ਬਾਣੀ ਦੇ ਪੱਤਰੇ ਮੁੱਕਦੀ ਨਾਹੀਂ ਦਰਦਾਂ ਦੀ ਪੂਣੀ..! ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ਨੇ ਕਾਲੀ ਹਨ੍ਹੇਰੀ ’ਚ ਬਹੁਤ ਕੁਝ ਗੁਆਇਆ। ਅੱਸੀ ਨੱਬੇ ਦੇ ਦਹਾਕੇ ’ਚ ਕਿੰਨੇ ਹੀ ਝੱਖੜ ਝੁੱਲੇ ਪਰ ਪੰਜਾਬ ਨੇ ਗੁਰੂ ਦੀ ਬਾਣੀ ਪ੍ਰਤੀ ਅਦਬ ਤੇ ਆਸਥਾ ਨੂੰ ਨਹੀਂ ਗੁਆਇਆ। ਜਦੋਂ ਵੀ ਸ਼ਰਾਰਤੀ ਤੱਤਾਂ ਨੇ ਪੰਜਾਬ ਦੀ ਦੁਖਦੀ ਰਗ ’ਤੇ ਹੱਥ ਰੱਖਿਆ ਤਾਂ ਪੰਜਾਬੀ ਆਪੇ ਤੋਂ ਬਾਹਰ ਹੋ ਗਏ। ਅੱਜ ਜੋ ਬੇਅਦਬੀ ਦਾ ਮੁੱਦਾ ਗੂੰਜ ਰਿਹਾ ਹੈ, ਉਸ ਦੀ ਜੜ੍ਹ ਅੱਸੀ ਦੇ ਦਹਾਕੇ ’ਚ ਪਈ ਹੈ। ਪਹਿਲਾਂ ਹਿੰਸਾ ਤੇ ਹੁਣ ਸਿਆਸਤ ‘ਪਵਿੱਤਰ ਆਸਥਾ’ ਨੂੰ ਹਥਿਆਰ ਵਜੋਂ ਵਰਤਣ ਲੱਗੀ ਹੈ। ਹਿੰਸਾ ਦੇ ਦੌਰ ’ਚ ਬੇਅਦਬੀ ਮਾਮਲੇ ਘੱਟ ਅਤੇ ਹੁਣ ਸਿਆਸੀ ਦੌਰ ’ਚ ਮਾਮਲੇ ਵਧੇ ਹਨ। ਪਹਿਲਾਂ ਨਜ਼ਰ ਹਿੰਸਕ ਦੌਰ ਦੇ ਦੋ ਦਹਾਕਿਆਂ ’ਤੇ ਜਿਸ ਦੇ ਦੌਰਾਨ ਸਾਲ 1981 ਤੋਂ 1999 ਤੱਕ ਬੇਅਦਬੀ ਦੇ ਕੁੱਲ 129 ਕੇਸ ਦਰਜ ਹੋਏ ਸਨ। ਵਰ੍ਹਾ 1981 ’ਚ ਬੇਅਦਬੀ ਨੂੰ ਲੈ ਕੇ ਇੱਕ ਕੇਸ ਦਰਜ ਹੋਇਆ ਸੀ ਅਤੇ ਉਸ ਦੌਰ ’ਚ ਆਖ਼ਰੀ ਦੋ ਕੇਸ ਸਾਲ 1988 ’ਚ ਦਰਜ ਹੋਏ ਸਨ। ਉਦੋਂ 1982 ’ਚ ਸਭ ਤੋਂ ਵੱਧ 53 ਕੇਸ ਬੇਅਦਬੀ ਦੇ ਦਰਜ ਹੋਏ ਸਨ ਜਦੋਂ ਕਿ 1983 ’ਚ 30 ਅਤੇ 1984 ’ਚ 27 ਕੇਸ ਦਰਜ ਹੋਏ ਸਨ।
1982 ਤੋਂ 1984 ਦੇ ਤਿੰਨ ਵਰ੍ਹਿਆਂ ’ਚ ਹੀ ਸਭ ਤੋਂ ਵੱਧ 110 ਕੇਸ ਬੇਅਦਬੀ ਦੇ ਦਰਜ ਹੋਏ ਸਨ। ਪੰਜਾਬੀਆਂ ’ਚ ਗੁਰੂ ਦਾ ਅਦਬ ਅਤੇ ਪਵਿੱਤਰ ਆਸਥਾ ਨੂੰ ਬਚਾਉਣ ਦੀ ਤੜਫ ਹਮੇਸ਼ਾ ਬਣੀ ਰਹੀ। ਪੰਜਾਬ ’ਚ ਸਾਲ 1988 ਤੋਂ ਲੈ ਕੇ 2015 ਤੱਕ ਬੇਅਦਬੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਕਰੀਬ 27 ਵਰ੍ਹਿਆਂ ਦੇ ਅਰਸੇ ਮਗਰੋਂ ਪਹਿਲੀ ਜੂਨ 2015 ਨੂੰ ਮੁੜ ਬੇਅਦਬੀ ਦਾ ਮੁੱਢ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਬੱਝ ਗਿਆ। ਜਦੋਂ ਪੁਰਾਣੇ ਸਮਿਆਂ ’ਤੇ ਝਾਤ ਮਾਰਦੇ ਹਾਂ ਤਾਂ ਅਪਰੇਸ਼ਨ ਬਲ਼ੂ ਸਟਾਰ ਨੂੰ ਸਭ ਤੋਂ ਵੱਡੀ ਬੇਅਦਬੀ ਵਜੋਂ ਦੇਖਿਆ ਜਾਂਦਾ ਹੈ ਜਿਸ ’ਚ ਪਵਿੱਤਰ ਅਸਥਾਨ ’ਤੇ ਹਮਲਾ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅਗਨ ਭੇਟ ਹੋਣ ਦੀ ਘਟਨਾ ਵੀ ਸ਼ਾਮਲ ਹੈ।ਉਸ ਦੌਰ ’ਚ ਮਾਝੇ ਤੇ ਦੁਆਬੇ ਦੇ ਕਈ ਸ਼ਹਿਰਾਂ ’ਚ ਸ਼ਰਾਰਤੀ ਤੱਤਾਂ ਨੇ ਵੱਖ ਵੱਖ ਫ਼ਿਰਕਿਆਂ ਦੇ ਧਾਰਮਿਕ ਅਸਥਾਨਾਂ ਕੋਲ ਇਤਰਾਜ਼ਯੋਗ ਵਸਤਾਂ ਸੁੱਟ ਕੇ ਬਾਬੇ ਨਾਨਕ ਦੇ ਸਾਂਝੇ ਲੰਗਰ ’ਚ ਬੈਠਣ ਵਾਲਿਆਂ ’ਚ ਨਫ਼ਰਤ ਭਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਉਹ ਇੱਕ ਦੂਜੇ ਖ਼ਿਲਾਫ਼ ਤਣ ਗਏ, ਉੱਥੇ ਨਫਰਤੀ ਉਬਾਲ ’ਤੇ ਸਾਂਝ ਦਾ ਛਿੱਟਾ ਦੇਣ ਵਾਲੇ ਵੀ ਕੁੱਦੇ ਸਨ।
ਮਲੇਰਕੋਟਲਾ ’ਚ 1980 ’ਚ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ‘ਸਾਕਾ ਨਕੋਦਰ’ ਨੂੰ ਹਿੰਸਾ ਦੇ ਦੌਰ ਦੀ ਵੱਡੀ ਘਟਨਾ ਵਜੋਂ ਦੇਖਿਆ ਜਾਂਦਾ ਹੈ। ਨਕੋਦਰ ’ਚ 2 ਫਰਵਰੀ 1986 ਨੂੰ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਅਗਨ ਭੇਟ ਕਰ ਦਿੱਤੇ ਸਨ। ਜਦੋਂ ਸਿੱਖ ਸੰਗਤ ਇਨ੍ਹਾਂ ਸਰੂਪਾਂ ਨੂੰ ਮਰਯਾਦਾ ਅਨੁਸਾਰ ਸ੍ਰੀ ਗੋਇੰਦਵਾਲ ਸਾਹਿਬ ਲਿਜਾਣ ਲੱਗੀ ਤਾਂ ਸੁਰੱਖਿਆ ਬਲਾਂ ਨੇ ਅੰਨ੍ਹੇਵਾਹ ਗੋਲੀ ਚਲਾ ਦਿੱਤੀ ਜਿਸ ਦੇ ਵਜੋਂ ਚਾਰ ਨੌਜਵਾਨ ਸ਼ਹੀਦ ਹੋ ਗਏ। ਬਾਅਦ ’ਚ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਿਆ ਅਤੇ ਰਿਪੋਰਟ ਵੀ ਨਸ਼ਰ ਹੋਈ। ਅੱਜ ਵੀ ਉਸ ਘਟਨਾ ਦਾ ਇਨਸਾਫ਼ ਅਧੂਰਾ ਹੈ। ਜਦੋਂ ਧਾਰਮਿਕ ਅਸਥਾਨਾਂ ’ਚ ਸੁਰੱਖਿਆ ਬਲ ਬੂਟਾਂ ਸਮੇਤ ਪੈਰ ਰੱਖਦੇ ਸਨ ਤਾਂ ਪੰਜਾਬ ਦੇ ਲੋਕਾਂ ਨੂੰ ਇੰਜ ਲੱਗਦਾ ਸੀ ਕਿ ਜਿਵੇਂ ਉਨ੍ਹਾਂ ਦੀ ਆਤਮਾ ’ਤੇ ਪੈਰ ਰੱਖਿਆ ਗਿਆ ਹੋਵੇ। ਉਸ ਵਕਤ ਭਾਈਚਾਰੇ ਨੂੰ ਤਾਰ ਤਾਰ ਕਰਨ ਦੇ ਕਿੰਨੇ ਹੀ ਯਤਨ ਹੋਏ। ਪੰਜਾਬ ’ਚ 27 ਸਾਲਾਂ ਮਗਰੋਂ ਮੁੜ ਗੁਰੂ ਦੀ ਬਾਣੀ ਦੇ ਪੱਤਰੇ ਤਾਰ ਤਾਰ ਕਰ ਦਿੱਤੇ ਗਏ।
ਸਾਲ 2015 ’ਚ ਗੁਰੂ ਦੀ ਬਾਣੀ ਬਰਗਾੜੀ ਦੀਆਂ ਗਲੀਆਂ ’ਚ ਰੁਲ ਗਈ। ਪੰਜਾਬ ਮੁੜ ਉਬਾਲ ਖਾ ਗਿਆ। ਕਰੀਬ 11 ਸਾਲ ਬੀਤ ਚੁੱਕੇ ਹਨ ਕਿ ਬੇਅਦਬੀ ਦਾ ਨਿਆਂ ਹਾਲੇ ਤੱਕ ਨਹੀਂ ਮਿਲਿਆ। ਹੁਣ ਸਿਆਸਤ ਆਸਥਾ ਨੂੰ ਵੋਟਾਂ ਦੀ ਮੰਡੀ ’ਚ ਨਿਲਾਮ ਕਰ ਰਹੀ ਹੈ। ਹਰ ਛੋਟੀ ਵੱਡੀ ਚੋਣ ’ਚ ਬੇਅਦਬੀ ਦਾ ਹੁਣ ਵੱਡਾ ਮੁੱਦਾ ਬਣ ਗਿਆ। ਸਾਲ 2015 ਦੇ ਵਰ੍ਹੇ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਜਦੋਂ ਇੱਕੋ ਸਾਲ ’ਚ ਬੇਅਦਬੀ ਦੇ 65 ਮਾਮਲੇ ਦਰਜ ਹੋਏ ਸਨ। ਪੰਜਾਬ ਪੁਲੀਸ ਨੇ ਜੂਨ 2015 ਤੋਂ ਦਸੰਬਰ 2025 ਤੱਕ 597 ਬੇਅਦਬੀ ਦੇ ਕੇਸ ਦਰਜ ਕੀਤੇ ਹਨ। ਹੁਣ ਕੋਈ ਵਰ੍ਹਾ ਵੀ ਸੁੱਕਾ ਨਹੀਂ ਲੰਘਦਾ। ‘ਆਪ’ ਸਰਕਾਰ ਨੇ 13 ਅਪਰੈਲ 2026 ਨੂੰ ਪੰਜਾਬ ਵਿਧਾਨ ਸਭਾ ’ਚ ‘ਜਾਗਤ ਜੋਤ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਬਣਾਇਆ ਜਿਸ ’ਚ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਸਜ਼ਾਵਾਂ ਦੀ ਵਿਵਸਥਾ ਕੀਤੀ ਗਈ। ਪੰਜਾਬ ਚੋਣਾਂ ’ਚ ਸਮਾਂ ਥੋੜ੍ਹਾ ਬਚਿਆ ਹੈ ਜਿਸ ਕਰਕੇ ਬੇਅਦਬੀ ਦਾ ਮੁੱਦਾ ਮੁੜ ਸੂਬੇ ਦੀ ਸਿਆਸਤ ’ਚ ਕੇਂਦਰ ਬਿੰਦੂ ਬਣਨ ਲੱਗਿਆ ਹੈ। ਜਦੋਂ ਤੱਕ ਬੇਅਦਬੀ ਪਿੱਛੇ ਛੁਪੇ ਚਿਹਰੇ ਨੰਗੇ ਨਹੀਂ ਹੋ ਜਾਂਦੇ, ਉਨ੍ਹਾਂ ਸਮਾਂ ਪੰਜਾਬ ਦੇ ਸੀਨੇ ’ਚ ਚੀਸ ਪੈਂਦੀ ਰਹੇਗੀ।
ਨਿਰੰਕਾਰੀ ਵਿਵਾਦ : 65 ਮਾਮਲੇ ਦਰਜ
ਜਦੋਂ ਕਾਲਾ ਦੌਰ ਚੱਲ ਰਿਹਾ ਸੀ ਤਾਂ ਉਸ ਵਕਤ ਨਿਰੰਕਾਰੀਆਂ ’ਤੇ ਹਮਲੇ ਹੋਣ ਦੇ 65 ਕੇਸ ਦਰਜ ਹੋਏ ਸਨ। ਪੰਜਾਬ ਦੋ ਦਹਾਕੇ ਤੰਦੂਰ ਵਾਂਗ ਜਲਿਆ। ਨਿਰੰਕਾਰੀ ਵਿਵਾਦ ਨੇ ਹਿੰਸਕ ਦੌਰ ਦਾ ਮੁੱਢ ਬੰਨ੍ਹਿਆ। ਨਿਰੰਕਾਰੀ ਮਿਸ਼ਨ ਵੱਲੋਂ ਪ੍ਰਚਾਰੀ ਜਾ ਰਹੀ ‘ਅਵਤਾਰ ਬਾਣੀ’ ਨੂੰ ਸਿੱਖ ਭਾਈਚਾਰੇ ਨੇ ਗੁਰੂ ਸਾਹਿਬਾਨਾਂ ਦੀ ਤੌਹੀਨ ਸਮਝਿਆ। 13 ਅਪਰੈਲ 1978 ਨੂੰ ਹੋਈ ਘਟਨਾ ’ਚ ਸਿੱਖ ਭਾਈਚਾਰੇ ਦੇ 13 ਲੋਕ ਸ਼ਹੀਦ ਹੋ ਗਏ ਜਿਸ ਮਗਰੋਂ 24 ਅਪਰੈਲ 1980 ਨੂੰ ਨਿਰੰਕਾਰੀ ਮਿਸ਼ਨ ਦੇ ਬਾਬਾ ਗੁਰਬਚਨ ਸਿੰਘ ਦੀ ਹੱਤਿਆ ਹੋਈ। ਨਿਰੰਕਾਰੀ ਭਵਨਾਂ ਤੇ ਸਮਾਗਮਾਂ ’ਤੇ ਹਮਲੇ ਵਧ ਗਏ। 1983 ’ਚ ਨਿਰੰਕਾਰੀਆਂ ’ਤੇ ਹਮਲੇ ਦੇ 22 ਅਤੇ ਸਾਲ 1984 ’ਚ 11 ਕੇਸ ਦਰਜ ਹੋਏ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਰੰਕਾਰੀਆਂ ਨਾਲ ਕੋਈ ਸਾਂਝ ਨਾ ਰੱਖਣ ਦਾ ਹੁਕਮਨਾਮਾ ਵੀ ਜਾਰੀ ਹੋਇਆ ਸੀ।
ਬੇਅਦਬੀ ਦੇ ਦਰਜ ਹੋਏ ਮਾਮਲੇ
ਸਾਲ ਦਰਜ ਕੇਸ ਸਾਲ ਦਰਜ ਕੇਸ
1982 53 2015 65
1983 30 2016 54
1984 27 2017 47
1985 08 2018 40
1986 05 2022 80
1987 03 2023 54
1988 02 2024 65

No comments:
Post a Comment