Thursday, February 22, 2024

                                                       ਧਰਤੀ ਦਾ ਫੁੱਲ 
                                       ਅਸੀਂ ਆਪਣਾ ਲਾਲ ਗੁਆ ਬੈਠੇ..! 
                                                       ਚਰਨਜੀਤ ਭੁੱਲਰ  

ਚੰਡੀਗੜ੍ਹ : ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲ੍ਹੋ ਦਾ ਸ਼ੁਭਕਰਨ ਸਿੰਘ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਦਾ ਪਹਿਲਾ ‘ਖੇਤੀ ਸ਼ਹੀਦ’ ਬਣ ਗਿਆ ਹੈ। ਜਦੋਂ ਉਹ ਦੋ ਵਰ੍ਹੇ ਪਹਿਲਾਂ ‘ਦਿੱਲੀ ਮੋਰਚਾ’ ਜਿੱਤ ’ਤੇ ਮੁੜਿਆ, ਉਦੋਂ ਪਰਿਵਾਰ ਨੂੰ ਚੰਗੇ ਦਿਨਾਂ ਦੀ ਆਸ ਬੱਝੀ ਸੀ। ਉਸ ਨੂੰ ਪਹਿਲਾਂ ਗੁਰਬਤ ਨੇ ਪਿਛਾਂਹ ਸੁੱਟੀ ਰੱਖਿਆ ਅਤੇ ਹੁਣ ਜ਼ਿੰਦਗੀ  ਨੇ ਪਲਟਣੀ ਮਾਰ ਦਿੱਤੀ। 21 ਵਰਿ੍ਹਆਂ ਦੇ ਸ਼ੁਭਕਰਨ ਨੇ ਆਪਣੀ ਮੌਤ ਤੋਂ ਦੋ ਘੰਟੇ ਪਹਿਲਾਂ ਪਿੰਡ ਬਿਰਧ ਦਾਦੀ ਨੂੰ ਫੋਨ ਕਰਕੇ ਕਿਹਾ, ‘ਬੇਬੇ ਤੂੰ ਖਿਆਲ ਰੱਖੀ, ਅਸੀਂ ਮੋਰਚਾ ਜਿੱਤ ਕੇ ਮੁੜਾਂਗੇ।’ ਉਸ ਦੇ ਮੋਰਚੇ ਤੋਂ ਮੁੜਨ ਤੋਂ ਪਹਿਲਾਂ ਹੀ ਅੱਜ ਮੌਤ ਦੀ ਖ਼ਬਰ ਆ ਗਈ, ਉਹੀ ਦਾਦੀ ਹੁਣ ਬੇਹੋਸ਼ੀ ’ਚ ਮੰਦੇ ਹਾਲ ਪਈ ਹੈ। ਬਚਪਨ ਉਮਰੇ ਹੀ ਜ਼ਿੰਦਗੀ ਨੇ ਸ਼ੁਭਕਰਨ ਨੂੰ ਪਰਖਣਾ ਸ਼ੁਰੂ ਕਰ ਦਿੱਤਾ ਸੀ। ਦਸ ਵਰਿ੍ਹਆਂ ਦੀ ਉਮਰ ’ਚ ਆਪਣੀ ਮਾਂ ਤੋਂ ਵਿਰਵਾ ਹੋ ਗਿਆ। ਦੋ ਭੈਣਾਂ ਦੇ ਇਕਲੌਤੇ ਭਰਾ ਦਾ ਪਾਲਣ ਪੋਸ਼ਣ ਦਾਦੀ ਪ੍ਰੀਤਮ ਕੌਰ ਨੇ ਕੀਤਾ। 

          75 ਵਰਿ੍ਹਆਂ ਦੀ ਦਾਦੀ ਪ੍ਰੀਤਮ ਕੌਰ ਕੋਲ ਆਸਾਂ ਉਮੀਦਾਂ ਦੀ ਪੰਡ ਬਚੀ ਸੀ। ਹੁਣ ਉਸ ਕੋਲ ਸਿਰਫ ਕਰਜ਼ੇ ਦੀ ਪੰਡ ਬਚੀ ਹੈ। ਜ਼ਿੰਦਗੀ ਦੇ ਆਖਰੀ ਮੋੜ ’ਤੇ ਖੜੀ ਦਾਦਾ ਮਾਂ ਹੁਣ ਇਕੱਲੀ ਕਿਵੇਂ ਇਸ ਪਿੰਡ ਨੂੰ ਚੁੱਕੇਗੀ।  ਵੇਰਵਿਆਂ ਅਨੁਸਾਰ ਸਾਢੇ ਤਿੰਨ ਏਕੜ ਜ਼ਮੀਨ ਚੋਂ ਦੋ ਏਕੜ ਜ਼ਮੀਨ ਉਦੋਂ ਵਿਕ ਗਈ ਜਦੋਂ ਬੈਂਕ ਦਾ ਕਰਜ਼ਾ ਲਾਹੁਣਾ ਪਿਆ ਅਤੇ ਵੱਡੀ ਭੈਣ ਜਸਵੀਰ ਕੌਰ ਦਾ ਵਿਆਹ ਕਰਨਾ ਪਿਆ। ਛੋਟੀ ਭੈਣ ਗੁਰਪ੍ਰੀਤ ਕੌਰ ਹਾਲੇ ਕੁਆਰੀ ਹੈ। ਜਦੋਂ ਸ਼ੁਭਕਰਨ ਦੀ ਮੌਤ ਦੀ ਖ਼ਬਰ ਸੁਣੀ, ਉਸ ਨੂੰ ਦੰਦਲਾਂ ਪੈਣੀਆਂ ਸ਼ੁਰੂ ਹੋ ਗਈਆਂ। ਬਾਪ ਚਰਨਜੀਤ ਸਿੰਘ ਪ੍ਰਾਈਵੇਟ ਬੱਸ ’ਤੇ ਕੰਡਕਟਰ ਹੈ। ਘਰ ਦਾ ਤੋਰਾ ਪਿਉ ਪੁੱਤ ਤੋਰ ਰਹੇ ਸਨ। ਬਾਪ ਚਰਨਜੀਤ ਸਿੰਘ ਅੱਜ ਘਰ ਦੇ ਇੱਕ ਖੂੰਜੇ ’ਚ ਬੁੱਝਿਆ ਬੈਠਾ ਸੀ ਜਿਸ ਦੇ ਘਰ ਦਾ ਚਿਰਾਗ ਹਕੂਮਤ ਨੇ ਸਮੇਂ ਤੋਂ ਪਹਿਲਾਂ ਹੀ ਬੁਝਾ ਦਿੱਤਾ। ਇਸ ਵੇਲੇ ਸ਼ੁਭਕਰਨ ਦੇ ਪਰਿਵਾਰ ’ਤੇ ਬੈਂਕਾਂ ਦਾ ਕਰੀਬ ਦਸ ਲੱਖ ਦਾ ਕਰਜ਼ਾ ਹੈ। ਗਰੀਬੀ ਦੀ ਤਸਵੀਰ ਉਸ ਦੇ ਘਰ ਤੋਂ ਸਾਫ ਦਿੱਖਦੀ ਹੈ। ਜਦੋਂ ਕਰਜ਼ੇ ਦੀ ਪੰਡ ਵੇਲ ਵਾਂਗੂ ਵਧੀ ਤਾਂ ਸ਼ੁਭਕਰਨ ਨੂੰ ਆਪਣੀ ਦਸਵੀਂ ਦੀ ਪੜਾਈ ਵਿਚਕਾਰੇ ਛੱਡਣੀ ਪਈ।

          ਜਿਹੜਾ ਘਰ ਸ਼ੁਭਕਰਨ ਨੂੰ ਆਪਣਾ ਥੰਮ ਸਮਝਦਾ ਸੀ, ਅੱਜ ਉਹੀ ਆਪਣਾ ਲਾਲ ਗੁਆ ਬੈਠਾ ਹੈ। ਸ਼ੁਭਕਰਨ ਦਾ ਦਾਦਾ ਹਿੰਮਤ ਸਿੰਘ ਸਾਬਕਾ ਫੌਜੀ ਸੀ ਜਿਸ ਦਾ ਦੇਹਾਂਤ ਹੋ ਚੁੱਕਾ ਹੈ। ਅਕਸਰ ਚਰਚੇ ਹੁੰਦੇ ਸਨ ਕਿ ਦਾਦਾ ਸਰਹੱਦ ’ਤੇ ਲੜਿਆ ਤੇ ਪੋਤਾ ਕਿਸਾਨ ਮੋਰਚੇ ’ਤੇ ਡਟਿਆ ਹੈ। ਸ਼ੁਭਕਰਨ ਏਨੀ ਦਲੇਰੀ ਨਾਲ ਖਨੌਰ ਬਾਰਡਰ ’ਤੇ ਖੜਿਆ ਕਿ ਹਰਿਆਣੇ ਵਾਲੇ ਪਾਸਿਓ ਆਈ ਮੌਤ ਨੇ ਉਸ ਨੂੰ ਪਲਾਂ ਵਿਚ ਦਬੋਚ ਲਿਆ। ਕਿਸਾਨੀ ਘੋਲਾਂ ’ਚ ਉਤਰਨ ਵਾਲੇ ਇਸ ਨੌਜਵਾਨ ਦਾ ਤਪਦਾ ਚਿਹਰਾ ਦੇਖ ਇੰਜ ਲੱਗਦਾ ਸੀ ਕਿ ਜਿਵੇਂ ਉਹ ਕਿਸੇ ਗਮਲੇ ਦਾ ਨਹੀਂ, ਬਲਕਿ ਧਰਤੀ ਦਾ ਫੁੱਲ ਹੋਵੇ। ਦਾਦੀ ਪ੍ਰੀਤਮ ਕੌਰ ਆਖਦੀ ਹੈ ਕਿ ਹੁਣ ਤਾਂ ਪੋਤਰੇ ਦੀ ਤਸਵੀਰ ਹੀ ਕੋਲ ਬਚੀ ਹੈ। ਸ਼ੁਭਕਰਨ ਕਿਸਾਨੀ ਘੋਲ ਨੂੰ ਹੀ ਆਪਣੇ ਦੁੱਖਾਂ ਦੀ ਦਾਰੂ ਸਮਝਦਾ ਸੀ ਅਤੇ ਇਨ੍ਹਾਂ ਘੋਲਾਂ ਚੋਂ ਹੀ ਘਰ ਦੇ ਚੰਗੇ ਦਿਨਾਂ ਦੇ ਸੁਪਨੇ ਦੇਖਦਾ ਸੀ। 

         ਰਿਸ਼ਤੇਦਾਰਾਂ ਨੇ ਦੱਸਿਆ ਕਿ ਮੋਰਚੇ ਚੋਂ ਆਪਣੇ ਛੋਟੀ ਭੈਣ ਨੂੰ ਫੋਨ ਕਰਕੇ ਧਰਵਾਸ ਅਤੇ ਹੌਸਲਾ ਦਿੰਦਾ ਸੀ। ਅੱਜ ਇਸ ਭੈਣ ਦਾ ਜਹਾਨ ਸੁੰਨਾ ਹੋ ਗਿਆ ਅਤੇ ਘਰ ’ਚ ਪਸਰੀ ਸੁੰਨ ਉਸ ਨੂੰ ਵੱਢ ਵੱਢ ਖਾ ਰਹੀ ਸੀ।  ਇਨ੍ਹਾਂ ਭੈਣਾਂ ਦੇ ਵੀ ਆਪਣੇ ਇਕਲੌਤੇ ਭਰਾ ਦੇ ਸਿਹਰੇ ਬੰਨਣ ਦੇ ਅਰਮਾਨ ਹੋਣਗੇ ਜਿਹੜੇ ਕੇਂਦਰ ਦੀ ਹਕੂਮਤੀ ਜਿੱਦ ਨੇ ਮਸਲ ਦਿੱਤੇ।  ਕਿਸਾਨ ਆਗੂ ਆਖਦੇ ਹਨ ਕਿ ਇਸ ਜਵਾਨ ਦੀ ਸ਼ਹੀਦੀ ਅਜਾਈ ਨਹੀਂ ਜਾਣ ਦਿਆਂਗੇ। ਪਿੰਡ ਦੇ ਮੋਹਤਬਾਰ ਗੁਰਪ੍ਰੀਤ ਸਿੰਘ ਰਾਜੂ ਨੇ ਦੱਸਿਆ ਕਿ ਖਨੌਰੀ ਮੋਰਚੇ ’ਤੇ 13 ਫਰਵਰੀ ਤੋਂ ਹੀ ਸ਼ੁਭਕਰਨ ਡਟਿਆ ਹੋਇਆ ਸੀ। ਪਹਿਲਾਂ ਉਸ ਨੇ ਦਿੱਲੀ ਮੋਰਚੇ ਵੀ ਪੂਰੀ ਹਾਜ਼ਰੀ ਭਰੀ ਸੀ।

                                          ਉਦਾਸ ਹੈ ਹਰ ਗਲੀ ਮਹੱਲਾ..

ਪਿੰਡ ਬੱਲ੍ਹੋਂ ’ਚ ਅੱਜ ਉਦਾਸੀ ਵੀ ਹੈ ਅਤੇ ਇੱਕ ਝੋਰਾ ਵੀ ਜਿਹੜਾ ਸਦਾ ਲਈ ਪਿੰਡ ਨੂੰ ਟਕੋਰਦਾ ਰਹੇਗਾ। ਜਿਉਂ ਹੀ ਪਿੰਡ ਵਿਚ ਖ਼ਬਰ ਪੁੱਜੀ ਤਾਂ ਹਰ ਨਿਆਣੇ ਸਿਆਣੇ ਦੀ ਅੱਖ ਨਮ ਹੋ ਗਈ। ਪਿੰਡ ਦੇ ਜਸਵਿੰਦਰ ਸਿੰਘ ਛਿੰਦਾ ਦਾ ਕਹਿਣਾ ਸੀ ਕਿ ਪਿੰਡ ਵਿਚ ਤਾਂ ਅੱਜ ਚੁੱਲ੍ਹੇ ਨਹੀਂ ਬਲੇ ਅਤੇ ਲੋਕਾਂ ਨੂੰ ਏਡਾ ਦੁੱਖ ਝੱਲਣਾ ਔਖਾ ਹੋਇਆ। ਇਸ ਪਿੰਡ ਚੋਂ ਦਰਜਨਾਂ ਕਿਸਾਨ ਖਨੌਰੀ ਮੋਰਚੇ ਵਿਚ ਕੁੱਦੇ ਹੋਏ ਹਨ।


No comments:

Post a Comment