Wednesday, November 6, 2024

                                                       ਕਣਕ ਦਾ ਬੀਜ
                           ਸਬਸਿਡੀ ਦੇਣ ਦੀ ਨੀਤੀ ਵਿਚ ਬਦਲਾਅ
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਨੂੰ ਐਤਕੀਂ ਵੱਧ ਤੋਂ ਵੱਧ ਇੱਕ ਏਕੜ ਲਈ ਹੀ ਕਣਕ ਦਾ ਸਬਸਿਡੀ ਵਾਲਾ ਬੀਜ ਮਿਲੇਗਾ ਜੋ ਪਹਿਲਾਂ ਪ੍ਰਤੀ ਕਿਸਾਨ ਵੱਧ ਤੋਂ ਵੱਧ ਪੰਜ ਏਕੜ ਲਈ ਦਿੱਤਾ ਜਾਂਦਾ ਸੀ। ਕੇਂਦਰ ਸਰਕਾਰ ਨੇ ਕਣਕ ਦੇ ਬੀਜ ’ਤੇ ਸਬਸਿਡੀ ਦੇਣ ਦੀ ਨੀਤੀ ਵਿਚ ਬਦਲਾਅ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਕਣਕ ਦਾ ਬੀਜ ਵੱਧ ਤੋਂ ਵੱਧ ਇੱਕ ਏਕੜ ਰਕਬੇ ਲਈ ਹੀ ਮਿਲੇਗਾ। ਪੰਜਾਬ ਵਿਚ ਹੁਣ ਤੱਕ 8.7 ਫ਼ੀਸਦੀ ਰਕਬੇ ਵਿਚ ਕਣਕ ਦੀ ਬਿਜਾਈ ਹੋ ਚੁੱਕੀ ਹੈ ਅਤੇ 15 ਨਵੰਬਰ ਤੱਕ ਦੇ ਸਮੇਂ ਨੂੰ ਬਿਜਾਈ ਲਈ ਢੁਕਵਾਂ ਦੱਸਿਆ ਜਾਂਦਾ ਹੈ। ਕੇਂਦਰ ਸਰਕਾਰ ਨੇ ਪੰਜਾਬ ਨੂੰ ਸਿਧਾਂਤਕ ਤੌਰ ’ਤੇ ਸਬਸਿਡੀ ਵਾਲੇ ਬੀਜ ਲਈ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਨੀਤੀ ਤਹਿਤ ਸੂਬੇ ਵਿਚ ਸਬਸਿਡੀ ਵਾਲੇ ਬੀਜ ਦੇ ਲਾਭਪਾਤਰੀਆਂ ਦੀ ਗਿਣਤੀ ਵਧੇਗੀ, ਪਰ ਉਨ੍ਹਾਂ ਨੂੰ ਸਿਰਫ਼ ਇੱਕ ਏਕੜ ਲਈ ਹੀ ਇਹ ਬੀਜ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਨੂੰ ਸਬਸਿਡੀ ਵਾਲੇ ਬੀਜ ਦੀ ਮਿਲਣ ਵਾਲੀ ਮਿਕਦਾਰ (ਦੋ ਲੱਖ ਕੁਇੰਟਲ) ਵਿਚ ਕੋਈ ਕਟੌਤੀ ਨਹੀਂ ਹੋਵੇਗੀ।

       ਇਹ ਵੱਖਰੀ ਗੱਲ ਹੈ ਕਿ ਕਿਸਾਨਾਂ ਦੇ ਬੀਜ ਦੇ ਲਾਗਤ ਖ਼ਰਚੇ ਵਧਣਗੇ ਕਿਉਂਕਿ ਉਨ੍ਹਾਂ ਨੂੰ ਬੀਜ ਦੀ ਪੂਰਤੀ ਮਾਰਕੀਟ ’ਚੋਂ ਕਰਨੀ ਪਵੇਗੀ। ਬਾਜ਼ਾਰ ਵਿਚ ਕਣਕ ਦਾ ਬੀਜ 3250 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ। ਪਿਛਲੇ ਸਾਲ ਜਿਨ੍ਹਾਂ ਕਿਸਾਨਾਂ ਦੀ ਸਬਸਿਡੀ ਵਾਲੇ ਬੀਜ ਲਈ ਚੋਣ ਹੁੰਦੀ ਸੀ, ਉਨ੍ਹਾਂ ਨੂੰ ਵੱਧ ਤੋਂ ਵੱਧ ਦੋ ਕੁਇੰਟਲ ਬੀਜ ਮਿਲਦਾ ਸੀ ਅਤੇ ਇਹ ਬੀਜ ਮਾਰਕੀਟ ਰੇਟ ਨਾਲੋਂ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਘੱਟ ਮਿਲਦਾ ਸੀ। ਪਿਛਲੀ ਕਾਂਗਰਸ ਸਰਕਾਰ ਸਮੇਂ ਵੀ ਕਦੇ ਕਿਸਾਨਾਂ ਨੂੰ ਵੇਲੇ ਸਿਰ ਸਬਸਿਡੀ ਵਾਲਾ ਬੀਜ ਨਹੀਂ ਮਿਲਿਆ ਸੀ। ਰਾਸ਼ਟਰੀ ਖ਼ੁਰਾਕ ਸੁਰੱਖਿਆ ਮਿਸ਼ਨ ਅਤੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਪ੍ਰਮਾਣਿਤ ਬੀਜਾਂ ’ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ’ਚ 60 ਫ਼ੀਸਦੀ ਸਬਸਿਡੀ ਦੀ ਲਾਗਤ ਕੇਂਦਰ ਅਤੇ ਬਾਕੀ 40 ਫ਼ੀਸਦੀ ਹਿੱਸੇਦਾਰੀ ਸੂਬਾ ਸਰਕਾਰ ਦੀ ਰਹਿੰਦੀ ਹੈ। ਲੰਘੇ ਜੁਲਾਈ ਮਹੀਨੇ ਵਿਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਕਣਕ ਦੀ ਸਬਸਿਡੀ ਲਈ 20 ਕਰੋੜ ਰੁਪਏ ਦੀ ਮੰਗ ਕੀਤੀ ਸੀ।

        ਐਤਕੀਂ ਤਕਰੀਬਨ 35 ਲੱਖ ਹੈਕਟੇਅਰ ਰਕਬਾ ਕਣਕ ਦੀ ਕਾਸ਼ਤ ਹੇਠ ਆਉਣ ਦਾ ਅਨੁਮਾਨ ਹੈ ਅਤੇ ਕਣਕ ਦੀ ਬਿਜਾਈ ਇਸ ਵਾਰ ਪਛੜ ਸਕਦੀ ਹੈ ਕਿਉਂਕਿ ਝੋਨੇ ਦੀ ਵਾਢੀ ਹਾਲੇ ਵੀ 29 ਫ਼ੀਸਦੀ ਬਾਕੀ ਪਈ ਹੈ। ਮੌਜੂਦਾ ਕਣਕ ਦੇ ਸੀਜ਼ਨ ਲਈ 35 ਲੱਖ ਕੁਇੰਟਲ ਬੀਜ ਦੀ ਲੋੜ ਹੈ ਜਿਸ ’ਚੋਂ ਸਿਰਫ਼ ਦੋ ਲੱਖ ਕੁਇੰਟਲ ਬੀਜ ਹੀ ਸਬਸਿਡੀ ’ਤੇ ਦਿੱਤਾ ਜਾਂਦਾ ਹੈ। ਸੂਬੇ ’ਚ ਪਿਛਲੇ ਹਫ਼ਤੇ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਸੀ। ਕਿਸਾਨਾਂ ਨੂੰ ਸਬਸਿਡੀ ਵਾਲਾ ਬੀਜ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਉਪਲਬਧ ਕਰਵਾਇਆ ਜਾਂਦਾ ਹੈ। ਕੇਂਦਰ ਵੱਲੋਂ ਐਤਕੀਂ ਸਬਸਿਡੀ ਵਾਲੇ ਬੀਜ ਬਾਰੇ ਕੋਈ ਪੱਲਾ ਨਹੀਂ ਫੜਾਇਆ ਗਿਆ ਸੀ ਜਿਸ ਕਰਕੇ ਅਜੇ ਤੱਕ ਭੰਬਲਭੂਸਾ ਬਣਿਆ ਹੋਇਆ ਸੀ। ਸਬਸਿਡੀ ਵਾਲਾ ਬੀਜ ਸਿਰਫ਼ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਹੀ ਦਿੱਤਾ ਜਾਂਦਾ ਹੈ। ਨਵੀਂ ਨੀਤੀ ਤਹਿਤ ਹੁਣ ਕਿਸਾਨਾਂ ਦੀ ਗਿਣਤੀ ਵਧ ਜਾਵੇਗੀ ਪ੍ਰੰਤੂ ਬੀਜ ਦੀ ਵੰਡ ਪੁਰਾਣੀ ਵਾਂਗ ਹੀ ਰਹੇਗੀ।

                                  ਮਸਲਾ ਕੇਂਦਰੀ ਮੰਤਰੀ ਕੋਲ ਰੱਖਿਆ ਸੀ: ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਣਕ ਦੀ ਸਬਸਿਡੀ ਵਾਲੇ ਬੀਜ ਦਾ ਮਾਮਲਾ ਕੇਂਦਰੀ ਖੇਤੀ ਮੰਤਰੀ ਕੋਲ ਉਠਾਇਆ ਗਿਆ ਸੀ ਅਤੇ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਨੇ ਸਬਸਿਡੀ ਵਾਲੇ ਬੀਜ ਲਈ ਰਸਮੀ ਸਹਿਮਤੀ ਦੇ ਦਿੱਤੀ ਹੈ ਅਤੇ ਖੇਤੀ ਮਹਿਕਮਾ ਹੁਣ ਫ਼ਸਲ ਦੀ ਬਿਜਾਈ ਕਰਨ ਵਾਲੇ ਯੋਗ ਕਿਸਾਨਾਂ ਨੂੰ ਆਖ ਰਿਹਾ ਹੈ ਕਿ ਉਹ ਕਣਕ ਦੀ ਖ਼ਰੀਦ ਦਾ ਬਿੱਲ ਆਪਣੇ ਕੋਲ ਰੱਖਣ ਤਾਂ ਜੋ ਪ੍ਰਤੀ ਕਿਸਾਨ ਇੱਕ ਏਕੜ ਦੇ ਬੀਜ ਦੀ ਸਬਸਿਡੀ ਦੀ ਅਦਾਇਗੀ ਬਾਅਦ ਵਿਚ ਕੀਤੀ ਜਾ ਸਕੇ।

Monday, November 4, 2024

                                                       ਜ਼ਿਮਨੀ ਚੋਣਾਂ 
                          ਚਾਰ ਸੀਟਾਂ ਦੇ ਵੋਟਰਾਂ ਨੂੰ ਮੌਜਾਂ ਹੀ ਮੌਜਾਂ..!
                                                      ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ’ਚ ਜਿਨ੍ਹਾਂ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣ ਹੋ ਰਹੀ ਹੈ, ਉਨ੍ਹਾਂ ਦੇ ਵੋਟਰਾਂ ਨੂੰ ਮੌਜਾਂ ਹੀ ਮੌਜਾਂ ਹਨ। ਸਮੁੱਚੇ ਪੰਜਾਬ ’ਚ ਡੀਏਪੀ ਖਾਦ ਦਾ ਸੰਕਟ ਹੈ ਪ੍ਰੰਤੂ ਜ਼ਿਮਨੀ ਚੋਣਾਂ ਵਾਲੇ ਹਲਕਿਆਂ ’ਚ ਇਹ ਕਮੀ ਘੱਟ ਰੜਕ ਰਹੀ ਹੈ। ਤਾਜ਼ਾ ਮਿਸਾਲ ਮਲੇਰਕੋਟਲਾ ਦੀ ਹੈ ਜਿੱਥੇ ਕਿਸਾਨਾਂ ਨੇ ਡੀਏਪੀ ਖਾਦ ਦੇ ਰੇਲ ਰੈਕ ਦਾ ਘਿਰਾਓ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਾਰਕੁੰਨ ਕਿਸਾਨਾਂ ਨੇ 32 ਹਜ਼ਾਰ ਬੋਰੀਆਂ ਦੀ ਭਰੀ ਰੇਲ ਗੱਡੀ ਨੂੰ ਮਲੇਰਕੋਟਲਾ ਵਿਚ ਰੋਕ ਲਿਆ। ਇਸ ਰੈਕ ਚੋਂ 75 ਫ਼ੀਸਦੀ ਖਾਦ ਮਲੇਰਕੋਟਲਾ ਲਈ ਅਤੇ 25 ਫ਼ੀਸਦੀ ਜ਼ਿਲ੍ਹਾ ਬਰਨਾਲਾ ਲਈ ਸੀ। ਕਿਸਾਨਾਂ ਦਾ ਇਲਜ਼ਾਮ ਸੀ ਕਿ ਖਾਦ ਦੀ ਵੰਡ ਵਿਚ ਫੇਰਬਦਲ ਕਰਕੇ ਜ਼ਿਆਦਾ ਖਾਦ ਜ਼ਿਲ੍ਹਾ ਬਰਨਾਲਾ ਵਿਚ ਭੇਜੀ ਜਾ ਰਹੀ ਸੀ ਕਿਉਂਕਿ ਉੱਥੇ ਬਰਨਾਲਾ ’ਚ ਜ਼ਿਮਨੀ ਚੋਣ ਹੋ ਰਹੀ ਹੈ। ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਖਾਦ ਦੀ ਵੰਡ ਵਿਚ ਫੇਰਬਦਲ ਦੇ ਰੋਸ ਵਿਚ ਕਿਸਾਨਾਂ ਦਾ ਦੋ ਤਿੰਨ ਘੰਟੇ ਪ੍ਰਦਰਸ਼ਨ ਚੱਲਿਆ। 

         ਰੌਲਾ ਪੈਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਖਲ ਕੀਤਾ ਜਿਸ ਪਿੱਛੋਂ 16,500 ਬੋਰੀਆਂ ਮਲੇਰਕੋਟਲਾ ਨੂੰ ਦੇਣ ਅਤੇ 7500 ਬੋਰੀਆਂ ਬਰਨਾਲਾ ਭੇਜਣ ਦਾ ਫ਼ੈਸਲਾ ਹੋਇਆ। ਬਾਕੀ ਅੱਠ ਹਜ਼ਾਰ ਬੋਰੀ ਪ੍ਰਾਈਵੇਟ ਡੀਲਰਾਂ ਨੂੰ ਦਿੱਤੀ ਗਈ ਹੈ। ਮਲੇਰਕੋਟਲਾ ਦੀ ਡਿਪਟੀ ਕਮਿਸ਼ਨਰ ਪੱਲਵੀ ਦਾ ਕਹਿਣਾ ਸੀ ਕਿ ਹਰ ਜ਼ਿਲ੍ਹੇ ਦੀ ਲੋੜ ਦੇ ਆਧਾਰ ’ਤੇ ਖਾਦਾਂ ਦੀ ਵੰਡ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਮਾਰਕਫੈੱਡ ਦੇ ਐਮ.ਡੀ ਗਿਰੀਸ਼ ਦਿਆਲਨ ਦਾ ਕਹਿਣਾ ਸੀ ਕਿ ਉਹ ਦੇਖਣਗੇ ਕਿ ਇਸ ਮਾਮਲੇ ਵਿਚ ਕਿੰਨੀ ਖਾਦ ਕਿਸ ਜ਼ਿਲ੍ਹੇ ਨੂੰ ਪਹਿਲਾਂ ਐਲੋਕੇਟ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ’ਚ ਦੀਵਾਲੀ ਤੋਂ ਪਹਿਲਾ ਰੈਕ ਲੱਗਿਆ ਸੀ ਜਿਸ ਚੋਂ 14 ਹਜ਼ਾਰ ਬੋਰੀਆਂ ਜ਼ਿਲ੍ਹਾ ਮਾਨਸਾ ਨੂੰ ਅਤੇ 10 ਹਜ਼ਾਰ ਬੋਰੀਆਂ ਜ਼ਿਲ੍ਹਾ ਬਰਨਾਲਾ ਨੂੰ ਭੇਜੀਆਂ ਗਈਆਂ ਸਨ। ਦੱਸਣਯੋਗ ਹੈ ਕਿ ਡੀ.ਏ.ਪੀ ਭਾਰਤ ਸਰਕਾਰ ਵੱਲੋਂ ਭੇਜੀ ਜਾਂਦੀ ਹੈ, ਪਰ ਸੂਬਾ ਸਰਕਾਰ ਵੱਲੋਂ ਇਸ ਦੀ ਜ਼ਿਲ੍ਹਾਵਾਰ ਅਲਾਟਮੈਂਟ ਮਾਰਕਫੈੱਡ ਰਾਹੀਂ ਕੀਤੀ ਜਾਂਦੀ ਹੈ।

         ਕਿਸਾਨ ਆਗੂ ਕੋਕਰੀ ਕਲਾਂ ਨੇ ਇਲਜ਼ਾਮ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਗੁਪਤ ਤਰੀਕੇ ਨਾਲ ਖਾਦ ਚੋਣਾਂ ਵਾਲੇ ਹਲਕਿਆਂ ਵਿਚ ਭੇਜੀ ਜਾ ਰਹੀ ਸੀ ਤਾਂ ਜੋ ਦਿਹਾਤੀ ਵੋਟਰਾਂ ਨੂੰ ਖ਼ੁਸ਼ ਕੀਤਾ ਜਾ ਸਕੇ। ਦੂਸਰੀ ਤਰਫ਼ ਸੂਬਾ ਸਰਕਾਰ ਇਸ ਤੋਂ ਇਨਕਾਰ ਕਰਦਿਆਂ ਆਖ ਰਹੀ ਹੈ ਕਿ ਸਮੁੱਚੇ ਸੂਬੇ ਵਿਚ ਖਾਦਾਂ ਦੀ ਵੰਡ ਬਰਾਬਰ ਕੀਤੀ ਗਈ ਹੈ।ਜ਼ਿਮਨੀ ਚੋਣਾਂ ਵਾਲੇ ਹਲਕਿਆਂ ਵਿਚ ਬਿਜਲੀ ਚੋਰੀ ਰੋਕਣ ਵਾਸਤੇ ਛਾਪੇਮਾਰੀ ਵੀ ਘਟੀ ਹੋਈ ਜਾਪਦੀ ਹੈ। ਤਿਉਹਾਰਾਂ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਸੀ ਕਿ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ ਅਤੇ ਅਗਰ ਕੋਈ ਅਧਿਕਾਰੀ ਰੇਡ ਕਰਦਾ ਹੈ ਤਾਂ ਉਸ ਦੀ ਸੂਚਨਾ ਸੂਬਾ ਸਰਕਾਰ ਨੂੰ ਫ਼ੌਰੀ ਦਿੱਤੀ ਜਾਵੇ। ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਜ਼ਿਮਨੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਇਨ੍ਹਾਂ ਹਲਕਿਆਂ ਨੂੰ ਵਿਸ਼ੇਸ਼ ਤੌਰ ’ਤੇ ਵਿਕਾਸ ਕੰਮਾਂ ਲਈ ਫ਼ੰਡ ਜਾਰੀ ਕੀਤੇ ਸਨ।

         ਪੰਜਾਬ ਵਿਚ ਗਿੱਦੜਬਾਹਾ ਸੀਟ ’ਤੇ ਸਖ਼ਤ ਟੱਕਰ ਬਣੀ ਹੋਈ ਹੈ ਜਿੱਥੇ ਕੁੱਲ 1.66 ਲੱਖ ਵੋਟਰ ਹਨ ਜਿਨ੍ਹਾਂ ਚੋਂ 1.22 ਲੱਖ ਪੇਂਡੂ ਵੋਟਰ ਹਨ। ਇਸੇ ਤਰ੍ਹਾਂ ਬਰਨਾਲਾ ਹਲਕੇ ਦੇ ਕੁੱਲ 1.80 ਲੱਖ ਵੋਟਰਾਂ ਚੋਂ 92 ਹਜ਼ਾਰ ਵੋਟਰ ਪੇਂਡੂ ਹਨ। ਡੇਰਾ ਬਾਬਾ ਨਾਨਕ ਹਲਕੇ ਦੇ 1.95 ਲੱਖ ਵੋਟਰਾਂ ਚੋਂ 1.85 ਲੱਖ ਦਿਹਾਤੀ ਵੋਟਰ ਹਨ। ਇਸ ਹਲਕੇ ਵਿਚ 279 ਪਿੰਡ ਪੈਂਦੇ ਹਨ। ਹਲਕਾ ਚੱਬੇਵਾਲ ਵਿਚ 1.56 ਲੱਖ ਵੋਟਰ ਹਨ ਜਿਨ੍ਹਾਂ ਚੋਂ ਜ਼ਿਆਦਾ ਪੇਂਡੂ ਵੋਟਰ ਹਨ।       

                                          ਝੋਨੇ ਦੀ ਲਿਫ਼ਟਿੰਗ ਹੱਥੋਂ ਹੱਥੀਂ..

ਜ਼ਿਮਨੀ ਚੋਣਾਂ ਵਾਲੇ ਹਲਕਿਆਂ ਵਿਚ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਬਾਕੀ ਪੰਜਾਬ ਦੀ ਔਸਤ ਨਾਲੋਂ ਜ਼ਿਆਦਾ ਹੈ। ਸਮੁੱਚੇ ਪੰਜਾਬ ਵਿਚ 90.83 ਲੱਖ ਮੀਟਰਿਕ ਟਨ ਫ਼ਸਲ ਖ਼ਰੀਦ ਕੀਤੀ ਗਈ ਹੈ ਜਿਸ ਚੋਂ 43.82 ਲੱਖ ਮੀਟਰਿਕ ਟਨ ਫ਼ਸਲ ਦੀ ਲਿਫ਼ਟਿੰਗ ਹੋਈ ਹੈ ਜੋ ਕਿ 48.23 ਫ਼ੀਸਦੀ ਬਣਦੀ ਹੈ। ਬਰਨਾਲਾ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ਚੋਂ 67.53 ਫ਼ੀਸਦੀ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ ਜਦੋਂ ਕਿ ਡੇਰਾ ਬਾਬਾ ਨਾਨਕ ਦੀ ਮਾਰਕੀਟ ਕਮੇਟੀ ਦੀਆਂ ਮੰਡੀਆਂ ਚੋਂ 71.23 ਫ਼ੀਸਦੀ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ।

                                                 ਸਖ਼ਤੀ ਤੋਂ ਕਿਨਾਰਾ

ਜ਼ਿਮਨੀ ਚੋਣਾਂ ਵਾਲੇ ਜ਼ਿਲ੍ਹਿਆਂ ਵਿਚ ਪਰਾਲੀ ਪ੍ਰਦੂਸ਼ਣ ਵੀ ਘੱਟ ਨਜ਼ਰ ਆ ਰਿਹਾ ਹੈ। ਪੰਜਾਬ ਵਿਚ ਹੁਣ ਤੱਕ ਅੱਗਾਂ ਦੀਆਂ ਘਟਨਾਵਾਂ ਦੀ ਗਿਣਤੀ 4132 ਹੋ ਗਈ ਹੈ। ਦੂਸਰੇ ਜ਼ਿਲ੍ਹਿਆਂ ਦੇ ਕਿਸਾਨਾਂ ’ਤੇ ਜ਼ਿਆਦਾ ਸਖ਼ਤੀ ਹੈ ਜਦੋਂ ਕਿ ਜ਼ਿਲ੍ਹਾ ਮੁਕਤਸਰ ਵਿਚ 12 ਪੁਲੀਸ ਕੇਸ ਅਤੇ 9 ਰੈੱਡ ਐਂਟਰੀਆਂ ਪਾਈਆਂ ਗਈਆਂ ਹਨ। ਜ਼ਿਲ੍ਹਾ ਹÇੁਸ਼ਆਰਪੁਰ ਵਿਚ ਸਿਰਫ਼ ਤਿੰਨ ਪੁਲੀਸ ਕੇਸ ਅਤੇ ਚਾਰ ਐਂਟਰੀਆਂ ਪਾਈਆਂ ਹਨ। ਇਵੇਂ ਜ਼ਿਲ੍ਹਾ ਗੁਰਦਾਸਪੁਰ ਵਿਚ 78 ਕੇਸ ਤੇ 79 ਰੈੱਡ ਐਂਟਰੀਆਂ ਦਰਜ ਕੀਤੀਆਂ ਹਨ ਅਤੇ ਜ਼ਿਲ੍ਹਾ ਬਰਨਾਲਾ ਵਿਚ 19 ਕੇਸ ਅਤੇ 18 ਰੈੱਡ ਐਂਟਰੀਆਂ ਪਾਈਆਂ ਹਨ।


                                                       ਪਰਾਲੀ ਪ੍ਰਦੂਸ਼ਣ  
                                      ਕਿਸਾਨਾਂ ’ਤੇ ਹੱਲਾ ਤੇਜ਼
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਖ਼ਤ ਕਦਮ ਲੈਂਦਿਆਂ ਪਰਾਲੀ ਨੂੰ ਅੱਗਾਂ ਲਾਉਣ ਵਾਲੇ ਕਿਸਾਨਾਂ ’ਤੇ ਕਰੀਬ 2300 ਪੁਲੀਸ ਕੇਸ ਦਰਜ ਕਰ ਲਏ ਹਨ ਜੋ ਕਿ ਆਪਣੇ ਆਪ ’ਚ ਰਿਕਾਰਡ ਕੇਸ ਹਨ। ਪਹਿਲੀ ਨਵੰਬਰ ਤੱਕ ਪਰਾਲੀ ਪ੍ਰਦੂਸ਼ਣ ਫੈਲਾਉਣ ਵਾਲੇ 67 ਫ਼ੀਸਦੀ ਕਿਸਾਨਾਂ ’ਤੇ ਕੇਸ ਦਰਜ ਕੀਤੇ ਜਾ ਚੁੱਕੇ ਹਨ ਜਦੋਂ ਕਿ 48 ਫ਼ੀਸਦੀ ਕਿਸਾਨਾਂ ਦੇ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਪਾਈ ਜਾ ਚੁੱਕੀ ਹੈ। ਇਸੇ ਤਰ੍ਹਾਂ 48 ਫ਼ੀਸਦੀ ਕਿਸਾਨਾਂ ਨੂੰ ਨਾਲ ਜੁਰਮਾਨੇ ਵੀ ਲਾਏ ਗਏ ਹਨ। ਇਨ੍ਹਾਂ ਦਿਨਾਂ ਵਿਚ ਪੰਜਾਬ ’ਚ ਧੂੰਆਂ ਹੀ ਧੂੰਆਂ ਨਜ਼ਰ ਪੈ ਰਿਹਾ ਹੈ। ਸੁਪਰੀਮ ਕੋਰਟ ਦੀ ਸਖ਼ਤੀ ਦੇ ਡਰੋਂ ਸੂਬਾ ਸਰਕਾਰ ਨੇ ਡੰਡਾ ਖੜਕਾ ਰੱਖਿਆ ਹੈ। ਪਿਛਲੇ ਵਰ੍ਹਿਆਂ ’ਚ ਸਰਕਾਰ ਨਰਮੀ ਵਰਤਦੀ ਰਹੀ ਹੈ। ਪੰਜਾਬ ਸਰਕਾਰ ਵੱਲੋਂ ਨੋਡਲ ਅਧਿਕਾਰੀ ਪਿੰਡਾਂ ਵਿਚ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਤੋਂ ਰੋਜ਼ਾਨਾ ਰਿਪੋਰਟ ਲਈ ਜਾ ਰਹੀ ਹੈ। 

        ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਪਹਿਲੀ ਨਵੰਬਰ ਤੱਕ ਸੂਬੇ ਦੇ ਕਿਸਾਨਾਂ ’ਤੇ 2280 ਪੁਲੀਸ ਕੇਸ ਦਰਜ ਕੀਤੇ ਹਨ ਅਤੇ ਸਭ ਤੋਂ ਵੱਧ 423 ਪੁਲੀਸ ਕੇਸ ਤਰਨਤਾਰਨ ਜ਼ਿਲ੍ਹੇ ਦੇ ਕਿਸਾਨਾਂ ’ਤੇ ਦਰਜ ਕੀਤੇ ਹਨ ਜਦੋਂ ਕਿ ਦੂਜੇ ਨੰਬਰ ’ਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ’ਤੇ 318 ਪੁਲੀਸ ਕੇਸ ਦਰਜ ਕੀਤੇ ਗਏ ਹਨ। ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਪਠਾਨਕੋਟ ਵਿਚ ਸਿਰਫ਼ ਸੱਤ ਕੇਸ ਦਰਜ ਹੋਏ ਹਨ। ਪੰਜਾਬ ਪੁਲੀਸ ਤੇ ਸਿਵਲ ਅਧਿਕਾਰੀਆਂ ਨੇ ਸਾਂਝੇ ਤੌਰ ’ਤੇ ਕਾਰਵਾਈ ਵਿੱਢੀ ਹੋਈ ਹੈ। ਮਾਲਵਾ ਖ਼ਿੱਤੇ ਵਿਚ ਤਾਂ ਕਿਸਾਨ ਆਗੂਆਂ ਵੱਲੋਂ ਇਸ ਦੇ ਵਿਰੋਧ ਵਿਚ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਘਿਰਾਓ ਵੀ ਹੋ ਰਹੇ ਹਨ। ਕਿਸਾਨ ਤਾਂ ਪਹਿਲਾਂ ਹੀ ਝੋਨੇ ਦੀ ਖ਼ਰੀਦ ਵਿਚ ਮੁਸ਼ਕਲਾਂ ਹੋਣ, ਡੀਏਪੀ ਸੰਕਟ ਤੋਂ ਇਲਾਵਾ ਕਣਕ ਦੀ ਬਿਜਾਈ ਪਛੜਨ ਕਰਕੇ ਫ਼ਿਕਰਮੰਦੀ ਵਿਚ ਹਨ। ਉੱਪਰੋਂ ਸਰਕਾਰੀ ਕੁੜਿੱਕੀ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ।

         ਇਸੇ ਤਰ੍ਹਾਂ ਹੀ ਪੰਜਾਬ ਭਰ ’ਚ 1710 ਕਿਸਾਨਾਂ ਦੇ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਪਾ ਦਿੱਤੀ ਗਈ ਹੈ। ਸਭ ਤੋਂ ਵੱਧ ਜ਼ਿਲ੍ਹਾ ਪਟਿਆਲਾ ਵਿਚ 264 ਕਿਸਾਨਾਂ ਦੇ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਪਾਈ ਗਈ ਹੈ। ਤਰਨਤਾਰਨ ਵਿਚ 241 ਕਿਸਾਨਾਂ ਦੇ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਪਾਈ ਗਈ ਹੈ।ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦਾ ਤਰਕ ਸੀ ਕਿ ਇਸ ਵਾਰ ਪਰਾਲੀ ਪ੍ਰਦੂਸ਼ਣ ਲਈ ਖ਼ੁਦ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਨੇ ਸਮੇਂ ਸਿਰ ਝੋਨੇ ਦੀ ਖ਼ਰੀਦ ਨਹੀਂ ਕੀਤੀ ਜਿਸ ਕਰਕੇ ਕਿਸਾਨਾਂ ਦੀ ਕਣਕ ਦੀ ਬਿਜਾਂਦ ਪਛੜ ਗਈ ਹੈ। ਬਿਜਾਈ ਲੇਟ ਹੋਣ ਕਰਕੇ ਕਿਸਾਨ ਮਜਬੂਰੀ ਵਿਚ ਅਜਿਹੇ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਗ਼ਲਤੀ ਦਾ ਖ਼ਮਿਆਜ਼ਾ ਕਿਸਾਨ ਭੁਗਤ ਰਹੇ ਹਨ।

         ਦੇਖਿਆ ਜਾਵੇ ਤਾਂ ਪਰਾਲੀ ਦੇ ਧੂੰਏਂ ਕਾਰਨ ਲੋਕਾਂ ਅਤੇ ਖੇਤਾਂ ਦੀ ਸਿਹਤ ਵੀ ਦਾਅ ’ਤੇ ਲੱਗ ਗਈ ਹੈ। ਸੜਕੀ ਹਾਦਸੇ ਵੀ ਵਧ ਗਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਦੀ ਇਸ ਕਾਰਵਾਈ ਖ਼ਿਲਾਫ਼ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਵਾਰ ਸੁਪਰੀਮ ਕੋਰਟ ਦਾ ਵੱਡਾ ਡਰ ਸੂਬਾ ਸਰਕਾਰ ਨੂੰ ਹੈ। ਸੂਬਾ ਸਰਕਾਰ ਨੇ ਨਰਮੀ ਦਿਖਾਉਣ ਵਾਲੇ ਸਰਕਾਰ ਦੇ 948 ਕਰਮਚਾਰੀਆਂ ਖ਼ਿਲਾਫ਼ ਵੀ ਕਾਰਵਾਈ ਕਰ ਦਿੱਤੀ ਹੈ। ਕਈ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਬਹੁਤੇ ਨੋਡਲ ਅਫ਼ਸਰਾਂ ਤੇ ਸੁਪਰਵਾਈਜ਼ਰੀ ਸਟਾਫ਼ ਨੂੰ ਕਾਰਨ ਦੱਸੋ ਨੋਟਿਸ ਅਤੇ ਚਿਤਾਵਨੀ ਨੋਟਿਸ ਜਾਰੀ ਕੀਤੇ ਗਏ ਹਨ। ਇਵੇਂ ਹੀ 1717 ਕੇਸਾਂ ਵਿਚ ਕਿਸਾਨਾਂ ਨੂੰ 45.05 ਲੱਖ ਰੁਪਏ ਦੇ ਜੁਰਮਾਨੇ ਪਾਏ ਗਏ ਹਨ। ਪੰਜਾਬ ਸਰਕਾਰ ਵੱਲੋਂ ਅੱਗਾਂ ਦੀਆਂ 3537 ਘਟਨਾਵਾਂ ਦੇ ਅਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ।

        ਕਿਸਾਨਾਂ ਖ਼ਿਲਾਫ਼ ਕਾਰਵਾਈ ’ਤੇ ਇੱਕ ਝਾਤ

ਜ਼ਿਲ੍ਹਾ ਦਰਜ      ਕੇਸਾਂ ਦੀ ਗਿਣਤੀ       ਰੈੱਡ ਐਂਟਰੀ ਦੇ ਕੇਸ

ਅੰਮ੍ਰਿਤਸਰ           306                       227

ਤਰਨਤਾਰਨ         423                       241

ਮਾਨਸਾ               102                         84

ਪਟਿਆਲਾ           316                        264

ਸੰਗਰੂਰ               240                       115

ਫ਼ਿਰੋਜ਼ਪੁਰ            318                         236

ਕਪੂਰਥਲਾ            95                          114

ਫ਼ਤਿਹਗੜ੍ਹ ਸਾਹਿਬ   88                         76

                               ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ…!          
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ’ਚ ਜ਼ਿਮਨੀ ਚੋਣਾਂ ਦਾ ਤੰਦੂਰ ਤਪਿਐ। ਦੋ ਚਾਰ ਫੁਲਕੇ ਲਾਹੁਣ ਲਈ, ਰਾਜਸੀ ਤੰਦੂਰੀਏ ਕਾਹਲੇ ਪਏ ਨੇ। ਸਿਆਸੀ ਤੰਦੂਰਗਿਰੀ ਐਨਾ ਸੌਖਾ ਧੰਦਾ ਨਹੀਂ, ਬੜੇ ਹੀ ਪਾਪੜ ਵੇਲਣੇ ਪੈਂਦੇ ਨੇ। ਗਿੱਦੜਬਾਹਾ, ਪਹਿਲੋਂ ਨਸਵਾਰ ਕਰਕੇ, ਫਿਰ ਮਿਹਰ ਮਿੱਤਲ ਤੇ ਗੁਰਦਾਸ ਮਾਨ ਕਰਕੇ, ਮਗਰੋਂ ਜ਼ਿਮਨੀ ਚੋਣ ਕਰਕੇ ਮਸ਼ਹੂਰ ਹੋਇਆ। ਵੈਦ ਭੁਲੱਕੜ ਦਾਸ ਦੱਸਦਾ ਪਿਐ, ਬਈ ! ਜਦੋਂ ਕਿਸੇ ਨੂੰ ਨਜ਼ਲਾ ਹੁੰਦਾ, ਨਸਵਾਰ ਦੀ ਚੂੰਢੀ ਕੰਮ ਆਉਂਦੀ। ਸਭ ਛੜਾਕੇ ਛੂਹ-ਮੰਤਰ ਹੋ ਜਾਂਦੇ। ਇੰਜ ‘ਪੰਜ ਫ਼ੋਟੋ ਨਸਵਾਰ’ ਦੀ ਮੋਹੜੀ ਗਿੱਦੜਬਾਹੇ ’ਚ ਗੱਡੀ ਗਈ।

       ਕਵੀਸ਼ਰ ਹੇਕ ਲਾਉਂਦੇ ਹੁੰਦੇ ਸਨ, ‘ਚਾਹ ਤੇ ਅਫ਼ੀਮ ਦਾ ਬੜਾ ਹੈ ਮੇਲ ਜੀ, ਚੂੰਢੀ ਨਸਵਾਰ ਦੀ ਚੜ੍ਹਾਵੇ ਰੇਲ ਜੀ’। ਸਮਝ ਲਓ ਕਿ ਐਤਕੀਂ ਜ਼ਿਮਨੀ ਚੋਣਾਂ ਮੈਟਰੋ ਟਰੇਨ ਹੀ ਨੇ। ਵੋਟਰ ਪਾਤਸ਼ਾਹ ਕੋਈ ਪਹਿਲੀ ਵਾਰ ਛੁਕ ਛੁਕ ਨਹੀਂ ਸੁਣ ਰਹੇ। ਤਾਇਆ ਬਾਦਲ, ਕਦੇ ਟਰੇਨ ਦਾ ਟਕਸਾਲੀ ਸਵਾਰ ਸੀ, ਉਸੇ ਸੀਟ ’ਤੇ ਭਤੀਜ ਮਨਪ੍ਰੀਤ ਸਜਿਆ। ਔਹ ਦੇਖੋ, ਹੁਣ ਵੜਿੰਗਾਂ ਦਾ ਮੁੰਡਾ ਗਾਉਂਦਾ ਪਿਐ, ‘ਪਰੇ ਹੋਜਾ ਸੋਹਣੀਏ, ਸਾਡੀ ਰੇਲ ਗੱਡੀ ਆਈ।’ ਜਦੋਂ ਗੱਡੀ ਘਰ ਦੀ ਹੋਵੇ, ਪਾਇਲਟ ਸੀਟ ’ਤੇ ਪਤੀ ਦੇਵ ਬਿਰਾਜਮਾਨ ਹੋਵੇ, ਫਿਰ ਅੰਮ੍ਰਿਤਾ ਵੜਿੰਗ ਕਿਉਂ ਨਾ ਸਵਾਰ ਬਣੇ। ‘ਵੱਡੇ ਸਿਰਾਂ ਦੀਆਂ ਵੱਡੀਆਂ ਪੀੜਾਂ’।

       ਮਿਹਰ ਮਿੱਤਲ ਇੱਕ ਫ਼ਿਲਮ ’ਚ ਇੰਜ ਹੁੱਝਾਂ ਮਾਰ ਜਗਾਉਂਦਾ ਹੈ,‘ ਭਰਾਵੋ! ਤੁਸੀਂ ਲੁੱਚਿਆ ਲਫ਼ੰਗਿਆਂ ਤੋਂ ਬਚ ਕੇ ਵੋਟ ਪਾਇਓ, ਵੋਟਾਂ ਵੇਲੇ ਇਹ ਗਧੇ ਨੂੰ ਵੀ ਬਾਪ ਬਣਾ ਲੈਂਦੇ ਨੇ, ਤੁਸੀਂ ਤਾਂ ਫਿਰ ਵੀ ਬੰਦੇ ਹੋ, ਲੱਗਦੇ ਬੜੇ ਚੰਗੇ ਹੋ।’ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਮਜਮਾ ਸੱਜਿਐ। ਗਿੱਦੜਬਾਹਾ ਹੌਟ ਸੀਟ ਹੈ, ਕੋਈ ਸ਼ੱਕ ਹੋਵੇ ਤਾਂ ਤੰਦੂਰ ’ਚ ਹੱਥ ਪਾ ਕੇ ਦੇਖ ਲਓ। ਸਤੌਜਪੁਰ ਦੇ ਭਗਵੰਤ ਮਾਨ ਨੇ, ਡਿੰਪੀ ਢਿੱਲੋਂ ਨੂੰ ‘ਔਰਬਿਟ ਬੱਸ ਕੰਪਨੀ’ ’ਚੋਂ ਲਾਹ ਕੇ ‘ਕੇਜਰੀਵਾਲ ਬੱਸ ਸਰਵਿਸ’ ’ਚ ਬਿਠਾਇਐ।

       ਮਨਪ੍ਰੀਤ ਬਾਦਲ ਭਾਜਪਾਈ ਜੌਂਗਾ ਲੈ ਕੇ ਗਿੱਦੜਬਾਹੇ ਨਵੇਂ ਪ੍ਰਿੰਟਾਂ ’ਚ ਪੁੱਜਿਐ। ਰਾਜਾ ਵੜਿੰਗ ਵੀ ਏਨੀ ਜ਼ੋਰ ਦੀ ਗਰਜੇ ਨੇ, ਕੋਲ ਖੜ੍ਹੀਆਂ ਬੱਸਾਂ ਦੀਆਂ ਬਾਡੀਆਂ ਤਕ ਹਿੱਲ ਗਈਆਂ ਨੇ। ਅੰਮ੍ਰਿਤਾ ਵੜਿੰਗ ਤਸ਼ਰੀਫ਼ ਲਿਆਏ ਨੇ ਜਿਨ੍ਹਾਂ ਹੱਥ ਜੋੜ ਅਰਜੋਈ ਕੀਤੀ ਐ,‘ ਗਿੱਦੜਬਾਹੇ ਦੀ ਸੇਵਾ ਮੁੜ ਸਾਨੂੰ ਬਖ਼ਸ਼ੋ।’ ਇੱਧਰ ਗੁਰਦਾਸ ਮਾਨ ਨੇ ਐਵੇਂ ਵਿਆਹ ’ਚ ਬੀ ਦਾ ਲੇਖਾ ਪਾ ਦਿੱਤੈ, ‘ਜਿੰਨੇ ਮਿਲੇ ਸਾਨੂੰ, ਸਭ ਮਿਲੇ ਦੁੱਖ ਦੇਣ ਵਾਲੇ, ਇੱਕ ਨੇ ਨਾ ਪੁੱਛੀ ਸਾਡੀ ਖ਼ੈਰ।’ ਬਾਦਲਾਂ ਤੇ ਵੜਿੰਗਾਂ ਦੇ ਵਾਅਦੇ ਲੀਰੋ ਲੀਰ ਹੋਏ ਪਏ ਨੇ, ਗਿੱਦੜਬਾਹੇ ਵਾਲੇ ਤੋਪੇ ਲਾ ਲਾ ਸਿਊਂ ਰਹੇ ਨੇ। ‘ਸੱਜਣਾ ਬੇਕਦਰਾ, ਦੁੱਖ ਵੰਡਿਆਂ ਨਾ ਆ ਕੇ ਮੇਰਾ।’ ਦੁੱਖਾਂ ਨੂੰ ਛੱਡੋ, ਲਾਲਾ ਕਮਜ਼ੋਰੀ ਮੱਲ ਤੋਂ ਪਹਿਲਾਂ ਆਹ ਟੋਟਕਾ ਸੁਣੋ।

       ‘ਕੇਰਾਂ ਵਾਅਦੇ ਤੋਂ ਮੁੱਕਰੇ ਨੇਤਾ ਦਾਸ ਦੀ ਪਿੰਡ ਦੇ ਲੋਕਾਂ ਨੇ ਭੁਗਤ ਸਵਾਰ ਦਿੱਤੀ। ਅੱਕੇ ਲੋਕਾਂ ਨੇ ਨੇਤਾ ਨੂੰ ਗਧੇ ’ਤੇ ਬਿਠਾ ਪਿੰਡ ਦਾ ਗੇੜਾ ਲਵਾਇਆ, ਜੁਆਕਾਂ ਨੇ ਨੇਤਾ ਉਤੇ ਟਮਾਟਰ ਸੁੱਟੇ। ਆਖ਼ਰ ’ਚ ਹੱਥ ਜੋੜ ਕੇ  ਪਿਆਰੇ ਨੇਤਾ ਇੰਜ ਫ਼ਰਮਾਏ, ਸ਼ੁਕਰੀਆ! ਪਿਆਰੇ ਬੱਚਿਓ, ਤੁਸਾਂ ਨੇ ਏਨੀ ਹੌਸਲਾ ਅਫ਼ਜ਼ਾਈ ਕੀਤੀ।’ ਕਿਤੇ ਸ਼ਰਮ ਹਯਾ ਨਾਂ ਦੀ ਬੀਮਾਰੀ ਨਾਲ ਨੇਤਾ ਮਰਦੇ ਤਾਂ ਪਲੇਗ ਨੂੰ ਵੀ ਮਾਤ ਪੈ ਜਾਣੀ ਸੀ। ਜਦੋਂ ਮਨਪ੍ਰੀਤ ਬਾਦਲ ਵਿਦੇਸ਼ੋਂ ਪੜ੍ਹ ਕੇ ਆਏ। ਵੱਡੇ ਬਾਦਲ, ਭਤੀਜ ਨੂੰ ਅੰਮ੍ਰਿਤਸਰੋਂ ਅੰਮ੍ਰਿਤ ਛਕਾ ਲਿਆਏ। 1995 ਵਾਲੀ ਜ਼ਿਮਨੀ ਚੋਣ ’ਚ ਗਿੱਦੜਬਾਹਾ ਦੀ ਧਰਤੀ ਤੋਂ ਮਨਪ੍ਰੀਤ ਨੂੰ ਲਾਂਚ ਕਰ ਦਿੱਤਾ।

       ਪੁਰਾਣੇ ਵੇਲਿਆਂ ’ਚ ਕਿਸੇ ਪਿੰਡ ਦੀ ਓਹ ਮੋਹੜੀ ਗੱਡੀ ਜਾਂਦੀ ਜੋ ਮਗਰੋਂ ਹਰੀ ਭਰੀ ਹੋ ਕੇ ਦਰਖ਼ਤ ਬਣਦੀ। ਇਹ ਦਰਖ਼ਤ ਹੀ ਪੇਂਡੂ ਲੋਕਾਂ ਨੂੰ ਪੁਰਖਿਆਂ ਦਾ ਚੇਤਾ ਕਰਾਉਂਦੇ। ਠੀਕ ਇਵੇਂ ਹੀ ਵੱਡੇ ਬਾਦਲ ਨੇ ਪੰਜਾਬ ਦੀ ਸਿਆਸਤ ’ਚ ਗਿੱਦੜਬਾਹਾ ਤੋਂ ਭਾਈ-ਭਤੀਜਾਵਾਦ ਦੀ ਐਸੀ ਮੋਹੜੀ ਗੱਡੀ ਕਿ ਲੀਡਰਾਂ ਦੇ ਘਰਾਂ ’ਚ ਲੀਡਰ ਹੀ ਜੰਮਣ ਲੱਗ ਪਏ। ਇਸ ਮੋਹੜੀ ਨੂੰ ਹਰ ਸਿਆਸੀ ਮਾਲੀ ਨੇ ਪਾਣੀ ਦਿੱਤਾ। ਅੱਜ ਓਹੀ ਮੋਹੜੀ ਤਣਾਧਾਰੀ ਰੁੱਖ ਬਣ ਗਈ ਹੈ। ਝਾੜੂ ਆਲੀ ਪਾਰਟੀ ਵੀ ਇਸੇ ਦਰਖ਼ਤ ਦੀ ਛਾਵੇਂ ਮਿਰਜ਼ੇ ਵਾਂਗ ਘੂਕ ਸੌਂ ਗਈ ਹੈ। 

        ਮੋਹੜੀਵਾਦ ਤੋਂ ਗੱਲ ਹੁਣ ਪਤਨੀਵਾਦ ਤਕ ਆਣ ਪੁੱਜੀ ਹੈ। ਜਦੋਂ ਸੁਖਬੀਰ ਬਾਦਲ ਚੋਣ ਲੜਦੇ ਸਨ ਤਾਂ ਚੋਣ ਪ੍ਰਚਾਰ ਹਰਸਿਮਰਤ ਬਾਦਲ ਕਰਦੀ। ਰੱਬ ਨੇ ਮਿਹਨਤ ਨੂੰ ਭਾਗ ਲਾਏ, ਬੀਬਾ ਬਾਦਲ ਚੌਥੀ ਵਾਰ ਚੋਣ ਜਿੱਤੀ ਹੈ। ਲੱਡੂ ਅੰਮ੍ਰਿਤਾ ਵੜਿੰਗ ਦੇ ਮਨ ਵਿਚ ਵੀ ਭੁਰਦੇ ਹੋਣਗੇ,ਨਾਲੇ ਉਹਨੇ ਕਿਹੜਾ ਰੱਬ ਦੇ ਮਾਂਹ ਮਾਰੇ ਨੇ। ਕਿਸੇ ਦਿਨ ਰਾਜਾ ਵੜਿੰਗ ਨੂੰ ਜ਼ਰੂਰ ਅੱਕੀ ਹੋਈ ਅੰਮ੍ਰਿਤਾ ਨੇ ਮਿਹਣਾ ਮਾਰਿਆ ਹੋਊ, ‘ਸੱਜਣਾ! ਸਾਡੇ ਪੱਲੇ ਕੀ ਪਿਐ, ਮੈਂ ਤਾਂ ਚਾਹਾਂ ਫੜਾਉਣ ਜੋਗੀ ਹੀ ਰਹਿ ਗਈ।’ ‘ਅੱਗਾ ਨੇੜਾ ਆਇਆ, ਪਿੱਛਾ ਰਹਿ ਗਿਆ ਦੂਰ’।

        ਬੰਦਾ ਚਾਹੇ ਬਾਹਰ ਕਿੰਨਾ ਵੀ ਸ਼ਹਿਨਸ਼ਾਹ ਹੋਵੇ, ਘਰ ਆ ਕੇ ਜੁਆਬ ਸ਼ਾਹ ਬਣਨਾ ਹੀ ਪੈਂਦੈ। ਸੋ ਅੰਮ੍ਰਿਤਾ ਦੇ ਮਨ ਦੀ ਮੁਰਾਦ ਵੀ ਪੂਰੀ ਹੋ ਗਈ, ਹੁਣ ਬਾਕੀ ਗਿੱਦੜਬਾਹੇ ਵਾਲਿਆਂ ਦੇ ਹੱਥ ਹੈ ਕਿ ਉਨ੍ਹਾਂ ਨੇ ਪੰਜੇ ’ਤੇ ਮੋਹਰ ਲਾਉਣੀ ਹੈ ਜਾਂ ਨਹੀਂ। ‘ਬੀਵੀ ਦਾ ਕੱਦ ਛੋਟਾ, ਖਿੱਚ ਕੇ ਮੇਚ ਦੀ ਕਰਲੀ’, ਵੈਦ ਜਣੋ! ਦਿਓ ਕੋਈ ਨੁਸਖ਼ਾ, ਤਾਂ ਜੋ ਅੰਮ੍ਰਿਤਾ ਦਿਨਾਂ ’ਚ ਸਿਆਸੀ ਕੱਦ ਕਰ’ਜੇ। ‘ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ਇਕੱਲੀ’। ਮਝੈਲਪੁਰੀਏ ਸੁਖਜਿੰਦਰ ਰੰਧਾਵਾ ਨੇ ਵੀ ਆਪਣੀ ਬੀਵੀ ਜਤਿੰਦਰ ਕੌਰ ਦੇ ਹਲਕਾ ਡੇਰਾ ਬਾਬਾ ਨਾਨਕ ਦਾ ਸਾਰਾ ਬਾਗ਼ ਹੀ ਹਵਾਲੇ ਕਰ’ਤਾ। ਟਲਣ ਵਾਲੀ ਸ਼ੈਅ ਦਾ ਨਾਂ ਕੇਜਰੀਵਾਲ ਨਹੀਂ। ‘ਆਪ’ ਨੇ ਵੀ ਮੋਹੜੀਵਾਦ ਦੀ ਸੋਚ ’ਤੇ ਠੋਕ ਕੇ ਪਹਿਰਾ ਦਿੱਤੈ। ਸੰਸਦ ਮੈਂਬਰ ਡਾ. ਚੱਬੇਵਾਲ ਦੇ ਫ਼ਰਜ਼ੰਦ ਨੂੰ ਚੱਬੇਵਾਲ ਦੇ ਮੈਦਾਨ ’ਚ ਉਤਾਰ ਕੇ ਰੀਤ ਨਿਭਾ ਦਿੱਤੀ।

       ਅਨਿਲ ਕਪੂਰ ਖ਼ੁਸ਼ੀ ’ਚ ਝੂਮ ਉੱਠਿਐ, ‘ਜ਼ਿੰਦਗੀ ਕੀ ਯਹੀ ਰੀਤ ਹੈ, ਹਾਰ ਕੇ ਬਾਅਦ ਹੀ ਜੀਤ ਹੈ।’ ਆਪਣੇ ਅਮਿਤ ਸ਼ਾਹ ਦਾ ਗੜਵਈ, ਕਾਕਾ ਰਵਨੀਤ ਬਿੱਟੂ ਉਲਟੀ ਗੰਗਾ ਵਹਾ ਰਿਹਾ ਹੈ। ਇੱਕ ਓਹ ਵੇਲਾ ਸੀ ਜਦੋਂ 1995 ’ਚ ਦਾਦਾ ਬੇਅੰਤ ਸਿੰਘ ਅਕਾਲੀਆਂ ਦੇ ਨਵ-ਜਨਮੇ ਉਮੀਦਵਾਰ ਮਨਪ੍ਰੀਤ ਨੂੰ ਹਰਾਉਣ ਲਈ ਗਿੱਦੜਬਾਹੇ ’ਚ ਡੇਰਾ ਲਾ ਕੇ ਬੈਠ ਗਿਆ ਸੀ। ਵਰਿ੍ਹਆਂ ਮਗਰੋਂ ਗਿੱਦੜਬਾਹਾ ਦੀ ਜ਼ਿਮਨੀ ਚੋਣ ਮੁੜ ਹਾਜ਼ਰ ਹੈ ਅਤੇ ਹੁਣ ਪੋਤਰਾ ਰਵਨੀਤ ਬਿੱਟੂ ਉਸੇ ਮਨਪ੍ਰੀਤ ਨੂੰ ਜਿਤਾਉਣ ਲਈ ਮੈਦਾਨ-ਏ-ਜੰਗ ’ਚ ਉਤਰਿਐ। ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’।

         ਅਕਾਲੀ ਦਲ ਦਾ ਕਿਹਾ ਸਿਰ ਮੱਥੇ। ਅਖੇ, ਜਰਨੈਲ ਬਿਨਾਂ ਜੰਗ ਕਿਵੇਂ ਲੜੀਏ। ਉੱਡਦੇ ਪੰਛੀ ਦੱਸ ਰਹੇ ਨੇ ਕਿ ਮਨਪ੍ਰੀਤ ਲਈ ਅਕਾਲੀ ਦਲ ਵੋਟਾਂ ਦਾ ‘ਗੁਪਤ-ਦਾਨ’ ਕਰਾਏਗਾ। ਪਿੰਡ ਬਾਦਲ ’ਚ ਗੂੰਜ ਪੈ ਰਹੀ ਹੈ, ‘ਅਪਨੇ ਤੋ ਅਪਨੇ ਹੋਤੇ ਹੈਂ...।’ ਰਣਤੱਤੇ ’ਚ ਜੂਝਣ ਵਾਲੀ ਸਿੱਖ ਕੌਮ ਦੇ ਵਾਰਸ ਅੱਜ ਚੋਣਾਂ ਦਾ ਮੈਦਾਨ ਛੱਡ ਕੇ ਹੀ ਤਿੱਤਰ ਹੋ ਗਏ ਨੇ। ਬਾਜ਼ਾਂ ਵਾਲੇ ਦੀ ਗੁੜ੍ਹਤੀ ਦੀ ਲਾਜ ਹੀ ਰੱਖ ਲੈਂਦੇ। ਐਨਾ ਤਾਂ ਮਿਲਖਾ ਸਿੰਘ ਨ੍ਹੀਂ ਦੌੜਿਆ, ਜਿੰਨੇ ਅਕਾਲੀ ਭਰਾ ਦੌੜੇ ਨੇ। ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਸਮੁੱਚਾ ਪੰਜਾਬ ‘ਮਿਸ ਜੂ’ ਆਖ ਰਿਹੈ। ਗਿੱਦੜਬਾਹੇ ਵਾਲਾ ਹਾਕਮ ਸੂਫ਼ੀ ਵੀ ਸੁਖਬੀਰ ਦੇ ਉਦਰੇਵੇਂ ’ਚ ਗਾਉਂਦਾ ਪਿਐ, ‘ਕਿਉਂ ਭੁੱਲ ਗਿਆ ਪਾਉਣੇ ਫੇਰੇ, ਕਿਥੇ ਲਾਏ ਨੇ ਸੱਜਣਾ ਡੇਰੇ।’

          ਉੱਧਰ, ਬਰਨਾਲੇ ਆਲੇ ਸੁਲੇਮਾਨੀ ਸੁਰਮਾ ਪਾ ਪਹਿਲੀ ਵਾਰ ਜ਼ਿਮਨੀ ਰੰਗ ਨੂੰ ਨੀਝ ਲਾ ਦੇਖ ਰਹੇ ਨੇ। ‘ਚੱਲ ਬਰਨਾਲੇ ਚੱਲੀਏ, ਮੋਟਰ ਮਿੱਤਰਾਂ ਦੀ’। ਗ੍ਰਹਿ ਮੰਤਰੀ ਮਰਹੂਮ ਪਟੇਲ ਕੇਰਾਂ ਬਰਨਾਲਾ ਨਹੀਂ, ਪਟਿਆਲਾ ਆਏ ਸਨ, ਕਿਸੇ ਦੇ ਕੰਨ ’ਚ ਇੰਜ ਫ਼ਰਮਾਏ, ‘ਪੰਜਾਬੀਆਂ ਤੋਂ ਕੰਮ ਲੈਣਾ ਹੋਵੇ, ਇਨ੍ਹਾਂ ਨੂੰ ਹਸਾ ਲਓ, ਅਕਲ ਦੀ ਗੱਲ ਕਰੋਗੇ ਤਾਂ ਸਿਰ ਪਾੜ ਦੇਣਗੇ, ਇਹ ਅਕਲ ਵਾਲੇ ਨੂੰ ਆਪਣੇ ਤੋਂ ਵੱਡਾ ਨਹੀਂ ਸਮਝਦੇ।’ ਇੰਜ ਲੱਗਦੇ ਜਿਵੇਂ ਭਗਵੰਤ ਮਾਨ ਨੇ ਪਟੇਲ ਦੀ ਗੱਲ ਲੜ ਬੰਨ੍ਹ ਲਈ ਹੋਵੇ।

          ਗੁਰਦੀਪ ਬਾਠ, ‘ਆਪ’ ਦਾ ਪੁਰਾਣਾ ਬੰਦੈ। ਆਜ਼ਾਦ ਭਗਤ ਬਣ ਕੇ ਹੇਕਾਂ ਲਾ ਰਿਹੈ, ‘ਇੱਕ ਤੇਰੀ ਅੜ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ।’ ਜ਼ਿਮਨੀ ਚੋਣਾਂ ’ਚ ਵੋਟਰ ਖੱਦਰ ਬਣੇ ਨੇ, ਨੇਤਾ ਜਣ ਢਾਕੇ ਦੀ ਮਲਮਲ। ਲਾਰੇ ਤੇ ਵਾਅਦੇ ਜਥਿਆਂ ’ਚ ਆ ਰਹੇ ਨੇ। ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।’ ਅਖੀਰ ’ਚ ਜ਼ਿਮਨੀ ਚੋਣਾਂ ਦੇ ਪਿੜ ’ਚ ਮੁਫ਼ਤ ਦੀ ਲਾਲ ਪਰੀ ਛਕ ਰਹੇ ਸ਼ਰਾਬੀਆਂ ਦੀ ਵਾਰਤਾ; ਇੱਕ ਸ਼ਰਾਬੀ ਨੇ ਦੂਜੇ ਨੂੰ ਪੁੱਛਿਆ, ‘‘ਭਾਈ ਸਾਹਬ! ਜਿੱਤੂਗਾ ਕੌਣ।’ ਦੂਜੇ ਸ਼ਰਾਬੀ ਨੇ ਵੱਡਾ ਸਾਰਾ ਪੈੱਗ ਇੱਕੋ ਹਾੜੇ ਅੰਦਰ ਸੁੱਟਦਿਆਂ ਆਖਿਆ, ‘ਸਾਲਾ ਕੋਈ ਜਿੱਤੇ, ਕੋਈ ਹਾਰੇ ਪਰ ਆਹ ਵਾਲਾ ਸਤਯੁਗੀ ਕੰਮ ਬੰਦ ਨਹੀਂ ਹੋਣਾ ਚਾਹੀਦਾ।’’

(2 ਨਵੰਬਰ, 2024)