Wednesday, June 20, 2012

                                      ਸ਼ਾਹੀ ਦੌਰਾ
         ਬਹਾਨਾ ਕਿਸਾਨਾਂ ਦਾ,ਸੈਰ ਪਹਾੜਾਂ ਦੀ
                                 ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੌਰੇ 'ਤੇ ਆਈ ਸੰਸਦੀ ਟੀਮ ਦੇ ਦੋ ਦਰਜਨ ਮੈਂਬਰ ਕੈਂਸਰ ਪੱਟੀ ਤੋਂ ਦੂਰ ਹੀ ਰਹੇ। ਸੰਸਦੀ ਕਮੇਟੀ ਦੇ ਸੱਤ ਮੈਂਬਰਾਂ ਨੇ ਹੀ ਦੋ ਦਿਨਾਂ ਦੌਰਾ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗ਼ੈਰਹਾਜ਼ਰ ਰਹੇ ਦੋ ਦਰਜਨ ਮੈਂਬਰਾਂ ਨੇ ਮਾਲਵੇ ਕਿਸਾਨਾਂ ਦੇ ਦੁੱਖ ਸੁਣਨ ਦੀ ਬਜਾਏ ਪਹਾੜਾਂ ਨੂੰ ਤਰਜੀਹ ਦਿੱਤੀ ਹੈ। ਸੰਸਦੀ ਕਮੇਟੀ ਦੀ ਪੂਰੀ ਟੀਮ ਦੇ 31 ਮੈਂਬਰਾਂ ਨੇ ਬਠਿੰਡਾ ਦੇ ਦੋ ਦਿਨਾਂ ਦੌਰੇ 'ਤੇ ਆਉਣਾ ਸੀ ਜਿਸ ਦਾ ਬਕਾਇਦਾ ਪ੍ਰੋਗਰਾਮ ਵੀ ਆਇਆ ਸੀ। ਕੱਲ੍ਹ ਸਿਰਫ ਸੱਤ ਮੈਂਬਰ ਹੀ ਪੁੱਜੇ ਜਦੋਂ ਕਿ ਬਾਕੀ ਦੋ ਦਰਜਨ ਮੈਂਬਰਾਂ ਦੇ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਹੀ ਰਹਿਣ ਦੀ ਖ਼ਬਰ ਮਿਲੀ ਹੈ। ਬਹੁਤੇ ਮੈਂਬਰ ਤਾਂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਏ ਹੋਏ ਸਨ। ਕੋਈ ਵੀ ਸਰਕਾਰੀ ਅਧਿਕਾਰੀ ਇਸ ਮਸਲੇ 'ਚ ਮੂੰਹ ਖੋਲਣ ਨੂੰ ਤਿਆਰ ਨਹੀਂ ਹੈ। ਜਦੋਂ ਸੰਸਦੀ ਕਮੇਟੀ ਦੇ ਸਿਰਫ ਸੱਤ ਮੈਂਬਰ ਹੀ ਪੁੱਜੇ ਤਾਂ ਕਿਸਾਨ ਧਿਰਾਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਲੋਕ ਸਭਾ ਸਕੱਤਰੇਤ ਵੱਲੋਂ ਬਣੇ ਪ੍ਰੋਗਰਾਮ ਤਹਿਤ ਪੂਰੀ ਟੀਮ ਵੱਲੋਂ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦਾ ਦੌਰਾ ਕੀਤਾ ਜਾਣਾ ਸੀ। ਸੰਸਦੀ ਕਮੇਟੀ ਦੇ ਚੇਅਰਮੈਨ ਐਮ.ਪੀ. ਵਾਸੂਦੇਵ ਅਚਾਰੀਆ ਵੀ ਬਠਿੰਡਾ ਦੌਰੇ ਸਮੇਂ ਗ਼ੈਰਹਾਜ਼ਰ ਸਨ। ਉਨ੍ਹਾਂ ਦੀ ਥਾਂ ਟੀਮ ਦੀ ਅਗਵਾਈ ਸ਼ਸ਼ੀ ਭੂਸ਼ਨ ਐਮ.ਪੀ. ਨੇ ਕੀਤੀ। ਜੋ ਕਮੇਟੀ  ਮੈਂਬਰ ਬਠਿੰਡਾ ਦੌਰੇ 'ਤੇ ਪੁੱਜੇ,ਉਹ ਵੀ ਕੈਂਸਰ ਪੱਟੀ ਦੇ ਭੈਅ ਵਿੱਚ ਬੋਤਲਾਂ ਵਾਲਾ ਪਾਣੀ ਪੀਂਦੇ ਰਹੇ।
            ਇਸ ਟੀਮ ਦਾ ਬਠਿੰਡਾ ਦੌਰਾ ਕਰੀਬ ਪੰਜ ਲੱਖ 'ਚ ਪਿਆ ਹੈ। ਇਸ ਟੀਮ ਨੇ ਤਿੰਨ ਤਾਰਾ ਹੋਟਲ ਵਿੱਚ ਅਫ਼ਸਰਾਂ ਦੇ ਕਾਗਜ਼ੀ ਨਕਸ਼ੇ ਦੇਖੇ। ਜਦੋਂ ਕਿਸਾਨਾਂ ਦੀ ਵਾਰੀ ਆਈ ਤਾਂ ਟੀਮ ਕੋਲ ਸਮਾਂ ਨਹੀਂ ਸੀ। ਕਿਸਾਨ ਧਿਰਾਂ ਦੇ ਦੋ ਪ੍ਰਤੀਨਿਧ ਆਪਣੀ ਗੱਲ ਕਹਿਣ ਵਿੱਚ ਕਾਮਯਾਬ ਰਹੇ। ਬਠਿੰਡਾ ਦੇ ਸ਼ਾਪਿੰਗ ਮਾਲ ਦੇ ਕੰਫਰਟ ਇੰਨ ਹੋਟਲ ਵਿੱਚ ਸੰਸਦੀ ਟੀਮ ਦੀ ਇੱਕ ਦਿਨ ਦੀ ਠਹਿਰ 'ਤੇ ਕਰੀਬ ਤਿੰਨ ਲੱਖ ਰੁਪਏ ਖਰਚੇ ਗਏ ਹਨ। ਕਿਸਾਨਾਂ ਦੇ ਦੁੱਖੜੇ ਸੁਣਨ ਆਈ ਸੰਸਦੀ ਟੀਮ ਜ਼ਿਆਦਾ ਸਮਾਂ ਅਫ਼ਸਰਾਂ ਨਾਲ ਹੀ ਘਿਰੀ ਰਹੀ। ਸ਼ਹਿਰ ਦੇ ਕੰਫਰਟ ਇੰਨ ਹੋਟਲ ਵਿੱਚ 25 ਕਮਰੇ ਬੁੱਕ ਕਰਾਏ ਗਏ ਸਨ ਜਿਨ੍ਹਾਂ ਦਾ ਖਰਚਾ ਪ੍ਰਤੀ ਕਮਰਾ ਤਿੰਨ ਹਜ਼ਾਰ ਰੁਪਏ (ਸਿੰਗਲ ਬੈੱਡ) ਅਤੇ 3800 ਰੁਪਏ (ਡਬਲ ਬੈੱਡ) ਹੈ। ਕੱਲ੍ਹ ਸ਼ਾਮ ਇਹ ਸੰਸਦ ਮੈਂਬਰ ਪੁੱਜ ਗਏ ਸਨ ਜਿਨ੍ਹਾਂ ਨਾਲ ਰਾਜ ਸਰਕਾਰ ਦਾ ਅਮਲਾ ਫੈਲਾ ਵੀ ਸੀ। ਕਰੀਬ 70 ਵੀ.ਆਈ.ਪੀਜ਼. ਨੂੰ ਡਿਨਰ ਦਿੱਤਾ ਗਿਆ ਜਦੋਂ ਕਿ ਅੱਜ 100 ਵਿਅਕਤੀਆਂ ਨੂੰ ਲੰਚ ਵੀ ਦਿੱਤਾ ਗਿਆ। ਸਵੇਰੇ 50 ਵੀ.ਆਈ.ਪੀਜ਼. ਨੂੰ ਬਰੇਕਫਾਸਟ ਦਿੱਤਾ ਗਿਆ। ਕੰਫਰਟ ਇੰਨ ਹੋਟਲ ਦਾ ਤਿੰਨ ਲੱਖ ਰੁਪਏ ਦਾ ਬਿੱਲ ਬਣਨ ਦੀ ਸੰਭਾਵਨਾ ਹੈ। ਲੋਕ ਸਭਾ ਸਕੱਤਰੇਤ ਦੇ ਅੱਧੀ ਦਰਜਨ ਅਧਿਕਾਰੀ ਵੀ ਇਸ ਸੰਸਦੀ ਦਲ ਨਾਲ ਪੁੱਜੇ ਹੋਏ ਸਨ।
           ਖੇਤੀਬਾੜੀ ਵਿਭਾਗ ਵੱਲੋਂ ਇਸ ਟੀਮ ਨੂੰ ਕਰੀਬ 40 ਗੱਡੀਆਂ ਦਿੱਤੀਆਂ ਹੋਈਆਂ ਸਨ ਅਤੇ ਹਰ ਐਮ.ਪੀ. ਦੇ ਨਾਲ ਇੱਕ ਤਾਲਮੇਲ ਅਧਿਕਾਰੀ ਤਾਇਨਾਤ ਕੀਤੀ ਹੋਇਆ ਸੀ। ਚੰਡੀਗੜ੍ਹ ਤੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਬਠਿੰਡਾ ਦੌਰੇ 'ਤੇ ਸੱਤ ਮੈਂਬਰੀ ਵਫ਼ਦ ਦੇ ਨਾਲ ਸਨ। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਤੋਹਫੇ ਵਜੋਂ 25 ਮੈਂਬਰਾਂ ਨੂੰ ਲੋਈਆਂ ਦਿੱਤੀਆਂ ਗਈਆਂ ਹਨ। ਬਠਿੰਡਾ ਦੀ ਕਲਾਥ ਮਾਰਕੀਟ 'ਚੋਂ ਖੇਤੀ ਵਿਭਾਗ ਨੇ ਪ੍ਰਤੀ ਲੋਈ 700 ਰੁਪਏ ਦਾ ਖਰਚ ਕੀਤਾ ਹੈ। ਜੋ ਫੁੱਲਾਂ ਦੇ ਗੁਲਦਸਤਿਆਂ ਅਤੇ ਹਾਰਾਂ ਦਾ ਖਰਚਾ ਹੈ,ਉਹ ਵੱਖਰਾ ਹੈ। ਕਰੀਬ 40 ਗੱਡੀਆਂ ਦਾ ਕਾਫ਼ਲਾ ਅੱਜ ਸੰਸਦੀ ਦਲ ਨਾਲ ਪਿੰਡ ਜੱਜਲ ਅਤੇ ਪਿੰਡ ਮਹਿਮਾ ਸਰਜਾ ਵੀ ਗਿਆ। ਜੋ ਪੈਟਰੋਲ ਖਰਚ ਆਇਆ ਹੈ,ਉਹ ਵੱਖਰਾ ਹੈ। ਕੰਫਰਟ ਇੰਨ ਦੇ ਮੈਨੇਜਰ ਸ੍ਰੀ ਅਸ਼ਵਨੀ ਦਾ ਕਹਿਣਾ ਹੈ ਕਿ ਹਾਲੇ ਕੁੱਲ ਖਰਚ ਦਾ ਹਿਸਾਬ ਕਿਤਾਬ ਨਹੀਂ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਕੌਮੀ ਬੀਜ ਕਾਰਪੋਰੇਸ਼ਨ ਵੱਲੋਂ ਆਓ ਭਗਤ ਦੀ ਜ਼ਿੰਮੇਵਾਰੀ ਸੰਭਾਲੀ ਗਈ ਸੀ। ਪੰਜਾਬ ਸੀਡ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਸੁਰਿੰਦਰ ਨੇ ਦੱਸਿਆ ਕਿ ਜੋ ਵੀ ਇਸ ਦੌਰੇ ਦਾ ਖਰਚਾ ਆਵੇਗਾ,ਉਸ ਦੇ ਬਿੱਲਾਂ ਦੀ ਪੂਰੀ ਲੋਕ ਸਭਾ ਸਕੱਤਰੇਤ ਵੱਲੋਂ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਸਕੱਤਰੇਤ ਦੀਆਂ ਹਦਾਇਤਾਂ ਅਨੁਸਾਰ ਹੀ ਪ੍ਰਾਹੁਣਚਾਰੀ 'ਤੇ ਖਰਚ ਕੀਤਾ ਗਿਆ ਹੈ।

No comments:

Post a Comment