Saturday, June 30, 2012

                             ਵੀ.ਆਈ.ਪੀ.ਪਿੰਡ
      ਬਾਦਲ ਵਿੱਚ ਨਹੀਂ ਲੱਗਦਾ ਬਿਜਲੀ ਕੱਟ
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਵੀ.ਆਈ.ਪੀ. ਪਿੰਡ ਬਾਦਲ ਵਿੱਚ ਬਿਜਲੀ ਦਾ ਕੋਈ ਕੱਟ ਨਹੀਂ ਲੱਗਦਾ ਹੈ। ਗਰਮੀ ਹੋਵੇ ਜਾਂ ਸਰਦੀ, ਪਿੰਡ ਬਾਦਲ ਦੇ ਲੋਕਾਂ ਲਈ ਕਦੇ ਵੀ ਬਿਜਲੀ ਦੀ ਕਮੀ ਨਹੀਂ ਹੋਈ। ਹੁਣ ਜਦੋਂ ਪੂਰਾ ਪੰਜਾਬ ਬਿਜਲੀ ਕੱਟਾਂ ਦੀ ਮਾਰ ਝੱਲ ਰਿਹਾ ਹੈ ਤਾਂ ਵੀ ਪਿੰਡ ਬਾਦਲ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਪਾਵਰਕੌਮ ਨੇ ਐਤਕੀਂ ਬਿਜਲੀ ਦੀ ਮੰਗ ਨੂੰ ਦੇਖਦੇ ਹੋਏ ਵੱਡੇ ਸ਼ਹਿਰਾਂ ਵਿੱਚ ਵੀ ਐਲਾਨੇ ਹੋਏ ਕੱਟ ਵਧਾ ਦਿੱਤੇ ਹਨ। ਪੰਜਾਬ ਦੇ ਪਿੰਡਾਂ ਦਾ ਤਾਂ ਜ਼ਿਆਦਾ ਸਮਾਂ ਬਿਜਲੀ ਕੱਟਾਂ ਵਿੱਚ ਹੀ ਲੰਘਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਹੋਣ ਕਰਕੇ ਪਾਵਰਕੌਮ ਇੱਥੇ ਬਿਜਲੀ ਕੱਟ ਨਹੀਂ ਲਾਉਂਦਾ। ਪਿੰਡ ਬਾਦਲ ਦੀ ਬਿਜਲੀ ਸਪਲਾਈ ਵਿੱਚ ਵਿਘਨ ਕੇਵਲ  ਤਕਨੀਕੀ ਨਕੁਸ ਵੇਲੇ ਪੈਂਦਾ ਹੈ।
           ਪਾਵਰਕੌਮ ਨੇ ਪਿੰਡ ਬਾਦਲ ਨੂੰ ਕਰੋੜਾਂ ਰੁਪਏ ਖਰਚ ਕਰਕੇ ਸਹੂਲਤਾਂ ਦਿੱਤੀਆਂ ਹੋਈਆਂ ਹਨ। ਬਾਦਲ ਵਿੱਚ 132 ਕੇ.ਵੀ. ਦਾ ਗਰਿੱਡ ਬਣਾਇਆ ਹੋਇਆ ਹੈ। ਇਸ ਗਰਿੱਡ ਤੋਂ ਦਰਜਨਾਂ ਪਿੰਡਾਂ ਨੂੰ ਬਿਜਲੀ ਸਪਲਾਈ ਹੁੰਦੀ ਹੈ। ਗਰਿੱਡ ਤੋਂ ਸਪਲਾਈ ਲੈਣ ਵਾਲੇ ਬਾਕੀ ਪਿੰਡਾਂ ਦਾ ਬਿਜਲੀ ਕੱਟ ਦੇ ਮਾਮਲੇ ਵਿੱਚ ਪੰਜਾਬ ਦੇ ਬਾਕੀ ਪਿੰਡਾਂ ਵਾਲਾ ਹਾਲ ਹੀ ਹੈ ਪਰ ਇਸ ਗਰਿੱਡ ਤੋਂ ਕੇਵਲ ਪਿੰਡ ਬਾਦਲ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਦੀ ਹੈ। ਇਸ ਗਰਿੱਡ ਵਾਲੇ ਪਿੰਡ ਬਾਦਲ, ਮਿੱਠੜੀ ਤੇ ਕਾਲਝਰਾਨੀ ਸ਼ਹਿਰੀ ਖੇਤਰ ਵਾਲੀ ਸਪਲਾਈ ਵਿੱਚ ਆਉਂਦੇ ਹਨ ਪਰ ਕੱਟ ਮੁਕਤ ਸਪਲਾਈ ਸਿਰਫ਼ ਪਿੰਡ ਬਾਦਲ ਨੂੰ ਮਿਲਦੀ ਹੈ। ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ ਵੱਡੇ ਸ਼ਹਿਰਾਂ ਵਿੱਚ ਦੋ ਘੰਟੇ ਦੇ ਸ਼ਡਿਊਲਡ ਕੱਟ ਲਾਏ ਜਾਂਦੇ ਹਨ ਜਦਕਿ ਬਿਜਲੀ ਦੀ ਵੱਧ ਮੰਗ ਵਾਲੇ ਸ਼ਹਿਰਾਂ ਵਿੱਚ ਤਿੰਨ ਘੰਟੇ ਦੇ ਕੱਟ ਲਾਏ ਜਾਂਦੇ ਹਨ। ਸ਼ਹਿਰੀ ਸਪਲਾਈ ਵਾਲੇ ਪੰਜਾਬ ਦੇ ਪਿੰਡਾਂ ਵਿੱਚ ਕਰੀਬ ਢਾਈ ਘੰਟੇ ਦੇ ਸ਼ਡਿਊਲਡ ਕੱਟ ਲਾਏ ਜਾ ਰਹੇ ਹਨ ਜਦਕਿ ਸ਼ਹਿਰੀ ਪੈਟਰਨ ਵਾਲੀ ਸਪਲਾਈ ਵਾਲੇ ਪੰਜਾਬ ਦੇ ਆਮ ਪਿੰਡਾਂ ਵਿੱਚ ਸਾਢੇ ਤਿੰਨ ਘੰਟੇ ਦਾ ਬਿਜਲੀ ਕੱਟ ਲੱਗ ਰਿਹਾ ਹੈ। ਇਸ ਤੋਂ ਇਲਾਵਾ ਬਾਕੀ ਪਿੰਡਾਂ ਵਿੱਚ ਤਾਂ ਅਣਐਲਾਨੇ ਕੱਟ ਵੀ ਲਾਏ ਜਾਂਦੇ ਹਨ। ਪਿੰਡਾਂ ਵਿੱਚ ਰਾਤ ਨੂੰ 10 ਤੋਂ 12 ਵਜੇ ਤੱਕ ਅਤੇ ਸਵੇਰੇ 8 ਤੋਂ 10 ਵਜੇ ਤੱਕ ਪਾਵਰਕੱਟ ਲਾਏ ਜਾਂਦੇ ਹਨ। ਇਸ ਤੋਂ ਬਿਨਾਂ ਵੀ ਕਈ ਕਈ ਘੰਟੇ ਬਿਜਲੀ ਕੱਟ ਲੱਗਦਾ ਰਹਿੰਦਾ ਹੈ।
           ਪਿੰਡ ਬਾਦਲ ਦੇ ਬਿਜਲੀ ਗਰਿੱਡ 'ਤੇ ਡਿਊਟੀ ਦੇਣ ਵਾਲੇ ਮੁਲਾਜ਼ਮ ਨਾਲ ਜਦੋਂ ਬਿਜਲੀ ਕੱਟਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਬਾਦਲ ਵਿੱਚ ਬਿਜਲੀ ਦਾ ਕੋਈ ਕੱਟ ਨਹੀਂ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਪਰੋਂ ਕੱਟ ਦਾ ਸੁਨੇਹਾ ਆ ਵੀ ਜਾਵੇ ਤਾਂ ਵੀ ਉਹ ਬਿਜਲੀ ਕੱਟ ਨਹੀਂ ਲਾਉਂਦੇ ਹਨ। ਬਾਦਲ ਵਿੱਚ ਬਿਜਲੀ ਦੇ ਘਰੇਲੂ ਕੁਨੈਕਸ਼ਨਾਂ ਦੀ ਗਿਣਤੀ ਕਰੀਬ 705 ਹੈ ਜਦਕਿ ਖੇਤੀ ਮੋਟਰਾਂ ਵਾਲੇ ਕੁਨੈਕਸ਼ਨਾਂ ਦੀ ਗਿਣਤੀ 153 ਹੈ। ਉਂਜ ਪਿੰਡ ਬਾਦਲ ਦੇ ਖੇਤਾਂ ਲਈ ਵੀ ਬਿਜਲੀ ਸਪਲਾਈ ਅੱਠ ਘੰਟੇ ਹੀ ਦਿੱਤੀ ਜਾ ਰਹੀ ਹੈ ਪਰ ਘਰੇਲੂ ਸਪਲਾਈ ਵਿੱਚ ਇਸ ਪਿੰਡ ਨੂੰ ਬਿਜਲੀ ਦੀ ਕੋਈ ਕਿੱਲਤ ਨਹੀਂ ਆਉਣ ਦਿੱਤੀ ਜਾਂਦੀ ਹੈ।  ਪਿੰਡ ਬਾਦਲ ਦੇ ਬਿਜਲੀ ਗਰਿੱਡ ਦੇ ਸਬ ਸਟੇਸ਼ਨ ਇੰਜਨੀਅਰ ਜੱਗਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਿੰਡ ਬਾਦਲ ਵਿਚਲੀ ਰਿਹਾਇਸ਼ ਨੂੰ ਸੁਰੱਖਿਆ ਕਾਰਨਾਂ ਕਰਕੇ ਵੱਖਰੇ ਫੀਡਰ ਰਾਹੀਂ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਨਾਂ ਕਰਕੇ ਪੂਰੇ ਪਿੰਡ ਨੂੰ ਵੀ ਪਾਵਰਕੱਟ ਮੁਕਤ ਸਪਲਾਈ ਦਿੱਤੀ ਜਾ ਰਹੀ ਹੈ। ਪਾਵਰਕੌਮ ਦੇ ਸਬੰਧਤ ਕਾਰਜਕਾਰੀ ਇੰਜਨੀਅਰ ਸੀ.ਵੀ. ਮਿੱਤਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਪਿੰਡ ਹੋਣ ਕਰਕੇ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ

No comments:

Post a Comment