Wednesday, May 29, 2024

                                                           ਵੱਡਾ ਲਾਣਾ
                         ਨਗਰੀ ਸੰਤਾਂ ਦੀ, ਵੋਟਾਂ ਲਾਡਲੀਆਂ..!
                                              ਚਰਨਜੀਤ ਭੁੱਲਰ   

ਤਲਵੰਡੀ ਸਾਬੋ : ਬਠਿੰਡਾ ਸੰਸਦੀ ਹਲਕੇ ਚ ਤਲਵੰਡੀ ਸਾਬੋ ਚ ਇੱਕ ਅਜਿਹਾ ਘਰ ਹੈ ਜਿੱਥੇ ਇੱਕੋ ਘਰ ਵਿਚ 427 ਵੋਟਰ ਰਹਿੰਦੇ ਹਨ। ਸ਼ਾਇਦ ਪੰਜਾਬ ਦਾ ਇਹ ਪਹਿਲਾ ਏਡਾ ਘਰ ਹੋਵੇਗਾ ਜਿੱਥੇ ਇੱਕੋ ਛੱਤ ਹੇਠ ਸੈਂਕੜੇ ਵੋਟਰ ਰਹਿ ਰਹੇ ਹਨ। ਹਰ ਸਿਆਸੀ ਪਾਰਟੀ ਦੀ ਅੱਖ ਇਸ ਘਰ ਤੇ ਰਹਿੰਦੀ ਹੈ ਅਤੇ ਇਸ ਘਰ ਦੀ ਹਮਾਇਤ ਲੈਣ ਲਈ ਉਮੀਦਵਾਰ ਗੇੜੇ ਕੱਢਦੇ ਰਹਿੰਦੇ ਹਨ। ਤਲਵੰਡੀ ਸਾਬੋ ਦੇ ਵਾਰਡ ਨੰਬਰ-ਦੋ ਅਤੇ ਭਾਗ ਨੰਬਰ 118 ਵਿਚ ਕੁੱਲ 869 ਵੋਟਰ ਹਨ ਜਿਨ੍ਹਾਂ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਵਿਚਲੇ ਪੋਲਿੰਗ ਸਟੇਸ਼ਨ ਤੇ ਵੋਟ ਪਾਈ ਜਾਵੇਗੀ।ਵਾਰਡ ਨੰਬਰ-ਦੋ ਦੇ ਇਨ੍ਹਾਂ ਕੁੱਲ 869 ਵੋਟਰਾਂ ਚੋਂ ਇਕੱਲੇ ਮਕਾਨ ਨੰਬਰ-29 ਵਿਚ 427 ਵੋਟਰ ਰਹਿੰਦੇ ਹਨ ਜੋ ਕੁੱਲ ਵੋਟਰਾਂ ਦਾ 49.13 ਫ਼ੀਸਦੀ ਬਣਦੇ ਹਨ। ਇਸ ਘਰ ਦੀ ਸਿਆਸੀ ਪੁੱਛਗਿੱਛ ਹੋਣੀ ਸੁਭਾਵਿਕ ਹੈ।

            ਤਾਜ਼ਾ ਵੋਟਰ ਸੂਚੀ ਅਨੁਸਾਰ ਇਨ੍ਹਾਂ ਸਾਰੇ ਵੋਟਰਾਂ ਦੇ ਪਿਤਾ ਦਾ ਨਾਮ ਸੰਤਾ ਸਿੰਘ ਹੈ ਜੋ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਨ੍ਹਾਂ ਦਾ 8 ਮਈ 2008 ਨੂੰ ਦੇਹਾਂਤ ਹੋ ਗਿਆ ਸੀ। ਇਹ ਘਰ ਬੁੱਢਾ ਦਲ ਦੇ 13ਵੇਂ ਜਥੇਦਾਰ ਬਾਬਾ ਸੰਤ ਸਿੰਘ ਜੀ ਨਿਹੰਗ ਸਿੰਘ 96ਵੇਂ ਕਰੋੜੀ ਦਾ ਹੈ। ਤਲਵੰਡੀ ਸਾਬੋ ਵਿੱਚ ਬੁੱਢਾ ਦਲ ਦੀ ਛਾਉਣੀ ਹੈ ਜਿੱਥੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਰਹਿੰਦੀਆਂ ਹਨ। ਇਸ ਘਰ ਵਿਚਲੇ ਸਾਰੇ ਵੋਟਰਾਂ ਨੇ ਆਪਣੇ ਪਿਤਾ ਦਾ ਨਾਮ ਸੰਤਾ ਸਿੰਘ ਲਿਖਵਾਇਆ ਹੈ। ਨਿਹੰਗ ਸਿੰਘਾਂ ਦੀਆਂ ਰਵਾਇਤਾਂ ਅਨੁਸਾਰ ਅਜਿਹਾ ਕੀਤਾ ਗਿਆ ਹੈ। ਇਸ ਘਰ ਚ ਸਭ ਤੋਂ ਵਡੇਰੀ ਉਮਰ ਦਾ ਵੋਟਰ ਸ਼ੇਰ ਸਿੰਘ ਹੈ ਜਿਸ ਦੀ ਉਮਰ 95 ਸਾਲ ਹੈ ਅਤੇ ਸਭ ਤੋਂ ਛੋਟੀ ਉਮਰ ਦਾ ਵੋਟਰ ਨਿਰੰਜਨ ਸਿੰਘ ਹੈ ਜੋ 34 ਵਰ੍ਹਿਆਂ ਦਾ ਹੈ। ਇਸ ਘਰ ਚ ਸਰਦਾਰਾ ਸਿੰਘ, ਮੁਕੰਦ ਸਿੰਘ, ਪੂਰਨ ਸਿੰਘ ਅਤੇ ਤੇਜਾ ਸਿੰਘ ਵੀ ਸੀਨੀਅਰ ਵੋਟਰ ਹਨ ਜਿਨ੍ਹਾਂ ਦੀ ਉਮਰ 90-90 ਸਾਲ ਹੈ।

          ਇਸ ਘਰ ਦੇ 40 ਵੋਟਰਾਂ ਦੀ ਉਮਰ 80 ਤੋਂ 95 ਸਾਲ ਤੱਕ ਹੈ। 64 ਵੋਟਰਾਂ ਦੀ ਉਮਰ 30 ਤੋਂ 40 ਸਾਲ ਤੱਕ ਹੈ। ਇਸੇ ਤਰ੍ਹਾਂ 70 ਸਾਲ ਤੋਂ 80 ਸਾਲ ਤੱਕ ਦੀ ਉਮਰ ਦੇ ਵੋਟਰਾਂ ਦੀ ਗਿਣਤੀ 6 ਹੈ ਜਦੋਂ ਕਿ 86 ਵੋਟਰਾਂ ਦੀ ਉਮਰ 60 ਸਾਲ ਤੋਂ 70 ਸਾਲ ਤੱਕ ਦੀ ਹੈ। ਇਸ ਤੋਂ ਇਲਾਵਾ 50 ਸਾਲ ਤੋਂ 60 ਸਾਲ ਤੱਕ ਦੀ ਉਮਰ ਦੇ 97 ਵੋਟਰ ਹਨ। ਔਰਤ ਵੋਟਰਾਂ ਵਿਚ ਮਨਦੀਪ ਕੌਰ 34 ਸਾਲ ਦੀ ਵੋਟਰ ਹੈ ਜਦੋਂ ਕਿ ਜਸਵੀਰ ਕੌਰ 36 ਸਾਲ ਦੀ ਵੋਟਰ ਹੈ। ਜਾਣਕਾਰੀ ਅਨੁਸਾਰ ਇਸ ਘਰ ਦੀਆਂ ਕਦੇ ਵੀ ਸਾਰੀਆਂ ਵੋਟਾਂ ਪੋਲ ਨਹੀਂ ਹੋਈਆਂ। ਪਿਛਲੇ ਦਿਨਾਂ ਵਿਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਘਰ ਤੱਕ ਪਹੁੰਚ ਕੀਤੀ ਗਈ ਹੈ। ਇਤਿਹਾਸ ਦੇਖੀਏ ਤਾਂ ਬਾਬਾ ਸੰਤਾ ਸਿੰਘ ਦਾ ਰਾਜਸੀ ਝੁਕਾਅ ਕਾਂਗਰਸ ਵੱਲ ਰਿਹਾ ਹੈ। ਇਸ ਘਰ ਵਿਚ ਅਲੱਗ-ਅਲੱਗ ਨਾਵਾਂ ਵਾਲੇ ਵੋਟਰ ਹਨ ਜਿਨ੍ਹਾਂ ਦਾ ਪਿਛੋਕੜ ਅਲੱਗ ਅਲੱਗ ਇਲਾਕਿਆਂ ਦਾ ਹੈ।

           ਵੋਟਰ ਸੂਚੀ ਵਿਚ ਇਸ ਘਰ ਦੇ ਵੋਟਰਾਂ ਦੇ ਨਾਮ ਰੱਖਾ ਸਿੰਘ, ਸੁੱਖਾ ਸਿੰਘ, ਨਿੱਕਾ ਸਿੰਘ, ਕੜਾਕਾ ਸਿੰਘ, ਜੈਮਲ ਸਿੰਘ, ਬੰਤ ਸਿੰਘ, ਗੱਜਣ ਸਿੰਘ, ਰਣ ਸਿੰਘ, ਖਿਆਲਾ ਸਿੰਘ, ਊਧਮ ਸਿੰਘ, ਜੇਠੂ ਸਿੰਘ, ਭਗਤ ਸਿੰਘ, ਬਾਘੜ ਸਿੰਘ, ਨਰੈਣ ਸਿੰਘ ਤੇ ਸਾਦੀ ਸਿੰਘ ਆਦਿ ਹਨ।ਵੋਟਰ ਸੂਚੀ ਦੀ ਸੁਧਾਈ ਮਗਰੋਂ ਇਸ ਘਰ ਦੇ ਵੋਟਰਾਂ ਦੀ ਗਿਣਤੀ ਵਿਚ ਘਾਟਾ-ਵਾਧਾ ਵੀ ਹੁੰਦਾ ਰਹਿੰਦਾ ਹੈ। ਸਥਾਨਕ ਆਗੂਆਂ ਅਨੁਸਾਰ ਸਥਾਨਕ ਚੋਣਾਂ ਵੇਲੇ ਤਾਂ ਇਸ ਘਰ ਦੀਆਂ ਵੋਟਾਂ ਜਿੱਤ-ਹਾਰ ਤੈਅ ਕਰਦੀਆਂ ਹਨ।

Tuesday, May 28, 2024

                                                      ਵੱਕਾਰੀ ਹਲਕਾ
                      ਬਹੁਕੋਣੇ ਮੁਕਾਬਲੇ ਵਿੱਚ ਫਸ ਗਈ ਬਠਿੰਡਾ ਸੀਟ
                                                      ਚਰਨਜੀਤ ਭੁੱਲਰ  

ਚੰਡੀਗੜ੍ਹ : ਬਠਿੰਡਾ ਸੰਸਦੀ ਸੀਟ ਬਹੁਕੋਣੇ ਮੁਕਾਬਲੇ ਵਿੱਚ ਫਸ ਗਈ ਹੈ। ਚੋਣ ਪ੍ਰਚਾਰ ਬੰਦ ਹੋਣ ’ਚ ਤਿੰਨ ਦਿਨ ਬਚੇ ਹਨ ਅਤੇ ਵੋਟਰਾਂ ਨੇ ਹਾਲੇ ਤੱਕ ਦਿਲ ਦੀ ਘੁੰਢੀ ਨਹੀਂ ਖੋਲ੍ਹੀ। ਬਾਦਲ ਪਰਿਵਾਰ ਲਈ ਬਠਿੰਡਾ ਸੀਟ ਵੱਕਾਰੀ ਹੈ ਜਿਥੋਂ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਮੈਦਾਨ ਵਿੱਚ ਉੱਤਰੇ ਹਨ। ਮੁੱਖ ਮੰਤਰੀ ਭਗਵੰਤ ਮਾਨ ਲਈ ਬਠਿੰਡਾ ਸੀਟ ਇੱਜ਼ਤ ਦਾ ਸੁਆਲ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਪਹਿਲੀ ਵਾਰ ਚੋਣ ਲੜ ਰਹੀ ਹੈ ਜਿਸ ਨੂੰ ਸ਼ਹਿਰੀ ਵੋਟ ਬੈਂਕ ਤੋਂ ਉਮੀਦਾਂ ਹਨ। ਹਲਕੇ ਦੇ ਵੋਟਰਾਂ ਦੀ ਦਿਲਚਸਪੀ ਹੁਣ ਬਣਨ ਲੱਗੀ ਹੈ। ਸਿਆਸੀ ਪਾਰਟੀਆਂ ਨੇ ਆਖ਼ਰੀ ਹੰਭਲਾ ਮਾਰਨਾ ਸ਼ੁਰੂ ਕਰ ਦਿੱਤਾ ਹੈ। ਸੰਸਦੀ ਹਲਕੇ ਵਿੱਚ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਰਾਜਸੀ ਅਕਸ ਸਾਫ਼ ਸੁਥਰਾ ਹੈ ਜਿਸ ਦਾ ‘ਆਪ’ ਨੂੰ ਲਾਹਾ ਮਿਲਣ ਦੀ ਸੰਭਾਵਨਾ ਹੈ। ਇੱਕ ਪਾਸੇ ਖੁੱਡੀਆਂ ਦੀ ਸ਼ਰਾਫ਼ਤ ਅਤੇ ਦੂਜੇ ਪਾਸੇ ‘ਆਪ’ ਦੇ ਕਈ ਵਿਧਾਇਕਾਂ ਦੀ ਲੋਕਾਂ ਵਿਚ ਵਿਰੋਧਤਾ ਵੀ ਹੈ। ਇਸ ਸੰਸਦੀ ਹਲਕੇ ਵਿੱਚ ਨੌਂ ਅਸੈਂਬਲੀ ਹਲਕੇ ਪੈਂਦੇ ਹਨ।

           ਆਖ਼ਰੀ ਪੜਾਅ ’ਤੇ ਪਹੁੰਚੀ ਚੋਣ ਮੁਹਿੰਮ ਹੁਣ ਤੱਕ ਜਿੰਨੀ ਕੁ ਨਿੱਖਰੀ ਹੈ, ਉਸ ਤੋਂ ਲੱਗਦਾ ਹੈ ਕਿ 9 ਹਲਕਿਆਂ ਵਿੱਚੋਂ ਹਰ ਪਾਰਟੀ ਦਾ ਗਰਾਫ਼ ਵੱਖੋ ਵੱਖਰਾ ਹੈ। ‘ਆਪ’ ਨੂੰ ਐਤਕੀਂ ਸਰਦੂਲਗੜ੍ਹ ਹਲਕੇ ਤੋਂ ਵੱਡੀਆਂ ਆਸਾਂ ਹਨ ਜਦੋਂਕਿ ਅਕਾਲੀ ਦਲ ਦੀ ਟੇਕ ਬੁਢਲਾਡਾ ’ਤੇ ਹੈ। ਮਾਨਸਾ ਹਲਕੇ ਵਿੱਚੋਂ ਹਮੇਸ਼ਾ ਕਾਂਗਰਸ ਅੱਗੇ ਰਹੀ ਹੈ। ਐਤਕੀਂ ਅਕਾਲੀ ਦਲ ਨੂੰ ਇੱਥੋਂ ਜੱਦੋਜਹਿਦ ਕਰਨੀ ਪੈ ਰਹੀ ਹੈ। ਜ਼ਿਲ੍ਹਾ ਮਾਨਸਾ ’ਚ ਪੈਂਦੀਆਂ ਤਿੰਨ ਸੀਟਾਂ ਤੋਂ ਸਮੁੱਚੇ ਰੂਪ ਵਿਚ ‘ਆਪ’ ਆਸਵੰਦ ਜਾਪਦੀ ਹੈ ਪਰ ਵੋਟਾਂ ਦਾ ਫ਼ਰਕ ਬਹੁਤਾ ਰਹਿਣ ਦੀ ਸੰਭਾਵਨਾ ਨਹੀਂ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਕਾਂਗਰਸ ਦੀ ਹਮਾਇਤ ਵਿੱਚ ਕੁੱਦਿਆ ਹੋਇਆ ਹੈ। ਅਕਾਲੀ ਦਲ ਨੂੰ ਵੱਡੇ ਬਾਦਲ ਦੀ ਘਾਟ ਇਸ ਹਲਕੇ ਵਿੱਚ ਰੜਕ ਰਹੀ ਹੈ। ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਪੰਜ ਅਸੈਂਬਲੀ ਹਲਕਿਆਂ ਦੀ ਗੱਲ ਕਰੀਏ ਤਾਂ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦਾ ਨਿੱਜੀ ਰਸੂਖ਼ ਹੋਣ ਕਰਕੇ ਮੌੜ ਅਤੇ ਤਲਵੰਡੀ ਸਾਬੋ ਹਲਕਿਆਂ ਵਿੱਚ ਕਾਂਗਰਸ ਨੂੰ ਲਾਹਾ ਮਿਲ ਸਕਦਾ ਹੈ। ਜੀਤਮਹਿੰਦਰ ਸਿੱਧੂ ਵੱਲੋਂ ਕੀਤੇ ਦਲ ਬਦਲ ਲੋਕਾਂ ਨੂੰ ਚੁਭ ਰਹੇ ਹਨ।

          ਤਲਵੰਡੀ ਸਾਬੋ ਹਲਕੇ ਵਿੱਚ ਅਕਾਲੀ ਦਲ ਨੂੰ ਵਾਹ ਲਾਉਣੀ ਪੈ ਰਹੀ ਹੈ। ਲੰਬੀ ਹਲਕੇ ਤੋਂ ਅਕਾਲੀ ਉਮੀਦਵਾਰ ਨੂੰ ਕਿੰਨਾ ਕੁ ਵੱਡਾ ਸਾਥ ਮਿਲਦਾ ਹੈ, ਉਸ ਦਾ ਵੀ ਸਮੁੱਚੀ ਹਾਰ ਜਿੱਤ ’ਤੇ ਅਸਰ ਪਵੇਗਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਉਮੀਦਵਾਰ ਲੱਖਾ ਸਿਧਾਣਾ ਵੀ ਸੱਤਾਧਾਰੀ ਧਿਰ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਦੋਂਕਿ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਕਾਂਗਰਸੀ ਉਮੀਦਵਾਰ ਨੂੰ ਸੱਟ ਮਾਰ ਰਹੀ ਹੈ। ਅਕਾਲੀ ਦਲ ਨੂੰ ਸਿਕੰਦਰ ਸਿੰਘ ਮਲੂਕਾ ਦੀ ਖ਼ਾਮੋਸ਼ੀ ਵੀ ਸੰਨ੍ਹ ਲਾ ਰਹੀ ਹੈ। ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ‘ਆਪ’ ਦਾ ਪੱਲਾ ਫੜ ਲਿਆ ਹੈ। ਅਕਾਲੀ ਦਲ ਨੂੰ ਰਾਜਸੀ ਮੈਨੇਜਮੈਂਟ ਵਿਚ ਮੁਹਾਰਤ ਹਾਸਲ ਹੈ ਐਤਕੀਂ ਹਲਕੇ ਵਿੱਚ ਪੈਸਾ ਚੱਲਣ ਦੀਆਂ ਚਰਚਾਵਾਂ ਨੇ। ਪੇਂਡੂ ਖੇਤਰ ਵਿੱਚ ਮਲੂਕਾ ਦੇ ਪ੍ਰਭਾਵ ਵਾਲਾ ਵੋਟ ਬੈਂਕ ਅਕਾਲੀ ਉਮੀਦਵਾਰ ਨੂੰ ਪ੍ਰਭਾਵਿਤ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਇਸ ਸੰਸਦੀ ਹਲਕੇ ਵਿਚ ਰੋਡ ਸ਼ੋਅ ਕਰ ਚੁੱਕੇ ਹਨ ਅਤੇ ਅਰਵਿੰਦ ਕੇਜਰੀਵਾਲ ਨੇ ਵੀ ਰੋਡ ਸ਼ੋਅ ਕੀਤਾ ਹੈ। ਉਧਰ, ਮੌੜ ਹਲਕੇ ਤੋਂ ‘ਆਪ’ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੇ ਖ਼ਿਲਾਫ਼ ਵਪਾਰੀਆਂ ਨੇ ਮੌੜ ਮੰਡੀ ਵੀ ਬੰਦ ਕਰ ਦਿੱਤੀ ਸੀ ਜਿਸ ਦੀ ਸਿੱਧੀ ਸੱਟ ‘ਆਪ’ ਨੂੰ ਲੱਗੇਗੀ।

         ਪ੍ਰਸਥਿਤੀਆਂ ਤੋਂ ਜਾਪਦਾ ਹੈ ਕਿ ਮੁੱਖ ਮੁਕਾਬਲੇ ਵਿੱਚ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ, ਕਾਂਗਰਸ ਦੇ ਜੀਤਮਹਿੰਦਰ ਸਿੰਘ ਸਿੱਧੂ ਅਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਹੈ ਜਦੋਂਕਿ ਭਾਜਪਾ ਦੀ ਪਰਮਪਾਲ ਕੌਰ ਸਿੱਧੂ ਬਹੁਕੋਣਾ ਮੁਕਾਬਲਾ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਬੀਬੀ ਬਾਦਲ ਨੂੰ ਇਸ ਵਾਰ ਕਾਫ਼ੀ ਜੱਦੋ ਜਹਿਦ ਕਰਨੀ ਪੈ ਰਹੀ ਹੈ। ਅੱਜ ਦੀ ਸਥਿਤੀ ਇਹ ਹੈ ਕਿ ਕੋਈ ਵੀ ਉਮੀਦਵਾਰ ਦਾਅਵੇ ਨਾਲ ਆਪਣੀ ਜਿੱਤ ਬਾਰੇ ਨਹੀਂ ਕਹਿ ਸਕਦਾ ਹੈ। ਹਰ ਅਸੈਂਬਲੀ ਹਲਕੇ ਵਿਚ ਸਥਿਤੀ ਵੱਖੋ ਵੱਖਰੀ ਹੈ। ਬਠਿੰਡਾ ਹਲਕੇ ਵਿੱਚ ਆਏ ਕੇਂਦਰੀ ਪ੍ਰਾਜੈਕਟਾਂ ’ਤੇ ਹਰਸਿਮਰਤ ਕੌਰ ਬਾਦਲ ਵੀ ਦਾਅਵਾ ਜਤਾ ਰਹੀ ਹੈ ਜਦੋਂਕਿ ਭਾਜਪਾ ਉਮੀਦਵਾਰ ਪਰਮਪਾਲ ਕੌਰ ਵੀ ਇਸ ਨੂੰ ਭਾਜਪਾ ਦੇ ਖਾਤੇ ਵਿੱਚ ਪਾ ਰਹੀ ਹੈ। ਪਰਮਪਾਲ ਕੌਰ ਸਿੱਧੂ ਨੂੰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਆਪਣੀ ਸਿਹਤ ਦਾ ਹਵਾਲਾ ਦੇ ਕੇ ਚੋਣ ਮੁਹਿੰਮ ਤੋਂ ਦੂਰ ਹੀ ਹਨ। ‘ਆਪ’ ਉਮੀਦਵਾਰ ਖੁੱਡੀਆਂ ਨੂੰ ਵੀ ਪਿੰਡਾਂ ਵਿਚ ਸੁਆਲਾਂ ਦਾ ਸਾਹਮਣਾ ਕਰਨਾ ਪਿਆ ਹੈ।

                                            ਹਲਕੇ ਦਾ ਰਾਜਸੀ ਸੁਭਾਅ

ਬਠਿੰਡਾ ਹਲਕੇ ਦੀਆਂ ਲੰਘੀਆਂ ਤਿੰਨ ਲੋਕ ਸਭਾ ਚੋਣਾਂ (2009, 2014 ਤੇ 2019) ਵਿੱਚ ਲੰਬੀ ਤੇ ਬੁਢਲਾਡਾ ਹਲਕਿਆਂ ’ਚੋਂ ਅਕਾਲੀ ਦਲ ਨੂੰ ਲੀਡ ਮਿਲੀ ਜਦੋਂਕਿ ਮਾਨਸਾ ਹਮੇਸ਼ਾ ਕਾਂਗਰਸ ਦੀ ਝੋਲੀ ਪਿਆ। ਬਠਿੰਡਾ ਸ਼ਹਿਰੀ ਹਲਕੇ ਤੋਂ 2009 ਅਤੇ 2014 ਵੇਲੇ ਕਾਂਗਰਸ ਨੇ ਲੀਡ ਲਈ ਤੇ 2019 ਵਿੱਚ ਅਕਾਲੀ ਦਲ ਅੱਗੇ ਰਿਹਾ। 2014 ਦੀਆਂ ਚੋਣਾਂ ਵਿੱਚ ਕਾਂਗਰਸ ਦਾ ਤਿੰਨ ਹਲਕਿਆਂ: ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ) ਅਤੇ ਮਾਨਸਾ ਨੇ ਸਾਥ ਦਿੱਤਾ। 2019 ਵੇਲੇ ਕਾਂਗਰਸ ਦੀ ਬੜ੍ਹਤ ਚਾਰ ਹਲਕਿਆਂ ਤਲਵੰਡੀ ਸਾਬੋ, ਮੌੜ, ਮਾਨਸਾ ਤੇ ਸਰਦੂਲਗੜ੍ਹ ਤਕ ਵਧ ਗਈ। ਅਕਾਲੀ ਦਲ ਨੇ 2009 ’ਚ ਸੱਤ ਅਸੈਂਬਲੀ ਹਲਕਿਆਂ ਤੋਂ ਲੀਡ ਲਈ ਜੋ 2014 ਘੱਟ ਕੇ ਛੇ ਹਲਕਿਆਂ ਤਕ ਰਹਿ ਗਈ। 2019 ਵਿੱਚ ਅਕਾਲੀ ਦਲ ਦੀ ਚੜ੍ਹਤ ਪੰਜ ਹਲਕਿਆਂ ਤਕ ਸਿਮਟ ਗਈ।

Monday, May 27, 2024

                                                ਚੋਣ ਮਸ਼ਕਰੀ
                            ਜਥੇਦਾਰ ਜੀ ! ਇੰਜ ਨਹੀਂ ਕਰੀਂਦੇ
                                               ਚਰਨਜੀਤ ਭੁੱਲਰ 

ਚੰਡੀਗੜ੍ਹ : ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਜਵਾਈ-ਭਾਈ ਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅੱਧੀ ਨਹੀਂ, ਸਾਰੀ ਹੀ ਛੁੱਟੀ ਕਰ ਦਿੱਤੀ ਹੈ। ਪਤਾ ਨਹੀਓਂ ਕਿਸ ਨੇ ਜਥੇਦਾਰ ਸੁਖਬੀਰ ਨੂੰ ਪੱਟੀ ਪੜ੍ਹਾਈ, ਹੱਥੋਂ ਹੱਥ ਆਦੇਸ਼ ਕਰ ਦਿੱਤੇ, ਪਲਾਂ ਚ ਕੈਰੋਂ ਸਾਬ੍ਹ ਦਾ ਪ੍ਰਤਾਪਹਵਾ-ਹਵਾਈ ਹੋ ਗਿਆ। ਜਿਵੇਂ ਕਿਸੇ ਵੇਲੇ ਪੱਟੀ ਆਲੇ ਵੈਦ ਮਸ਼ਹੂਰ ਸਨ, ਉਵੇਂ ਹੀ ਪੱਟੀ ਆਲੇ ਕੈਰੋਂ ਦੀ ਵੀ ਸਿਆਸਤ ਚ ਤੂਤੀ ਬੋਲਦੀ ਰਹੀ ਹੈ। ਇਸ ਘਟਨਾ ਤੋਂ ਓਹ ਭਲੇ ਵੇਲੇ ਯਾਦ ਆ ਗਏ ਜਦੋਂ ਇੱਕ ਘਰ ਦੀ ਧੀ ਨੂੰ ਸਮੁੱਚੇ ਪਿੰਡ ਦੀ ਧੀ ਅਤੇ ਜੁਆਈ ਨੂੰ ਪੂਰਾ ਪਿੰਡ ਆਪਣਾ ਜੁਆਈ ਸਮਝਦਾ ਹੁੰਦਾ ਸੀ।

       ਅਸਾਂ ਦਾ ਪਿੰਡ ਮੰਡੀ ਕਲਾਂ, ਡਾਕਖ਼ਾਨਾ ਖ਼ਾਸ ਜ਼ਿਲਾ ਬਠਿੰਡਾ ਹੈ। ਪਿੰਡ ਦਾ ਨਾਮਕਰਨ ਹੋਇਆ ਪ੍ਰਸਿੱਧ ਸੇਠ ਗੁਲਾਬੂ ਮੱਲ ਤੋਂ। ਪਹਿਲਾਂ ਗੁਲਾਬੂ ਕੀ ਮੰਡੀਆਖਿਆ ਜਾਂਦਾ ਸੀ ਤੇ ਹੁਣ ਮੰਡੀ ਕਲਾਂ। ਸੇਠ ਗੁਲਾਬੂ ਮੱਲ ਦੀ ਪੂਰੇ ਖਿੱਤੇ ਚ ਧੱਕ ਪੈਂਦੀ ਸੀ। ਆਵਾਜਾਈ ਦੇ ਬਹੁਤੇ ਸਾਧਨ ਨਹੀਂ ਸੀ। ਸੇਠ ਗੁਲਾਬੂ ਮੱਲ ਆਪਣੀ ਘੋੜੀ ਤੇ ਸਵਾਰ ਹੋ ਸ਼ਹਿਰੋਂ ਪਿੰਡ ਆ ਰਿਹਾ ਸੀ। ਸੇਠ ਨੇ ਪਿੰਡ ਵੱਲ ਜਾਂਦੇ ਇੱਕ ਜੁਆਨ ਨੂੰ ਦੇਖ ਪੁੱਛਿਆ, ਜਵਾਨਾਂ ਕਿਧਰ ਦੀ ਤਿਆਰੀ ਖਿੱਚੀ! ਅੱਗਿਓਂ ਜਵਾਨ ਨੇ ਕਿਹਾ ਕਿ ਮੈਂ ਤਾਂ ਆਪਣੇ ਸਹੁਰੇ ਪਿੰਡ ਚੱਲਿਆ।

          ਗੁਲਾਬੂ ਮੱਲ ਘੋੜੀ ਤੋਂ ਉਤਰਿਆ, ਜਵਾਨ ਦੇ ਹਵਾਲੇ ਘੋੜੀ ਕਰ ਕੇ ਆਖਣ ਲੱਗਾ, ‘ਤੂੰ ਅਸਾਡੇ ਪਿੰਡ ਦਾ ਜੁਆਈ-ਭਾਈ ਐ, ਤੂੰ ਪੈਦਲ ਜਾਵੇ ਤੇ ਮੈਂ ਘੋੜੀ ਤੇ ,ਇਹ ਨਹੀਂ ਹੋ ਸਕਦਾ।ਜੁਆਈ ਅੱਗੇ ਅੱਗੇ ਘੋੜੀ ਤੇ ਬੈਠਾ ਜਾ ਰਿਹਾ ਸੀ ਅਤੇ ਦਾਨਾ ਸੇਠ ਪਿੱਛੇ ਪਿੱਛੇ ਪੈਦਲ ਜਾ ਰਿਹਾ ਸੀ। ਕੈਰੋਂ ਸਾਬ੍ਹ! ਤੁਸੀਂ ਦਿਲ ਹੌਲਾ ਨਹੀਂ ਕਰਨਾ। ਪਿੰਡ ਬਾਦਲ ਨੇ ਕਿਤੇ ਸੋਚਿਆ ਹੋਵੇਗਾ ਕਿ ਉਨ੍ਹਾਂ ਦੇ ਜੁਆਈ-ਭਾਈ ਨੂੰ ਆਹ ਦਿਨ ਵੀ ਦੇਖਣੇ ਪੈਣਗੇ। ਪੇਂਡੂ ਵਿਰਸਾ ਕਿੰਨਾ ਹੋ ਗਿਆ ਹੈ, ਇਸ ਦਾ ਕੈਰੋਂ ਦੀ ਰੁਖ਼ਸਤ ਤੋਂ ਪਤਾ ਲੱਗਿਆ ਹੈ। ਜ਼ਰੂਰੀ ਨਹੀਂ ਹਰ ਲੜਾਈ ਪਾਣੀਪਤ ਚ ਹੀ ਹੋਵੇ, ਪਿੰਡ ਬਾਦਲ ਵਿਚ ਵੀ ਤਾਂ ਹੋ ਸਕਦੀ ਹੈ।

         ਸੁਖਬੀਰ ਬਾਦਲ ਦੀ ਪਾਰਟੀ ਦਾ ਅਨੁਸ਼ਾਸਨ ਸਿੰਘ ਕੁਝ ਵੀ ਪਿਆ ਆਖੇ ਪਰ ਜਥੇਦਾਰ ਜੀ ਪੰਜਾਬੀਅਤ ਦੇ ਨੇਮਾਂ ਅਨੁਸਾਰ ਆਪਣੇ ਭਣੋਈਏ ਨੂੰ ਪਾਰਟੀ ਚੋਂ ਕੱਢ ਨਹੀਂ ਸਕਦੇ ਹੋ। ਪੰਜਾਬ ਦੀ ਅਮੀਰ ਪਰੰਪਰਾ ਚ ਕਿਤੇ ਕੋਈ ਅਜਿਹੀ ਗ਼ਰੀਬੀ ਦਾ ਪੰਨਾ ਨਹੀਂ ਦਿੱਖਿਆ ਕਿ ਕਿਸੇ ਨੇ ਭਣੋਈਏ ਤੇ ਕੋਈ ਵਾਧਾ ਕੀਤਾ ਹੋਵੇ। ਪੇਂਡੂ ਪ੍ਰਾਹੁਣਚਾਰੀ ਚ ਤਾਂ ਪ੍ਰਾਹੁਣੇ ਆਏ ਤੋਂ ਮੰਜੇ ਤੇ ਨਵੀਂ ਦਰੀ ਤੇ ਚਾਦਰ ਵਿਛਾਈ ਜਾਂਦੀ ਹੈ, ਕਿਤੇ ਕਿਸੇ ਨੂੰ ਪ੍ਰਾਹੁਣੇ ਆਲੇ ਮੰਜੇ ਤੇ ਬੈਠਣਾ ਵੀ ਪੈ ਜਾਵੇ ਤਾਂ ਪੈਂਦ ਆਲੇ ਪਾਸਿਓਂ ਦਰੀ-ਚਾਦਰ ਚੁੱਕ ਕੇ ਬੈਠਦਾ ਸੀ।

        ਜਥੇਦਾਰ ਬਾਦਲ ਨੇ ਤਾਂ ਦਰੀ-ਚਾਦਰ ਨੂੰ ਸੰਦੂਕ ਚ ਹੀ ਸੰਭਾਲ ਦਿੱਤਾ। ਪੁਰਾਣੇ ਸਮਿਆਂ ਚ ਜਦੋਂ ਕਿਤੇ ਅਜਿਹਾ ਮਾਮਲਾ ਆਉਂਦਾ ਤਾਂ ਜਵਾਈ ਕੁੜੀ ਨੂੰ ਵਾਪਸ ਪੇਕੇ ਭੇਜ ਕੇ ਆਖ ਦਿੰਦਾ ਸੀ ਕਿ ਸਾਂਭੋ ਆਪਣੀ ਕੁੜੀ। ਸੁਰਜੀਤ ਬਿੰਦਰੱਖੀਏ ਦਾ ਇੱਕ ਗਾਣਾ ਹੈ, ‘ਪੇਕੇ ਹੁੰਦੇ ਮਾਵਾਂ ਨਾਲ…’ ਵੱਡੇ ਬਾਦਲ ਵੀ ਜਹਾਨੋਂ ਤੁਰ ਗਏ, ਹੁਣ ਕੈਰੋਂ ਦੀ ਧਰਮ ਪਤਨੀ ਜ਼ਰੂਰ ਸੋਚਦੀ ਹੋਵੇਗੀ ਕਿ ਜੱਗ ਵਿਚੋਂ ਸੀਰ ਮੁੱਕਿਆ। ਪੱਟੀ ਆਲੇ ਕੈਰੋਂ ਇਹ ਭੁੱਲ ਬੈਠੇ ਨੇ ਕਿ ਜਥੇਦਾਰ ਬਾਦਲ ਨੂੰ ਅਸੂਲ ਪਿਆਰੇ ਨੇ, ਚਾਹੇ ਕੋਈ ਟਾਹਣਾ ਕੱਟਣਾ ਪਵੇ।

        ਕਿਸੇ ਭੇਤੀ ਨੇ ਦੱਸਿਆ ਹੈ ਕਿ ਜਥੇਦਾਰ ਬਾਦਲ ਨੇ ਆਪਣੇ ਆਪ ਨੂੰ ਹੁਣ ਪਰਿਵਾਰਵਾਦਦੇ ਇਲਜ਼ਾਮਾਂ ਤੋਂ ਮੁਕਤ ਕਰਨ ਵਾਸਤੇ ਝਾੜੂ ਚੁੱਕਿਆ ਹੋਇਆ ਹੈ। ਜਦੋਂ ਸੁਖਬੀਰ ਇਸ ਮੋਰਚੇ ਲਈ ਘਰੋਂ ਨਿਕਲੇ ਤਾਂ ਅੱਗੇ ਮਜੀਠੀਆ ਸਾਬ੍ਹ ਅੱਖਾਂ ਸਾਹਮਣੇ ਘੁੰਮੇ, ਫਿਰ ਬੀਬੀ ਹਰਸਿਮਰਤ ਕੌਰ ਬਾਦਲ, ਇਹ ਸੋਚ ਕੇ ਪੱਟੀ ਵੱਲ ਮੋੜਾ ਕੱਟ ਲਿਆ ਕਿ ਕਿਤੇ ਘਰੋਂ ਪਰਸ਼ਾਦਾ ਪਾਣੀ ਹੀ ਬੰਦ ਨਾ ਹੋ ਜਾਵੇ। ਸੁਖਬੀਰ ਨੂੰ ਪਰਿਵਾਰਵਾਦਦੇ ਚੈਪਟਰ ਚ ਸਭ ਤੋਂ ਕਮਜ਼ੋਰ ਕੜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਜ਼ਰ ਪਏ ਹੋਣਗੇ, ਸੋ ਉਨ੍ਹਾਂ ਲੈ ਕੇ ਰੱਬ ਦਾ ਨਾਮ, ਕੈਰੋਂ ਨੂੰ ਚੁਕਾ ਕੇ ਗਠੜੀ ਪੱਟੀ ਦੇ ਰਾਹ ਪਾਤਾ।

       ਵਿਰਸਾ ਸਿੰਘ ਵਲਟੋਹਾ ਨੇ ਜੈਕਾਰਾ ਛੱਡ ਦਿੱਤਾ ਹੈ। ਪਰਿਵਾਰਵਾਦਨੂੰ ਐਨ ਜੜ੍ਹੋਂ ਪੁੱਟਣ ਦੀ ਮਹੂਰਤ ਕੀਤੇ ਜਾਣ ਤੇ ਵਲਟੋਹਾ ਨੇ ਜ਼ਰੂਰ ਸੁਖਬੀਰ ਦੀ ਦਾਦ ਦਿੱਤੀ ਹੋਊ। ਕੋਈ ਪੜਤਾਲ ਚੰਦ ਸਾਹਮਣੇ ਨਹੀਂ ਆਇਆ, ਬੱਸ ਬਲਵਿੰਦਰ ਭੂੰਦੜ ਨੇ ਫ਼ੈਸਲਾ ਸੁਣਾਇਆ ਕਿ ਅਖੇ ! ਕੈਰੋਂ ਨੇ ਅਨੁਸ਼ਾਸਨ ਭੰਗ ਕਰਤਾ, ਪਾਰਟੀ ਚੋਂ ਆਊਟ ਕਰਦੇ ਹਾਂ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਮੁਖੀ ਹਨ, ਉਹ ਵੀ ਕੈਰੋਂ ਵਾਂਗੂ ਚੋਣਾਂ ਚ ਅਕਾਲੀ ਦਲ ਵਾਰੇ ਚੁੱਪ ਹਨ।

        ਕੈਰੋਂ ਖ਼ਿਲਾਫ ਕਾਰਵਾਈ ਅਲੋਕਾਰੀ ਹੈ ਕਿਉਂਕਿ ਪ੍ਰਾਹੁਣੇ ਰੁੱਸਦੇ ਤਾਂ ਬਹੁਤ ਸੁਣੇ ਨੇ ਪਰ ਸਾਲਿਆਂ ਤੋਂ ਕਸੂਰ ਪੁੱਛਦੇ ਬਹੁਤ ਘੱਟ ਦੇਖੇ ਨੇ। ਪਾਬਲੋ ਨਰੂਦਾ ਆਖਦਾ ਹੈ ਕਿ ਤੁਸੀਂ ਸਾਰੇ ਫੁੱਲਾਂ ਨੂੰ ਤਾਂ ਕੱਟ ਸਕਦੇ ਹੋ ਪਰ ਬਹਾਰ ਨੂੰ ਆਉਣ ਤੋਂ ਨਹੀਂ ਰੋਕ ਸਕਦੇ। ਬਾਦਲ ਸਾਹਿਬ! ਲੱਗੇ ਰਹੋ, ਪੂਰਾ ਦਰਖ਼ਤ ਚੰਗੀ ਤਰ੍ਹਾਂ ਛਾਂਗ ਦਿਓ ਤਾਂ ਜੋ ਛੋਟੇ ਮੋਟੇ ਕੰਢੇ ਕਦੇ ਮੁੜ ਕੇ ਨਾ ਰੜਕਣ। ਜਦੋਂ ਵੱਡੇ ਬਾਦਲ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਆਪਣੇ ਜਵਾਈ ਕੈਰੋਂ ਦੇ ਹਵਾਲੇ ਪੂਰਾ ਆਬਕਾਰੀ ਮਹਿਕਮਾ ਕੀਤਾ ਅਤੇ ਫਿਰ ਖ਼ੁਰਾਕ ਸਪਲਾਈ ਦਾ ਮੰਤਰੀ ਬਣਾਇਆ।

         ਵੱਡੇ ਬਾਦਲ ਪੇਂਡੂ ਕਲਚਰ ਚ ਪੀਐਚ.ਡੀ. ਸਨ। ਆਮ ਦੇਖਿਆ ਜਾਂਦਾ ਹੈ ਕਿ ਪੇਂਡੂ ਕਲਚਰ ਚ ਪ੍ਰਾਹੁਣਚਾਰੀ ਸ਼ਰਾਬ ਨਾਲ ਅਤੇ ਪ੍ਰਸ਼ਾਦੇ ਪਾਣੀ ਚ ਕੜਾਹ ਤੇ ਖੀਰ ਵੀ ਛਕਾਈ ਜਾਂਦੀ ਹੈ। ਸੋ ਵੱਡੇ ਬਾਦਲ ਸਾਹਿਬ ਨੇ ਤਾਹੀਂ ਪਹਿਲਾਂ ਕੈਰੋਂ ਨੂੰ ਆਬਕਾਰੀ ਮੰਤਰੀ ਬਣਾਇਆ ਅਤੇ ਫਿਰ ਖ਼ੁਰਾਕ ਮੰਤਰੀ। ਸਾਰਾ ਬਾਗ਼ ਹਵਾਲੇ ਤੇਰੇ।  ਖ਼ੈਰ ਘਰ ਦੀ ਲੜਾਈ ਇੱਕ ਐਸੀ ਲੜਾਈ ਹੈ ਜਿਸ ਦਾ ਹੱਲ ਸੰਯੁਕਤ ਰਾਸ਼ਟਰਵੀ ਨਹੀਂ ਕਰ ਸਕਦਾ। ਇੱਕ ਕਹਾਵਤ ਵੀ ਮਸ਼ਹੂਰ ਹੈ, ‘ਸਾਰੀ ਦੁਨੀਆ ਏਕ ਤਰਫ਼, ਜੋਰੂ ਕਾ ਭਾਈ ਏਕ ਤਰਫ਼।

 

 

 


Friday, May 24, 2024

                                                       ਬੇਅਦਬੀ ਦੀ ਚੀਸ
                           ਉਡੀਕ ’ਚ ਬਿਰਖ ਹੋ ਗਿਆ ਬਰਗਾੜੀ..!
                                                        ਚਰਨਜੀਤ ਭੁੱਲਰ 

ਬਰਗਾੜੀ (ਫ਼ਰੀਦਕੋਟ): ਫ਼ਰੀਦਕੋਟ ਸੰਸਦੀ ਹਲਕੇ ਦਾ ਕਸਬਾ ਬਰਗਾੜੀ ਅੱਜ ਵੀ ਬੇਅਦਬੀ ਦੀ ਚੀਸ ਝੱਲ ਰਿਹਾ ਹੈ। ਜਦੋਂ ਕੋਈ ਛੋਟੀ ਵੱਡੀ ਚੋਣ ਆਉਂਦੀ ਹੈ ਤਾਂ ਬਰਗਾੜੀ ਦੇ ਜ਼ਖ਼ਮ ਮੁੜ ਅੱਲੇ ਹੋ ਜਾਂਦੇ ਹਨ।ਦੁਨੀਆ ਭਰ ’ਚ ਬਰਗਾੜੀ ਉਸ ਵੇਲੇ ਚਰਚਾ ’ਚ ਆਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ।ਬਰਗਾੜੀ ਦੇ ਗੁਰੂ ਘਰ ਨੇੜੇ 12 ਅਕਤੂਬਰ, 2015 ਨੂੰ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਖਿੱਲਰੇ ਹੋਏ ਮਿਲੇ ਸਨ। ਇਸ ਤੋਂ ਪਹਿਲਾਂ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿੱਚੋਂ ਪਹਿਲੀ ਜੂਨ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ।ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਰਕਾਰ ਸਮੇਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਜਿਸ ਕਰ ਕੇ ਉਨ੍ਹਾਂ ਦੇ ਹੱਥੋਂ ਸਰਕਾਰ ਹੀ ਨਿਕਲ ਗਈ। ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦਿਵਾਉਣ ਦੇ ਭਰੋਸੇ ਨਾਲ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਕੂਮਤ ਦਿੱਤੀ ਸੀ ਪਰ ਕਾਂਗਰਸ ਸਰਕਾਰ ਨੇ ਵੀ ਲੋਕਾਂ ਦਾ ਵਿਸ਼ਵਾਸ ਤੋੜ ਦਿੱਤਾ। 

         ਹਾਲੇ ਵੀ ਬੇਅਦਬੀ ਮਾਮਲਿਆਂ ਦਾ ਨਿਆਂ ਕਿਸੇ ਤਣ-ਪੱਤਣ ਨਹੀਂ ਲੱਗਿਆ ਹੈ। ਬਰਗਾੜੀ ਦੇ ਲੋਕ ਜਿਹੜੇ ਪਹਿਲਾਂ ਅਕਾਲੀ ਦਲ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰਦੇ ਸਨ, ਉਨ੍ਹਾਂ ਦੀ ਨਜ਼ਰਾਂ ’ਚ ਹੁਣ ਸਭ ਇੱਕ ਹਨ। ਉਨ੍ਹਾਂ ਦੀ ਮੌਜੂਦਾ ਹਕੂਮਤ ਤੋਂ ਵੀ ਤਸੱਲੀ ਨਹੀਂ ਹੈ। ਜਿਸ ਜਗ੍ਹਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੱਲਰੇ ਮਿਲੇ ਸਨ, ਉਸ ਦੇ ਨੇੜੇ ਹੀ ਸੱਥ ਵਿੱਚ ਬੈਠੇ ਲੋਕਾਂ ਨੇ ਹਰ ਸਿਆਸੀ ਪਾਰਟੀ ’ਤੇ ਨਿਸ਼ਾਨਾ ਸੇਧਿਆ। ਬਰਗਾੜੀ ਦਾ ਜਗਸੀਰ ਸਿੰਘ ਕਹਿੰਦਾ ਹੈ ਕਿ ਅਕਾਲੀਆਂ ਨੇ ਸਿਰਸੇ ਵਾਲੇ ਨੂੰ ਮੁਆਫ਼ੀ ਦਿੱਤੀ ਅਤੇ ਅਮਰਿੰਦਰ ਸਰਕਾਰ ਨੇ ਨਿਆਂ ਦਾ ਵਾਅਦਾ ਕਰ ਕੇ ਧੋਖਾ ਕੀਤਾ। ਉਹ ਆਖਦਾ ਹੈ ਕਿ ਹਾਲੇ ਵੀ ਕੋਈ ਪਤਾ ਨਹੀਂ ਕਿ ਇਨਸਾਫ਼ ਮਿਲੇਗਾ ਜਾਂ ਨਹੀਂ। ਲੋਕ ਸਭਾ ਚੋਣਾਂ 2019 ’ਚ ਬਰਗਾੜੀ ’ਚੋਂ ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ, ਜੋ 2437 ਸਨ। ਉਦੋਂ ਅਕਾਲੀ ਦਲ ਨੂੰ 1597 ਅਤੇ ਆਮ ਆਦਮੀ ਪਾਰਟੀ ਨੂੰ 435 ਵੋਟਾਂ ਹੀ ਮਿਲੀਆਂ ਸਨ। ਮੌਜੂਦਾ ਚੋਣਾਂ ਵਿੱਚ ਬਰਗਾੜੀ ਦੇ ਲੋਕਾਂ ਦਾ ਕਿਸੇ ਸਿਆਸੀ ਪਾਰਟੀ ਵੱਲ ਬਹੁਤਾ ਝੁਕਾਅ ਨਹੀਂ ਹੈ। 

         ਬੇਸ਼ੱਕ ਪੰਜਾਬ ਦੇ ਦੂਜੇ ਹਿੱਸਿਆਂ ਵਿੱਚ ਬੇਅਦਬੀ ਦਾ ਮੁੱਦਾ ਉੱਭਰ ਨਹੀਂ ਰਿਹਾ ਹੈ ਪਰ ਬਰਗਾੜੀ ਦੇ ਲੋਕਾਂ ਦੇ ਮਨਾਂ ’ਤੇ ਲੱਗੀ ਸੱਟ ਅੱਜ ਵੀ ਰੜਕਦੀ ਹੈ। ਬਰਗਾੜੀ ਦਾ ਅਮਰਜੀਤ ਸਿੰਘ ਆਖਦਾ ਹੈ ਕਿ ਬੇਅਦਬੀ ਦਾ ਮੁੱਦਾ ਉਦੋਂ ਤੱਕ ਜੀਵਿਤ ਰਹੇਗਾ ਜਦੋਂ ਤੱਕ ਸਿੱਖ ਭਾਈਚਾਰੇ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਇਸੇ ਤਰ੍ਹਾਂ ਦਰਸ਼ਨ ਸਿੰਘ ਨੇ ਕਿਹਾ ਕਿ ਨਿਆਂ ਤਾਂ ਕੀ ਮਿਲਣਾ ਸੀ, ਉਲਟਾ ਬਰਗਾੜੀ ਦੇ ਕਿਸਾਨਾਂ ਤੋਂ ਸਰਕਾਰ ਨੇ ਅਨਾਜ ਮੰਡੀ ਖੋਹ ਲਈ ਹੈ। ਚੇਤੇ ਰਹੇ ਕਿ ਬਰਗਾੜੀ ਦੀ ਦਾਣਾ ਮੰਡੀ ਵਿੱਚ ਪੰਥਕ ਧਿਰਾਂ ਵੱਲੋਂ ਮੋਰਚਾ ਲਗਾਇਆ ਹੋਇਆ ਸੀ।ਕਿਸਾਨ ਗੁਰਦਿੱਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਪੱਕੀ ਸੀ ਅਤੇ ਪੰਜ ਹਜ਼ਾਰ ਏਕੜ ਰਕਬੇ ਦੀ ਫ਼ਸਲ ਮੰਡੀ ਵਿੱਚ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਧਰਨਾ ਚੁਕਾਉਣ ਮਗਰੋਂ ਸਰਕਾਰ ਨੇ ਮੰਡੀ ਖ਼ਾਲੀ ਕਰਾ ਕੇ ਤਾਰ ਲਾ ਦਿੱਤੀ ਅਤੇ ਫਿਰ ਇੱਥੇ ਕਮਿਊਨਿਟੀ ਸੈਂਟਰ ਵਗੈਰਾ ਬਣਾ ਦਿੱਤਾ।

          ਕਿਸਾਨ ਤੇਜਾ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਨਵੀਂ ਅਨਾਜ ਮੰਡੀ ਬਣਾ ਕੇ ਦਿੱਤੀ ਜਾਵੇਗੀ ਪਰ ਕੌਮੀ ਸੜਕ ਮਾਰਗ ਦੇ ਇੱਕ ਪਾਸੇ ਆਰਜ਼ੀ ਖ਼ਰੀਦ ਕੇਂਦਰ ਬਣਾ ਕੇ ਬੁੱਤਾ ਸਾਰ ਦਿੱਤਾ ਗਿਆ ਜਿੱਥੇ ਫ਼ਸਲ ਰੁਲਦੀ ਰਹਿੰਦੀ ਹੈ। ਪਿੰਡ ਵਾਸੀ ਹਰਦੇਵ ਸਿੰਘ ਨੇ ਮੁੱਕਦੀ ਗੱਲ ਕੀਤੀ ਕਿ ਬੇਅਦਬੀ ਮਾਮਲੇ ’ਚ ਨਿਆਂ ਤਾਂ ਕੀ ਦੇਣਾ ਸੀ, ਸਰਕਾਰਾਂ ਨੇ ਕਿਸਾਨਾਂ ਤੋਂ ਪੱਕਾ ਖ਼ਰੀਦ ਕੇਂਦਰ ਵੀ ਖੋਹ ਲਿਆ। ਕਿਸਾਨਾਂ ਨੇ ਇਸ ਮੌਕੇ ਫ਼ਸਲੀ ਮੁਆਵਜ਼ੇ ਦਾ ਮੁੱਦਾ ਵੀ ਉਠਾਇਆ ਅਤੇ ਮਾੜੀ ਰਜਵਾਹੇ ਤੋਂ ਨਹਿਰੀ ਪਾਣੀ ਦੀ ਕਿੱਲਤ ਦੀ ਗੱਲ ਵੀ ਆਖੀ। ਪਿੰਡ ਦੇ ਲੋਕ ਚਾਰੇ ਪਾਸਿਓਂ ਉਕਤਾਏ ਨਜ਼ਰ ਆਏ। ਹਲਕਾ ਜੈਤੋ ਦੇ ਵਿਧਾਇਕ ਬਾਰੇ ਉਨ੍ਹਾਂ ਦੀ ਨਾਰਾਜ਼ਗੀ ਸਾਫ਼ ਝਲਕ ਰਹੀ ਸੀ। ਸਾਰਿਆਂ ਨੇ ਇੱਕ ਸੁਰ ਆਖਿਆ ਕਿ ਬਰਗਾੜੀ ’ਚ ਜਦੋਂ ਵੀ ਵਿਧਾਇਕ ਆਇਆ, ਉਹ ਸਹਿਕਾਰੀ ਸਭਾ ਦੀ ਚੋਣ ਰੱਦ ਕਰਾਉਣ ਬਾਰੇ ਹੀ ਆਇਆ।

                                 ਆਏ ਦਿਨ ਨਰੈਣ ਦੇ..!         
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਬੱਸ ਆਹ ਚੰਦ ਦਿਨਾਂ ਦੀ ਖੇਡ ਹੈ, ਤੁਸਾਂ ਕੋਲ ਆਉਣਗੇ। ਪੈਰ ਜੁੱਤੀ ਨਹੀਂ ਪਾਉਣਗੇ। ਸੁਪਨਿਆਂ ਦੀ ਚਾਦਰ ਵਿਛਾਉਣਗੇ। ਬਣ ਫ਼ਰਿਆਦੀ, ਤੁਹਾਡੇ ਚਰਨਾਂ ਦੀ ਧੂੜ ਨੂੰ ਮੱਥੇ ਨਾਲ ਲਾਉਣਗੇ। ਕੋਈ ਪੰਥ ਬਚਾਏਗਾ, ਕੋਈ ਰੰਗਲਾ ਬਣਾਏਗਾ, ਕੋਈ ਆਸਮਾਨੋਂ ਤਾਰੇ ਲਾਹੇਗਾ। ਇੰਜ ਵੋਟਰ ਮਹਾਨ ਬਣ ਜਾਏਗਾ ਪਰ ਉਸ ਨੂੰ ਸਮਝ ਨਹੀਂ ਆਏਗਾ ਜਦੋਂ ਕੀੜੀ ਦੇ ਘਰ ਨਰੈਣ ਪੈਰ ਪਾਏਗਾ। ਧੰਨਭਾਗ ਅਸਾਡੇ! ਆਖ ਇੱਕ ਦਿਨ ਦਾ ਵੋਟਰ ਬਾਦਸ਼ਾਹ ਮੰਜਾ ਡਾਹੇਗਾ। ਉਪਰੋਂ ਯਮਲਾ ਜੱਟ ਫ਼ਰਮਾਏਗਾ, ‘ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ, ਜਿਨ੍ਹ ਤੇਰਾ ਹੋਣਾ ਏ ਸਹਾਈ।’

       ‘ਜੇ ਦਿਨ ਹੋਵਣ ਪੱਧਰੇ, ਭੁੱਜੇ ਉੱਗਣ ਮੋਠ’। ਨਾ ਜਗਤਾ ਕੰਮ ਆਇਆ ਤੇ ਨਾ ਭਗਤਾ। ਹੱਥ, ਰੱਬ ਨੇ ਚੋਣਾਂ ਮੌਕੇ ਜੋੜਨ ਲਈ ਦਿੱਤੇ ਨੇ। ਫੈਵੀਕੋਲ ਵਾਲੇ ਹੈਰਾਨ ਹੋਣਗੇ ਕਿ ਹੱਥ ਜੋੜਨ ਦਾ ਠੇਕਾ ਸਿਆਸੀ ਲਾਟਾਂ ਨੇ ਹੀ ਲਿਐ। ਨਾਲੇ ਨੇਤਾ ਜੀ ਨੇ ਗੋਡੇ ਐਵੇਂ ਨਹੀਂ ਬਦਲਾਏ, ਚੋਣਾਂ ਵਿਚ ਖੜ੍ਹਾ ਹੋਣਾ ਸੀ ਤਾਂ ਬਦਲਾਏ ਨੇ। ਇਨ੍ਹਾਂ ਨੂੰ ਕੁਰਸੀ ਦੀ ਲਤ ਲੱਗੀ ਐ, ਤਾਹੀਂ ਰਾਈ ਦੇ ਪਹਾੜ ਬਣਾਉਣਗੇ, ਗੰਜਿਆਂ ਨੂੰ ਕੰਘੀਆਂ ਵੰਡ, ਹੀਰੇ ਪਤਾਲ ਵਿੱਚੋਂ ਕੱਢ ਲਿਆਉਣਗੇ। ਸਿੱਧੀ ਉਂਗਲ ਘਿਓ ਨਾ ਨਿਕਲਿਆ ਤਾਂ ਫਿਰ ਡਰਾਉਣਗੇ। ਸਿਆਸੀ ਨਰੈਣ ਵਾਅਦਿਆਂ ਦੀ ਤਿਲ ਚੌਲੀ ਪਾ, ਕੀੜੀਆਂ ਨੂੰ ਭਰਮਾਉਣਗੇ।

       ਕਾਮਰੇਡ ਕਾਰਲ ਮਾਰਕਸ ਕਿਤੇ ਅੱਜ ਜਿਊਂਦਾ ਹੁੰਦਾ ਤਾਂ ਉਸ ਨੇ ਨਵਾਂ ਨਾਅਰਾ ਦੇਣਾ ਸੀ, ‘ਦੁਨੀਆ ਭਰ ਦਿਓ ਕੀੜਿਓ, ਇੱਕ ਹੋ ਜਾਓ।’ ਸਫ਼ਰ ਵੇਲੇ ਮੋਟਰ ਤੇ ਚੋਣ ਵੇਲੇ ਵੋਟਰ ਹੀ ਕੰਮ ਆਉਂਦੇ ਨੇ। ਤਪੇ ਤੰਦੂਰ ’ਤੇ ਦੋ ਚਾਰ ਸਿਆਸੀ ਫੁਲਕੇ ਲਾਹੁਣੇ ਹੋਣ ਤਾਂ ਨਰੈਣ ਕੀੜੀਆਂ ਦੇ ਵਿਹੜੇ ਹੇਕਾਂ ਲਾਉਂਦੇ ਨੇ ‘ਤੁਝਮੇਂ ਰੱਬ ਦਿਖਤਾ ਹੈ...।’ ਉੱਲੂ ਅਜਿਹਾ ਸਾਊ ਜਾਨਵਰ ਐ, ਜਿਸ ਨੂੰ ਦਿਨੇ ਨਹੀਂ ਦਿੱਖਦਾ, ਸ਼ਾਇਦ ਇਸੇ ਕਰਕੇ ਜਨਤਾ ਨੂੰ ਉੱਲੂ ਬਣਾਇਆ ਜਾਂਦਾ ਹੈ। ਅਸਲ ’ਚ ਸਿਆਸਤ ਹੁਣ ਧੰਦਾ ਬਣ ਗਈ ਹੈ ਅਤੇ ਇਹ ਨੇਤਾਵਾਂ ਦੀ ਰਖੇਲ ਤੋਂ ਵੱਧ ਕੁਝ ਵੀ ਨਹੀਂ। ਰੰਗ ਬਰੰਗੇ ਨੇਤਾ ਆਪੋ ਆਪਣੇ ਜੌਂਗਾ ਲੈ ਆਉਣਗੇ, ਭੋਂਪੂ ਵਜਾਉਣਗੇ, ਗੁਮਾਸ਼ਤੇ ਗਾਉਣਗੇ, ‘ਆਜਾ ਮੇਰੀ ਗਾੜੀ ਮੇਂ ਬੈਠ ਜਾ।’ ਇੰਜ ਹੀ ਤਿਕੜਮ ਦਾਸ  ਦਾਅ ਲਾ ਕੇ ਔਹ ਜਾਣਗੇ।

         ਨਵੀਂ ਸਰਕਾਰ ਸਜਦੀ ਹੈ। ਆਵੇ ਦਾ ਖੋਤਾ, ਆਵੇ ਕੋਲ ਮੁੜ ਆ ਖਲੋਂਦਾ ਹੈ। ਪੰਜ ਸਾਲ ਫਿਰ ਤੰਗੀਆਂ ਨਾਲ ਘੁਲਦੈ। ਅਮਰਿੰਦਰ ਗਿੱਲ ਸੱਚ ਬਿਆਨ ਰਿਹਾ ਹੈ,‘ ਜੇ ਸਰਕਾਰਾਂ ਚੰਗੀਆਂ ਹੁੰਦੀਆਂ, ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ।’ ਚੋਣਾਂ ’ਚ ਇੱਕ ਬੰਨੇ ਸ਼ਰੀਫ਼ਗੜ੍ਹ ਹੁੰਦਾ ਹੈ ਜਿਸ ਨੇ ਚੁਣਨਾ ਹੁੰਦਾ ਹੈ ਲੁਟੇਰਗੜ੍ਹ ਦੇ ਬਾਸ਼ਿੰਦਿਆਂ ’ਚੋਂ ਕਿਸੇ ਇੱਕ ਨੂੰ। ਇੱਕ ਚੋਣ ਜਲਸੇ ਚੋਂ ਆਵਾਜ਼ ਆਈ, ਔਰਤਾਂ ਨੂੰ ਹਜ਼ਾਰ ਰੁਪਿਆ ਕਦੋਂ ਮਿਲੂ! ਸਟੇਜ ਤੋਂ ਮਹਿਲਾ ਨੇਤਾ ਨੇ ਜੁਆਬ ਦਿੱਤਾ, ਸਬਰ ਰੱਖੋ! ਸਹਿਜ ਪੱਕੇ ਸੋ ਮੀਠਾ ਹੋਏ। ਪੰਡਾਲ ’ਚੋਂ ਕੋਈ ਬੋਲਿਆ, ਬੀਬੀ ਜੀ! ਖੰਡ ਤਾਂ ਚਾਲੀ ਰੁਪਏ ਕਿਲੋ ਹੋ ਗਈ, ਮਿੱਠਾ ਕਾਹਦੇ ਨਾਲ ਹੋਜੂ।

        ਨੇਤਾਗਿਰੀ ਸੌਖਾ ਧੰਦਾ ਨਹੀਂ, ਪਾਪੜ ਵੇਲਣੇ ਪੈਂਦੇ ਨੇ, ਬਾਂਹਾਂ ਦੁਖਣ ਲੱਗ ਜਾਂਦੀਆਂ ਨੇ। ਪੰਜਾਬ ਦੇ ਚੋਣ ਅਖਾੜੇ ’ਚ ਦੇਖੋ, ਕੀੜੀਆਂ ਸੁਆਦ ਲੈ ਰਹੀਆਂ ਨੇ, ਨਰੈਣ ਉਂਗਲੀ ’ਤੇ ਨੱਚ ਰਹੇ ਹਨ। ਔਹ ਦੇਖੋ ਮੰਤਰੀ ਕੁਲਦੀਪ ਧਾਲੀਵਾਲ ਕਿਵੇਂ ਅੰਮ੍ਰਿਤਸਰ ’ਚ ਸਮੋਸੇ ਤਲ ਰਿਹਾ ਹੈ। ਗੁਰਜੀਤ ਔਜਲਾ ਭਲਵਾਨਾਂ ਦੇ ਅਖਾੜੇ ’ਚ ਮਨ ਪਰਚਾ ਰਿਹਾ ਹੈ। ਤੁਸੀਂ ਹੁਕਮ ਤਾਂ ਛੱਡੋ, ਔਹ ਦੇਖੇ, ਆਪਣਾ ਭੰਗੜਚੀ ਚਰਨਜੀਤ ਚੰਨੀ ਕਿਵੇਂ ਭੰਗੜਾ ਪਾ ਰਿਹਾ ਹੈ। ਬਠਿੰਡਾ-ਮਾਨਸਾ ’ਚ ਬੀਬੀ ਬਾਦਲ ਪੇਂਡੂ ਬੀਬੀਆਂ ਨੂੰ ਜੱਫੀ ’ਤੇ ਜੱਫੀ ਪਾ ਰਹੀ ਹੈ। ਦੱਸਦੇ ਨੇ, ਚੁੰਨੀਆਂ ਵੀ ਵਟਾ ਰਹੀ ਹੈ। ਵਿਹੜੇ ਵਾਲੀਆਂ ਬੀਬੀਆਂ ਦਾ ਬੀਬੀ ਬਾਦਲ ਨੂੰ ਅੰਤਾਂ ਦਾ ਮੋਹ ਆ ਰਿਹਾ ਹੈ।ਸਿੱਧੂਆਂ ਦਾ ਮੁੰਡਾ ਜੀਤ ਮਹਿੰਦਰ, ਬਠਿੰਡਾ ਦੇ ਰੋਜ਼ ਗਾਰਡਨ ’ਚ ਦੇਖੋ ਕਿਵੇਂ ਗਿੱਧਾ ਪਾ ਰਿਹਾ ਹੈ। 

        ਮੌਜ ਫਰੀਦਕੋਟੀਆਂ ਨੂੰ ਲੱਗੀ ਹੈ, ਦਿਲ ਕਰਦੈ ਤਾਂ ਹੰਸ ਰਾਜ ਹੰਸ ਤੋਂ ਗਾਣਾ ਸੁਣ ਲੈਂਦੇ ਨੇ, ਅਕੇਵਾਂ ਮਹਿਸੂਸ ਕਰਨ ਤਾਂ ਕਰਮਜੀਤ ਅਨਮੋਲ ਨੂੰ ਆਖਦੇ ਨੇ, ਕਾਕਾ! ਗਾਣਾ ਸੁਣਾ। ਰਾਜਾ ਵੜਿੰਗ ਕਿਤੇ ਗਊਆਂ ਨੂੰ ਚਾਰਾ ਪਾ ਰਿਹੈ ਕਿ ਕਿਤੇ ਵਾਲੀਬਾਲ ਦਾ ਮੈਚ ਲਾ ਰਿਹੈ।  ਚੋਣਾਂ ਵੇਲੇ ਨੇਤਾ ਦਾਸਾਂ ਨੂੰ ਕੁਝ ਵੀ ਹੁਕਮ ਕਰੋ, ਝੱਟ ਵਿਛ ਜਾਣਗੇ। ਜੋ ਕਹੋਗੇ, ਉਹੀ ਕਰਨਗੇ, ਠੀਕ ਜਿਵੇਂ ਫ਼ਿਰੋਜ਼ ਖ਼ਾਨ ਆਖ ਰਿਹਾ ਹੈ, ‘ਜੋ ਤੁਮਕੋ ਹੋ ਪਸੰਦ, ਵੋਹੀ ਬਾਤ ਕਰੇਂਗੇ।

        ਅਜਨਾਲੇ ’ਚ ਸੰਧੂ ਸਮੁੰਦਰੀ ਕਿਸੇ ਦਲਿਤ ਦੇ ਘਰ ਗਿਆ, ਖਾਣਾ ਖਾ ਕੇ ਆਖਣ ਲੱਗਾ, ਬੀਬੀ ਟੀਂਡੇ ਬੜੇ ਸੁਆਦ ਨੇ। ‘ਹੋਵੇ ਮਨਜ਼ੂਰ ਇਨ੍ਹਾਂ ਸੇਵਕਾਂ ਦੀ ਸੇਵਾ।’ ਕੋਈ ਨੇਤਾ ਗ਼ਰੀਬ ਕਿਸਾਨ ਦੇ ਘਰ ਗਿਆ। ਕਿਸਾਨ ਨੇ ਅੱਗਿਓਂ ਸੁਲ੍ਹਾ ਮਾਰੀ, ‘ਚਾਹ ਪਾਣੀ, ਪਰਸ਼ਾਦਾ ਪਾਣੀ ਛਕੋਗੇ’, ਨੇਤਾ ਬੇਸ਼ਰਮ ਮੱਲ ਫ਼ਰਮਾਏ, ‘ਤੁਹਾਡੀਆਂ ਦੋਨਾਂ ਮੰਗਾਂ ਪ੍ਰਵਾਨ।’ ਦੱਸਦੇ ਹਨ ਕਿ ਸ਼ਰਮ ਦਾ ਸਬੰਧ ਮੰਨਣ ਨਾਲ ਹੈ। ਪੰਜਾਬ ਦੇ ਲੋਕਾਂ ਲਈ ਸਭ ਨੇਤਾ ਉਸ ਫੰਡਰ ਮੱਝ ਵਰਗੇ ਨੇ, ਜਿਹੜੀ ਕਦੇ ਸੂਈ ਹੀ ਨਹੀਂ। ਚੋਣਾਂ ਦੇ ਦਿਨਾਂ ’ਚ ਨੇਤਾਵਾਂ ਨੂੰ ਦੇਖ ਮੰਗਤੇ ਵੀ ਕੰਮ ਛੱਡ ਜਾਂਦੇ ਹਨ ਕਿ ਚਲੋ ਭਾਈ! ਹੁਣ ਸਾਡੇ ਉਸਤਾਦ ਆਗੇ।

         ਨੇਤਾ ਧੂੜਪੱਟ ਬਠਿੰਡਵੀਂ ਵੋਟਾਂ ਆਲੇ ਵਸਤਰ ਚੋਣਾਂ ਮੌਕੇ ਕੱਢਦੇ ਨੇ।  ਕੱਲੀ ਕੱਲੀ ਕੀੜੀ ਨੂੰ ਰਡਾਰ ’ਤੇ ਰੱਖਦੇ ਨੇ। ਅੱਜ ਕੱਲ੍ਹ ਨੇਤਾਵਾਂ ਨੇ ਲੋਕਾਂ ਵਾਸਤੇ ਜੱਫੀਆਂ ਦੀ ਧਮਾਕੇਦਾਰ ਸੇਲ ਲਾਈ ਹੋਈ ਹੈ। ਜਗਜੀਤ ਸਿੰਘ ਸੁਰ ਲਾ ਰਹੇ ਨੇ, ‘ਤੁਮਕੋ ਦੇਖਾ ਤੋ ਯੇ ਖ਼ਿਆਲ ਆਇਆ..।’ ਕੇਰਾਂ ਨੇਤਾ ਤੁਲਸੀ ਬਹੁਰੂਪੀਆ ਪੇਂਡੂ ਬੀਬੀਆਂ ਨੂੰ ਹੱਥ ਜੋੜ ਆਖਣ ਲੱਗਾ, ਭੈਣੋ! ਖ਼ਿਆਲ ਰੱਖਣਾ, ਮੇਰੇ ਹੱਥ ਮਜ਼ਬੂਤ ਕਰਨਾ। ਅੱਗਿਓਂ ਇੱਕ ਅੱਖੜ ਬੀਬੀ ਤੋਂ ਰਿਹਾ ਨਾ ਗਿਆ, ‘ਕਿਉਂ ਕਰੀਏ ਹੱਥ ਮਜ਼ਬੂਤ, ਅਸੀਂ ਕਿਹੜਾ ਬਨੇਰੇ ਲਪਾਉਣੇ ਨੇ ਤੈਥੋਂ।’ ਚੋਣਾਂ ਦਾ ਮੇਲਾ ਜਿਉਂ ਹੀ ਖ਼ਤਮ ਹੁੰਦਾ ਹੈ ਤਾਂ ਫਿਰ ਲੋਕਾਂ ਪੱਲੇ ਇਹ ਗਾਣਾ ਹੀ ਬੱਚਦੈ, ‘ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ..।’  ਇਵੇਂ ਹੋਣੀ ਸੀ, ਕੀ ਦੋਸ਼ ਨਣਦ ਨੂੰ ਦੇਵਾਂ।

         ਐਮਰਜੈਂਸੀ ਮਗਰੋਂ ਚੋਣਾਂ ਮੌਕੇ ਸਮੁੱਚੇ ਦੇਸ਼ ’ਚ ਤਿੰਨ ਨਰੈਣਾਂ ਦੀ ਗੂੰਜ ਪਈ। ਕਰਨੈਲ ਪਾਰਸ ਨੇ ਉਦੋਂ ਇੰਜ ਕਲਮ ਵਾਹੀ, ‘ਤਿੰਨ ਤਿੰਨ ਲੱਗੇ ਨਰੈਣ, ਮਗਰ ਇੰਦਰਾ ਦੇ, ਦੇਖੋ ਬੀਬੀ ਕਿੱਦਾਂ ਜਾਨ ਛਡਾਉਂਦੀ ਏ।’ ਉਨ੍ਹਾਂ ਸਮਿਆਂ ’ਚ ਜਨਤਾ ਪਾਰਟੀ ਦੇ ਚੋਣ ਜਲਸੇ ਹੁੰਦੇ, ਜਿਨ੍ਹਾਂ ’ਚ ਨੇਤਾ ਮਾਣ ਨਾਲ ਆਖਦੇ ਕਿ ਸਾਡੇ ਕੋਲ ਤਿੰਨ ਨਰੈਣ ਨੇ, ਜੈ ਪ੍ਰਕਾਸ਼ ਨਰੈਣ, ਜਗਤ ਨਰੈਣ ਤੇ ਰਾਜ ਨਰੈਣ। ਜਨਤਾ ਦਲੀਏ ਮੌਜੂ ਉਡਾਉਂਦੇ ਆਖਦੇ ਕਿ ਆਹ ਕਾਂਗਰਸ ਕੋਲ ਸਿਰਫ਼ ਇੱਕ ਨਰੈਣ ਐ, ਉਹ ਹੈ ‘ਨਗਦ ਨਰੈਣ।’ ਚੇਤੇ ਆਇਆ, ਆਹ ਚੋਣਾਂ ਮੌਕੇ ਨਗਦ ਨਰੈਣ ਵੀ ਆਪਣੀ ਕਲਾ ਦਿਖਾਏਗਾ।

        ਮਿਹਰ ਮਿੱਤਲ ਵਰਿ੍ਹਆਂ ਪੁਰਾਣੀ ਫ਼ਿਲਮ ’ਚ  ਹੋਕਾ ਦੇ ਗਿਆ ਸੀ,‘ ਭਰਾਵੋ! ਤੁਸੀਂ ਕੀਮਤੀ ਵੋਟ ਦੇ ਮਾਲਕ ਹੋ, ਲੁੱਚਿਆ ਲਫ਼ੰਗਿਆਂ ਤੋਂ ਬਚ ਕੇ ਵੋਟ ਪਾਇਓ, ਵੋਟਾਂ ਵੇਲੇ ਇਹ ਗਧੇ ਨੂੰ ਵੀ ਬਾਪ ਬਣਾ ਲੈਂਦੇ ਨੇ, ਤੁਸੀਂ ਤਾਂ ਫਿਰ ਵੀ ਬੰਦੇ ਹੋ, ਲੱਗਦੇ ਬੜੇ ਚੰਗੇ ਹੋ।’ ਜੋ ਜਾਗਿਆ, ਉਹੀ ਸਿਆਣਾ। ਜੋ ਪੈਸੇ ਤੇ ਸ਼ਰਾਬ ਦੇ ਲਾਲਚ ’ਚ ਆ ਜਾਂਦੇ ਹਨ, ਉਨ੍ਹਾਂ ਨੂੰ ਮਗਰੋਂ ਹੇਕ ਲਾਉਣੀ ਪੈਂਦੀ ਹੈ, ‘ਲੁੱਟੀ ਹੀਰ ਵੇ ਫ਼ਕੀਰ ਦੀ..। ਚੋਣਾਂ ਮੌਕੇ ਕਈ ਡੱਬੂ ਪ੍ਰਕਾਸ਼ ਵੀ ਆਉਣਗੇ, ਫ਼ਿਰਕੂ ਛਿੱਟਾ ਦੇ ਕੇ ਫੇਰ ਕੰਧ ’ਤੇ ਜਾ ਬਹਿਣਗੇ। ਚੋਰ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਸੁੱਤਿਆਂ ਨੂੰ ਲੁੱਟਣ ਵਾਲੇ, ਦੂਜੇ ਜਾਗਦਿਆਂ ਨੂੰ ਲੁੱਟਣ ਵਾਲੇ। ਦੂਜੀ ਵੰਨਗੀ ਤੋਂ ਬਚਣ ਲਈ ਹੈਲਮਟ ਪਾ ਕੇ ਰੱਖਿਆ ਕਰੋ।

        ਕ੍ਰਾਂਤੀਵੀਰ ਫ਼ਿਲਮ ’ਚ ਨਾਨਾ ਪਾਟੇਕਰ ਸੱਚ ਫ਼ਰਮਾ ਰਿਹਾ ਹੈ, ‘ਆਪਕੋ ਗ਼ੁਲਾਮੀ ਕਰਨੇ ਕੀ ਆਦਤ ਪੜ੍ਹ ਗਈ ਹੈ, ਪਹਿਲੇ ਅੰਗਰੇਜ਼ੋਂ ਕੀ ਗ਼ੁਲਾਮੀ ਕਰਤੇ ਰਹੇ, ਅਬ ਨੇਤਾਓਂ ਕੀ।’ ਖ਼ੈਰ ਪੰਜਾਬੀਆਂ ਦੀ ਮਸੀਤ ਵੱਖਰੀ ਹੈ ਜਿੱਥੇ ਅੰਮ੍ਰਿਤਾ ਪ੍ਰੀਤਮ ਹੂਕ ਲਾ ਰਹੀ ਹੈ, ‘ਕਿੱਕਰਾਂ ਵੇ ਕੰਡਿਆਲਿਆ! ਉੱਤੋਂ ਚੜ੍ਹਿਆ ਪੋਹ। ਹੱਕ ਜਿਨ੍ਹਾਂ ਦੇ ਆਪਣੇ, ਆਪੇ ਲੈਣਗੇ ਖੋਹ।’

(24 ਮਈ 2024)


Thursday, May 23, 2024

                                                          ਚੋਣ ਮਸ਼ਕਰੀ
                                        ਮਿੰਨਤ ਰਾਜ ਮਿੰਨਤ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਸੂਫ਼ੀ ਗਾਇਕ ਹੰਸ ਰਾਜ ਹੰਸ, ਪਹਿਲਾਂ ਅਕਾਲੀ ਸਜੇ ਸਨ, ਫਿਰ ਕਾਂਗਰਸ ਦੇ ਝਰਨੇ ਦਾ ਪਾਣੀ ਪੀਤਾ, ਅਖੀਰ ਭਾਜਪਾ ਨੂੰ ਪ੍ਰਣਾਏ ਗਏ। ਇੱਕ ਬੰਨ੍ਹਿਓਂ ਰਾਜ ਗਾਇਕ ਦਾ ਖ਼ਿਤਾਬ ਹਾਸਲ ਹੋਇਆ, ਦੂਜੇ ਬੰਨ੍ਹਿਓਂ ਸੰਸਦ ਮੈਂਬਰੀ। ਹੰਸ ਰਾਜ ਹੰਸ ਆਪਣੇ ਕਰ ਕਮਲਾਂ ਨਾਲ ਫ਼ਰੀਦਕੋਟ ਪੁੱਜੇ। ਭਾਜਪਾ ਨੂੰ ਬਾਬਾ ਫ਼ਰੀਦ ਦੀ ਧਰਤੀ ਲਈ ਸਫੀਪੁਰ ਦਾ ਸੂਫ਼ੀ ਹੰਸ ਰਾਜ ਹੰਸ ਢੁੱਕਵਾਂ ਜਾਪਿਆ। ਅੱਗਿਓਂ ਫ਼ਰੀਦਕੋਟ ਵਿੱਚ ਟੱਕਰ ਗਏ ਬਾਬਾ ਫ਼ਰੀਦ ਦੇ ਚੇਲੇ, ਰੁੱਖੀ-ਸੁੱਖੀ ਖਾਣ ਵਾਲੇ। ਅੱਗੇ-ਅੱਗੇ ਹੰਸ, ਪਿੱਛੇ-ਪਿੱਛੇ ਕਿਸਾਨ। ਹੰਸ ਰਾਜ ਹੰਸ ਚੋਣ ਪ੍ਰਚਾਰ ’ਚ ਸੁਰ ਲਾਉਂਦਾ ਹੈ, ਕਿਸਾਨ ਤਾਲ ਠੋਕ ਰਹੇ ਹਨ। ਚੋਣਾਂ ਦੇ ਰਣ-ਤੱਤੇ ਵਿੱਚ ਕਿਸਾਨ ਵਾਹਵਾ ਤੱਤੇ ਹਨ। ਹੰਸ ਰਾਜ ਹੰਸ ਦਾ ਝੋਲਾ ਮਿੰਨਤਾਂ ਨਾਲ ਭਰਿਆ ਹੋਇਆ। ਅੱਕ ਕੇ ਇੱਕ ਦਿਨ ਆਖਣ ਲੱਗਾ, ਭਾਈਓ! ਹੁਣ ਮੈਨੂੰ ਮਿੰਨਤ ਰਾਜ ਮਿੰਨਤ ਹੀ ਕਿਹਾ ਕਰੋ।

         ਹੰਸ ਘਰੋਂ ਪਿੱਛੋਂ ਨਿਕਲਦੈ, ਕਿਸਾਨ ‘ਸਵਾਗਤ’ ਵਿੱਚ ਪਹਿਲਾਂ ਪਹੁੰਚ ਜਾਂਦੇ ਹਨ। ਜਿਵੇਂ ਹੋਣੀ ਨੇ ਮਿਰਜ਼ਾ ਘੇਰਿਆ ਸੀ, ਉਵੇਂ ਕਿਸਾਨ ਹੰਸ ਰਾਜ ਹੰਸ ਨੂੰ ਘੇਰ ਲੈਂਦੇ ਨੇ। ਜਦੋਂ ਬਹੁਤੇ ਸਵਾਲਾਂ ਦੀ ਬੁਛਾੜ ਹੁੰਦੀ ਹੈ ਤਾਂ ਸੂਫੀਆਨਾ ਅੰਦਾਜ਼ ਵਿੱਚ ਨਵਾਂ ਸੁਰ ਛੇੜ ਦਿੰਦੇ ਹਨ। ਚੁੱਕੀ ਹੋਈ ਲੰਬੜਾਂ ਦੀ.., ਵਾਂਗ ਹੰਸ ਰਾਜ ਹੰਸ ਨੇ ਮਲਵਈ ਕਿਸਾਨਾਂ ਅੱਗੇ ਬੜ੍ਹਕ ਮਾਰ ਦਿੱਤੀ, ‘ਅਖੇ 2 ਤਰੀਕ ਤੋਂ ਬਾਅਦ ਦੇਖਾਂਗੇ ਇੱਥੇ ਕਿਹੜਾ ਖੱਬੀ ਖ਼ਾਨ ਖੰਘਦੈ, ਇਨ੍ਹਾਂ ਨੇ ਛਿੱਤਰਾਂ ਬਿਨਾਂ ਬੰਦੇ ਨਹੀਂ ਬਣਨਾ।’ ਲਓ ਵੀ ਫ਼ਰੀਦਕੋਟ ਵਿੱਚ ਕਿੰਨੇ ਹੀ ਖੱਬੇ ਪੱਖੀ ਵੀ ਹਨ ਤੇ ਖੱਬੀ ਖ਼ਾਨ ਵੀ ਹਨ, ਨਾਲੇ ਖੰਘਣ ਵਿੱਚ ਤਾਂ ਸਾਰੇ ਅਰਜਨ ਐਵਾਰਡੀ ਹੀ ਨੇ। ਕਿਸਾਨਾਂ ਨੂੰ ਘਰੇ ਆ ਕੋਈ ‘ਚੰਦਭਾਨ ਦਾ ਟੇਸ਼ਨ’ ਹੀ ਲਲਕਾਰ ਸਕਦੈ। ਕਿਸੇ ਨੇ ਨਰਿੰਦਰ ਮੋਦੀ ਦੀ ਗੱਲ ਛੇੜੀ ਤਾਂ ਠੋਕ ਕੇ ਫ਼ੱਕਰ ਹੰਸ ਰਾਜ ਹੰਸ ਨੇ ਕਿਹਾ, ‘ਮੇਰੇ ਯਾਰ ਨੂੰ ਮੰਦਾ ਨਾ ਬੋਲੀਂ..।’

         ਮਹੀਂਵਾਲ ਪੱਟ ਚੀਰ ਸਕਦੈ, ਰਾਂਝਾ ਮੱਝੀਆਂ ਚਾਰ ਸਕਦੈ, ਫਿਰ ਹੰਸ ਰਾਜ ਹੰਸ ਆਪਣੇ ਯਾਰ ਲਈ ਲਲਕਾਰਾ ਤਾਂ ਮਾਰ ਹੀ ਸਕਦੈ। ਵੈਸੇ ਬਾਬਾ ਫ਼ਰੀਦ ਦੀ ਧਰਤੀ ਅਤੇ ਖ਼ਾਸ ਕਰ ਕੇ ਸੂਫ਼ੀ ਧਰਮ ਤਾਂ ਹਿੰਦੂ-ਸਿੱਖ-ਮੁਸਲਿਮ ਦੇ ਏਕੇ ਦਾ ਪ੍ਰਤੀਕ ਹੈ। ਹੰਸ ਰਾਜ ਹੰਸ ਨੂੰ ਆਪਣੇ ਯਾਰ ਨੂੰ ਵੀ ਸਮਝਾਉਣਾ ਬਣਦੈ ਕਿ ਉਹ ਹਿੰਦੂ-ਮੁਸਲਮਾਨ ਵਾਲੀ ਰੱਟ ਛੱਡ ਬਾਬਾ ਫ਼ਰੀਦ ਨੂੰ ਧਿਆਏ। ਕਿਆ ਕਹਿਣੇ ਨੇ ਮਿੰਨਤ ਰਾਜ ਮਿੰਨਤ ਦੇ ਜਿਹੜੇ ਫ਼ਿਰਕੂ ਸਿਆਸਤ ਦੇ ਕੋਲਿਆਂ ਦੀ ਕੋਠੜੀ ਵਿੱਚ ਵੜ ਕੇ ਖ਼ੁਦ ਆਪਣੇ-ਆਪ ਦੇ ਕੱਪੜੇ ਚਿੱਟੇ ਰੱਖਣਾ ਚਾਹੁੰਦੇ ਹਨ। ਹੰਸ ਰਾਜ ਹੰਸ ਗਾਉਂਦੇ ਹੁੰਦੇ ਸਨ, ‘ਕਿਤੇ ਸਾਡੇ ਵੀ ਬਨੇਰੇ ਉੱਤੇ ਬੋਲ ਵੇ, ਨਿੱਤ ਬੋਲਦੈ ਗੁਆਂਢੀਆਂ ਦੇ ਕਾਵਾਂ।’ ਚੋਣ ਪ੍ਰਚਾਰ ਦੀ ਕਾਵਾਂ-ਰੌਲ਼ੀ ਵਿਚ ਕਿਸਾਨ ਤੜਕੇ ਹੀ ਹੰਸ ਰਾਜ ਹੰਸ ਦੇ ਘਰ ਅੱਗੇ ਅਲ਼ਖ ਜਗਾ ਦਿੰਦੇ ਹਨ।

         ਕਿਸਾਨਾਂ ਨੂੰ ਵੀ ਪਤਾ ਹੈ ਕਿ ‘ਪਿਸ਼ੌਰੀ ਯਾਰ ਕਿਸਦੇ, ਭੱਤ ਖਾ ਕੇ ਖਿਸਕੇ।’ ਚੋਣਾਂ ਲੰਘ ਗਈਆਂ ਤਾਂ ਹੰਸ ਰਾਜ ਹੰਸ ਨੇ ਕਦੇ ਸੁਫ਼ਨੇ ਵਿੱਚ ਵੀ ਫ਼ਰੀਦਕੋਟ ਵੱਲ ਮੂੰਹ ਨਹੀਂ ਕਰਨਾ। ਕਿਸਾਨੋਂ, ਤੁਸੀਂ ਇਸ ਖ਼ੁਦਾ ਦੇ ਬੰਦੇ ਪਿੱਛੇ ਕਿਉਂ ਪਏ ਹੋ, ਕਿਤੇ ਥੋਨੂੰ ਫ਼ੱਕਰਾਂ ਦੀ ਹਾਅ ਨਾ ਲੱਗ ਜਾਵੇ। ਮਨੋਂ-ਮਨੀ ਹੰਸ ਸੋਚਦੇ ਹੋਣਗੇ ਕਿੱਥੋਂ ਮਲਵਈਆਂ ’ਚ ਫਸ ਗਏ। ਬਾਬਾ ਫ਼ਰੀਦ ਦੀ ਰੂਹ ਵੀ ਆਖਦੀ ਪਈ ਹੋਵੇਗੀ ਕਿ ਹੰਸ ਬੰਦਿਆ! ਆਪਣੇ ਯਾਰ ਨੂੰ ਕਹਿ ਕਿ ਅਕਲ ਨੂੰ ਹੱਥ ਮਾਰੇ, ਫ਼ਿਰਕੂਪੁਣੇ ’ਚੋਂ ਨਿਕਲ ਕੇ ਇਨਸਾਨੀ ਜਾਮੇ ’ਚ ਆਵੇ, ਚੋਣਾਂ ਤਾਂ ਆਉਣੀ-ਜਾਣੀ ਚੀਜ਼ ਹੈ, ਜ਼ਹਿਰੀਲੀ ਜ਼ਹਿਨੀਅਤ ਹੰਸਾਂ ਲਈ ਵੀ ਮਾੜੀ ਹੈ ਅਤੇ ਕਾਵਾਂ ਲਈ ਵੀ। ਸਮਾਂ ਮਿਲੇ ਤਾਂ ਆਪਣੇ ਯਾਰ ਤੋਂ ਬਾਬਾ ਫ਼ਰੀਦ ਦੀ ਧਰਤੀ ਦੀ ਮਿੱਟੀ ਦਾ ਧੂੜਾ ਵੀ ਦੇ ਆਵੀਂ।


Wednesday, May 22, 2024

                                                        ਕੀ ਮਾਣ ਰੱਖੇਗਾ 
                                     ਸੋਹਣਾ ਪਿੰਡ ਜਲਾਲ ਮੇਰਾ..! 
                                                         ਚਰਨਜੀਤ ਭੁੱਲਰ    

ਜਲਾਲ (ਬਠਿੰਡਾ): ਫ਼ਰੀਦਕੋਟ ਸੰਸਦੀ ਹਲਕੇ ਦਾ ਇਹ ਪਿੰਡ ਜਲਾਲ ਕਲੀਆਂ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ ਦੀ ਜਨਮ ਭੂਮੀ ਹੈ। ਜਦੋਂ ਕੁਲਦੀਪ ਮਾਣਕ ਹੇਕ ਲਾਈ, ‘ਸੋਹਣਾ ਪਿੰਡ ਜਲਾਲ ਮੇਰਾ’, ਤਾਂ ਇਸ ਪਿੰਡ ਦੀ ਮਾਣ ’ਚ ਹਿੱਕ ਚੌੜੀ ਹੋਈ ਸੀ। ਹੁਣ ਜਲਾਲ ਪਿੰਡ ਨਵੇਂ ਸਿਆਸੀ ਰੌਂਅ ਵਿਚ ਹੈ ਕਿਉਂਕਿ ਹਲਕਾ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਪਿੰਡ ਜਲਾਲ ਦਾ ਦੋਹਤਾ ਹੈ ਅਤੇ ਮਰਹੂਮ ਕੁਲਦੀਪ ਮਾਣਕ ਦਾ ਸਕਾ ਭਾਣਜਾ। ਪਿੰਡ ਜਲਾਲ ਆਪਣੇ ਦੋਹਤੇ ਦਾ ਮਾਣ ਰੱਖਦਾ ਹੈ ਜਾਂ ਨਹੀਂ, ਇਹ ਚੋਣ ਨਤੀਜੇ ਦੱਸਣਗੇ ਪ੍ਰੰਤੂ ਇਸ ਪਿੰਡ ’ਤੇ ‘ਆਪ’ ਉਮੀਦਵਾਰ ਉਨਾਂ ਹੀ ਮਾਣ ਕਰਦਾ ਹੈ ਜਿਨ੍ਹਾਂ ਕੁਲਦੀਪ ਮਾਣਕ ਕਰਦੇ ਸਨ। ਪਿੰਡ ਜਲਾਲ ਦੀ ਕਰੀਬ 5500 ਵੋਟ ਹੈ ਅਤੇ ਇਹ ਪਿੰਡ ਰਵਾਇਤੀ ਤੌਰ ’ਤੇ ਪੰਥਕ ਸਫ਼ਾ ਦੇ ਪੱਖ ਵਿਚ ਭੁਗਤਦਾ ਰਿਹਾ ਹੈ। 

         ਲੰਘੀ ਅਸੈਂਬਲੀ ਚੋਣ 2022 ਵਿਚ ਪਿੰਡ ਜਲਾਲ ਚੋਂ ‘ਆਪ’ ਨੂੰ 1871 ਵੋਟਾਂ , ਅਕਾਲੀ ਦਲ ਨੂੰ 1401 ਅਤੇ ਕਾਂਗਰਸ ਨੂੰ 1071 ਵੋਟਾਂ ਮਿਲੀਆਂ ਸਨ। ਪਿੰਡ ਵਿਚ ‘ਆਪ’ ਦੇ ਦੋ ਧੜੇ ਹਨ। ਪਿੰਡ ਜਲਾਲ ਦਾ ਵਸਨੀਕ ਅਤੇ ਟਰਾਂਸਪੋਰਟ ਪ੍ਰਿਥੀਪਾਲ ਸਿੰਘ ਜਲਾਲ ਆਖਦਾ ਹੈ ਕਿ ਭਾਵੇਂ ਅਕਾਲੀ ਦਲ ਨੂੰ ਇਸ ਪਿੰਡ ਚੋਂ ਵੋਟ ਵੱਧ ਮਿਲਦੀ ਰਹੀ ਹੈ ਪ੍ਰੰਤੂ ਇਸ ਵਾਰ ਪਿੰਡ ਜਲਾਲ ਆਪਣੇ ਦੋਹਤੇ ਦਾ ਮਾਣ ਰੱਖੇਗਾ। ਪਿਛਲੇ ਦਿਨਾਂ ਵਿਚ ਕਰਮਜੀਤ ਅਨਮੋਲ ਨੇ ਜਲਾਲ ਪਿੰਡ ਦਾ ਗੇੜਾ ਲਾਇਆ ਹੈ ਅਤੇ ਲੋਕਾਂ ਨੇ ਭਰਵਾਂ ਸਵਾਗਤ ਵੀ ਕੀਤਾ। ਕੁਲਦੀਪ ਮਾਣਕ ਨੇ ਖ਼ੁਦ ਵੀ ਆਜ਼ਾਦ ਉਮੀਦਵਾਰ ਵਜੋਂ 1996 ਵਿਚ ਲੋਕ ਸਭਾ ਦੀ ਬਠਿੰਡਾ ਹਲਕੇ ਤੋਂ ਚੋਣ ਲੜੀ ਸੀ ਅਤੇ ਉਨ੍ਹਾਂ ਨੂੰ 23,090 (3.42 ਫ਼ੀਸਦੀ) ਵੋਟਾਂ ਮਿਲੀਆਂ ਸਨ। 

        ਉਹ ਚੋਣ ਹਾਰ ਗਏ ਸਨ ਪ੍ਰੰਤੂ ਉਨ੍ਹਾਂ ਨੇ ਆਪਣੇ ਪਿੰਡ ਜਲਾਲ ਦਾ ਦੁਨੀਆ ਵਿਚ ਝੰਡਾ ਬੁਲੰਦ ਕੀਤਾ। ਕੁਲਦੀਪ ਮਾਣਕ ਦੀ 30 ਨਵੰਬਰ 2011 ਨੂੰ ਮੌਤ ਹੋ ਗਈ ਸੀ ਅਤੇ 2 ਦਸੰਬਰ ਨੂੰ ਉਨ੍ਹਾਂ ਨੂੰ ਪਿੰਡ ਦੇ ਕਬਰਸਤਾਨ ਵਿਚ ਦਫ਼ਨਾਇਆ ਗਿਆ ਸੀ। ਕੁਲਦੀਪ ਮਾਣਕ ਦਾ ਭਤੀਜਾ ਡਾ. ਦਿਲਬਾਗ ਬਾਗ਼ੀ ਆਪਣੀ ਭੂਆ ਦੇ ਮੁੰਡੇ ਕਰਮਜੀਤ ਅਨਮੋਲ ਦੇ ਚੋਣ ਪ੍ਰਚਾਰ ’ਚ ਡਟਿਆ ਹੋਇਆ ਹੈ। ਕਰਮਜੀਤ ਅਨਮੋਲ ਨੇ ਆਪਣੀ ਸਕੂਲੀ ਪੜਾਈ ਦੇ ਤਿੰਨ ਵਰ੍ਹੇ ਪਿੰਡ ਜਲਾਲ ਦੇ ਸਕੂਲ ਚੋਂ ਮੁਕੰਮਲ ਕੀਤੇ ਹਨ। ‘ਆਪ’ ਆਗੂ ਬੂਟਾ ਸਿੰਘ ਜਲਾਲ ਆਖਦਾ ਹੈ ਕਿ ਪਿੰਡ ਵਾਲੇ ਕਰਮਜੀਤ ਅਨਮੋਲ ਨੂੰ ਵੋਟ ਪਾ ਕੇ ਮਰਹੂਮ ਮਾਣਕ ਦਾ ਮਾਣ ਰੱਖਣਗੇ। ਉਹ ਆਖਦਾ ਹੈ ਕਿ ਪਿੰਡ ਵਿਚ ਕੁਲਦੀਪ ਮਾਣਕ ਦੀ ਕੋਈ ਯਾਦਗਾਰ ਨਹੀਂ ਬਣੀ ਹੈ ਅਤੇ ਉਹ ਚੋਣਾਂ ਮਗਰੋਂ ਪਿੰਡ ਵਿਚ ਯਾਦਗਾਰ ਬਣਾਉਣ ਲਈ ਉਪਰਾਲਾ ਕਰਨਗੇ। 

         ਕਰਮਜੀਤ ਅਨਮੋਲ ਨੇ ਵੀ ਇਸ ਬਾਰੇ ਵਾਅਦਾ ਕੀਤਾ ਹੈ। ਡਾ.ਦਿਲਬਾਗ ਬਾਗ਼ੀ ਆਖਦਾ ਹੈ ਕਿ ਇਨ੍ਹਾਂ ਚੋਣਾਂ ਵਿਚ ਪਿੰਡ ਜਲਾਲ ਕਰਮਜੀਤ ਅਨਮੋਲ ਨੂੰ ਵੋਟ ਪਾ ਕੇ ਮੁੱਲ ਮੋੜੇਗਾ।ਕਰਮਜੀਤ ਅਨਮੋਲ ਇਨ੍ਹਾਂ ਪਿੰਡਾਂ ਨਾਲ ਆਪਣੀ ਅਪਣੱਤ ਜ਼ਾਹਰ ਕਰਦਾ ਹੈ ਅਤੇ ਖ਼ਾਸ ਤੌਰ ’ਤੇ ਪਿੰਡ ਜਲਾਲ ਦਾ ਦੋਹਤਾ ਹੋਣ ਦਾ ਜ਼ਿਕਰ ਉਹ ਫ਼ਰੀਦਕੋਟ ਸੰਸਦੀ ਹਲਕ ਵਿਚ ਕਰਦਾ ਹੈ। ਜਦੋਂ ਉਸ ਨੂੰ ਬਾਹਰੀ ਉਮੀਦਵਾਰ ਦੱਸਿਆ ਜਾਂਦਾ ਹੈ ਤਾਂ ਮੋੜਵੇਂ ਰੂਪ ਵਿਚ ਉਹ ਹਲਕੇ ਦਾ ਦੋਹਤਾ ਹੋਣ ਦੀ ਦਲੀਲ ਦਿੰਦਾ ਹੈ। ਕੁਲਦੀਪ ਮਾਣਕ ਦੇ ਪਰਿਵਾਰ ਦੇ ਬਾਕੀ ਮੈਂਬਰ ਬਾਹਰ ਹੀ ਰਹਿੰਦੇ ਹਨ ਪਰ ਕਰਮਜੀਤ ਅਨਮੋਲ ਦੇ ਸਕੂਲ ਦੇ ਕਈ ਜਮਾਤੀ ਵੀ ਚੋਣ ਪ੍ਰਚਾਰ ਵਿਚ ਕੁੱਦੇ ਹੋਏ ਹਨ। ਕੁਲਦੀਪ ਮਾਣਕ ਦਾ ਘਰ ਨੂੰ ਜਿੰਦਰਾ ਵੱਜਿਆ ਹੋਇਆ ਹੈ ਅਤੇ ਉਨ੍ਹਾਂ ਦਾ ਭਤੀਜਾ ਜ਼ਰੂਰ ਰਹਿ ਰਿਹਾ ਹੈ।

                                      ਸਿਆਸੀ ਉਡਾਣ ਦੀ ਪਿੰਡ ਜਲਾਲ ਤੋਂ..

ਕਰਮਜੀਤ ਅਨਮੋਲ ਆਖਦਾ ਹੈ ਕਿ ਮੇਰਾ ਬਚਪਨ ਪਿੰਡ ਜਲਾਲ ਵਿਚ ਬੀਤਿਆ ਹੈ ਅਤੇ ਇਸ ਪਿੰਡ ਦੀਆਂ ਗਲੀਆਂ ਵਿਚ ਖੇਡ ਕੇ ਵੱਡਾ ਹੋਇਆ ਹਾਂ। ਸਕੂਲੀ ਪੜਾਈ ਪਿੰਡ ਜਲਾਲ ਤੋਂ ਕੀਤੀ ਹੈ ਅਤੇ ਇੱਥੋਂ ਤੱਕ ਕਿ ਮੈਂ ਪਹਿਲੀ ਹੇਕ ਵੀ ਆਪਣੇ ਮਾਮੇ ਦੇ ਹਰਮੋਨੀਅਮ ਤੋਂ ਪਿੰਡ ਜਲਾਲ ’ਚ ਲਾਈ। ਉਹ ਆਖਦਾ ਹੈ ਕਿ ਉਹ ਸਿਆਸਤ ਦੀ ਉਡਾਣ ਵੀ ਉਹ ਆਪਣੇ ਨਾਨਕੇ ਪਿੰਡ ਤੋਂ ਭਰ ਰਿਹਾ ਹੈ। ਉਹ ਆਖਦਾ ਹੈ ਕਿ ਫ਼ਰੀਦਕੋਟ ਹਲਕੇ ਦੋਹਤਾ ਹੋਣ ਦੇ ਨਾਤੇ ਵੀ ਮੇਰਾ ਮਾਣ ਸਤਿਕਾਰ ਰੱਖੇਗਾ।


                                                      ਨਾ ਘਰ, ਨਾ ਬਾਰ
                              ਪੱਪੂ ਤੇ ਪਾਲਾ ਚੋਣਾਂ ਲਈ ਤਿਆਰ..!
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਹਲਕਾ ਫ਼ਿਰੋਜ਼ਪੁਰ ਤੋਂ ਉਮੀਦਵਾਰ ਚਮਕੌਰ ਸਿੰਘ ਸੱਚਮੁੱਚ ‘ਆਜ਼ਾਦ’ ਹੈ। ਉਹ ਨਾ ਘਰ ਦਾ ਗ਼ੁਲਾਮ ਹੈ ਅਤੇ ਹੀ ਕਿਸੇ ਕਾਰੋਬਾਰ ਦਾ। ਉਹ ਆਜ਼ਾਦ ਚੋਣ ਲੜ ਰਿਹਾ ਹੈ। ਇਕ ਜਿੱਥੇ ਕਰੋੜਪਤੀ ਉਮੀਦਵਾਰਾਂ ਦੀ ਧੱਕ ਪੈ ਰਹੀ ਹੈ, ਉੱਥੇ ਚਮਕੌਰ ਸਿੰਘ ਆਪਣੇ ਆਪ ਨੂੰ ‘ਖ਼ਾਕੀ ਨੰਗ’ ਦੱਸਦਾ ਹੈ। ਉਹ ਵੋਟਰਾਂ ਨੂੰ ਹੀ ਆਪਣੀ ਅਸਲ ਸੰਪਤੀ ਦੱਸਦਾ ਹੈ। ਚਮਕੌਰ ਸਿੰਘ ਕੋਲ ਸਿਰਫ਼ 10,000 ਰੁਪਏ ਦੀ ਨਗਦੀ ਹੈ। ਸੰਪਤੀ ਦੇ ਵੇਰਵੇ ਨਸ਼ਰ ਹੋਏ ਤਾਂ ਚਮਕੌਰ ਸਿੰਘ ਦੇ ਪੱਲੇ ਕੱਖ ਨਹੀਂ ਨਿਕਲਿਆ। ਲੋਕ ਸਭਾ ਚੋਣ ਮੈਦਾਨ ਵਿੱਚ ਦਰਜਨਾਂ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਕੋਲ ਨਾ ਕੋਈ ਘਰ ਹੈ ਅਤੇ ਨਾ ਹੀ ਕੋਈ ਹੋਰ ਸੰਪਤੀ। ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਲਖਬੀਰ ਸਿੰਘ ਕੋਲ ਸਿਰਫ਼ ਕਰਜ਼ੇ ਦੀ ਵਿਰਾਸਤ ਹੈ। ਉਸ ਦੇ ਖਾਤੇ ਖਾਲੀ ਹਨ ਅਤੇ ਜੇਬ ਵੀ ਖਾਲੀ ਹੈ। 

        ਸਿਰਫ਼ 1500 ਰੁਪਏ ਦੀ ਰਾਸ਼ੀ ਹੈ ਜਦੋਂ ਕਿ ਪਤਨੀ ਵੱਲ 70,000 ਰੁਪਏ ਦੇ ਕਰਜ਼ੇ ਵਿੱਚੋਂ 20,000 ਰੁਪਏ ਦਾ ਬਕਾਇਆ ਖੜ੍ਹਾ ਹੈ। ਲਖਬੀਰ ਸਿੰਘ ਸਬਜ਼ੀ ਵਿਕਰੇਤਾ ਹੈ। ਇਸੇ ਤਰ੍ਹਾਂ ਦੇ ਹਾਲਾਤ ਫ਼ਰੀਦਕੋਟ ਹਲਕੇ ਤੋਂ ਸਾਂਝੀ ਵਿਰਾਸਤ ਪਾਰਟੀ ਦੀ ਉਮੀਦਵਾਰ ਕੁਲਵੰਤ ਕੌਰ ਦੇ ਹਨ। ਉਸ ਕੋਲ ਕੋਈ ਘਰ ਨਹੀਂ ਹੈ। ਕੁਲਵੰਤ ਕੌਰ ਪ੍ਰਾਈਵੇਟ ਨੌਕਰੀ ਕਰਦੀ ਹੈ। ਉਸ ਦੇ ਪਰਿਵਾਰ ਕੋਲ 80,000 ਰੁਪਏ ਦੀ ਨਗਦੀ ਤੋਂ ਸਿਵਾਏ ਕੁੱਝ ਵੀ ਨਹੀਂ ਹੈ। ਕੁਲਵੰਤ ਕੌਰ ਅਨਪੜ੍ਹ ਹੈ ਪ੍ਰੰਤੂ ਉਹ ਚੋਣਾਂ ਦੀ ਸਿਆਸਤ ਨੂੰ ਪੜ੍ਹਨ ਵਾਸਤੇ ਚੋਣ ਪਿੜ ਵਿੱਚ ਉਤਰੀ ਹੈ। ਫ਼ਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਕਿੱਤੇ ਵਜੋਂ ਮਜ਼ਦੂਰ ਹੈ ਪ੍ਰੰਤੂ ਉਹ ਸੋਸ਼ਲ ਮੀਡੀਆ ਤੋਂ ਵੀ ਕਮਾਈ ਕਰ ਰਿਹਾ ਹੈ। ਉਸ ਕੋਲ ਕੋਈ ਘਰ ਨਹੀਂ ਹੈ ਪਰ ਇੱਕ ਮੋਟਰਸਾਈਕਲ ਜ਼ਰੂਰ ਹੈ। ਉਸ ਕੋਲ 1.35 ਲੱਖ ਰੁਪਏ ਦੀ ਜਾਇਦਾਦ ਹੈ।

        ਬਠਿੰਡਾ ਹਲਕੇ ਤੋਂ ਆਜ਼ਾਦ ਉਮੀਦਵਾਰ ਮਜ਼ਦੂਰ ਪਾਲਾ ਰਾਮ ਚੋਣ ਲੜ ਰਿਹਾ ਹੈ। ਉਸ ਕੋਲ ਦੋ ਟਰੈਕਟਰ ਹਨ ਜਿਨ੍ਹਾਂ ਦੀ ਕੀਮਤ 12.80 ਲੱਖ ਰੁਪਏ ਹੈ। ਇਹ ਦੋਵੇਂ ਟਰੈਕਟਰ ਉਸ ਦੀ ਪੂੰਜੀ ਹਨ। ਪੰਜ ਜਮਾਤਾਂ ਪਾਸ ਪਾਲਾ ਰਾਮ ਕੋਲ ਛੱਤ ਨਹੀਂ ਹੈ। ਸੰਗਰੂਰ ਤੋਂ ਚੋਣ ਲੜ ਰਹੇ ਪੱਪੂ ਕੁਮਾਰ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਹੈ। ਅਨਪੜ੍ਹ ਹੈ ਅਤੇ ਮਜ਼ਦੂਰੀ ਕਰਦਾ ਹੈ। ਉਸ ਕੋਲ ਸਿਰਫ਼ 3.19 ਲੱਖ ਰੁਪਏ ਦੀ ਸੰਪਤੀ ਹੈ। ਦੂਜੇ ਪਾਸੇ ਸੰਗਰੂਰ ਹਲਕੇ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਚੋਣ ਪਿੜ ਵਿੱਚ ਹਨ ਜਿਨ੍ਹਾਂ ਕੋਲ 10 ਕਰੋੜ ਰੁਪਏ ਤੋਂ ਵੱਧ ਦੇ ਇਕੱਲੇ ਗਹਿਣੇ ਹੀ ਹਨ।ਰੀਦਕੋਟ ਹਲਕੇ ਤੋਂ ਭਾਰਤੀਆ ਰਾਸ਼ਟਰੀਆ ਦਲ ਦਾ ਉਮੀਦਵਾਰ ਬਾਦਲ ਸਿੰਘ ਹੈ। ਉਸ ਦਾ ਨਾਮ ਤਾਂ ਬਾਦਲ ਹੈ ਪ੍ਰੰਤੂ ਉਸ ਦੀ ਕਿਸਮਤ ਬਾਦਲਾਂ ਵਰਗੀ ਨਹੀਂ ਹੈ। ਉਹ ਸੱਤਵੀਂ ਪਾਸ ਹੈ ਅਤੇ ਮਜ਼ਦੂਰੀ ਕਰ ਕੇ ਘਰ ਚਲਾਉਂਦਾ ਹੈ।

        ਉਸ ਕੋਲ ਤਿੰਨ ਲੱਖ ਰੁਪਏ ਦਾ 130 ਗਜ਼ ਦਾ ਘਰ ਹੈ। ਇਸ ਪਰਿਵਾਰ ਕੋਲ 60,000 ਰੁਪਏ ਦੀ ਨਗਦੀ ਹੈ ਅਤੇ 1.20 ਲੱਖ ਰੁਪਏ ਦਾ ਸੋਨਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਕੋਲ 7.03 ਕਰੋੜ ਰੁਪਏ ਦੇ ਗਹਿਣੇ ਹਨ। ਜਦੋਂ ਪੰਜਾਬ ਵਿੱਚ 2022 ਦੀਆਂ ਚੋਣਾਂ ਹੋਈਆਂ ਤਾਂ ਉਦੋਂ ਅਜਿਹੇ ਉਮੀਦਵਾਰ ਕਾਫ਼ੀ ਸਨ ਜਿਨ੍ਹਾਂ ਵਿੱਚੋਂ ‘ਆਪ’ ਵੱਲੋਂ ਚੋਣ ਲੜਨ ਵਾਲੇ ਕਈ ਉਮੀਦਵਾਰ ਚੋਣ ਜਿੱਤ ਕੇ ਵਿਧਾਇਕ ਵੀ ਬਣੇ ਹਨ।

                                                       ਸਿਆਸੀ ਕਰਵਟ
                                     ਜਿੱਧਰ ਗਈਆਂ ਬੇੜੀਆਂ..!
                                                        ਚਰਨਜੀਤ ਭੁੱਲਰ  

ਚੱਕ ਫ਼ਤਿਹ ਸਿੰਘ ਵਾਲਾ (ਬਠਿੰਡਾ) : ਬਠਿੰਡਾ ਸੰਸਦੀ ਹਲਕੇ ਦਾ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਸਹੁਰਾ ਪਿੰਡ ਹੈ। ਉਹ ਵੀ ਦਿਨ ਸਨ ਜਦੋਂ ਪੂਰਾ ਪਿੰਡ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਵਿੱਚ ਤੁਲਦਾ ਸੀ। ਬੀਬੀ ਸੁਰਿੰਦਰ ਕੌਰ ਬਾਦਲ ਦਾ ਪੇਕਾ ਪਿੰਡ ਹੋਣ ਕਰਕੇ ਸਿਆਸਤ ’ਚ ਇਸ ਪਿੰਡ ਦਾ ਨਾਮ ਬੋਲਦਾ ਸੀ। ਹੁਣ ਪ੍ਰਕਾਸ਼ ਸਿੰਘ ਬਾਦਲ ਅਤੇ ਬੀਬੀ ਸੁਰਿੰਦਰ ਕੌਰ ਬਾਦਲ ਇਸ ਜਹਾਨ ਵਿੱਚ ਨਹੀਂ ਰਹੇ। ਬੀਬੀ ਬਾਦਲ ਦੇ ਦੋ ਭਰਾ ਇੰਦਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਫ਼ੌਤ ਹੋ ਚੁੱਕੇ ਹਨ। ਪਿੰਡ ਚੱਕ ਫ਼ਤਿਹ ਸਿੰਘ ਵਾਲਾ ਨੇ ਹੁਣ ਸਿਆਸੀ ਕਰਵਟ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਆਪਣੇ ਨਾਨਕੇ ਪਿੰਡ ਪ੍ਰਤੀ ਬਹੁਤਾ ਹੇਜ ਨਹੀਂ ਦਿਖਾਉਂਦੇ। ਜਿਹੜਾ ਪਿੰਡ ਕਦੇ ਅਕਾਲੀ ਦਲ ਤੋਂ ਇੱਕ ਇੰਚ ਪਾਸੇ ਨਹੀਂ ਹੁੰਦਾ ਸੀ, ਅੱਜ ਦੂਸਰੀਆਂ ਧਿਰਾਂ ਦੇ ਲੜ ਲੱਗ ਗਿਆ ਹੈ। 

        ਹਰਸਿਮਰਤ ਕੌਰ ਬਾਦਲ ਨੇ ਬਤੌਰ ਸੰਸਦ ਮੈਂਬਰ ਇਸ ਪਿੰਡ ਨੂੰ ਗੋਦ ਲਿਆ ਸੀ ਜਿਸ ਤਹਿਤ ਇੱਕ ਪਾਰਕ ਤੋਂ ਸਿਵਾਏ ਕੁਝ ਨਹੀਂ ਬਣਾਇਆ। ਪਿੰਡ ਵਿਚ ਕਿਧਰੇ ਵੀ ਕਿਸੇ ਸਿਆਸੀ ਧਿਰ ਦਾ ਕੋਈ ਪੋਸਟਰ ਨਹੀਂ ਲੱਗਿਆ ਹੋਇਆ ਅਤੇ ਨਾ ਹੀ ਕਿਸੇ ਪਾਰਟੀ ਦਾ ਕੋਈ ਝੰਡਾ ਨਜ਼ਰ ਆਇਆ। ਪਿੰਡ ਵਾਸੀ ਅਤੇ ਖੇਤ ਮਜ਼ਦੂਰ ਯੂਨੀਅਨ ਦਾ ਆਗੂ ਬਲਦੇਵ ਸਿੰਘ ਆਖਦਾ ਹੈ ਕਿ ਜਦੋਂ ਤੋਂ ਬਾਦਲ ਸਾਬ੍ਹ ਤੇ ਬੀਬੀ ਬਾਦਲ ਤੁਰ ਗਏ, ਉਸ ਮਗਰੋਂ ਪਿੰਡ ਦੀ ਅਕਾਲੀ ਸਫ਼ਾਂ ’ਤੇ ਸਰਕਾਰੀ ਦਰਬਾਰੇ ਕੋਈ ਬਹੁਤੀ ਪੁੱਛ-ਗਿੱਛ ਨਹੀਂ ਰਹੀ। ਉਹ ਆਖਦੇ ਹਨ ਕਿ ਬੀਬੀ ਬਾਦਲ ਨੇ ਕਦੇ ਪਿੰਡ ਦਾ ਕੋਈ ਕੰਮ ਰੁਕਣ ਨਹੀਂ ਦਿੱਤਾ ਸੀ। ਵੱਡੇ ਬਾਦਲ ਪਿੰਡ ਵਿੱਚ ਸੰਗਤ ਦਰਸ਼ਨ ਵੀ ਕਰਦੇ ਰਹੇ ਹਨ। ਮਾਲੀ ਮੇਜਰ ਸਿੰਘ ਆਖਦਾ ਹੈ ਕਿ ਪਿੰਡ ਦਾ ਰੁਖ਼ ਪਿਛਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲ ਰਿਹਾ ਹੈ। 

       ‘ਆਪ’ ਦਾ ਵਿਧਾਇਕ ਜਗਸੀਰ ਸਿੰਘ ਵੀ ਇਸੇ ਪਿੰਡ ਦਾ ਵਸਨੀਕ ਹੈ। 2022 ਦੀਆਂ ਚੋਣਾਂ ਵਿਚ ਇਸ ਪਿੰਡ ’ਚੋਂ ‘ਆਪ’ ਦੀ ਵੋਟ ਵਧੀ ਸੀ। ਪਿੰਡ ਦੀ ਸੱਥ ਵਿਚ ਬੈਠੇ ਬਜ਼ੁਰਗਾਂ ਨੇ ਦੱਸਿਆ ਕਿ ਪਹਿਲਾਂ ਇਹ ਪਿੰਡ ਪੰਥਕ ਰਿਹਾ ਹੈ। ਬਜ਼ੁਰਗਾਂ ਨੇ ਬੀਬੀ ਬਾਦਲ ਤੇ ਵੱਡੇ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਜਿੱਧਰ ਗਈਆਂ ਬੇੜੀਆਂ, ਉੱਧਰ ਗਏ ਮਲਾਹ। ਬਜ਼ੁਰਗਾਂ ਦਾ ਗਿਲਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਕਦੇ ਮੁੜ ਪਿੰਡ ਨਾਲ ਮੋਹ ਨਹੀਂ ਦਿਖਾਇਆ। ਪ੍ਰਕਾਸ਼ ਸਿੰਘ ਬਾਦਲ ਜਦੋਂ 1977 ਵਿੱਚ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਆਪਣੇ ਸਹੁਰੇ ਪਿੰਡ ਵਿਚ ਫੋਕਲ ਪੁਆਇੰਟ ਬਣਾਇਆ ਸੀ। ਜਦੋਂ ਉਹ ਮੁੜ ਮੁੱਖ ਮੰਤਰੀ ਬਣੇ ਤਾਂ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਸੀ। 

         ਦਿਲਚਸਪ ਗੱਲ ਇਹ ਹੈ ਕਿ ਜਦੋਂ 1998 ਵਿਚ ਪੰਚਾਇਤ ਚੋਣਾਂ ਹੋਈਆਂ ਤਾਂ ਵੱਡੇ ਬਾਦਲ ਨੇ ਆਪਣੇ ਦੋਵੇਂ ਰਿਸ਼ਤੇਦਾਰਾਂ ਨੂੰ ਸਰਪੰਚ ਬਣਾਉਣ ਲਈ ਪਿੰਡ ਚੱਕ ਫ਼ਤਿਹ ਸਿੰਘ ਦੇ ਦੋ ਟੋਟੇ ਕਰ ਦਿੱਤੇ ਸਨ ਅਤੇ ਨਵਾਂ ਪਿੰਡ ਭਾਈ ਹਰਜੋਗਿੰਦਰ ਨਗਰ ਬਣਾ ਦਿੱਤਾ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੁਖਬੀਰ ਬਾਦਲ ਨੇ ਆਪਣੇ ਰਿਸ਼ਤੇਦਾਰ ਨੂੰ ਮੰਤਰੀ ਬਣਾ ਦਿੱਤਾ ਸੀ ਪਰ ਵੱਡੇ ਬਾਦਲ ਨੇ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਸਿਆਸਤ ਵਿਚ ਬਹੁਤੇ ਅੱਗੇ ਆਉਣ ਨਹੀਂ ਦਿੱਤਾ ਸੀ। ਇਸ ਪਿੰਡ ਦੀ ਕਰੀਬ ਚਾਰ ਹਜ਼ਾਰ ਵੋਟ ਹੈ। ਪਿੰਡ ਵਾਸੀ ਪੋਹਲਾ ਸਿੰਘ ਆਖਦਾ ਹੈ ਕਿ ਹੁਣ ਤਾਂ ਪਿੰਡ ਦੇ ਲੋਕ ਸਿਆਸੀ ਲੀਡਰਾਂ ਤੋਂ ਅੱਕੇ ਪਏ ਹਨ ਅਤੇ ਹਰ ਲੀਡਰ ਵੋਟਾਂ ਵਾਲੀ ਉੱਨ ਲਾਹੁਣ ਦੀ ਤਾਕ ਵਿਚ ਰਹਿੰਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਪਿੰਡ ਵਿਚ ‘ਜ਼ੀਰੋ’ ਬਿੱਲਾਂ ਦਾ ਜ਼ਰੂਰ ਫ਼ਾਇਦਾ ਹੋਇਆ ਹੈ।


                                                         ਚੋਣ ਮੈਦਾਨ
                               ਮੁਦਈ ‘ਚੁਸਤ’ ਤੇ ਗਵਾਹ ‘ਸੁਸਤ’..!
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਐਤਕੀਂ ਲੋਕ ਸਭਾ ਚੋਣਾਂ ’ਚ ਉਮੀਦਵਾਰਾਂ ਨੇ ਚੁਸਤੀ ਦਿਖਾਈ ਹੈ ਜਦੋਂਕਿ ਵੋਟਰ ਸੁਸਤ ਹਨ। ਚੋਣ ਪਿੜ ਵਿੱਚ ਕੁੱਦੇ ਉਮੀਦਵਾਰਾਂ ਦੇ ਅੰਕੜਿਆਂ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਗਰਾਊਂਡ ’ਤੇ ਵੋਟਰ ਉਕਤਾਏ ਪਏ ਹਨ ਅਤੇ ਉਹ ਸਿਆਸਤਦਾਨਾਂ ਦਾ ਜ਼ਿਕਰ ਕਰਨ ਲਈ ਤਿਆਰ ਨਹੀਂ ਹਨ ਜਦੋਂ ਕਿ ਉਮੀਦਵਾਰਾਂ ਵਧ ਚੜ੍ਹ ਕੇ ਨਿੱਤਰੇ ਹੋਏ ਹਨ। ਇਸ ਵਾਰ ਲੋਕ ਸਭਾ ਦੀਆਂ 13 ਸੀਟਾਂ ’ਤੇ ਕੁੱਲ 328 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਵੀ ਹਨ। ਇਸ ਦੌਰਾਨ ਮਾਲਵੇ ਦੇ ਵੋਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਚਿਹਰੇ ਬੁਝੇ ਹੋਏ ਨਜ਼ਰ ਆਏ। ਬਠਿੰਡਾ ਦੇ ਲਹਿਰਾ ਮੁਹੱਬਤ ਦਾ ਜਥੇਦਾਰ ਸੁੱਚਾ ਸਿੰਘ ਆਖਦਾ ਹੈ ਕਿ ਲੀਡਰਾਂ ਨੇ ਲੋਕਾਂ ਨੂੰ ਨਿਰਾਸ਼ ਕਰ ਦਿੱਤਾ ਹੈ ਜਿਸ ਕਰਕੇ ਆਸਾਂ ਟੁੱਟ ਗਈਆਂ ਹਨ ਕਿਉਂਕਿ ਜ਼ਿਆਦਾਤਰ ਸਿਆਸਤਦਾਨ ਕੋਈ ਕੰਮ ਨਹੀਂ ਕਰਦੇ। ਪਟਿਆਲਾ ਹਲਕੇ ਦੇ ਪਿੰਡ ਜਾਂਸਲਾ ਦੇ ਸਬਜ਼ੀ ਵਪਾਰੀ ਹਰਬੰਸ ਸਿੰਘ ਦਾ ਕਹਿਣਾ ਸੀ, ‘ਕੀਹਨੂੰ ਵੋਟ ਪਾਈਏ, ਕਿਧਰੋਂ ਕੋਈ ਆਸ ਨਹੀਂ ਦਿੱਖਦੀ।’ 

        ਕਿਸਾਨ ਮਿਲਖਾ ਸਿੰਘ ਆਖਦਾ ਹੈ ਕਿ ਲੋਕ ਸਾਰੀਆਂ ਪਾਰਟੀਆਂ ਤੋਂ ਦੁਖੀ ਨੇ, ਕਿਸੇ ਦੀ ਕੋਈ ਹਵਾ ਨਹੀਂ। ਪਟਿਆਲਾ ਦੀ ਬਾਜਵਾ ਕਲੋਨੀ ਦਾ ਵਸਨੀਕ ਧਰਮਿੰਦਰ ਕੁਮਾਰ ਆਖਦਾ ਹੈ, ‘ਅਸੀਂ ਤਾਂ ਕਮਾ ਕੇ ਖਾਣ ਵਾਲੇ ਹਾਂ, ਕਿਸੇ ਨੇ ਕੁਝ ਨਹੀਂ ਦੇ ਦੇਣਾ, ਸਭ ਅਜ਼ਮਾ ਕੇ ਦੇਖ ਲਏ।’ ਇਸੇ ਤਰ੍ਹਾਂ ਫ਼ਰੀਦਕੋਟ ਹਲਕੇ ਦੇ ਬਰਗਾੜੀ ਦੇ ਜਗਸੀਰ ਸਿੰਘ ਨੇ ਆਖਿਆ ਕਿ ਲੋਕ ਵੋਟਾਂ ਵਾਲੇ ਦਿਨ ਦੇ ਨੇੜੇ ਜਾ ਕੇ ਮਨ ਬਣਾਉਣਗੇ ਅਤੇ ਸਭ ਇੱਕੋ ਥਾਲ਼ੀ ਦੇ ਚੱਟੇ ਵੱਟੇ ਹਨ। ਫ਼ਤਿਹਗੜ੍ਹ ਸਾਹਿਬ ਦੇ ਪਿੰਡ ਤਰਖੇੜੀ ਦੇ ਕਿਸਾਨਾਂ ਦਾ ਕਹਿਣਾ ਸੀ ਕਿ ਦਲ ਬਦਲੂਆਂ ਕਰਕੇ ਸਿਆਸਤਦਾਨਾਂ ਦੀ ਹੁਣ ਪਹਿਲਾਂ ਵਾਲੀ ਇੱਜ਼ਤ ਨਹੀਂ ਰਹੀ ਅਤੇ ਲੋਕਾਂ ਨੂੰ ਹੁਣ ਕੋਈ ਰਾਹ ਨਹੀਂ ਦਿੱਖ ਰਿਹਾ ਹੈ। ਸੰਗਰੂਰ ਹਲਕੇ ਦੇ ਪਿੰਡ ਢਿੱਲਵਾਂ ਦੇ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਲੋਕਾਂ ਵਿੱਚ ਬਹੁਤਾ ਉਤਸ਼ਾਹ ਨਹੀਂ ਹੈ ਅਤੇ ਪਹਿਲਾਂ ਵੀ ਲੋਕ ਸਭਾ ਚੋਣਾਂ ਵਿੱਚ ਸਥਾਨਕ ਚੋਣਾਂ ਨਾਲੋਂ ਘੱਟ ਹੀ ਦਿਲਚਸਪੀ ਹੁੰਦੀ ਹੈ। 

        ਦੂਸਰੀ ਤਰਫ਼ ਉਮੀਦਵਾਰਾਂ ਦਾ ਰੁਝਾਨ ਦੇਖੀਏ ਤਾਂ ਹਰ ਕੋਈ ਸੰਸਦ ਦੀਆਂ ਪੌੜੀਆਂ ਚੜ੍ਹਨ ਲਈ ਕਾਹਲਾ ਜਾਪਦਾ ਹੈ। ਲੋਕ ਸਭਾ ਚੋਣਾਂ 2019 ਵਿੱਚ ਕੁੱਲ ਉਮੀਦਵਾਰ 278 ਸਨ ਅਤੇ ਐਤਕੀਂ 50 ਉਮੀਦਵਾਰ ਵਧ ਗਏ ਹਨ, ਅੰਕੜਾ 328 ਹੋ ਗਿਆ ਹੈ। ਪਹਿਲੀ ਵਾਰ ਉਮੀਦਵਾਰਾਂ ਦੀ ਗਿਣਤੀ 300 ਤੋਂ ਟੱਪੀ ਹੈ। ਸਾਲ 2014 ਵਿੱਚ ਪੰਜਾਬ ਦੇ ਪਿੜ ਵਿੱਚ 253 ਉਮੀਦਵਾਰ ਅਤੇ 2009 ਵਿੱਚ 218 ਉਮੀਦਵਾਰ ਸਨ। ਇਸੇ ਤਰ੍ਹਾਂ ਸਾਲ 2004 ਦੀਆਂ ਚੋਣਾਂ ਵਿਚ ਪੰਜਾਬ ਦੀਆਂ 13 ਸੀਟਾਂ ’ਤੇ 142 ਉਮੀਦਵਾਰ ਲੜੇ ਸਨ ਅਤੇ 1999 ਵਿੱਚ ਇਨ੍ਹਾਂ ਉਮੀਦਵਾਰਾਂ ਦੀ ਗਿਣਤੀ 120 ਸੀ। ਇਵੇਂ 1998 ਦੀਆਂ ਚੋਣਾਂ ਵਿੱਚ 102 ਉਮੀਦਵਾਰ ਅਤੇ 1996 ਦੀਆਂ ਚੋਣਾਂ ਵਿੱਚ 259 ਉਮੀਦਵਾਰ ਡਟੇ ਸਨ। 

        ਜਦੋਂ ਪਹਿਲੀ ਲੋਕ ਸਭਾ ਚੋਣ 1951 ਵਿੱਚ ਹੋਈ ਸੀ ਤਾਂ 101 ਉਮੀਦਵਾਰ ਅੱਗੇ ਆਏ ਸਨ ਅਤੇ ਮੌਜੂਦਾ ਚੋਣ ਨੂੰ ਛੱਡ ਕੇ ਸਭ ਤੋਂ ਵੱਧ ਉਮੀਦਵਾਰ ਪਿਛਲੀ 2019 ਦੀ ਚੋਣ ਵਿੱਚ 279 ਸਨ।ਉਸ ਤੋਂ ਪਹਿਲਾਂ 1996 ਦੀਆਂ ਚੋਣਾਂ ਵਿਚ 259 ਉਮੀਦਵਾਰ ਸਨ। ਹੁਣ ਤੱਕ ਸਭ ਤੋਂ ਘੱਟ ਉਮੀਦਵਾਰ 1967 ਦੀ ਚੋਣ ਵਿਚ ਸਨ ਜਿਨ੍ਹਾਂ ਦੀ ਗਿਣਤੀ ਸਿਰਫ਼ 75 ਸੀ। 1989 ਦੀਆਂ ਲੋਕ ਸਭਾ ਚੋਣਾਂ ਵਿਚ 227 ਉਮੀਦਵਾਰਾਂ ਨੇ ਚੋਣ ਲੜੀ ਸੀ। ਐਤਕੀਂ ਉਮੀਦਵਾਰਾਂ ਦੀ ਵਧੀ ਗਿਣਤੀ ਗਵਾਹ ਹੈ ਕਿ ਚੋਣ ਲੜਨ ਵਿਚ ਰੁਚੀ ਵਧੀ ਹੈ।

                                                         ਸਾਡਾ ਕੀ ਕਸੂਰ
                                        ਨੇਤਾ ਨੇੜੇ, ਮੁੱਦੇ ਦੂਰ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਘੜਮੱਸ ’ਚ ਸਿਆਸੀ ਨੇਤਾ ਹਾਜ਼ਰ ਹਨ ਜਦਕਿ ਲੋਕ ਮੁੱਦੇ ਗ਼ਾਇਬ ਹਨ। ਕਿਧਰੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੀ ਚਰਚਾ ਨਹੀਂ ਹੋ ਰਹੀ ਹੈ ਅਤੇ ਪੰਜਾਬ ਦੇ ਲੋਕ ਜਿਹੜੇ ਹਾਲਾਤ ਨਾਲ ਜੂਝ ਰਹੇ ਹਨ, ਉਨ੍ਹਾਂ ਤੋਂ ਉਮੀਦਵਾਰਾਂ ਨੇ ਮੂੰਹ ਫੇਰ ਲਿਆ ਹੈ। ਮੁੱਦਿਆਂ ਦੀ ਥਾਂ ਨਿੱਜੀ ਦੂਸ਼ਣਬਾਜ਼ੀ ਨੇ ਲੈ ਲਈ ਹੈ। ਕੋਈ ਵੇਲਾ ਸੀ ਜਦੋਂ ਚੋਣ ਪਿੜ ਵਿਚ ਪੰਜਾਬ ਦੀ ਰਾਜਧਾਨੀ, ਨਹਿਰੀ ਪਾਣੀਆਂ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ ਗੂੰਜਦੇ ਸਨ। ਸੂਬਿਆਂ ਦੇ ਖੋਹੇ ਜਾ ਰਹੇ ਅਧਿਕਾਰਾਂ ਦਾ ਕੇਸ ਲੋਕ ਕਚਹਿਰੀ ’ਚ ਰੱਖਿਆ ਜਾਂਦਾ ਸੀ। ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦਾ ਗੇੜਾ ਲਾ ਕੇ ਦੇਖਿਆ ਤਾਂ ਇਹ ਮੁੱਦੇ ਲੋਕਾਂ ਦੀ ਜ਼ੁਬਾਨ ’ਤੇ ਹਨ ਪਰ ਸਿਆਸਤਦਾਨ ਮਲਵੀਂ ਜੀਭ ਨਾਲ ਹੀ ਬੋਲ ਰਹੇ ਹਨ। ਵਿਰੋਧੀ ਧਿਰਾਂ ਚੋਣਾਂ ਵਿਚ ਸੱਤਾਧਾਰੀ ਧਿਰ ਨੂੰ ਘੇਰਨ ਲਈ ਮੁੱਦੇ ਉਭਾਰ ਰਹੀ ਹੈ। ਬੇਅਦਬੀ ਦਾ ਮੁੱਦਾ ਦੋ ਪ੍ਰਮੁੱਖ ਸਿਆਸੀ ਧਿਰਾਂ ਨੂੰ ਸੱਤਾ ਤੋਂ ਦੂਰ ਕਰ ਗਿਆ ਹੈ ਪਰ ਇਸ ਚੋਣ ਵਿੱਚ ਇਹ ਮੁੱਦਾ ਸਿਰਫ਼ ਫ਼ਰੀਦਕੋਟ ਹਲਕੇ ਤੱਕ ਹੀ ਸੀਮਤ ਰਹਿ ਗਿਆ ਹੈ।

          ਡੇਰਾਬੱਸੀ ਹਲਕੇ ਦੇ ਪਿੰਡ ਝਮਾਸਾ ਦੇ ਕਿਸਾਨ ਜੀਤੇ ਦਾ ਕਹਿਣਾ ਸੀ ਕਿ ਸਰਕਾਰਾਂ ਵੱਲੋਂ ਲੋਕ ਮਸਲਿਆਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਹੈ। ਬਠਿੰਡਾ, ਮਾਨਸਾ ਤੇ ਫ਼ਰੀਦਕੋਟ ਵਿੱਚ ਕੈਂਸਰ ਦਾ ਕਹਿਰ ਸਿਖਰ ’ਤੇ ਹੈ ਪਰ ਕਿਧਰੇ ਇਸ ਦੀ ਗੱਲ ਨਹੀਂ ਹੋ ਰਹੀ ਹੈ। ਸਰਕਾਰੀ ਤੱਥ ਹਨ ਕਿ ਪੰਜਾਬ ਵਿਚ ਕੈਂਸਰ ਨਾਲ ਹਰ ਘੰਟੇ ਵਿੱਚ ਔਸਤਨ ਤਿੰਨ ਮੌਤਾਂ ਹੋ ਰਹੀਆਂ ਹਨ। ਫ਼ਰੀਦਕੋਟ ਹਲਕੇ ਦੇ ਪਿੰਡ ਦੋਦਾ ਦੇ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਲੋਕ ਕੈਂਸਰ ਦੇ ਇਲਾਜ ਦੀ ਪਹੁੰਚ ’ਚ ਨਹੀਂ ਹਨ ਪਰ ਕਿਸੇ ਸਿਆਸੀ ਧਿਰ ਨੇ ਇਨ੍ਹਾਂ ਪੀੜਤਾਂ ਦਾ ਮੁੱਦਾ ਨਹੀਂ ਚੁੱਕਿਆ ਹੈ। ਸਿਆਸੀ ਧਿਰਾਂ ਨੇ ਨਸ਼ਿਆਂ ਨੂੰ ਮੁੱਖ ਮੁੱਦਾ ਨਹੀਂ ਬਣਾਇਆ ਹੈ। ਭਾਜਪਾ ਸੂਬੇ ਦੀ ਲਾਅ ਐਂਡ ਆਰਡਰ ਦਾ ਮਸਲਾ ਚੁੱਕ ਰਹੀ ਹੈ ਅਤੇ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਖ਼ਿਲਾਫ਼ ਇੱਕ ਮੁਹਿੰਮ ਖੜ੍ਹੀ ਕਰ ਰਹੀ ਹੈ। ਸ਼ਹਿਰੀ ਖੇਤਰਾਂ ’ਚ ਹੇਠਲਾ ਤਬਕਾ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ। 

         ਗੋਬਿੰਦਗੜ੍ਹ ਦੇ ਸਨਅਤੀ ਮਜ਼ਦੂਰ ਹਰੀ ਕਿਸ਼ਨ ਦਾ ਕਹਿਣਾ ਸੀ ਕਿ ਮਹਿੰਗਾਈ ਨੇ ਕਚੂਮਰ ਕੱਢ ਰੱਖਿਆ ਹੈ ਅਤੇ ਦਿਨ ਕਟੀ ਕਰਨੀ ਵੀ ਹੁਣ ਮੁਸ਼ਕਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੀ ਨਜ਼ਰ ਉਨ੍ਹਾਂ ਦੀ ਵੋਟ ’ਤੇ ਹੈ ਪਰ ਉਨ੍ਹਾਂ ਦੇ ਦੁੱਖਾਂ ਦੀ ਗੱਲ ਕੋਈ ਨਹੀਂ ਕਰਦਾ। ਪੰਜਾਬ ’ਚ ਪਰਵਾਸ ਦਾ ਵੱਡਾ ਮੁੱਦਾ ਹੈ ਜਿਸ ’ਤੇ ਕਿਧਰੇ ਕੋਈ ਚਰਚਾ ਨਹੀਂ ਹੈ। ਲੰਘੇ ਅੱਠ ਵਰ੍ਹਿਆਂ ਦੀ ਔਸਤ ਦੇਖੀਏ ਤਾਂ ਪੰਜਾਬ ’ਚੋਂ ਰੋਜ਼ਾਨਾ ਔਸਤਨ 250 ਨੌਜਵਾਨ ਜਹਾਜ਼ ਚੜ੍ਹ ਰਹੇ ਹਨ। ਪਿੰਡਾਂ ਦੇ ਪਿੰਡ ਖ਼ਾਲੀ ਹੋ ਰਹੇ ਹਨ। ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦੀ ਗਗਨਪ੍ਰੀਤ ਕੌਰ ਆਖਦੀ ਹੈ ਕਿ ਵੱਡਾ ਮਸਲਾ ਰੁਜ਼ਗਾਰ ਦਾ ਹੈ ਅਤੇ ਬਹੁਤਿਆਂ ਕੋਲ ਵਿਦੇਸ਼ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਸਰਹੱਦੀ ਜ਼ਿਲ੍ਹਿਆਂ ਫ਼ਿਰੋਜ਼ਪੁਰ, ਤਰਨ ਤਾਰਨ ਤੇ ਅੰਮ੍ਰਿਤਸਰ ਤੋਂ ਇਲਾਵਾ ਗੁਰਦਾਸਪੁਰ ਹਲਕੇ ’ਚ ਭਾਰਤ-ਪਾਕਿ ਬਾਰਡਰ ਖੋਲ੍ਹੇ ਜਾਣ ਦਾ ਮੁੱਦਾ ਹੈ। ਉਮੀਦਵਾਰ ਇਹ ਬਾਰਡਰ ਖੁੱਲ੍ਹਵਾਉਣ ਦਾ ਵਾਅਦਾ ਕਰ ਰਹੇ ਹਨ। 

         ਮਾਲਵੇ ’ਚ ਕਿਸਾਨ ਖੁਦਕੁਸ਼ੀਆਂ ਅਤੇ ਕਰਜ਼ੇ ਦੀ ਗੱਲ ਵੀ ਚੋਣ ਪ੍ਰਚਾਰ ’ਚੋਂ ਗ਼ਾਇਬ ਹੈ। ਪੰਜਾਬ ਦੇ ਪ੍ਰਤੀ ਕਿਸਾਨ ਸਿਰ 2.95 ਲੱਖ ਰੁਪਏ ਬੈਂਕਾਂ ਦਾ ਕਰਜ਼ਾ ਹੈ। ਸਮੁੱਚਾ ਕਰਜ਼ਾ ਇੱਕ ਲੱਖ ਕਰੋੜ ਦੇ ਕਰੀਬ ਹੈ। ਕਿਸਾਨ ਨੇਤਾ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਕੋਈ ਵੀ ਸਰਕਾਰ ਖੇਤੀ ਨੀਤੀ ਨਹੀਂ ਬਣਾ ਸਕੀ ਹੈ, ਬਾਕੀ ਗੱਲਾਂ ਤਾਂ ਦੂਰ ਦੀ ਗੱਲ। ਉਹ ਕਿਹਾ ਕਿ ਕਿਸਾਨਾਂ ਨੂੰ ਸਿਆਸਤਦਾਨਾਂ ਨੇ ਵੋਟ ਬੈਂਕ ਤੋਂ ਸਿਵਾਏ ਕਦੇ ਵੀ ਕੋਈ ਮਹੱਤਵ ਨਹੀਂ ਦਿੱਤਾ ਹੈ। ਲੁਧਿਆਣਾ ਦਾ ਸਨਅਤਕਾਰ ਈਸ਼ਵਰ ਸਿੰਘ ਭੰਦੋਹਲ ਆਖਦਾ ਹੈ ਕਿ ਪੰਜਾਬ ਵਿਚ ਸਨਅਤੀ ਵਿਕਾਸ ਕਾਫ਼ੀ ਪੱਛੜ ਗਿਆ ਹੈ ਅਤੇ ਧਰਨਿਆਂ ਦੇ ਮਾਹੌਲ ਨੇ ਸਭ ਤੋਂ ਵੱਧ ਖੱਜਲ ਉਦਯੋਗਾਂ ਨੂੰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਸਨਅਤੀ ਵਿਕਾਸ ਨੂੰ ਪ੍ਰਮੁੱਖ ਏਜੰਡੇ ਦੇ ਰੂਪ ਵਿੱਚ ਨਹੀਂ ਲੈ ਰਹੀਆਂ। ਫ਼ਿਰੋਜ਼ਪੁਰ ਹਲਕੇ ਦੇ ਪਿੰਡ ਕੁਲਾਰ ਦਾ ਜਸਵੰਤ ਸਿੰਘ ਆਖਦਾ ਹੈ ਕਿ ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਕਿਸੇ ਦੇ ਏਜੰਡੇ ’ਤੇ ਨਹੀਂ ਹਨ।

         ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀ ਗੱਲ ਹੀ ਕੋਈ ਉਮੀਦਵਾਰ ਨਹੀਂ ਕਰ ਰਿਹਾ ਹੈ। ਇੰਨਾ ਜ਼ਰੂਰ ਹੈ ਕਿ ਪੰਜਾਬ ਦੀਆਂ ਸੜਕਾਂ ਦਾ ਜ਼ਿਕਰ ਚੋਣ ਪ੍ਰਚਾਰ ਜ਼ਰੂਰ ਹੋ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਟੇਲਾਂ ਤੱਕ ਪਹੁੰਚਾਏ ਨਹਿਰੀ ਪਾਣੀ, ਖੇਤੀ ਸੈਕਟਰ ਨੂੰ ਕੱਟ ਰਹਿਤ ਦਿਨੇ ਦਿੱਤੀ ਬਿਜਲੀ, ਜ਼ੀਰੋ ਬਿੱਲਾਂ ਅਤੇ ਸਰਕਾਰੀ ਨੌਕਰੀਆਂ ਦੀ ਗੱਲ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਵੱਲੋਂ ‘ਆਪ’ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਗੱਲ ਸਟੇਜਾਂ ਤੋਂ ਕੀਤੀ ਜਾ ਰਹੀ ਹੈ। ਸਥਾਨਕ ਪੱਧਰ ਦੇ ਮਸਲੇ ਆਮ ਲੋਕ ਖ਼ੁਦ ਹੀ ਉਭਾਰ ਰਹੇ ਹਨ। ਆਉਂਦੇ ਦਿਨਾਂ ਵਿਚ ਵੱਡੀਆਂ ਸਿਆਸੀ ਰੈਲੀਆਂ ਹੋਣੀਆਂ ਹਨ ਜਿਨ੍ਹਾਂ ਨਾਲ ਪੰਜਾਬ ਦਾ ਚੋਣ ਮਾਹੌਲ ਹੋਰ ਭਖੇਗਾ।

Tuesday, May 14, 2024

                                                        ਦੌਲਤਾਂ ਵਾਲੇ
                                 ਵੱਡੇ ਪਰਿਵਾਰਾਂ ਦਾ ‘ਸੋਨਾ’ ਚਮਕਣ ਲੱਗਾ
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਪਿੜ ਵਿੱਚ ਕੁੱਦੇ ਵੱਡੇ ਪਰਿਵਾਰਾਂ ਕੋਲ ਬੇਤਹਾਸ਼ਾ ਸੋਨਾ ਹੈ ਜਦੋਂਕਿ ਗ਼ਰੀਬ ਦੇ ਪੀਪੇ ਵਿਚ ਐਨਾ ਆਟਾ ਨਹੀਂ ਹੁੰਦਾ। ਉਮੀਦਵਾਰਾਂ ਨੇ ਸੰਪਤੀ ਦੇ ਜੋ ਵੇਰਵੇ ਨਸ਼ਰ ਕੀਤੇ ਹਨ, ਉਨ੍ਹਾਂ ਅਨੁਸਾਰ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੀ ਗਹਿਣਿਆਂ ਦੇ ਮਾਮਲੇ ’ਚ ਝੰਡੀ ਹੈ। ਉਨ੍ਹਾਂ ਬਾਦਲ ਪਰਿਵਾਰ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਜਦੋਂ ਹੁਣ ਸੋਨੇ ਦਾ ਭਾਅ ਅਸਮਾਨੀ ਚੜ੍ਹਿਆ ਹੋਇਆ ਹੈ ਤਾਂ ਇਨ੍ਹਾਂ ਉਮੀਦਵਾਰਾਂ ਦੇ ਸੋਨੇ ਦੇ ਭਾਅ ਨੂੰ ਬਰੇਕ ਲੱਗੀ ਹੋਈ ਹੈ। ਅਰਵਿੰਦ ਖੰਨਾ ਦੇ ਪਰਿਵਾਰ ਕੋਲ ਇਸ ਵੇਲੇ 10.68 ਕਰੋੜ ਰੁਪਏ ਦੇ ਗਹਿਣੇ ਹਨ ਜਦੋਂਕਿ 2012 ਵਿੱਚ ਇਸ ਪਰਿਵਾਰ ਕੋਲ 4.69 ਕਰੋੜ ਰੁਪਏ ਦੇ ਗਹਿਣੇ ਸਨ। ਅਰਵਿੰਦ ਖੰਨਾ ਦੀ ਪਤਨੀ ਕੋਲ ਇਸ ਵੇਲੇ 4.83 ਕਰੋੜ ਰੁਪਏ ਦੇ ਗਹਿਣੇ ਹਨ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਕੋਲ ਇਸ ਵੇਲੇ 7.03 ਕਰੋੜ ਰੁਪਏ ਦੇ ਗਹਿਣੇ ਹਨ ਜਦੋਂਕਿ ਸਾਲ 2019 ਦੀਆਂ ਚੋਣਾਂ ਵੇਲੇ ਵੀ ਬੀਬੀ ਬਾਦਲ ਕੋਲ 7.03 ਕਰੋੜ ਦੇ ਗਹਿਣੇ ਸਨ।

         ਹਰਸਿਮਰਤ ਕੌਰ ਬਾਦਲ ਨੇ ਜਦੋਂ ਸਾਲ 2009 ਵਿੱਚ ਪਹਿਲੀ ਚੋਣ ਲੜੀ ਸੀ ਤਾਂ ਉਦੋਂ ਉਨ੍ਹਾਂ ਕੋਲ 14.93 ਕਿੱਲੋ ਸੋਨਾ ਤੇ ਚਾਂਦੀ ਸੀ ਜਿਸ ਦੀ ਕੀਮਤ 1.94 ਕਰੋੜ ਦੱਸੀ ਗਈ ਸੀ। ਬਾਦਲ ਪਰਿਵਾਰ ਕੋਲ ਇਸ ਵੇਲੇ 198.49 ਕਰੋੜ ਰੁਪਏ ਦੀ ਸੰਪਤੀ ਹੈ ਜਦੋਂਕਿ 2019 ਵਿੱਚ ਉਨ੍ਹਾਂ ਕੋਲ 217 ਕਰੋੜ ਦੀ ਸੰਪਤੀ ਸੀ। ਪਹਿਲੀ ਚੋਣ ਸਮੇਂ ਹਰਸਿਮਰਤ ਕੌਰ ਬਾਦਲ ਕੋਲ 60 ਕਰੋੜ ਰੁਪਏ ਦੀ ਸੰਪਤੀ ਸੀ ਜੋ ਕਿ 2014 ਵਿੱਚ ਵਧ ਕੇ 108 ਕਰੋੜ ਹੋ ਗਈ ਸੀ। ਉਨ੍ਹਾਂ ਦੇ ਮੁਕਾਬਲੇ ਵਿੱਚ ਚੋਣ ਲੜ ਰਹੀ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਕੋਲ 42.84 ਲੱਖ ਰੁਪਏ ਦੇ ਹੀ ਗਹਿਣੇ ਹਨ। ਉਂਜ, ਪਰਮਪਾਲ ਕੌਰ ਸਿੱਧੂ ਦੇ ਪਰਿਵਾਰ ਦੀ ਕੁੱਲ ਦੌਲਤ 7.85 ਕਰੋੜ ਰੁਪਏ ਦੀ ਹੈ। ਦੂਜੇ ਪਾਸੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਕੋਲ ‘ਮਹਾਰਾਣੀ’ ਹੋਣ ਦੇ ਬਾਵਜੂਦ 1.73 ਕਰੋੜ ਰੁਪਏ ਦੇ ਗਹਿਣੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਹਲਕੇ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਰਿਵਾਰ ਕੋਲ 36.85 ਲੱਖ ਦੇ ਹੀ ਗਹਿਣੇ ਹਨ। 

            ਕੈਬਨਿਟ ਮੰਤਰੀ ਅਤੇ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਪਰਿਵਾਰ ਕੋਲ ਹੁਣ 3.73 ਕਰੋੜ ਰੁਪਏ ਦੀ ਜਾਇਦਾਦ ਹੈ। ਮੀਤ ਹੇਅਰ ਦੀ ਖ਼ੁਦ ਦੀ ਸੰਪਤੀ 48.13 ਲੱਖ ਰੁਪਏ ਦੀ ਹੈ ਜਦੋਂਕਿ ਉਨ੍ਹਾਂ ਦੀ ਪਤਨੀ ਦੀ ਜਾਇਦਾਦ 3.25 ਕਰੋੜ ਦੀ ਹੈ। ਮੀਤ ਹੇਅਰ ਦੀ ਪਤਨੀ ਕੋਲ 1.32 ਕਰੋੜ ਦੇ ਗਹਿਣੇ ਹਨ। ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਕੋਲ 31.28 ਲੱਖ ਰੁਪਏ ਦੇ ਗਹਿਣੇ ਹਨ ਜਦੋਂਕਿ ਉਨ੍ਹਾਂ ਦੀ ਕੁੱਲ ਸੰਪਤੀ 1.74 ਕਰੋੜ ਰੁਪਏ ਦੀ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਦੇ ਪਰਿਵਾਰ ਕੋਲ 27.78 ਲੱਖ ਰੁਪਏ ਦੇ ਗਹਿਣੇ ਹਨ। ਸਿੰਗਲਾ ਦੀ ਕੁੱਲ ਸੰਪਤੀ 29.4 ਕਰੋੜ ਰੁਪਏ ਦੀ ਹੈ। ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਕੋਲ 3.60 ਲੱਖ ਰੁਪਏ ਦੇ ਗਹਿਣੇ ਹਨ। ਸਾਹੋਕੇ ਦੇ ਪਰਿਵਾਰ ਕੋਲ ਕੁੱਲ 16.32 ਕਰੋੜ ਰੁਪਏ ਦੀ ਸੰਪਤੀ ਹੈ। 


                                                       ਚੋਣ ਮਸ਼ਕਰੀ
                                         ਸਾਹਬ ਦਾ ਤੇਲ, ਬਿੱਟੂ ਦੀ ਝੋਲੀ !
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਲਓ ਜੀ ! ਸਰਕਾਰ ਦੇ ਘਰੋਂ ਮੁਫ਼ਤ ਤੇਲ ਮਿਲਦਾ ਹੋਵੇ, ਭਾਂਡਾ ਕੋਲ ਨਾ ਵੀ ਹੋਵੇ ਤਾਂ ਝੋਲੀ ’ਚ ਪੁਆ ਲੈਣਾ ਚਾਹੀਦਾ ਹੈ। ਇਹੋ ਲੱਖਣ ਭਾਜਪਾ ਆਲੇ ਰਵਨੀਤ ਬਿੱਟੂ ਨੇ ਲਾਇਆ। ਕਈ ਵਰ੍ਹੇ ਪੁਰਾਣੀ ਗੱਲ ਹੈ ਕਿ ਸਰਕਾਰ ਨੇ ‘ਕੋਠੀ ਲੈ ਲਓ’ ਦਾ ਹੋਕਾ ਲਾਇਆ, ਇੱਧਰੋਂ ਬਿੱਟੂ ਨੇ ਟਿੰਡ ਫਾਹੁੜੀ ਚੁੱਕ ਕੋਠੀ ’ਚ ਡੇਰਾ ਲਾਇਆ। ਹੁਣ ਭਗਵੰਤ ਮਾਨ ਜ਼ਰੂਰ ਭੁਗਤੇਗਾ ਜਿਸ ਨੇ ਇਸ ਭੱਦਰ ਪੁਰਸ਼ ਨੂੰ ਬੇਘਰ ਕੀਤਾ, ਉੱਪਰੋਂ ਕਰੋੜਾਂ ਦੇ ਜੁਰਮਾਨੇ ਦਾ ਨੋਟਿਸ ਫੜਾਇਆ। ਜਿਊਂਦੇ ਰਹਿਣ ਭਾਜਪਾਈ, ਜਿਨ੍ਹਾਂ ਨੇ ਟੱਪਰੀਵਾਸ ਹੋਏ ਬਿੱਟੂ ਦਾ ਬਿਸਤਰਾ ਆਪਣੇ ਦਫ਼ਤਰ ਵਿੱਚ ਲੁਆਇਆ।ਲੁਧਿਆਣਿਓਂ ਖ਼ਬਰ ਆਈ ਸੀ ਕਿ ਬਿੱਟੂ ਭਾਈ ਸਾਹਬ ਵਰ੍ਹਿਆਂ ਤੋਂ ਸਰਕਾਰੀ ਕੋਠੀ ਵਿੱਚ ਦਿਨ ਕਟੀ ਕਰ ਰਹੇ ਸਨ। ਐਸੀ ਰੱਬ ਦੀ ‘ਮਾਇਆ’ ਕਿ ਉਹ ਕੋਠੀ ਦਾ ਕਿਰਾਇਆ ਤਾਰਨਾ ਭੁੱਲ ਗਏ। ਅਗਲੇ ਕੋਲ ਪੂਰੀ 5.87 ਕਰੋੜ ਦੀ ਜਾਇਦਾਦ ਹੈ। 

          ਸਰਕਾਰ ਨੇ ਚੋਣਾਂ ਮੌਕੇ ਬਿੱਟੂ ਨੂੰ ਘੇਰ ਲਿਆ। ਅਖੇ, ਪਹਿਲਾਂ 1.84 ਕਰੋੜ ਦਾ ਕਿਰਾਇਆ ਤਾਰੋ, ਫਿਰ ਕਰਨਾ ਕਾਗ਼ਜ਼ ਦਾਖ਼ਲ। ‘ਜੇ ਮੈਂ ਜਾਣਦੀ ਤਿਲਾਂ ਨੇ ਡੁੱਲ੍ਹ ਜਾਣਾ, ਸੰਭਲ ਕੇ ਬੁੱਕ ਭਰਦੀ’। ਬਿੱਟੂ ਨੇ ਸਰਕਾਰ ਦਾ ਭਾਣਾ ਮੰਨ ਰਾਤੋ-ਰਾਤ ਜ਼ਮੀਨ ਗਹਿਣੇ ਕੀਤੀ, ਸਰਕਾਰ ਦਾ ਜੁਰਮਾਨਾ ਤਾਰ ਦਿੱਤਾ। ਰਾਜਾ ਵੜਿੰਗ ਪੁੱਛਦਾ ਪਿਐ ਕਿ ਬਿੱਟੂ ਕੋਲ ਦੋ ਕਰੋੜ ਰਾਤੋ-ਰਾਤ ਕਿੱਥੋਂ ਆਏ। ਕਿਸੇ ਉੱਡਦੇ ਪੰਛੀ ਨੇ ਦੱਸਿਆ ਹੈ ਕਿ ਸ਼ਾਇਦ ਵੜਿੰਗ ਸਾਹਬ ਭੁੱਲ ਗਏ ਹੋਣਗੇ। ਜਦੋਂ ਉਨ੍ਹਾਂ ਬਿੱਟੂ ਨੂੰ ਪਿਛਲੇ ਦਿਨੀਂ ਜੱਫੀ ਪਾਈ ਸੀ, ਉਦੋਂ ਵੜਿੰਗ ਨੇ ਚੁੱਪ ਚੁਪੀਤੇ ਜ਼ਰੂਰ ਬਿੱਟੂ ਦੀ ਜੇਬ ਵਿੱਚ ਮਾਇਆ ਪਾਈ ਹੋਊ। ਆਖਦੇ ਹਨ ਕਿ ਦੋਸਤ ਉਹ ਜੋ ਮੌਕੇ ’ਤੇ ਕੰਮ ਆਵੇ। ਸੱਚ ਬਿਲਕੁਲ ਕੌੜਤੁੰਮੇ ਵਰਗਾ ਹੁੰਦਾ ਹੈ। ਬਿੱਟੂ ਦਾ ਕੀ ਕਸੂਰ, ਆਪਣੀ ਸਰਕਾਰ ਦੇ ਸਮੇਂ ਤੰਦੂਰ ਤਪਿਆ ਪਿਆ ਸੀ। ਬਿੱਟੂ ਨੇ ਦੋ ਫੁਲਕੇ ਲਾਹ ਲਏ ਤਾਂ ਕੀ ਲੋਹੜਾ ਆ ਗਿਆ।

        ਪਿਆਰੇ ਬਿੱਟੂ ! ਪੈਸਾ ਤਾਂ ਹੱਥਾਂ ਦੀ ਮੈਲ ਹੈ, ਦੋ-ਚਾਰ ਕਰੋੜ ਜੁਰਮਾਨੇ ’ਚ ਚਲੇ ਵੀ ਗਏ, ਚਿੰਤਾ ਨਾ ਕਰਿਓ। ਪੈਸਿਆਂ ਵਾਲਾ ਟੈਂਪੂ ਦਿੱਲੀਓਂ ਚੱਲਿਆ ਹੋਇਐ, ਲੁਧਿਆਣਾ ਬਾਈਪਾਸ ’ਤੇ ਦੋ ਚਾਰ ਗੁੱਟੀਆਂ ਤੁਸੀਂ ਵੀ ਉਤਾਰ ਲੈਣਾ। ਵੜਿੰਗ ਵੀ ਆਪਣੇ-ਆਪ ਨੂੰ ਰਾਜਾ ਸਮਝਦੇ ਨੇ, ਬਿੱਟੂ ਨੂੰ ਰੰਕ। ਭਲਿਆ ਲੋਕਾ, ਇੱਕ ਗੱਲ ਪੱਲੇ ਬੰਨ੍ਹ, ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ।’ ਦਾਦੇ ਤੋਂ ਯਾਦ ਆਇਆ ਕਿ ਆਪਣੇ ਬਿੱਟੂ ਦੇ ਅਸੂਲ ਵੀ ਸ਼ੁੱਧ ਸਟੀਲ ਦੇ ਨੇ, ਜਿਹੜਾ ਕਾਗ਼ਜ਼ ਦਾਖ਼ਲ ਕਰਨ ਵੇਲੇ ਆਪਣੇ ਦਾਦੇ ਦੀ ਅੰਬੈਸਡਰ ਗੱਡੀ ਲਿਜਾਣਾ ਨਹੀਂ ਭੁੱਲਿਆ। ਕਦਰਦਾਨੋ! ਦੇਖਿਆ ਤੁਸਾਂ ਦੇ ਸਕੇ ਪੁੱਤ ਬਿੱਟੂ ਨੇ ਲੋਕ ਸੇਵਾ ਖ਼ਾਤਰ ਜ਼ਮੀਨ ਤੱਕ ਗਹਿਣੇ ਕਰ ਦਿੱਤੀ ਹੈ।

       ਅਮੀਰ ਦੀ ਜੇਬ ’ਚੋਂ ਪੈਸਾ, ਗ਼ਰੀਬ ਦੀ ਜੇਬ ’ਚੋਂ ਵੋਟ ਕਿਵੇਂ ਖਿੱਚਣੀ ਹੈ, ਇਹ ਗੁਰ ਕੋਈ ਸਿਆਸਤਦਾਨਾਂ ਤੋਂ ਸਿੱਖੇ। ਹੁਣ ਭਾਜਪਾ ਦਫ਼ਤਰ ਵਿੱਚ ਬਿੱਟੂ ਨੂੰ ਰਾਤਾਂ ਕੱਟਣੀਆਂ ਪੈ ਰਹੀਆਂ ਨੇ। ਬਿੱਟੂ ਤਾਂ ਘਰ ਫੂਕ ਕੇ ਤਮਾਸ਼ਾ ਦੇਖ ਰਿਹਾ ਹੈ, ਲੋਕ ਸੇਵਾ ਦੇ ਜਨੂੰਨ ’ਚ ਭਾਜਪਾ ਦੇ ਘਰ ਤੱਕ ਚਲਾ ਗਿਆ ਹੈ। ਜੇ ਜਿੱਤ ਗਿਆ, ਲੋਕ ਬਿੱਟੂ ਨੂੰ ਉਵੇਂ ਯਾਦ ਕਰਨਗੇ ਜਿਵੇਂ ਸਾਹਿਰ ਲੁਧਿਆਣਵੀਂ ਨੂੰ ਕਰਦੇ ਨੇ।

                                                          ਹਵਾ ਦੇ ਰੰਗ
                                          ਏਹ ਰਾਜਾ ਤਾਂ ‘ਰੰਕ’ ਹੋ ਗਿਆ..!
                                                       ਚਰਨਜੀਤ ਭੁੱਲਰ  

ਮਹਿਰਾਜ (ਬਠਿੰਡਾ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਇਸ ਪਿੰਡ ਮਹਿਰਾਜ ’ਚ ਸਿਆਸੀ ਹਵਾ ਦੇ ਰੰਗ ਬਦਲੇ ਹਨ ਅਤੇ ਇਹ ਪਿੰਡ ਹੁਣ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਕੋਈ ਵੇਲਾ ਸੀ ਜਦੋਂ ਅਮਰਿੰਦਰ ਸਿੰਘ ਨੂੰ ਇੱਥੋਂ ਦੇ ਲੋਕ ‘ਮਹਾਰਾਜਾ ਸਾਬ੍ਹ’ ਕਹਿੰਦੇ ਨਹੀਂ ਥੱਕਦੇ ਸਨ। ਉਨ੍ਹਾਂ ਦੇ ਬੋਲ ਪੁਗਾਉਂਦੇ ਸਨ ਅਤੇ ਸਮੁੱਚਾ ਪਿੰਡ ਕਾਂਗਰਸ ਦੇ ‘ਹੱਥ ਪੰਜੇ’ ’ਤੇ ਮੋਹਰ ਲਾਉਂਦਾ ਸੀ। ਸਾਲ 2002 ਦੀਆਂ ਚੋਣਾਂ ਮਗਰੋਂ ਹਮੇਸ਼ਾ ਮਹਿਰਾਜ ਨੇ ਕਾਂਗਰਸ ਦਾ ਸਾਥ ਦਿੱਤਾ। ਬੇਸ਼ੱਕ ਰਾਜਿਆਂ ਮਹਾਰਾਜਿਆਂ ਦਾ ਦੌਰ ਲੰਮਾ ਅਰਸਾ ਪਹਿਲਾਂ ਖ਼ਤਮ ਹੋ ਚੁੱਕਾ ਹੈ ਪ੍ਰੰਤੂ ਅਮਰਿੰਦਰ ਸਿੰਘ ਹਾਲੇ ਵੀ ਮਹਿਰਾਜ ਪਿੰਡ ਦੇ ‘ਮਹਾਰਾਜੇ’ ਸਨ। ਪੰਜਾਬ ਦੇ ਸਭ ਤੋਂ ਵੱਡੇ ਪਿੰਡ ਹੋਣ ਦਾ ਮਹਿਰਾਜ ਨੂੰ ਮਾਣ ਹੈ ਅਤੇ ਇਥੇ ਕਰੀਬ 16 ਹਜ਼ਾਰ ਵੋਟ ਹੈ। ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਤਾਂ ਮਹਿਰਾਜ ਦੇ ਵਾਸੀਆਂ ਨੇ ਅਮਰਿੰਦਰ ਦਾ ਲੜ ਛੱਡ ਦਿੱਤਾ ਹੈ। ਲੋਕਾਂ ਨੇ ਅਮਰਿੰਦਰ ਦੀ ਥਾਂ ਹੁਣ ਕਿਸਾਨਾਂ ਦੀ ਪਿੱਠ ’ਤੇ ਖੜ੍ਹਨ ਦਾ ਫ਼ੈਸਲਾ ਕੀਤਾ ਹੈ। 

          ਹੁਣ ਜਦੋਂ ਭਾਜਪਾ ਉਮੀਦਵਾਰ ਵਜੋਂ ਪ੍ਰਨੀਤ ਕੌਰ ਪਟਿਆਲਾ ਤੋਂ ਉਮੀਦਵਾਰ ਬਣੇ ਹਨ ਤਾਂ ਪਿੰਡ ਮਹਿਰਾਜ ਦੇ ਵਾਸੀਆਂ ਨੇ ਕਿਨਾਰਾ ਕਰ ਲਿਆ ਹੈ ਹਾਲਾਂਕਿ ਪਿਛਲੀਆਂ ਚੋਣਾਂ ਵਿਚ ਜਦੋਂ ਵੀ ਪ੍ਰਨੀਤ ਕੌਰ ਨੇ ਚੋਣ ਲੜੀ ਤਾਂ ਮਹਿਰਾਜ ਵਾਸੀ ਪਟਿਆਲਾ ਨੀਵਾਂ ਕਰ ਦਿੰਦੇ ਸਨ। ਮਹਿਰਾਜ ਪਿੰਡ ਹੁਣ ਅਮਰਿੰਦਰ ਸਿੰਘ ਦੇ ਫ਼ੈਸਲੇ ਤੋਂ ਨਾਖ਼ੁਸ਼ ਹੈ। ਇਨ੍ਹਾਂ ਚੋਣਾਂ ਵਿਚ ਮਹਿਰਾਜ ਨਵੀਂ ਲੀਹ ਪਾ ਸਕਦਾ ਹੈ। ਅਮਰਿੰਦਰ ਦੇ ਪਿੰਡ ਮਹਿਰਾਜ ਵਿਚਲੇ ਨੇੜਲੇ ਨਿਰੰਜਨ ਸਿੰਘ ਮਿੱਠੂ ਵੈਦ ਦਾ ਪ੍ਰਤੀਕਰਮ ਸੀ ਕਿ ਪਿੰਡ ਮਹਿਰਾਜ ਨੇ ਕਿਸਾਨਾਂ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਅਮਰਿੰਦਰ ਸਿੰਘ ਦਾ ਜਲਵਾ ਹੁਣ ਪਿੰਡ ’ਚੋਂ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਦੇ ਭਾਜਪਾ ਵਿਚ ਚਲੇ ਜਾਣ ਮਗਰੋਂ ਪਿੰਡ ਦੇ ਲੋਕ ਠੱਗਿਆ ਮਹਿਸੂਸ ਕਰ ਰਹੇ ਹਨ। ਚੇਤੇ ਰਹੇ ਕਿ ਪਿੰਡ ਮਹਿਰਾਜ ਦੇ ਲੋਕਾਂ ਨੇ ਦਿੱਲੀ ਦੇ ਕਿਸਾਨ ਮੋਰਚੇ ਵੀ ਸ਼ਮੂਲੀਅਤ ਕੀਤੀ ਸੀ। ਜਦੋਂ ਅਮਰਿੰਦਰ ਸਿੰਘ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਪਿੰਡ ਦੀ ਨੁਹਾਰ ਬਦਲ ਦਿੱਤੀ ਸੀ। 

        ਅਮਰਿੰਦਰ ਸਿੰਘ ਦੀ ਦੂਜੀ ਪਾਰੀ ਦੌਰਾਨ ਪਿੰਡ ਮਹਿਰਾਜ ਨੂੰ 28 ਕਰੋੜ ਦਾ ਪੈਕੇਜ ਤਾਂ ਮਿਲਿਆ ਪ੍ਰੰਤੂ ਵਿਕਾਸ ਬਹੁਤਾ ਨਜ਼ਰ ਨਾ ਆਇਆ। 2002 ਦੀਆਂ ਚੋਣਾਂ ਤੱਕ ਪਿੰਡ ਮਹਿਰਾਜ ਪੰਥਕ ਸਫ਼ਾ ਵਿਚ ਰਿਹਾ ਹੈ ਅਤੇ ਹਮੇਸ਼ਾ ਅਕਾਲੀ ਦਲ ਦੀ ਵੋਟ ਮਹਿਰਾਜ ’ਚੋਂ ਵਧਦੀ ਰਹੀ ਹੈ। ਮਹਿਰਾਜ ਦੇ ਕਾਕਾ ਸਿੰਘ ਦਾ ਕਹਿਣਾ ਸੀ ਕਿ ਅਮਰਿੰਦਰ ਸਿੰਘ ਵੱਲੋਂ ਦਲ ਬਦਲੀ ਕੀਤੇ ਜਾਣ ਮਗਰੋਂ ਪਿੰਡ ਵਾਸੀਆਂ ਦਾ ਦਿਲ ਟੁੱਟ ਗਿਆ ਹੈ ਅਤੇ ਅਮਰਿੰਦਰ ਦੀ ਹੁਣ ਪਿੰਡ ਵਿਚ ਪਹਿਲਾਂ ਵਾਲੀ ਧਾਕ ਨਹੀਂ ਰਹੀ। ਪਿੰਡ ਵਾਸੀ ਨਛੱਤਰ ਸਿੰਘ ਦਾ ਕਹਿਣਾ ਸੀ ਕਿ ਮੌਜੂਦਾ ਸਰਕਾਰ ਸਮੇਂ ਵੀ ਕੋਈ ਵਿਕਾਸ ਨਹੀਂ ਹੋਇਆ ਹੈ ਅਤੇ ਪਿੰਡ ਦੀ ਫਿਰਨੀ ਦਾ ਬੁਰਾ ਹਾਲ ਹੈ। ਕਿਸਾਨ ਚਮਕੌਰ ਸਿੰਘ ਨੇ ਮੌਜੂਦਾ ਸਰਕਾਰ ਦੀ ਸ਼ਲਾਘਾ ਕੀਤੀ ਕਿ ਕਿਸਾਨਾਂ ਨੂੰ ਬਿਨਾਂ ਕੱਟ ਤੋਂ ਖੇਤਾਂ ਲਈ ਬਿਜਲੀ ਮਿਲੀ ਹੈ। ਸਾਲ 2022 ਦੀਆਂ ਚੋਣਾਂ ਵਿਚ ਮਹਿਰਾਜ ਪਿੰਡ ’ਚੋਂ ਆਮ ਆਦਮੀ ਪਾਰਟੀ ਦੀ ਵੋਟ ਵਧੀ ਸੀ ਜਦਕਿ ਪਹਿਲਾਂ ਹਮੇਸ਼ਾ ਗੁਰਪ੍ਰੀਤ ਸਿੰਘ ਕਾਂਗੜ ਨੂੰ ਜਿਤਾਉਣ ਪਿੱਛੇ ਪਿੰਡ ਮਹਿਰਾਜ ਦਾ ਹੱਥ ਰਿਹਾ ਹੈ। 

        ਅਮਰਿੰਦਰ ਸਿੰਘ ਆਪਣੀ ਦੂਜੀ ਪਾਰੀ ਦੌਰਾਨ ਸਿਰਫ਼ ਇੱਕ ਵਾਰ ਹੀ ਪਿੰਡ ਮਹਿਰਾਜ ਆਏ ਸਨ। ਪਿੰਡ ਵਾਸੀ ਗੁਰਤੇਜ ਸਿੰਘ ਆਖਦਾ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਲਈ ਮਹਿਰਾਜ ਪਲਕਾਂ ਵਿਛਾਉਂਦਾ ਸੀ ਪ੍ਰੰਤੂ ਹੁਣ ਪਿੰਡ ਵਿਚ ਅਮਰਿੰਦਰ ਦੀ ਭੱਲ ਖ਼ਰਾਬ ਹੋਈ ਹੈ। ਖ਼ਾਸ ਕਰਕੇ ਕਿਸਾਨ ਭਾਈਚਾਰਾ ਨਾਰਾਜ਼ ਹੋਇਆ ਹੈ। ਪਿੰਡ ਮਹਿਰਾਜ ਵਿੱਚ ਅਮਰਿੰਦਰ ਸਿੰਘ ਦਾ ਭਾਜਪਾਈ ਝੰਡਾ ਸਿਰਫ ਰਾਹੁਲ ਮਹਿਰਾਜ ਨੇ ਹੀ ਚੁੱਕਿਆ ਹੋਇਆ ਹੈ। ਬਾਕੀ ਪਿੰਡ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਅਤੇ ਮਹਿਰਾਜ ਦੇ ਵਸਨੀਕ ਹਰਿੰਦਰ ਸਿੰਘ ਹਿੰਦਾ ਦਾ ਕਹਿਣਾ ਸੀ ਕਿ ਪਿੰਡ ਮਹਿਰਾਜ ਨੇ ਹੁਣ ਅਮਰਿੰਦਰ ਸਿੰਘ ਦਾ ਖਾਤਾ ਬੰਦ ਕਰ ਦਿੱਤਾ ਹੈ ਕਿਉਂਕਿ ਅਮਰਿੰਦਰ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਮਹਿਰਾਜ ਦੇ ‘ਆਪ’ ਦੇ ਸੀਨੀਅਰ ਆਗੂ ਸਤਵੀਰ ਸਿੰਘ ਬਿੰਦਾ ਦਾ ਕਹਿਣਾ ਸੀ ਕਿ ਮਹਿਰਾਜ ਪਿੰਡ ਨੇ ਹੁਣ ‘ਆਪ’ ਨੂੰ ਹੁੰਗਾਰਾ ਦੇਣਾ ਸ਼ੁਰੂ ਕੀਤਾ ਹੈ ਅਤੇ ਪਿਛਲੀਆਂ ਚੋਣਾਂ ਵਿਚ ਮਹਿਰਾਜ ਚੋਂ ‘ਆਪ’ ਦੀ ਵੋਟ ਵਧੀ ਹੈ। ਪਿਛਲੀ ਲੋਕ ਸਭਾ ਚੋਣ 2019 ਵਿਚ ਪਿੰਡ ਮਹਿਰਾਜ ਚੋਂ ਕਾਂਗਰਸ ਪਾਰਟੀ ਨੂੰ 4513 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 3671 ਵੋਟਾਂ ਪ੍ਰਾਪਤ ਹੋਈਆਂ ਸਨ। ਮਹਿਰਾਜ ਵਿਚ ਅੱਠ ਤੋਂ ਜ਼ਿਆਦਾ ਗਰਾਮ ਪੰਚਾਇਤਾਂ ਹਨ।

Wednesday, May 1, 2024

                                                      ਉੜ ਜਾ ਰੇ ਪੰਛੀ..!
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਜੇ ਕੋਲੰਬਸ ਅਮਰੀਕਾ ਲੱਭ ਸਕਦੈ, ਖੋਜਕਾਰ ਮੰਗਲ ਗ੍ਰਹਿ ’ਤੇ ਪਾਣੀ ਤਾਂ ਅਸੀਂ ਕਿਸੇ ਨੂੰਹ-ਧੀ ਨਾਲੋਂ ਘੱਟ ਹਾਂ। ਦੇਸ਼ ਦੇ ਚੌਕੀਦਾਰ ਨੇ ‘ਮੋਰ’ ਲੱਭਿਆ ਹੈ। ਨਰਿੰਦਰ ਮੋਦੀ ਸਿਰੇ ਦੇ ਪੰਛੀ ਪ੍ਰੇਮੀ ਨੇ, ਰੋਜ਼ਾਨਾ ਆਪਣੇ ਗ਼ਰੀਬਖ਼ਾਨੇ ’ਤੇ ਮੋਰਾਂ ਨੂੰ ਚੋਗ ਚੁਗਾਉਂਦੇ ਨੇ। ਪੰਜਾਬੀਆਂ ਦੀ ਮਥਰਾ ਨਿਆਰੀ ਹੈ, ‘ਮਿੱਤਰਾਂ ਦੇ ਤਿੱਤਰਾਂ ਨੂੰ, ਨੀਂ ਮੈਂ ਤਲੀਆਂ ’ਤੇ ਚੋਗ ਚੁਗਾਵਾਂ।’ ਇਵੇਂ ਹੀ ਪ੍ਰਧਾਨ ਮੰਤਰੀ ਨੂੰ ਚੋਣ ਪਿਆਰੀ ਹੈ, ਤਾਹੀਓਂ ਹੋਕਾ ਦਿੱਤੈ, ‘ਯੇਹ ਦਿਲ ਮਾਂਗੇ ਮੋਰ’। ਹੋ ਜਾਓ ਤਿਆਰ, ਨਾ ਦੋ ਨਾ ਚਾਰ, ਪੂਰੇ ਚਾਰ ਸੌ ਪਾਰ। ਕਹਾਵਤ ਹੈ, ਤੋਪ ਦਾ ਲਾਇਸੈਂਸ ਮੰਗੋਗੇ ਤਾਂ ਪਿਸਤੌਲ ਦਾ ਮਿਲੇਗਾ।

         ਮੋਟਰ ਤੇ ਵੋਟਰ ਦਾ ਕੀ ਭਰੋਸਾ, ਕਦੋਂ ਵਿਗੜ ਜਾਏ। ਇੰਜ ਲਗਦਾ ਕਿ ਦੇਸ਼ ਅਕਲਦਾਨੀ ’ਚੋਂ ਸੁਰਮਚੂ ਨਾਲ ਸੁਰਮਾ ਪਾਏਗਾ ਵੀ, ਮਟਕਾਏਗਾ ਵੀ। ਭਾਜਪਾਈ ਸੋਚ ਚੰਗਿਆੜੇ ਛੱਡਣ ਲੱਗੀ ਹੈ, ਜਿਸ ਤੋਂ ਲੱਗਦਾ ਹੈ ਕਿ ਸੁੱਖ ਨੀਂ ਸਾਧ ਦੇ ਡੇਰੇ। ਈਡੀ ਨੇ ਦੇਸ਼ ਨੂੰ ਕੋਤਵਾਲੀ ਬਣਾ ਰੱਖਿਐ। ਜਦੋਂ ਫ਼ਸਲ ਵੋਟਾਂ ਦੀ ਪੱਕੀ ਹੋਵੇ, ਫੇਰ ਕੂੰਜਾਂ ਵਾਂਗੂ ਪੰਛੀ ਪ੍ਰੇਮੀ ਤਾਂ ਆਉਣਗੇ ਹੀ। ਖੇਤਾਂ ’ਚ ਪੈਲਾਂ ਪਾਉਣਗੇ, ਮੋਹ ਜਤਾਉਣਗੇ, ਨਾਲੇ ਸੁਰ ਲਾਉਣਗੇ, ‘ਹਮ ਬਨੇ, ਤੁਮ ਬਨੇ ਇਕ ਦੂਜੇ ਕੇ ਲੀਏ।’

        ਨਾਗਪੁਰੀ ਸੋਚ ਦੇ ਸਮੁੰਦਰ ’ਚ ਸਿਆਸੀ ਪੰਛੀ ਇੰਜ ਡੁਬਕੀ ਲਾਉਂਦੇ ਨੇ, ਜਿਵੇਂ ਗੰਗਾ ਨਹਾਉਂਦੇ ਹੋਣ। ਆਪਣਾ ਸ਼ਿਵ ਬਟਾਲਵੀ, ਕਦੇ ਸ਼ਿਕਰੇ ਯਾਰ ਲਈ ਚੂਰੀ ਕੁੱਟਦਾ ਰਿਹਾ, ਕਦੇ ਦਿਲ ਦਾ ਮਾਸ ਖੁਆਉਂਦਾ ਰਿਹਾ। ਨਾ ਸ਼ਿਵ ਨੇ ਚੋਣ ਲੜੀ, ਨਾ ਲੜਣੀ ਸੀ। ‘ਬਿਨ ਮਾਂਗੇ ਮੋਤੀ ਮਿਲੇਂ, ਮਾਂਗੇ ਮਿਲੇ ਨਾ ਭੀਖ।’ ਨੇਤਾ ਗਲ ’ਚ ਬਗ਼ਲੀ ਪਾ ਨਿਕਲੇ ਨੇ। ਏਨੇ ਤਾਂ ਗ਼ਜ਼ਨਵੀ ਨੇ ਸੋਮਨਾਥ ਦੇ ਮੰਦਰ ਨਹੀਂ ਲੁੱਟੇ ਸਨ ਜਿੰਨੇ ਭਾਜਪਾ ਨੇ ਦਲ ਬਦਲੂ ਲੁੱਟੇ ਨੇ। ‘ਦਲ-ਬਦਲ ਇੰਡੈੱਕਸ’ ’ਤੇ ਜ਼ਰਾ ਗ਼ੌਰ ਫਰਮਾਵੋਗੇ ਤਾਂ ਦਲ ਵੱਟੀਆਂ ਦੀ ਰੱਸਾਕਸ਼ੀ ਦਿਖੇਗੀ।

        ਨੇਤਾ ਜੀ ਦੀ ਪੁਰਾਣੇ ਦਲ ’ਚ ਦਾਲ ਨਹੀਂ ਗਲਦੀ ਤਾਂ ਮਨੋ ਮਨੀਂ ਸੋਚਦੇ ਨੇ, ‘ਚੱਲ ਉੜ ਜਾ ਰੇ ਪੰਛੀ, ਕੇ ਅਬ ਯੇਹ ਦੇਸ਼ ਹੂਆ ਬੇਗਾਨਾ।’ ਏਹ ਜਿੰਨੇ ਭੱਜਣ ਦਾਸ ਨੇ, ਜਾਣ ਵੇਲੇ ਅਕਾਲੀ ਹੁੰਦੇ ਨੇ, ਵਾਪਸੀ ਵੇਲੇ ਕਾਂਗਰਸੀ। ਕੋਈ ਬਿੱਟੂ ਬਣਦੈ, ਕੋਈ ਰਿੰਕੂ ਬਣਦੈ। ਭਾਜਪਾ ਦੇ ਮਾਸਟਰ ਪੀਸ ਨੇ, ਪਤਾ ਨੀਂ ਇਨ੍ਹਾਂ ਨੂੰ ਕੀ ਸ਼ਹਿਦ ਦਾ ਛੱਤਾ ਘੋਲ ਕੇ ਪਿਆਇਐ। ਇੱਕ ਸੱਜਣ ਲਿਖਦੇ ਨੇ, ਦਿੱਲੀ ਅੰਦੋਲਨ ਵੇਲੇ ਪੰਜਾਬ ਨੇ ਭਾਜਪਾ ਨੂੰ ਔਕਾਤ ਦਿਖਾਈ, ਹੁਣ ਚੋਟੀ ਦੇ ਲੀਡਰਾਂ ਦੇ ਗਲਾਂ ’ਚ ਭਾਜਪਾਈ ਪਰਨੇ ਪਾ ਕੇ ਅਗਲਿਆਂ ਨੇ ਪੰਜਾਬ ਨੂੰ ਔਕਾਤ ਦਿਖਾ’ਤੀ।

        ਹਕੂਮਤ ਤਾਂ ਅਬਦਾਲੀ ਦੀ ਕਲਾਸ ਫੈਲੋ ਜਾਪਦੀ ਹੈ। ਤਾਹੀਂ ਕੱਪੜਿਆਂ ਤੋਂ ਪਛਾਣ ਲੈਂਦੀ ਹੈ। ਇਵੇਂ ਹੁਣ ਪੰਜਾਬੀ ਪਛਾਣ ਲੈਂਦੇ ਹਨ, ਜਿਸ ਲੀਡਰ ਨਾਲ ਕਮਾਂਡੋ ਸਕਿਉਰਿਟੀ ਦਿਖੇ, ਸਮਝ ਲਓ ਕਬੂਤਰ ਭਾਜਪਾ ਦੀ ਛੱਤਰੀ ’ਤੇ ਜਾ ਬੈਠੈ। ਮੂਰਖਦਾਸੋ! ਗੰਭੀਰ ਨਾ ਹੋਵੋ, ਆਹ ਗਾਣੇ ’ਤੇ ਧਿਆਨ ਧਰੋ, ‘ਕਬੂਤਰ ਜਾ, ਜਾ, ਜਾ...!’ ਗੱਬਰ ਨੇ ਐਵੇਂ ਨਹੀਂ ਕਿਹਾ ਸੀ, ‘ਜੋ ਡਰ ਗਿਆ, ਸਮਝੋ ਮਰ ਗਿਆ।’ ਏਨੇ ਤਾਂ ਰਾਹੂ-ਕੇਤੂ ਨੇ ਘਰ ਨਹੀਂ ਬਦਲੇ, ਜਿੰਨੇ ਮਨਪ੍ਰੀਤ ਬਾਦਲ ਹੋਰਾਂ ਨੇ ਦਲ ਬਦਲ ਸੁੱਟੇ ਨੇ।

       ਭਲਿਓ! ਏਨੀ ਛੇਤੀ ਤਾਂ ਜੱਟ ਨਾਲ ਕੋਈ ਸੀਰੀ ਨਹੀਂ ਰਲਦਾ, ਜਿਵੇਂ ਅਮਰਿੰਦਰ ਸਿਓਂ ਭਾਜਪਾ ਨਾਲ ਜਾ ਰਲਿਐ। ਪ੍ਰਨੀਤ ਕੌਰ ਫ਼ਰਮਾਏ, ‘ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈਂ।’ ਮਹਾਰਾਣੀ ਸਾਹਬਾ ਕੋਲ ਹੁਣ ਭਾਜਪਾਈ ਟਿਕਟ ਹੈ। ਭਾਜਪਾ ਦੀ ਆਫ਼ਰ ਚੱਲਦੀ ਪਈ ਹੈ, ਈਡੀ ਵਾਲੇ ਘਰੋ ਘਰੀਂ ਟਿਕਟਾਂ ਵੰਡ ਰਹੇ ਨੇ। ਬਾਗ਼ੀਆਂ ਨੂੰ ਗਲੇ ਲਾਉਂਦੇ ਨੇ, ਆਪਣਿਆਂ ਦੇ ਗਲ ਪੈਂਦੇ ਨੇ। ਵਿਚਾਰੇ ਟਕਸਾਲੀ ਹੇਕਾਂ ਲਾ ਰਹੇ ਨੇ, ‘ਜੀਨਾ ਯਹਾਂ, ਮਰਨਾ ਯਹਾਂ, ਇਸ ਕੇ ਸਿਵਾ ਜਾਨਾ ਕਹਾਂ।’ ਟਕਸਾਲੀਓ, ਸਤਸੰਗ ਕਰਿਆ ਕਰੋ, ਦੋ ਟਾਈਮ ਯੋਗਾ ਤੇ ਸਵੇਰ ਵੇਲੇ ਮੈਡੀਟੇਸ਼ਨ, ਭਾਣਾ ਮੰਨਣ ਦਾ ਰੱਬ ਆਪੇ ਬਲ ਬਖ਼ਸ਼ੂ।

        ‘ਜਦ ਵੇਖਿਆ ਰੰਡੀ ਦੇ ਘਰ ਵੜਦਾ, ਮੱਚ ਗਈ ਤੰਦੂਰ ’ਤੇ ਖੜ੍ਹੀ’। ਰਾਹੁਲ ਗਾਂਧੀ ਨੇ ਕਾਕੇ ਰਵਨੀਤ ਬਿੱਟੂ ਨੂੰ ਪਾਲ ਪਲੋਸ ਕੇ ਵੱਡਾ ਕੀਤਾ। ਭਾਜਪਾਈ ਪੰਛੀਆਂ ਨੇ ਲੁਧਿਆਨਵੀ ਮੋਰ ਨੂੰ ਇਉਂ ਝਪਟਿਆ, ਜਿਵੇਂ ਸੁਖਬੀਰ ਬਾਦਲ ਨੇ ਮਹਿੰਦਰ ਸਿੰਘ ਕੇਪੀ ਨੂੰ। ਚਰਨਜੀਤ ਚੰਨੀ ਗਾਵੇ ਨਾ ਤਾਂ ਹੋਰ ਕੀ ਕਰੇ, ‘ਤੂ ਪਿਆਰ ਹੈ ਕਿਸੇ ਔਰ ਕਾ, ਤੁਝੇ ਚਾਹਤਾ ਕੋਈ ਔਰ ਹੈ।’ ਅੱਗਿਓਂ ਕੇਪੀ ਸਾਹਿਬ  ਨੇ ਮੁੱਛਾਂ ਨੂੰ ਤਾਅ ਦੇ ਹੇਕ ਲਾਈ, ‘ਚਲਤੇ ਚਲਤੇ ,ਯੂੰਹੀ ਕੋਈ ਮਿਲ ਗਿਆ ਥਾ।’

      ਪੁਰਾਣੇ ਮਹਾਂਪੁਰਸ਼ ਜਦੋਂ ਆਪਣੇ ਕਰਾਮਾਤੀ ਹੱਥ ਕਾਂ ’ਤੇ ਰੱਖਦੇ, ਉਹ ਹੰਸ ਬਣ ਜਾਂਦੇ ਸਨ। ਫ਼ਰੀਦਕੋਟ ’ਚ ਕਿਸਾਨਾਂ ਨੇ ਹੰਸ ਨੂੰ ਕਾਂ ਬਣਾ ਛੱਡਿਐ। ਨਿੱਤ ਦੀ ਘੇਰਾਬੰਦੀ ਦੇਖ ਹੰਸ ਰਾਜ ਹੰਸ ਨੂੰ ਹੁਣ ਮਿਰਜ਼ਾ ਯਾਦ ਆਉਂਦੈ, ਜਿਹਨੂੰ ਸਾਹਿਬਾਂ ਦੇ ਭਰਾਵਾਂ ਨੇ ਜੰਡੋਰੇ ਹੇਠ ਘੇਰਾ ਪਾ ਲਿਆ ਸੀ। ‘ਬੱਗੀ ਤਿੱਤਰੀ ਕਮਾਦੋਂ ਨਿਕਲੀ, ਉੱਡਦੀ ਨੂੰ ਬਾਜ਼ ਪੈ ਗਿਆ।’ ਜਿੰਨੇ ਪਲਟੂਪੁਰੀਏ ਸਰਦਾਰ ਚੋਣਾਂ ’ਚ ਉਤਰੇ ਨੇ, ਉਨ੍ਹਾਂ ’ਤੇ ਕੋਈ ਸਰਕਾਰੀ ਟੈਕਸ ਲੱਗਦਾ ਹੁੰਦਾ, ਸਰਕਾਰ ਦੇ ਖ਼ਜ਼ਾਨੇ ਭਰਪੂਰ ਹੋ ਜਾਣੇ ਸਨ। ਇਨ੍ਹਾਂ ਤੋਂ ‘ਪਿਆਸਾ ਕਾਂ’ ਹੀ ਚੰਗਾ ਸੀ। ਜਿਹੜੇ ਲੂੰਬੜ ਦਾਸ ਐਂਡ ਸੰਨਜ਼ ਬਣੇ ਨੇ, ਉਨ੍ਹਾਂ ਤੋਂ ਪੰਜਾਬੀ ਬੜੇ ਔਖੇ ਨੇ। ‘ਆਪ’ ਆਲਿਆਂ ਨੇ ਵੀ ਚੋਣਾਂ ’ਚ ਦਲ ਬਦਲੂ ਪਰੋਸ ਦਿੱਤੇ ।

        ਆਹ ਨਵਾਂ ਮਾਅਰਕਾ ਮਾਰਿਐ, ਪੰਜਾਬ ਭਾਜਪਾਈ ਪੂਲ ’ਚ ਹੁਣ ‘ਦਲ ਬਦਲੂ’ ਵੀ ਭੇਜਣ ਲੱਗਿਐ। ਜਲੰਧਰ ਆਲੇ ਚੌਧਰੀ ਪਰਿਵਾਰ ਨੇ ਵੀ ਕੇਂਦਰੀ ਪੂਲ ’ਚ ਤਿਲਫੁਲ ਭੇਟ ਕੀਤਾ। ਪ੍ਰਤਾਪ ਬਾਜਵਾ ਦੇ ਜ਼ਿਹਨ ’ਚ ਗਾਣਾ ਵੱਜਿਆ, ‘ਕੋਈ ਪੁੱਟ ਕੇ ਸਿਆਲੋਂ ਬੂਟਾ ਖੇੜਿਆਂ ਨੂੰ ਲਈ ਜਾਂਦਾ ਏ।’ ਪ੍ਰਧਾਨ ਸਾਹਬ, ਮੇਰੀ ਮੁਰਾਦ ਰਾਜਾ ਵੜਿੰਗ ਤੋਂ ਹੈ ਜੋ ਫ਼ਰਮਾ ਰਹੇ ਨੇ ਕਿ ਅੰਮ੍ਰਿਤਾ ਵੜਿੰਗ ਨੇ ਕੁਰਬਾਨੀ ਕੀਤੀ ਹੈ। ਥੋਨੂੰ ਪਤਾ ਹੀ ਹੈ ਕਿ ਪ੍ਰਧਾਨ ਜੀ ਦੀ ਧਰਮ ਪਤਨੀ ਅੰਮ੍ਰਿਤਾ ਨੂੰ ਟਿਕਟ ਨਹੀਂ ਮਿਲੀ। ਪ੍ਰਧਾਨ ਜੀ ਕਿਤੇ ਪਤੀ-ਦੇਵ ਵਾਲਾ ਧਰਮ ਨਿਭਾਉਂਦੇ ਤਾਂ ਅੱਜ ਘਰ ਦੀ ਰੋਟੀ ਤੋਂ ਆਤੁਰ ਨਾ ਹੋਣਾ ਪੈਂਦਾ।

       ‘ਤੂੰ ਕਾਹਦਾ ਪਟਵਾਰੀ, ਮੁੰਡਾ ਮੇਰਾ ਰੋਵੇਂ ਅੰਬ ਨੂੰ।’ ਜ਼ਰੂਰ ਅੰਮ੍ਰਿਤਾ ਨੇ ਕਿਹਾ ਹੋਊ, ਤੂੰ ਕਾਹਦਾ ਪ੍ਰਧਾਨ, ਇੱਕ ਟਿਕਟ ਤਾਂ ਦਿਵਾ ਨੀ ਸਕਿਆ। ਬਾਦਲਾਂ ਦੇ ਕਾਲਜੇ ਠੰਢ ਪਈ ਹੋਊ। ਪੁਰਾਣੀ ਗੱਲ ਹੈ, ਜਦੋਂ ਟੌਹੜਾ ਸਾਹਿਬ ਬਾਦਲਾਂ ਨਾਲ ਮੁੜ ਜੱਫੀ ਪਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ ਤਾਂ ਕਿਸੇ ਪੁੱਛਿਆ ਕਿ ਜਥੇਦਾਰ ਜੀ, ਤਖ਼ਤਾਂ ਨੂੰ ਠੁੱਡੇ ਮਾਰਨ ਵਾਲੇ ਅੱਜ ਕੱਲ੍ਹ ਪ੍ਰਧਾਨਗੀਆਂ ਨੂੰ ਕਿਉਂ ਜੱਫੇ ਮਾਰਨ ਲੱਗ ਪਏ। ਅੱਗਿਓਂ ਹਾਸੇ ਹਾਸੇ ਵਿਚ ਟੌਹੜਾ ਸਾਹਿਬ ਆਖਣ ਲੱਗੇ, ‘ਕਿਹੜੀ ਪ੍ਰਧਾਨਗੀ ਦੀ ਗੱਲ ਕਰਦੇ ਪਏ ਹੋ, ਸਾਡੇ ਆਲੇ ਤਾਂ ਹੱਥ ’ਚ ਆਇਆ ਕੜਾਹ ਪ੍ਰਸ਼ਾਦ ਵਾਲਾ ਥਾਲ ਨੀਂ ਛੱਡਦੇ।’

        ਗੱਲ ਅੱਗੇ ਤੋਰਦੇ ਹਾਂ, ਬਠਿੰਡਾ ਹਲਕੇ ਤੋਂ ਸਿੱਧੂਆਂ ਦੇ ਮੁੰਡੇ ਜੀਤਮਹਿੰਦਰ ਨੂੰ ਟਿਕਟ ਕਾਹਦੀ ਮਿਲੀ, ਹੁਣ ਜਿੰਨੇ ਮੂੰਹ, ਓਨੀਆਂ ਗੱਲਾਂ।’ ਅਖ਼ੇ ਕਮਜ਼ੋਰ ਉਮੀਦਵਾਰ ਦੇ’ਤਾ ਕਾਂਗਰਸ ਨੇ। ਸਿਹਤ ਦੇ ਕਮਜ਼ੋਰ ਜੀਤਮਹਿੰਦਰ ਚੀਕ ਚੀਕ ਪਏ ਆਖਦੇ ਨੇ, ਬਈ! ਮੈਂ ਕਿਥੋਂ ਦਾ ਕਮਜ਼ੋਰ ਹਾਂ। ਪਹਿਲਾਂ ਦੀਵਾਰਾਂ ’ਤੇ ਇਸ਼ਤਿਹਾਰ ਚਮਕਦੇ ਹੁੰਦੇ ਸਨ, ‘ਮਰਦਾਨਾ ਤਾਕਤ ਲਈ ਮਿਲੋ ਵੈਦ ਹਰਭਜਨ ਸਿੰਘ ਯੋਗੀ ਨੂੰ।’ ਯੋਗੀ ਸਾਹਿਬ ਕੋਲ ਕਿਤੇ ਸਿਆਸੀ ਤਾਕਤ ਆਲੀ ਸਿਲਾਜੀਤ ਹੁੰਦੀ ਤਾਂ ਮਹੀਨਾ ਕੁ ਜੀਤਮਹਿੰਦਰ ਸਿੱਧੂ ਨੂੰ ਜ਼ਰੂਰ ਖੁਆਉਂਦੇ। ‘ਸਾਡਾ ਕੀ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ’, ਜਿੱਥੇ ਹੁਣ ਸੁਖਪਾਲ ਖਹਿਰਾ ਨੇ ਐਨ ਮਾਨਾਂ ਦੇ ਘਰ ’ਚ ਜਾ ਫੱਟਾ ਲਾਇਐ। ਸੰਗਰੂਰ ਆਲੇ ਗਾਣਾ ਵਜਾ ਰਹੇ ਨੇ, ‘ਤੁਮ ਤੋ ਠਹਿਰੇ ਪਰਦੇਸੀ, ਸਾਥ ਕਿਆ ਨਿਭਾਓਗੇ।’

        ਵਾਅਦਿਆਂ ਦੀਆਂ ਪੰਡਾਂ ਦੇ ਬਾਜ਼ਾਰ ਸਜੇ ਨੇ। ਆ ਫ਼ਿਲਮੀ ਡਾਇਲਾਗ ਢੁਕਵਾਂ ਜਾਪਦੈ, ‘ਰਾਜਨੀਤੀ ਮੇਂ ਵਾਅਦਾ ਕੀਆ ਤੋ ਜਾਤਾ ਹੈ, ਨਿਭਾਇਆ ਨਹੀਂ ਜਾਤਾ।’ ਕੌਮੀ ਪਾਰਟੀਆਂ ਵੱਡੇ ਚਿਹਰੇ ਲੱਭਦੀਆਂ ਪਈਆਂ ਨੇ, ਦੇਸ਼ ਦਾ ਚੌਕੀਦਾਰ ਟਾਰਚ ਚੁੱਕੀ ਫਿਰਦੈ। ਮੁਹੰਮਦ ਸਦੀਕ ਫ਼ਰੀਦਕੋਟ ਤੋਂ ਗਠੜੀ ਚੁੱਕੀ ਜਾਂਦਾ ਹੈ, ਨਾਲੇ ਗਾਉਂਦਾ ਜਾ ਰਿਹਾ ਹੈ, ‘ਚੈਹਰਾ ਕਿਆ ਦੇਖਤੇ ਹੋ, ਦਿਲ ਮੇਂ ਉਤਰ ਕਰ ਦੇਖੋ ਨਾ।’ ਫ਼ਿਰੋਜ਼ਪੁਰ ’ਚ ਕਮਾਲ ਦੇਖੋ, ‘ਆਪ’ ਵਿਧਾਇਕ ਗੋਲਡੀ ਕੰਬੋਜ ਦੀ ਮਾਂ ਪਾਰਟੀ ‘ਆਪ’ ਹੈ ਅਤੇ ਪਿਓ ਪਾਰਟੀ ਬਸਪਾ ਹੈ। ਬਸਪਾ ਨੇ ਗੋਲਡੀ ਦੇ ਬਾਪ ਨੂੰ ਉਮੀਦਵਾਰ ਜੋ ਬਣਾਇਆ।

         ਦਲ-ਵੱਟ ਭਰਾਵਾਂ ਦਾ ਘੜਮੱਸ ਪਿਐ। ਪਹਿਲੋਂ ਮਹਾਕਵੀ ਰੈਲੀਆਂ ’ਚ ਬਿਰਾਜ’ਦੇ। ਕਾਂਗਰਸੀ ਰੈਲੀ ’ਚ ਕਵੀ ‘ਭਮੱਕੜ ਦਾਸ’ ਖੱਬੇ ਖੀਸੇ ’ਚੋਂ ਕਵਿਤਾ ਕੱਢ ਪੜ੍ਹਨ ਲੱਗੇ। ਕਾਂਗਰਸ ਦੇ ਵਖੀਏ ਉਧੇੜਨ ਵਾਲੀ ਕਵਿਤਾ। ਕਿਸੇ ਨੇ ਪਜਾਮਾ ਖਿੱਚ ਕੇ ਚੇਤੇ ਕਰਾਇਆ ਤਾਂ ਭਮੱਕੜ ਦਾਸ ਨੇ ਸੱਜੇ ਖੀਸੇ ’ਚੋਂ ਕਵਿਤਾ ਕੱਢਦਿਆਂ ਕਿਹਾ ਕਿ ਮੁਆਫ਼ ਕਰਨਾ ਕਿ ਖੱਬੇ ਖੀਸੇ ’ਚ ਦੂਜੀ ਪਾਰਟੀ ਦੀ ਕਵਿਤਾ ਸੀ। ਆਖ਼ਰੀ ਅਪੀਲ ਇੱਕ ਦਿਨ ਦੇ ਬਾਦਸ਼ਾਹ  ਭਾਵ ਵੋਟਰ ਪਾਤਸ਼ਾਹ ਨੂੰ। ਅਪੀਲ ਕਰਤਾ ਸ਼ਾਹਰੁਖ਼ ਖ਼ਾਨ ਨੇ, ‘ਜੋ ਵੋਟ ਮਾਂਗਨੇ ਆਏ, ਉਸ ਸੇ ਸੁਆਲ ਪੂਛੋ ਕਿ ਅਗਲੇ ਪੰਜ ਸਾਲ ਹਮਾਰੇ ਲਿਏ ਕਿਆ ਕਰੋਗੇ।’

(27 ਅਪਰੈਲ 2024)