Wednesday, March 25, 2026

 ਉੱਜੜ ਗਏ ਸੁਹਾਗ 
    ਰੋਂਦੀਆਂ ਨਾ ਜਾਣ ਝੱਲੀਆਂ..! 
ਚਰਨਜੀਤ ਭੁੱਲਰ 

ਚੰਡੀਗੜ੍ਹ : ਫ਼ਰੀਦਕੋਟ ਦਾ ਪਿੰਡ ਹਰੀ ਨੌ ਅੱਜ ਉਦਾਸ ਹੈ। ਜਦੋਂ ਅੱਜ ਸਕੇ ਭਰਾਵਾਂ ਦੇ ਸਿਵੇ ਲਟ ਲਟ ਬਲੇ ਤਾਂ ਪਿੰਡ ਦੇ ਹਰ ਨਿਆਣੇ ਸਿਆਣੇ ਦੀ ਅੱਖ ਨਮ ਹੋ ਗਈ। ਖੇਤੀ ਦਾ ਸੰਕਟ ਕਹੋ ਜਾਂ ਫ਼ਸਲਾਂ ਦਾ ਫ਼ੇਲ੍ਹ ਹੋਣਾ, ਇਸੇ ਜੰਜਾਲ ’ਚ ਕਿਸਾਨ ਰਣਬੀਰ ਸਿੰਘ ਦੇ ਘਰ ਸੱਥਰ ਵਿਛ ਗਿਆ। ਜਦ ਕਿਸਾਨ ਰਣਬੀਰ ਸਿੰਘ ਦੇ ਦੋਵੇਂ ਕਮਾਊ ਪੁੱਤਰਾਂ ਜਸਕਰਨ ਸਿੰਘ ਤੇ ਜਸਵਿੰਦਰ ਸਿੰਘ ਉਰਫ਼ ਜ਼ੋਰਾ ਤੋਂ ਆਲੂਆਂ ਦੀ ਫ਼ਸਲ ਦੀ ਬਰਬਾਦੀ ਝੱਲ ਨਾ ਹੋਈ ਤਾਂ ਦੋਵੇਂ ਜਣੇ ਘਰੋਂ ਇਕੱਠੇ ਘਰੋਂ ਨਿਕਲੇ, ਬਠਿੰਡਾ-ਫ਼ਿਰੋਜ਼ਪੁਰ ਰੇਲ ਮਾਰਗ ’ਤੇ ਗੱਡੀ ਉਡੀਕਣ ਲੱਗੇ, ਦੋਵਾਂ ਭਰਾਵਾਂ ਨੇ ਹੱਥਾਂ ’ਚ ਹੱਥ ਪਾਏ, ਸ਼ੂਕਦੀ ਟਰੇਨ ਅੱਗੇ ਕੁੱਦ ਗਏ। ਜ਼ਿੰਦਗੀ ਦਾ ਅੰਤ ਹੋ ਗਿਆ, ਕਰਜ਼ੇ ਦਾ ਨਹੀਂ। ਕਿਸਾਨ ਭਰਾ ਤਾਂ ਖ਼ੁਦ ਜ਼ਿੰਦਗੀ ਦੀ ਜੰਗ ਹਾਰ ਗਏ। ਜਿਨ੍ਹਾਂ ਨੂੰ ਪਿੱਛੇ ਛੱਡ ਗਏ, ਉਹ ਹੁਣ ਰੋਂਦੀਆਂ ਨਹੀਂ ਝੱਲੀਆਂ ਜਾ ਰਹੀਆਂ। ਗਿਆਰਾਂ ਏਕੜ ਫ਼ਸਲ ਕਦੋਂ ਹੱਥਾਂ ਚੋਂ ਕਿਰ ਗਈ, ਪਤਾ ਹੀ ਨਹੀਂ ਲੱਗਿਆ। ਹੁਣ ਡੇਢ ਏਕੜ ਜ਼ਮੀਨ ਬਚੀ ਹੈ। ਦੋਵੇਂ ਭਰਾਵਾਂ ਨੇ ਬੀੜਾ ਚੁੱਕਿਆ, ਠੇਕੇ ’ਤੇ ਜ਼ਮੀਨ ਲੈ ਮਿੱਟੀ ਨਾਲ ਮਿੱਟੀ ਹੋਏ। 

    ਕਰਜ਼ੇ ਦੇ ਵਿਆਜ ਦੀਆਂ ਜ਼ਰਬਾਂ ’ਚ ਐਸੇ ਉਲਝੇ ਕਿ ਹੱਥੋਂ ਜ਼ਿੰਦਗੀ ਦੀ ਡੋਰ ਹੀ ਛੁੱਟ ਗਈ। ਆਲੂਆਂ ਦੀ ਫ਼ਸਲ ਦੀ ਪੁਟਾਈ ਲਈ ਨਾ ਹੁਣ ਲੇਬਰ ਮਿਲੀ ਅਤੇ ਨਾ ਹੀ ਪੈਸੇ। ਖੇਤ ’ਚ ਸੁਆਹ ਹੁੰਦੀ ਫ਼ਸਲ ਦੇਖ, ਦੋਵੇਂ ਭਰਾਵਾਂ ਦੇ ਕਾਲਜੇ ਚੋਂ ਰੁੱਗ ਭਰਿਆ ਗਿਆ। ਮਾਂ ਜਾਇਆ ਦਾ ਪਿਆਰ ਏਨਾ ਮਿਸਾਲੀ ਸੀ ਕਿ ਇੱਕ ਦੂਜੇ ਦੇ ਸਾਹ ਚੋਂ ਸਾਹ ਲੈਂਦੇ ਸਨ। ਇਕੱਠੇ ਬੈਠਣਾ, ਇੱਕੋ ਥਾਲ਼ੀ ’ਚ ਖਾਣਾ, ਇੱਕੋ ਸਵਾਰੀ ’ਤੇ ਜਾਣਾ। ਅਖੀਰ ’ਚ ਦੋਵਾਂ ਦੇ ਆਖ਼ਰੀ ਸਾਹ ਵੀ ਇਕੱਠੇ ਹੀ ਨਿਕਲੇ। ਇੱਥੋਂ ਤੱਕ ਕਿ ਇਨ੍ਹਾਂ ਦੋਵਾਂ ਭਰਾਵਾਂ ਦੀਆਂ ਪਤਨੀਆਂ ਅਮਰਜੀਤ ਕੌਰ ਅਤੇ ਕਰਮਜੀਤ ਕੌਰ ਵੀ ਸਕੀਆਂ ਭੈਣਾਂ ਹਨ। ਜਿਸ ਵਿਹੜੇ ’ਚ ਕਦੇ ਪੀਂਘ ਪੈਂਦੀ ਸੀ, ਉਸ ’ਚ ਅੱਜ ਸੱਥਰ ਵਿਛਿਆ ਹੋਇਆ ਸੀ। ਬਾਪ ਰਣਬੀਰ ਸਿੰਘ ਖ਼ੁਦ ਪਿੰਡ ’ਚ ਸਬਜ਼ੀ ਦੀ ਦੁਕਾਨ ਕਰਦਾ ਸੀ ਤਾਂ ਜੋ ਪੁੱਤਾਂ ਨੂੰ ਢਾਰਸ ਮਿਲ ਸਕੇ। ਅਭਾਗਾ ਬਾਪ ਨਾ ਜ਼ਮੀਨ ਬਚਾ ਸਕਿਆ, ਨਾ ਹੀ ਪੁੱਤ। ‘ਦੋ ਪੁੱਤ ਚਲੇ ਜਾਣ, ਫਿਰ ਪਿੱਛੇ ਕੁੱਝ ਨੀਂ ਬਚਦਾ’, ਏਨਾ ਆਖ ਬਾਪ ਦੀ ਭੁੱਬ ਨਿਕਲ ਗਈ।

    ਉਹ ਆਖਦਾ ਹੈ ਕਿ ਹੱਥਾਂ ਦੀਆਂ ਲਕੀਰਾਂ ਮਿਟ ਗਈਆਂ, ਕਰਜ਼ੇ ਦੀ ਲੀਕ ਨੀ ਮਿਟੀ। ਇਸ ਪਰਿਵਾਰ ਸਿਰ ਕਰੀਬ ਪੰਜਾਹ ਲੱਖ ਦਾ ਕਰਜ਼ਾ ਹੈ। ਪਹਿਲਾਂ ਨਰਮੇ ਦੀ ਫ਼ਸਲ ਡੋਬਾ ਦਿੰਦੀ ਰਹੀ ਅਤੇ ਫਿਰ ਠੇਕੇ ’ਤੇ ਲਈਆਂ ਜ਼ਮੀਨਾਂ ਖ਼ਾਲੀ ਹੱਥ ਤੋਰਦੀਆਂ ਰਹੀਆਂ। ਦੋਵੇਂ ਭਰਾਵਾਂ ਦੀ ਭੈਣ ਹਰਪ੍ਰੀਤ ਕੌਰ ਆਖਦੀ ਹੈ ਕਿ ਮਾਂ ਜਾਇਆ ਨੂੰ ਤਾਂ ਟਰੈਕਟਰ ਦੀਆਂ ਕਿਸ਼ਤਾਂ ਅਤੇ ਖੇਤ ’ਚ ਖ਼ਰਾਬ ਹੋ ਰਹੀ ਫ਼ਸਲ ਹੀ ਲੈ ਬੈਠੀ। ਜਹਾਨੋਂ ਚਲੇ ਦੋਵੇਂ ਭਰਾਵਾਂ ਨੂੰ ਬਚਪਨ ਉਮਰੇ ਹੀ ਸ਼ਾਹੂਕਾਰਾਂ ਦੇ ਦਬਕੇ ਸੁਣਨ ਨੂੰ ਮਿਲ ਗਏ ਸਨ। ਮਾਪੇ ਆਖਦੇ ਹਨ ਕਿ ਮਾਲਕ ਦੀ ਕੇਹੀ ਰਜ਼ਾ! ਨਿੱਕੇ ਹੁੰਦੇ ਟਰੇਨ ਦੇ ਖੜਾਕ ਤੋਂ ਡਰ ਜਾਂਦੇ ਸਨ ਜਦੋਂ ਜਵਾਨ ਹੋਏ ਤਾਂ ਟਰੇਨ ਅੱਗੇ ਹੀ ਕੁੱਦ ਗਏ। ਇਸ ਘਰ ਦੇ ਮੁਖੀ ਕਿਸਾਨ ਰਣਬੀਰ ਸਿੰਘ ਨੂੰ ਵੀ ਬਚਪਨ ਉਮਰੇ ਹੀ ਦੁੱਖ ਟੱਕਰੇ। ਰਣਬੀਰ ਸਿੰਘ ਮਸਾਂ 12 ਵਰ੍ਹਿਆਂ ਦਾ ਸੀ ਜਦੋਂ ਵੱਡਾ ਭਰਾ ਗੁਰਮੇਲ ਸਿੰਘ ਮੌਤ ਦੇ ਮੂੰਹ ਜਾ ਪਿਆ। ਉਮਰ ਛੋਟੀ, ਘਰ ਦੀ ਜ਼ਿੰਮੇਵਾਰੀ ਵੱਡੀ ਸੀ। ਰਣਬੀਰ ਸਿੰਘ ਦੀ ਉਦੋਂ ਹਾਲੇ ਪੂਰੀ ਸੁਰਤ ਵੀ ਨਹੀਂ ਸੰਭਲੀ ਸੀ।

     ਉਹ ਦੱਸਦਾ ਹੈ ਕਿ ਮਰਹੂਮ ਭਰਾ ਗੁਰਮੇਲ ਸਿੰਘ ਦੀਆਂ ਤਿੰਨ ਧੀਆਂ ਦੇ ਵਿਆਹ ਸਾਹੇ ਕੀਤੇ। ਰਿਸ਼ਤੇਦਾਰਾਂ ਨੇ ਮਰਹੂਮ ਭਰਾ ਗੁਰਮੇਲ ਸਿੰਘ ਦੀ ਵਿਧਵਾ ਸਿਮਰਜੀਤ ਕੌਰ ਉਸ ਦੇ (ਰਣਬੀਰ ਸਿੰਘ) ਦੇ ਲੜ ਲਾ ਦਿੱਤੀ। ਬਿਰਧ ਸਿਮਰਜੀਤ ਕੌਰ ਦੀ ਵੀ ਜ਼ਿੰਦਗੀ ਕਦੇ ਸੁਖਾਲੀ ਨਹੀਂ ਰਹੀ ਜਿਸ ਨੂੰ ਹੁਣ ਉਮਰ ਦੇ ਆਖ਼ਰੀ ਪੜਾਅ ’ਤੇ ਦੋ ਪੁੱਤਾਂ ਦਾ ਵਿਛੋੜਾ ਝੱਲਣਾ ਪੈ ਗਿਆ ਹੈ। ਹੁਣ ਜਸਕਰਨ ਤੇ ਜਸਵਿੰਦਰ ਦੀਆਂ ਵਿਧਵਾਵਾਂ ਦੇ ਸਿਰ ’ਤੇ ਕਰਜ਼ੇ ਦੀ ਪੰਡ ਆਣ ਟਿਕੀ ਹੈ। ਤੁਰ ਗਏ ਦੋਵੇਂ ਭਰਾਵਾਂ ਦੀਆਂ ਦੋ ਧੀਆਂ ਏਕਮਨੂਰ ਅਤੇ ਨਵਜੋਤ ਕੌਰ ਛੇਵੀਂ ਕਲਾਸ ’ਚ ਪੜ੍ਹਦੀਆਂ ਹਨ। ਜਦੋਂ ਅੱਜ ਸਿਵੇ ਬਲੇ ਤਾਂ ਇਨ੍ਹਾਂ ਧੀਆਂ ਦੇ ਹੰਝੂ ਟੁੱਟਣ ਦਾ ਨਾਮ ਨਹੀਂ ਲੈ ਰਹੇ ਸਨ। ਜਦੋਂ ਇਹ ਧੀਆਂ ਜਵਾਨ ਹੋਣਗੀਆਂ, ਡੋਲੀ ਬੈਠਣਗੀਆਂ ਤਾਂ ਉਦੋਂ ਜ਼ਰੂਰ ਬਾਬਲ ਦੇ ਚਿਹਰੇ ਨੂੰ ਲੱਭਣਗੀਆਂ।

     ਦੋ ਧੀਆਂ ਦੇ ਅੱਜ ਬਾਪ ਚਲੇ ਗਏ। ਕੀ ਸਰਕਾਰ ਇਨ੍ਹਾਂ ਬੱਚੀਆਂ ਦੇ ਹੰਝੂਆਂ ਦੀ ਰਮਜ਼ ਨੂੰ ਸਮਝੇਗੀ। ਕੀ ਕੋਈ ਹੱਥ ਉੱਠੇਗਾ ਜੋ ਇਨ੍ਹਾਂ ਬੱਚੀਆਂ ਨੂੰ ਭਵਿੱਖ ਦੀ ਚਿੰਤਾ ਤੋਂ ਮੁਕਤ ਕਰ ਸਕੇ। ਇਸ ਕਿਸਾਨ ਪਰਿਵਾਰ ਲਈ ਖੇਤੀ ਇਕੱਲਾ ਘਾਟੇ ਦਾ ਨਹੀਂ, ਖ਼ੁਦਕੁਸ਼ੀ ਦਾ ਸੌਦਾ ਵੀ ਬਣ ਗਈ ਹੈ। ਇਸ ਪਰਿਵਾਰ ਨੇ ਕਰਜ਼ੇ ਦੇ ਜਾਲ ਚੋਂ ਨਿਕਲਣ ਲਈ ਹਰ ਹੰਭਲਾ ਮਾਰਿਆ, ਜੋ ਰਾਸ ਨਾ ਆਇਆ। ਸਬਜ਼ੀਆਂ ਦੀ ਕਾਸ਼ਤ ਵੀ ਕੀਤੀ, ਕਿਸ਼ਤਾਂ ਨੇ ਵੀ ਸਾਹ ਨਾ ਲੈਣ ਦਿੱਤਾ। ਆਖ਼ਰ ਇਹ ਭਰਾ ਸਾਹ ਤਿਆਗ ਗਏ। ਹੁਣ ਦੋਵਾਂ ਦੀਆਂ ਵਿਧਵਾਵਾਂ ਅਤੇ ਦੋਵੇਂ ਬੱਚੀਆਂ ਨੂੰ ਇੱਕ ਨਵੀਂ ਜੰਗ ਲਈ ਕੁੱਦਣਾ ਪਵੇਗਾ ਜੋ ਨਾ ਮੁੱਕਣ ਵਾਲੀ ਹੈ।

                      ਕਰਜ਼ੇ ’ਤੇ ਲੀਕ ਮਾਰੇ ਸਰਕਾਰ : ਢੁੱਡੀਕੇ

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਸ ਪੀੜਤ ਪਰਿਵਾਰ ਲਈ ਦਸ ਦਸ ਲੱਖ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਕਿਸਾਨੀ ਦੀ ਇੱਕ ਮੂੰਹ ਬੋਲਦੀ ਤਸਵੀਰ ਹੈ। ਹਕੂਮਤਾਂ ਕਿਸਾਨੀ ਪ੍ਰਤੀ ਹੇਜ ਰੱਖਦੀਆਂ ਤਾਂ ਸਕੇ ਭਰਾਵਾਂ ਨੇ ਗੱਡੀ ਅੱਗੇ ਨਹੀਂ ਕੁੱਦਣਾ ਸੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਦਸ ਏਕੜ ਤੱਕ ਵਾਲੀ ਕਿਸਾਨੀ ਦੇ ਕਰਜ਼ੇ ’ਤੇ ਲੀਕ ਮਾਰੀ ਜਾਵੇ।

No comments:

Post a Comment