆਂ ਦਾ ਸੀ ਜਦੋਂ ਮਾਂ ਤੋਂ ਵਿਰਵਾ ਹੋ ਗਿਆ।

         16 ਸਾਲ ਦੀ ਉਮਰ ਵਿੱਚ ਦਸਵੀਂ ਜਮਾਤ ਦੀ ਪੜ੍ਹਾਈ ਤੋਂ ਵਾਂਝਾ ਹੋਣਾ ਪਿਆ ਕਿਉਂਕਿ ਘਰ ਦੇ ਹਾਲਾਤ ਨੇ ਨਿਭਣ ਤੋਂ ਇਨਕਾਰ ਕਰ ਦਿੱਤਾ। ਜਦੋਂ ਇਹ ਪਰਿਵਾਰ ਪ੍ਰਸਥਿਤੀਆਂ ਨਾਲ ਆਢਾ ਲੈ ਰਿਹਾ ਸੀ ਤਾਂ ਉਦੋਂ ਕੋਈ ਵੀ ਹੱਥ ਮਦਦ ਲਈ ਨਹੀਂ ਉੱਠਿਆ। ਜਦੋਂ ਹੁਣ ਸ਼ੁਭਕਰਨ ਇਸ ਜਹਾਨੋ ਚਲਾ ਗਿਆ ਤਾਂ ਹਕੂਮਤ ਅਤੇ ਵਿਰੋਧੀ ਧਿਰ ਦੇ ਸਿਆਸੀ ਨੇਤਾਵਾਂ ਨੇ ਇਸ ਪਰਿਵਾਰ ਦਾ ਵਿਹੜਾ ਨੀਵਾਂ ਕਰ ਦਿੱਤਾ ਹੈ। ਪਿੰਡ ਦੇ ਸੁਖਦੇਵ ਸਿੰਘ ਨੇ ਦੱਸਿਆ ਕਿ ਜਦੋਂ ਸ਼ੁਭਕਰਨ ਦਿੱਲੀ ਮੋਰਚੇ ਵਿਚ ਗਿਆ ਸੀ ਪਿੰਡ ਦੇ ਲੋਕ ਦੱਸਦੇ ਹਨ ਕਿ ਹੁਣ ਸਿਆਸੀ ਆਗੂਆਂ ’ਚ ਆਪਣੇ ਆਪ ਨੂੰ ਵੱਡਾ ਹਮਦਰਦ ਕਹਾਉਣ ਦੀ ਦੌੜ ਲੱਗੀ ਹੋਈ ਹੈ। ਕਿਸਾਨ ਆਗੂ ਆਖਦੇ ਹਨ ਕਿ ਮਾਲਵਾ ਖ਼ਿੱਤੇ ਵਿਚ ਹਜ਼ਾਰਾਂ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸ ਕੇ ਖੁਦਕੁਸ਼ੀਆਂ ਕਰ ਗਏ ਪਰ ਕੋਈ ਸਿਆਸੀ ਨੇਤਾ ਕਦੇ ਅਜਿਹੇ ਘਰਾਂ ਵਿਚ ਸੱਥਰ ’ਤੇ ਬੈਠਣ ਨਹੀਂ ਗਿਆ। ਹੁਣ ਜਦੋਂ ਲੋਕ ਸਭਾ ਚੋਣਾਂ ਸਿਰ ’ਤੇ ਹਨ ਤਾਂ ਸਿਆਸੀ ਆਗੂ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਆਏ ਹਨ।

No comments:

Post a Comment