Monday, November 4, 2024

                               ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ…!          
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ’ਚ ਜ਼ਿਮਨੀ ਚੋਣਾਂ ਦਾ ਤੰਦੂਰ ਤਪਿਐ। ਦੋ ਚਾਰ ਫੁਲਕੇ ਲਾਹੁਣ ਲਈ, ਰਾਜਸੀ ਤੰਦੂਰੀਏ ਕਾਹਲੇ ਪਏ ਨੇ। ਸਿਆਸੀ ਤੰਦੂਰਗਿਰੀ ਐਨਾ ਸੌਖਾ ਧੰਦਾ ਨਹੀਂ, ਬੜੇ ਹੀ ਪਾਪੜ ਵੇਲਣੇ ਪੈਂਦੇ ਨੇ। ਗਿੱਦੜਬਾਹਾ, ਪਹਿਲੋਂ ਨਸਵਾਰ ਕਰਕੇ, ਫਿਰ ਮਿਹਰ ਮਿੱਤਲ ਤੇ ਗੁਰਦਾਸ ਮਾਨ ਕਰਕੇ, ਮਗਰੋਂ ਜ਼ਿਮਨੀ ਚੋਣ ਕਰਕੇ ਮਸ਼ਹੂਰ ਹੋਇਆ। ਵੈਦ ਭੁਲੱਕੜ ਦਾਸ ਦੱਸਦਾ ਪਿਐ, ਬਈ ! ਜਦੋਂ ਕਿਸੇ ਨੂੰ ਨਜ਼ਲਾ ਹੁੰਦਾ, ਨਸਵਾਰ ਦੀ ਚੂੰਢੀ ਕੰਮ ਆਉਂਦੀ। ਸਭ ਛੜਾਕੇ ਛੂਹ-ਮੰਤਰ ਹੋ ਜਾਂਦੇ। ਇੰਜ ‘ਪੰਜ ਫ਼ੋਟੋ ਨਸਵਾਰ’ ਦੀ ਮੋਹੜੀ ਗਿੱਦੜਬਾਹੇ ’ਚ ਗੱਡੀ ਗਈ।

       ਕਵੀਸ਼ਰ ਹੇਕ ਲਾਉਂਦੇ ਹੁੰਦੇ ਸਨ, ‘ਚਾਹ ਤੇ ਅਫ਼ੀਮ ਦਾ ਬੜਾ ਹੈ ਮੇਲ ਜੀ, ਚੂੰਢੀ ਨਸਵਾਰ ਦੀ ਚੜ੍ਹਾਵੇ ਰੇਲ ਜੀ’। ਸਮਝ ਲਓ ਕਿ ਐਤਕੀਂ ਜ਼ਿਮਨੀ ਚੋਣਾਂ ਮੈਟਰੋ ਟਰੇਨ ਹੀ ਨੇ। ਵੋਟਰ ਪਾਤਸ਼ਾਹ ਕੋਈ ਪਹਿਲੀ ਵਾਰ ਛੁਕ ਛੁਕ ਨਹੀਂ ਸੁਣ ਰਹੇ। ਤਾਇਆ ਬਾਦਲ, ਕਦੇ ਟਰੇਨ ਦਾ ਟਕਸਾਲੀ ਸਵਾਰ ਸੀ, ਉਸੇ ਸੀਟ ’ਤੇ ਭਤੀਜ ਮਨਪ੍ਰੀਤ ਸਜਿਆ। ਔਹ ਦੇਖੋ, ਹੁਣ ਵੜਿੰਗਾਂ ਦਾ ਮੁੰਡਾ ਗਾਉਂਦਾ ਪਿਐ, ‘ਪਰੇ ਹੋਜਾ ਸੋਹਣੀਏ, ਸਾਡੀ ਰੇਲ ਗੱਡੀ ਆਈ।’ ਜਦੋਂ ਗੱਡੀ ਘਰ ਦੀ ਹੋਵੇ, ਪਾਇਲਟ ਸੀਟ ’ਤੇ ਪਤੀ ਦੇਵ ਬਿਰਾਜਮਾਨ ਹੋਵੇ, ਫਿਰ ਅੰਮ੍ਰਿਤਾ ਵੜਿੰਗ ਕਿਉਂ ਨਾ ਸਵਾਰ ਬਣੇ। ‘ਵੱਡੇ ਸਿਰਾਂ ਦੀਆਂ ਵੱਡੀਆਂ ਪੀੜਾਂ’।

       ਮਿਹਰ ਮਿੱਤਲ ਇੱਕ ਫ਼ਿਲਮ ’ਚ ਇੰਜ ਹੁੱਝਾਂ ਮਾਰ ਜਗਾਉਂਦਾ ਹੈ,‘ ਭਰਾਵੋ! ਤੁਸੀਂ ਲੁੱਚਿਆ ਲਫ਼ੰਗਿਆਂ ਤੋਂ ਬਚ ਕੇ ਵੋਟ ਪਾਇਓ, ਵੋਟਾਂ ਵੇਲੇ ਇਹ ਗਧੇ ਨੂੰ ਵੀ ਬਾਪ ਬਣਾ ਲੈਂਦੇ ਨੇ, ਤੁਸੀਂ ਤਾਂ ਫਿਰ ਵੀ ਬੰਦੇ ਹੋ, ਲੱਗਦੇ ਬੜੇ ਚੰਗੇ ਹੋ।’ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਮਜਮਾ ਸੱਜਿਐ। ਗਿੱਦੜਬਾਹਾ ਹੌਟ ਸੀਟ ਹੈ, ਕੋਈ ਸ਼ੱਕ ਹੋਵੇ ਤਾਂ ਤੰਦੂਰ ’ਚ ਹੱਥ ਪਾ ਕੇ ਦੇਖ ਲਓ। ਸਤੌਜਪੁਰ ਦੇ ਭਗਵੰਤ ਮਾਨ ਨੇ, ਡਿੰਪੀ ਢਿੱਲੋਂ ਨੂੰ ‘ਔਰਬਿਟ ਬੱਸ ਕੰਪਨੀ’ ’ਚੋਂ ਲਾਹ ਕੇ ‘ਕੇਜਰੀਵਾਲ ਬੱਸ ਸਰਵਿਸ’ ’ਚ ਬਿਠਾਇਐ।

       ਮਨਪ੍ਰੀਤ ਬਾਦਲ ਭਾਜਪਾਈ ਜੌਂਗਾ ਲੈ ਕੇ ਗਿੱਦੜਬਾਹੇ ਨਵੇਂ ਪ੍ਰਿੰਟਾਂ ’ਚ ਪੁੱਜਿਐ। ਰਾਜਾ ਵੜਿੰਗ ਵੀ ਏਨੀ ਜ਼ੋਰ ਦੀ ਗਰਜੇ ਨੇ, ਕੋਲ ਖੜ੍ਹੀਆਂ ਬੱਸਾਂ ਦੀਆਂ ਬਾਡੀਆਂ ਤਕ ਹਿੱਲ ਗਈਆਂ ਨੇ। ਅੰਮ੍ਰਿਤਾ ਵੜਿੰਗ ਤਸ਼ਰੀਫ਼ ਲਿਆਏ ਨੇ ਜਿਨ੍ਹਾਂ ਹੱਥ ਜੋੜ ਅਰਜੋਈ ਕੀਤੀ ਐ,‘ ਗਿੱਦੜਬਾਹੇ ਦੀ ਸੇਵਾ ਮੁੜ ਸਾਨੂੰ ਬਖ਼ਸ਼ੋ।’ ਇੱਧਰ ਗੁਰਦਾਸ ਮਾਨ ਨੇ ਐਵੇਂ ਵਿਆਹ ’ਚ ਬੀ ਦਾ ਲੇਖਾ ਪਾ ਦਿੱਤੈ, ‘ਜਿੰਨੇ ਮਿਲੇ ਸਾਨੂੰ, ਸਭ ਮਿਲੇ ਦੁੱਖ ਦੇਣ ਵਾਲੇ, ਇੱਕ ਨੇ ਨਾ ਪੁੱਛੀ ਸਾਡੀ ਖ਼ੈਰ।’ ਬਾਦਲਾਂ ਤੇ ਵੜਿੰਗਾਂ ਦੇ ਵਾਅਦੇ ਲੀਰੋ ਲੀਰ ਹੋਏ ਪਏ ਨੇ, ਗਿੱਦੜਬਾਹੇ ਵਾਲੇ ਤੋਪੇ ਲਾ ਲਾ ਸਿਊਂ ਰਹੇ ਨੇ। ‘ਸੱਜਣਾ ਬੇਕਦਰਾ, ਦੁੱਖ ਵੰਡਿਆਂ ਨਾ ਆ ਕੇ ਮੇਰਾ।’ ਦੁੱਖਾਂ ਨੂੰ ਛੱਡੋ, ਲਾਲਾ ਕਮਜ਼ੋਰੀ ਮੱਲ ਤੋਂ ਪਹਿਲਾਂ ਆਹ ਟੋਟਕਾ ਸੁਣੋ।

       ‘ਕੇਰਾਂ ਵਾਅਦੇ ਤੋਂ ਮੁੱਕਰੇ ਨੇਤਾ ਦਾਸ ਦੀ ਪਿੰਡ ਦੇ ਲੋਕਾਂ ਨੇ ਭੁਗਤ ਸਵਾਰ ਦਿੱਤੀ। ਅੱਕੇ ਲੋਕਾਂ ਨੇ ਨੇਤਾ ਨੂੰ ਗਧੇ ’ਤੇ ਬਿਠਾ ਪਿੰਡ ਦਾ ਗੇੜਾ ਲਵਾਇਆ, ਜੁਆਕਾਂ ਨੇ ਨੇਤਾ ਉਤੇ ਟਮਾਟਰ ਸੁੱਟੇ। ਆਖ਼ਰ ’ਚ ਹੱਥ ਜੋੜ ਕੇ  ਪਿਆਰੇ ਨੇਤਾ ਇੰਜ ਫ਼ਰਮਾਏ, ਸ਼ੁਕਰੀਆ! ਪਿਆਰੇ ਬੱਚਿਓ, ਤੁਸਾਂ ਨੇ ਏਨੀ ਹੌਸਲਾ ਅਫ਼ਜ਼ਾਈ ਕੀਤੀ।’ ਕਿਤੇ ਸ਼ਰਮ ਹਯਾ ਨਾਂ ਦੀ ਬੀਮਾਰੀ ਨਾਲ ਨੇਤਾ ਮਰਦੇ ਤਾਂ ਪਲੇਗ ਨੂੰ ਵੀ ਮਾਤ ਪੈ ਜਾਣੀ ਸੀ। ਜਦੋਂ ਮਨਪ੍ਰੀਤ ਬਾਦਲ ਵਿਦੇਸ਼ੋਂ ਪੜ੍ਹ ਕੇ ਆਏ। ਵੱਡੇ ਬਾਦਲ, ਭਤੀਜ ਨੂੰ ਅੰਮ੍ਰਿਤਸਰੋਂ ਅੰਮ੍ਰਿਤ ਛਕਾ ਲਿਆਏ। 1995 ਵਾਲੀ ਜ਼ਿਮਨੀ ਚੋਣ ’ਚ ਗਿੱਦੜਬਾਹਾ ਦੀ ਧਰਤੀ ਤੋਂ ਮਨਪ੍ਰੀਤ ਨੂੰ ਲਾਂਚ ਕਰ ਦਿੱਤਾ।

       ਪੁਰਾਣੇ ਵੇਲਿਆਂ ’ਚ ਕਿਸੇ ਪਿੰਡ ਦੀ ਓਹ ਮੋਹੜੀ ਗੱਡੀ ਜਾਂਦੀ ਜੋ ਮਗਰੋਂ ਹਰੀ ਭਰੀ ਹੋ ਕੇ ਦਰਖ਼ਤ ਬਣਦੀ। ਇਹ ਦਰਖ਼ਤ ਹੀ ਪੇਂਡੂ ਲੋਕਾਂ ਨੂੰ ਪੁਰਖਿਆਂ ਦਾ ਚੇਤਾ ਕਰਾਉਂਦੇ। ਠੀਕ ਇਵੇਂ ਹੀ ਵੱਡੇ ਬਾਦਲ ਨੇ ਪੰਜਾਬ ਦੀ ਸਿਆਸਤ ’ਚ ਗਿੱਦੜਬਾਹਾ ਤੋਂ ਭਾਈ-ਭਤੀਜਾਵਾਦ ਦੀ ਐਸੀ ਮੋਹੜੀ ਗੱਡੀ ਕਿ ਲੀਡਰਾਂ ਦੇ ਘਰਾਂ ’ਚ ਲੀਡਰ ਹੀ ਜੰਮਣ ਲੱਗ ਪਏ। ਇਸ ਮੋਹੜੀ ਨੂੰ ਹਰ ਸਿਆਸੀ ਮਾਲੀ ਨੇ ਪਾਣੀ ਦਿੱਤਾ। ਅੱਜ ਓਹੀ ਮੋਹੜੀ ਤਣਾਧਾਰੀ ਰੁੱਖ ਬਣ ਗਈ ਹੈ। ਝਾੜੂ ਆਲੀ ਪਾਰਟੀ ਵੀ ਇਸੇ ਦਰਖ਼ਤ ਦੀ ਛਾਵੇਂ ਮਿਰਜ਼ੇ ਵਾਂਗ ਘੂਕ ਸੌਂ ਗਈ ਹੈ। 

        ਮੋਹੜੀਵਾਦ ਤੋਂ ਗੱਲ ਹੁਣ ਪਤਨੀਵਾਦ ਤਕ ਆਣ ਪੁੱਜੀ ਹੈ। ਜਦੋਂ ਸੁਖਬੀਰ ਬਾਦਲ ਚੋਣ ਲੜਦੇ ਸਨ ਤਾਂ ਚੋਣ ਪ੍ਰਚਾਰ ਹਰਸਿਮਰਤ ਬਾਦਲ ਕਰਦੀ। ਰੱਬ ਨੇ ਮਿਹਨਤ ਨੂੰ ਭਾਗ ਲਾਏ, ਬੀਬਾ ਬਾਦਲ ਚੌਥੀ ਵਾਰ ਚੋਣ ਜਿੱਤੀ ਹੈ। ਲੱਡੂ ਅੰਮ੍ਰਿਤਾ ਵੜਿੰਗ ਦੇ ਮਨ ਵਿਚ ਵੀ ਭੁਰਦੇ ਹੋਣਗੇ,ਨਾਲੇ ਉਹਨੇ ਕਿਹੜਾ ਰੱਬ ਦੇ ਮਾਂਹ ਮਾਰੇ ਨੇ। ਕਿਸੇ ਦਿਨ ਰਾਜਾ ਵੜਿੰਗ ਨੂੰ ਜ਼ਰੂਰ ਅੱਕੀ ਹੋਈ ਅੰਮ੍ਰਿਤਾ ਨੇ ਮਿਹਣਾ ਮਾਰਿਆ ਹੋਊ, ‘ਸੱਜਣਾ! ਸਾਡੇ ਪੱਲੇ ਕੀ ਪਿਐ, ਮੈਂ ਤਾਂ ਚਾਹਾਂ ਫੜਾਉਣ ਜੋਗੀ ਹੀ ਰਹਿ ਗਈ।’ ‘ਅੱਗਾ ਨੇੜਾ ਆਇਆ, ਪਿੱਛਾ ਰਹਿ ਗਿਆ ਦੂਰ’।

        ਬੰਦਾ ਚਾਹੇ ਬਾਹਰ ਕਿੰਨਾ ਵੀ ਸ਼ਹਿਨਸ਼ਾਹ ਹੋਵੇ, ਘਰ ਆ ਕੇ ਜੁਆਬ ਸ਼ਾਹ ਬਣਨਾ ਹੀ ਪੈਂਦੈ। ਸੋ ਅੰਮ੍ਰਿਤਾ ਦੇ ਮਨ ਦੀ ਮੁਰਾਦ ਵੀ ਪੂਰੀ ਹੋ ਗਈ, ਹੁਣ ਬਾਕੀ ਗਿੱਦੜਬਾਹੇ ਵਾਲਿਆਂ ਦੇ ਹੱਥ ਹੈ ਕਿ ਉਨ੍ਹਾਂ ਨੇ ਪੰਜੇ ’ਤੇ ਮੋਹਰ ਲਾਉਣੀ ਹੈ ਜਾਂ ਨਹੀਂ। ‘ਬੀਵੀ ਦਾ ਕੱਦ ਛੋਟਾ, ਖਿੱਚ ਕੇ ਮੇਚ ਦੀ ਕਰਲੀ’, ਵੈਦ ਜਣੋ! ਦਿਓ ਕੋਈ ਨੁਸਖ਼ਾ, ਤਾਂ ਜੋ ਅੰਮ੍ਰਿਤਾ ਦਿਨਾਂ ’ਚ ਸਿਆਸੀ ਕੱਦ ਕਰ’ਜੇ। ‘ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ਇਕੱਲੀ’। ਮਝੈਲਪੁਰੀਏ ਸੁਖਜਿੰਦਰ ਰੰਧਾਵਾ ਨੇ ਵੀ ਆਪਣੀ ਬੀਵੀ ਜਤਿੰਦਰ ਕੌਰ ਦੇ ਹਲਕਾ ਡੇਰਾ ਬਾਬਾ ਨਾਨਕ ਦਾ ਸਾਰਾ ਬਾਗ਼ ਹੀ ਹਵਾਲੇ ਕਰ’ਤਾ। ਟਲਣ ਵਾਲੀ ਸ਼ੈਅ ਦਾ ਨਾਂ ਕੇਜਰੀਵਾਲ ਨਹੀਂ। ‘ਆਪ’ ਨੇ ਵੀ ਮੋਹੜੀਵਾਦ ਦੀ ਸੋਚ ’ਤੇ ਠੋਕ ਕੇ ਪਹਿਰਾ ਦਿੱਤੈ। ਸੰਸਦ ਮੈਂਬਰ ਡਾ. ਚੱਬੇਵਾਲ ਦੇ ਫ਼ਰਜ਼ੰਦ ਨੂੰ ਚੱਬੇਵਾਲ ਦੇ ਮੈਦਾਨ ’ਚ ਉਤਾਰ ਕੇ ਰੀਤ ਨਿਭਾ ਦਿੱਤੀ।

       ਅਨਿਲ ਕਪੂਰ ਖ਼ੁਸ਼ੀ ’ਚ ਝੂਮ ਉੱਠਿਐ, ‘ਜ਼ਿੰਦਗੀ ਕੀ ਯਹੀ ਰੀਤ ਹੈ, ਹਾਰ ਕੇ ਬਾਅਦ ਹੀ ਜੀਤ ਹੈ।’ ਆਪਣੇ ਅਮਿਤ ਸ਼ਾਹ ਦਾ ਗੜਵਈ, ਕਾਕਾ ਰਵਨੀਤ ਬਿੱਟੂ ਉਲਟੀ ਗੰਗਾ ਵਹਾ ਰਿਹਾ ਹੈ। ਇੱਕ ਓਹ ਵੇਲਾ ਸੀ ਜਦੋਂ 1995 ’ਚ ਦਾਦਾ ਬੇਅੰਤ ਸਿੰਘ ਅਕਾਲੀਆਂ ਦੇ ਨਵ-ਜਨਮੇ ਉਮੀਦਵਾਰ ਮਨਪ੍ਰੀਤ ਨੂੰ ਹਰਾਉਣ ਲਈ ਗਿੱਦੜਬਾਹੇ ’ਚ ਡੇਰਾ ਲਾ ਕੇ ਬੈਠ ਗਿਆ ਸੀ। ਵਰਿ੍ਹਆਂ ਮਗਰੋਂ ਗਿੱਦੜਬਾਹਾ ਦੀ ਜ਼ਿਮਨੀ ਚੋਣ ਮੁੜ ਹਾਜ਼ਰ ਹੈ ਅਤੇ ਹੁਣ ਪੋਤਰਾ ਰਵਨੀਤ ਬਿੱਟੂ ਉਸੇ ਮਨਪ੍ਰੀਤ ਨੂੰ ਜਿਤਾਉਣ ਲਈ ਮੈਦਾਨ-ਏ-ਜੰਗ ’ਚ ਉਤਰਿਐ। ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’।

         ਅਕਾਲੀ ਦਲ ਦਾ ਕਿਹਾ ਸਿਰ ਮੱਥੇ। ਅਖੇ, ਜਰਨੈਲ ਬਿਨਾਂ ਜੰਗ ਕਿਵੇਂ ਲੜੀਏ। ਉੱਡਦੇ ਪੰਛੀ ਦੱਸ ਰਹੇ ਨੇ ਕਿ ਮਨਪ੍ਰੀਤ ਲਈ ਅਕਾਲੀ ਦਲ ਵੋਟਾਂ ਦਾ ‘ਗੁਪਤ-ਦਾਨ’ ਕਰਾਏਗਾ। ਪਿੰਡ ਬਾਦਲ ’ਚ ਗੂੰਜ ਪੈ ਰਹੀ ਹੈ, ‘ਅਪਨੇ ਤੋ ਅਪਨੇ ਹੋਤੇ ਹੈਂ...।’ ਰਣਤੱਤੇ ’ਚ ਜੂਝਣ ਵਾਲੀ ਸਿੱਖ ਕੌਮ ਦੇ ਵਾਰਸ ਅੱਜ ਚੋਣਾਂ ਦਾ ਮੈਦਾਨ ਛੱਡ ਕੇ ਹੀ ਤਿੱਤਰ ਹੋ ਗਏ ਨੇ। ਬਾਜ਼ਾਂ ਵਾਲੇ ਦੀ ਗੁੜ੍ਹਤੀ ਦੀ ਲਾਜ ਹੀ ਰੱਖ ਲੈਂਦੇ। ਐਨਾ ਤਾਂ ਮਿਲਖਾ ਸਿੰਘ ਨ੍ਹੀਂ ਦੌੜਿਆ, ਜਿੰਨੇ ਅਕਾਲੀ ਭਰਾ ਦੌੜੇ ਨੇ। ਜਥੇਦਾਰ ਸੁਖਬੀਰ ਸਿੰਘ ਬਾਦਲ ਨੂੰ ਸਮੁੱਚਾ ਪੰਜਾਬ ‘ਮਿਸ ਜੂ’ ਆਖ ਰਿਹੈ। ਗਿੱਦੜਬਾਹੇ ਵਾਲਾ ਹਾਕਮ ਸੂਫ਼ੀ ਵੀ ਸੁਖਬੀਰ ਦੇ ਉਦਰੇਵੇਂ ’ਚ ਗਾਉਂਦਾ ਪਿਐ, ‘ਕਿਉਂ ਭੁੱਲ ਗਿਆ ਪਾਉਣੇ ਫੇਰੇ, ਕਿਥੇ ਲਾਏ ਨੇ ਸੱਜਣਾ ਡੇਰੇ।’

          ਉੱਧਰ, ਬਰਨਾਲੇ ਆਲੇ ਸੁਲੇਮਾਨੀ ਸੁਰਮਾ ਪਾ ਪਹਿਲੀ ਵਾਰ ਜ਼ਿਮਨੀ ਰੰਗ ਨੂੰ ਨੀਝ ਲਾ ਦੇਖ ਰਹੇ ਨੇ। ‘ਚੱਲ ਬਰਨਾਲੇ ਚੱਲੀਏ, ਮੋਟਰ ਮਿੱਤਰਾਂ ਦੀ’। ਗ੍ਰਹਿ ਮੰਤਰੀ ਮਰਹੂਮ ਪਟੇਲ ਕੇਰਾਂ ਬਰਨਾਲਾ ਨਹੀਂ, ਪਟਿਆਲਾ ਆਏ ਸਨ, ਕਿਸੇ ਦੇ ਕੰਨ ’ਚ ਇੰਜ ਫ਼ਰਮਾਏ, ‘ਪੰਜਾਬੀਆਂ ਤੋਂ ਕੰਮ ਲੈਣਾ ਹੋਵੇ, ਇਨ੍ਹਾਂ ਨੂੰ ਹਸਾ ਲਓ, ਅਕਲ ਦੀ ਗੱਲ ਕਰੋਗੇ ਤਾਂ ਸਿਰ ਪਾੜ ਦੇਣਗੇ, ਇਹ ਅਕਲ ਵਾਲੇ ਨੂੰ ਆਪਣੇ ਤੋਂ ਵੱਡਾ ਨਹੀਂ ਸਮਝਦੇ।’ ਇੰਜ ਲੱਗਦੇ ਜਿਵੇਂ ਭਗਵੰਤ ਮਾਨ ਨੇ ਪਟੇਲ ਦੀ ਗੱਲ ਲੜ ਬੰਨ੍ਹ ਲਈ ਹੋਵੇ।

          ਗੁਰਦੀਪ ਬਾਠ, ‘ਆਪ’ ਦਾ ਪੁਰਾਣਾ ਬੰਦੈ। ਆਜ਼ਾਦ ਭਗਤ ਬਣ ਕੇ ਹੇਕਾਂ ਲਾ ਰਿਹੈ, ‘ਇੱਕ ਤੇਰੀ ਅੜ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ।’ ਜ਼ਿਮਨੀ ਚੋਣਾਂ ’ਚ ਵੋਟਰ ਖੱਦਰ ਬਣੇ ਨੇ, ਨੇਤਾ ਜਣ ਢਾਕੇ ਦੀ ਮਲਮਲ। ਲਾਰੇ ਤੇ ਵਾਅਦੇ ਜਥਿਆਂ ’ਚ ਆ ਰਹੇ ਨੇ। ‘ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ।’ ਅਖੀਰ ’ਚ ਜ਼ਿਮਨੀ ਚੋਣਾਂ ਦੇ ਪਿੜ ’ਚ ਮੁਫ਼ਤ ਦੀ ਲਾਲ ਪਰੀ ਛਕ ਰਹੇ ਸ਼ਰਾਬੀਆਂ ਦੀ ਵਾਰਤਾ; ਇੱਕ ਸ਼ਰਾਬੀ ਨੇ ਦੂਜੇ ਨੂੰ ਪੁੱਛਿਆ, ‘‘ਭਾਈ ਸਾਹਬ! ਜਿੱਤੂਗਾ ਕੌਣ।’ ਦੂਜੇ ਸ਼ਰਾਬੀ ਨੇ ਵੱਡਾ ਸਾਰਾ ਪੈੱਗ ਇੱਕੋ ਹਾੜੇ ਅੰਦਰ ਸੁੱਟਦਿਆਂ ਆਖਿਆ, ‘ਸਾਲਾ ਕੋਈ ਜਿੱਤੇ, ਕੋਈ ਹਾਰੇ ਪਰ ਆਹ ਵਾਲਾ ਸਤਯੁਗੀ ਕੰਮ ਬੰਦ ਨਹੀਂ ਹੋਣਾ ਚਾਹੀਦਾ।’’

(2 ਨਵੰਬਰ, 2024)

1 comment: