Thursday, June 21, 2012

                             ਪੰਜਾਬ ਬਜਟ
                ਦੁੱਖਾਂ 'ਚ ਵੀ ਪਾਈ ਵੰਡੀ
                            ਚਰਨਜੀਤ ਭੁੱਲਰ
ਬਠਿੰਡਾ : ਕੇਹਾ ਇਨਸਾਫ ਹੈ ਕਿ ਖੁਦਕਸ਼ੀ ਕਰਨ ਵਾਲੇ ਕਿਸਾਨ ਤੇ ਕਾਮੇ ਵੀ ਵੰਡ ਦਿੱਤੇ ਗਏ ਹਨ। ਪੰਜਾਬ ਬਜਟ ਨੇ ਦੁੱਖਾਂ ਵਿੱਚ ਵੀ ਲਕੀਰ ਖਿੱਚ ਦਿੱਤੀ ਹੈ। ਇਸ ਨੂੰ ਕਾਣੀ ਵੰਡ ਹੀ ਕਿਹਾ ਜਾ ਸਕਦਾ ਹੈ। ਪੰਜਾਬ ਬਜਟ ਨੇ ਖ਼ੁਦਕਸ਼ੀ ਕਰਨ ਵਾਲੇ ਕਿਸੇ ਕਿਸਾਨ ਦੀ ਵਿਧਵਾ ਨੂੰ ਧਰਵਾਸ ਦਿੱਤਾ ਹੈ, ਜਦੋਂ ਕਿ ਕਿਸੇ ਵਿਧਵਾ ਦਾ ਮਨ ਖੱਟਾ ਕਰ ਦਿੱਤਾ ਹੈ। ਪੰਜਾਬ ਬਜਟ ਵਿੱਚ ਉਨ੍ਹਾਂ ਕਿਸਾਨ ਪਰਿਵਾਰਾਂ ਨੂੰ ਮਾਲੀ ਮਦਦ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਦੇ ਕਮਾਊ ਜੀਅ ਸਾਲ 2001 ਤੋਂ ਮਗਰੋਂ ਖ਼ੁਦਕਸ਼ੀ ਕਰ ਗਏ ਸਨ, ਜਿਨ੍ਹਾਂ ਕਿਸਾਨ ਪਰਿਵਾਰਾਂ ਦੇ ਜੀਅ ਸਾਲ 2001 ਤੋਂ ਪਹਿਲਾਂ ਖ਼ੁਦਕਸ਼ੀ ਕਰ ਗਏ, ਉਨ੍ਹਾਂ ਪਰਿਵਾਰਾਂ ਨੂੰ ਫਿਲਹਾਲ ਕੋਈ ਮਾਲੀ ਮਦਦ ਨਹੀਂ ਮਿਲੇਗੀ।
            ਪੰਜਾਬ ਬਜਟ ਵਿੱਚ ਸਿਰਫ ਖ਼ੁਦਕਸ਼ੀ ਕਰਨ ਵਾਲੇ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਪ੍ਰਤੀ ਜੀਅ ਦੋ ਲੱਖ ਰੁਪਏ ਦੀ ਮਾਲੀ ਮਦਦ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਦੇ ਕਮਾਊ ਜੀਆਂ ਨੇ ਸਾਲ 2001 ਤੋਂ 2010 ਦੌਰਾਨ ਖ਼ੁਦਕਸ਼ੀ ਕੀਤੀ ਹੈ। ਬਜਟ ਅਨੁਸਾਰ ਸਾਲ 2012-13 ਲਈ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਆਸ਼ਰਿਤਾਂ ਲਈ 30 ਕਰੋੜ ਰੁਪਏ ਦੇ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਤਿੰਨ ਯੂਨੀਵਰਸਿਟੀਆਂ ਵੱਲੋਂ ਕਿਸਾਨਾਂ ਅਤੇ ਕਾਮਿਆਂ ਦੀਆਂ ਆਤਮ ਹੱਤਿਆਵਾਂ ਸਬੰਧੀ ਅਧਿਐਨ ਸ਼ੁਰੂ ਕਰਵਾਇਆ ਹੈ। ਸਰਕਾਰ ਉਨ੍ਹਾਂ ਅਧਿਐਨ ਰਿਪੋਰਟਾਂ ਦਾ ਨਿਰੀਖਣ ਕਰੇਗੀ ਅਤੇ ਆਤਮ ਹੱਤਿਆ ਦੇ ਅਸਲ ਕਾਰਨਾਂ ਦਾ ਹੱਲ ਕਰਨ ਦੀ ਯਤਨ ਕਰੇਗੀ। ਅਜਿਹੇ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਸਾਲ 2012-13 ਤੋਂ 2 ਲੱਖ ਰੁਪਏ ਦੀ ਵਿੱਤੀ ਮਦਦ ਲਈ ਇਕ ਨਵੀਂ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਸਪੱਸ਼ਟ ਹੈ ਕਿ ਸਰਕਾਰੀ ਸਰਵੇਖਣ ਵਿੱਚ ਸ਼ਾਮਲ ਪਰਿਵਾਰਾਂ ਨੂੰ ਹੀ ਮਾਲੀ ਮਦਦ ਮਿਲਣੀ ਹੈ। ਪੰਜਾਬ ਖੇਤੀਬਾੜੀ 'ਵਰਸਿਟੀ ਵੱਲੋਂ ਬਠਿੰਡਾ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਸਾਲ 2001 ਤੋਂ ਸਾਲ 2008 ਤੱਕ ਦਾ ਸਰਵੇਖਣ ਕੀਤਾ ਹੈ ਅਤੇ ਇਸ ਸਮੇਂ ਦੌਰਾਨ 2890 ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖ਼ੁਦਕਸ਼ੀ ਕੀਤੀ ਗਈ ਹੈ। ਸਾਲ 2001 ਤੋਂ ਸਾਲ 2010 ਤੱਕ ਪੰਜਾਬ ਵਿੱਚ ਸਰਕਾਰੀ ਸਰਵੇਖਣ ਅਨੁਸਾਰ ਕਰੀਬ 6700 ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖ਼ੁਦਕਸ਼ੀ ਕੀਤੀ ਗਈ ਹੈ। ਅਸਲ ਵਿੱਚ ਖ਼ੁਦਕਸ਼ੀਆਂ ਦਾ ਸਿਲਸਿਲਾ ਪੰਜਾਬ ਵਿੱਚ ਸਾਲ 1990 ਤੋਂ ਹੀ ਸ਼ੁਰੂ ਹੋ ਗਿਆ ਸੀ।
           ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ  ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਉਹ ਪਹਿਲਾਂ ਸਾਲ 2001 ਤੋਂ ਮਗਰੋਂ ਕਿਸਾਨਾਂ ਦੇ ਪਰਿਵਾਰਾਂ ਲਈ ਮਾਲੀ ਮਦਦ ਲੈਣਗੇ ਅਤੇ ਉਸ ਮਗਰੋਂ ਸਾਲ 1990 ਤੋਂ 2000 ਦੌਰਾਨ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦਿਵਾਉਣ ਲਈ ਸੰਘਰਸ਼ ਲੜਨਗੇ। ਉਨ੍ਹਾਂ ਆਖਿਆ ਕਿ ਕਿਸਾਨ ਧਿਰਾਂ ਦੀ ਲੜਾਈ ਜਾਰੀ ਰਹੇਗੀ ਅਤੇ ਕਾਣੀ ਵੰਡ ਨਹੀਂ ਹੋਣ ਦਿੱਤੀ ਜਾਵੇਗੀ। ਜਾਣਕਾਰੀ ਅਨੁਸਾਰ ਸਰਵੇਖਣ ਵਿੱਚ ਜਿਨ੍ਹਾਂ ਕਿਸਾਨਾਂ ਦੀ ਖ਼ੁਦਕਸ਼ੀ ਦਾ ਕਾਰਨ ਕਰਜ਼ਾ ਹੋਵੇਗਾ, ਉਸ ਨੂੰ ਹੀ ਮਾਲੀ ਮਦਦ ਮਿਲੇਗੀ, ਜਿਸ ਕਰਕੇ ਹਜ਼ਾਰਾਂ ਕਿਸਾਨਾਂ ਦੇ ਪਰਿਵਾਰ ਹੋਰ ਸਰਕਾਰੀ ਖਾਕੇ ਵਿੱਚੋਂ ਬਾਹਰ ਹੋ ਜਾਣਗੇ, ਜਦੋਂ ਕਿ ਖ਼ੁਦਕਸ਼ੀ ਕਰਨ ਵਾਲੇ ਹਰ ਕਿਸਾਨ ਦਾ ਅਸਿੱਧਾ ਕਾਰਨ ਆਰਥਿਕ ਤੰਗੀ ਤੁਰਸ਼ੀ ਹੀ ਬਣਦਾ ਹੈ। ਖੇਤ ਮਜ਼ਦੂਰਾਂ ਨੂੰ ਮਿਲਣ ਵਾਲੀ ਮਾਲੀ ਮਦਦ 'ਤੇ ਵੀ ਇਸ ਤਰ੍ਹਾਂ ਸਵਾਲੀਆ ਨਿਸ਼ਾਨ ਲੱਗਦਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਦਾ ਕਹਿਣਾ ਸੀ ਕਿ ਮਜ਼ਦੂਰਾਂ ਨੂੰ ਤਾਂ ਕਰਜ਼ਾ ਮਿਲਦਾ ਹੀ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਸਰਕਾਰੀ ਪੈਮਾਨੇ ਵਿੱਚੋਂ ਬਾਹਰ ਕਰਨ ਦੀ ਕੋਈ ਤੁੱਕ ਨਹੀਂ ਬਣਦੀ ਹੈ। ਉਨ੍ਹਾਂ ਆਖਿਆ ਕਿ ਤੰਗੀ ਤੁਰਸ਼ੀ ਹੀ ਮਜ਼ਦੂਰਾਂ ਦੀ ਜਾਨ ਲੈਣ ਦਾ ਕਾਰਨ ਬਣੀ ਹੈ, ਜਿਸ ਕਰਕੇ ਉਨ੍ਹਾਂ ਨੂੰ ਮਾਲੀ ਮਦਦ ਮਿਲਣੀ ਚਾਹੀਦੀ ਹੈ। ਪੰਜਾਬ ਖੇਤੀਬਾੜੀ 'ਵਰਸਿਟੀ ਦੇ ਡਾ. ਸੁਖਪਾਲ ਸਿੰਘ ਜਿਨ੍ਹਾਂ ਵੱਲੋਂ ਸਰਵੇਖਣ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਖ਼ੁਦਕਸ਼ੀ ਕਰਨ ਵਾਲੇ ਹਰ ਕਿਸਾਨ ਮਜ਼ਦੂਰ ਦੇ ਪਰਿਵਾਰ ਨੂੰ ਮਾਲੀ ਮਦਦ ਮਿਲਣੀ ਚਾਹੀਦੀ ਹੈ ਕਿਉਂਕਿ ਹਰ ਖ਼ੁਦਕਸ਼ੀ ਸਿੱਧੇ ਅਤੇ ਅਸਿੱਧੇ ਤੌਰ 'ਤੇ ਮਾਲੀ ਸੰਕਟ ਨਾਲ ਹੀ ਜੁੜੀ ਹੋਈ ਹੈ।
          ਪਿੰਡ ਬੁਰਜ ਸੇਮਾ ਦੀ ਵਿਧਵਾ ਲੀਲੋ ਕੌਰ ਦੀ ਬਾਂਹ ਪੰਜਾਬ ਬਜਟ ਨੇ ਨਹੀਂ ਫੜੀ ਹੈ। ਉਸ ਦਾ ਪਤੀ ਪਿਲੂ ਸਿੰਘ ਖੇਤੀ ਸੰਕਟ ਕਾਰਨ ਸਾਲ 1991 ਵਿੱਚ ਖ਼ੁਦਕਸ਼ੀ ਕਰ ਗਿਆ ਸੀ। ਉਸ ਦੇ ਸਿਰ 'ਤੇ ਕਰਜ਼ੇ ਦੀ ਪੰਡ ਸੀ, ਜਿਸ ਨੂੰ ਉਤਾਰਨ ਲਈ ਜ਼ਮੀਨ ਵੀ ਵਿਕ ਗਈ। ਤਿੰਨ ਧੀਆਂ ਦਾ ਜਦੋਂ ਬਾਪ ਤੁਰ ਗਿਆ ਤਾਂ ਵਿਧਵਾ ਲੀਲੋ ਕੌਰ ਲਈ ਕੋਈ ਢਾਰਸ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖੇਤ ਤਾਂ ਸਭ ਤੋਂ ਪਹਿਲਾਂ ਸੁੰਨੇ ਹੋ ਗਏ ਸਨ, ਜਿਸ ਦੀ ਸਜ਼ਾ ਸਰਕਾਰ ਹੁਣ ਦੇ ਰਹੀ ਹੈ। ਪਿੰਡ ਨਰੂਆਣਾ ਦਾ ਕੁਲਦੀਪ ਸਿੰਘ ਤਾਂ ਖ਼ੁਦਕਸ਼ੀ ਕਰ ਗਿਆ ਹੈ ਪਰ ਹੁਣ ਉਸ ਦੇ ਪਰਿਵਾਰ ਨੂੰ ਕੋਈ ਮਦਦ ਨਹੀਂ ਮਿਲੇਗੀ। ਕਾਰਨ ਇਹ ਕਿ ਇਸ ਕਿਸਾਨ ਨੇ ਸਾਲ 2000 ਵਿੱਚ ਖ਼ੁਦਕਸ਼ੀ ਕੀਤੀ ਸੀ। ਪਿੰਡ ਚੱਠੇਵਾਲਾ ਦੇ ਕਿਸਾਨ ਆਗੂ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਤਿੰਨ ਚਾਰ ਖ਼ੁਦਕਸ਼ੀਆਂ ਹੋਈਆਂ ਹਨ, ਜੋ ਸਾਲ 2000 ਤੋਂ ਪਹਿਲਾਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਉਹ ਕਿਸਾਨ ਪਰਿਵਾਰ ਨਿਰਾਸ਼ ਹਨ ਪਰ ਕਿਸਾਨ ਧਿਰਾਂ ਇਨ੍ਹਾਂ ਪਰਿਵਾਰਾਂ ਲਈ ਵੀ ਲੜਾਈ ਲੜਨਗੀਆਂ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਨੇ ਆਖਿਆ ਕਿ ਪੰਜਾਬ ਬਜਟ ਨੇ ਕਿਸਾਨ ਪਰਿਵਾਰਾਂ ਦੀ ਇਹ ਕਾਣੀ ਵੰਡ ਕੀਤੀ ਹੈ ਅਤੇ ਮਾਲੀ ਮਦਦ ਸਾਰੇ ਪਰਿਵਾਰਾਂ ਨੂੰ ਦੇਣੀ ਬਣਦੀ ਹੈ।

No comments:

Post a Comment