Tuesday, June 5, 2012

                                     ਬੇਰੁਜ਼ਗਾਰੀ ਨੇ
      ਟੈਂਕੀਆਂ 'ਤੇ ਚੜ੍ਹਾਏ ਸਿੱਖਿਆ ਦੇ ਸਿਕੰਦਰ
                                   ਚਰਨਜੀਤ ਭੁੱਲਰ
ਬਠਿੰਡਾ :  ਸਿੱਖਿਆ ਦੇ 'ਸਿਕੰਦਰ' ਹੁਣ ਟੈਂਕੀ 'ਤੇ ਚੜ੍ਹਨ ਲਈ ਮਜਬੂਰ ਹਨ। ਕੋਈ ਐਮ.ਫਿਲ ਹੈ ਤੇ ਕੋਈ ਪੀ.ਐਚ.ਡੀ। ਜਿੰਨੀ ਪਾਣੀ ਵਾਲੀ ਟੈਂਕੀ ਉੱਚੀ ਹੈ, ਉਸ ਤੋਂ ਕਿਤੇ ਵੱਧ ਇਨ੍ਹਾਂ ਬੇਰੁਜ਼ਗਾਰਾਂ ਦੀ ਯੋਗਤਾ ਉੱਚੀ ਹੈ। ਜਦੋਂ ਇਨ੍ਹਾਂ ਤੋਂ ਸਰਕਾਰੀ ਜਲਾਲਤ ਨਾ ਝੱਲੀ ਗਈ ਤਾਂ ਇਨ੍ਹਾਂ ਨੂੰ ਟੈਂਕੀ ਦੇ ਗਲ ਲੱਗਣਾ ਪੈ ਗਿਆ ਹੈ। ਮਾਪੇ ਆਖਦੇ ਹਨ ਕਿ ਉਨ੍ਹਾਂ ਨੇ ਪੁੱਤ ਧੀਆਂ ਟੈਂਕੀਆਂ 'ਤੇ ਚੜ੍ਹਣ ਲਈ ਨਹੀਂ ਪੜ੍ਹਾਏ।  ਬਠਿੰਡਾ ਜ਼ਿਲ੍ਹੇ ਦਾ ਪਿੰਡ ਲਹਿਰਾ ਧੂਰਕੋਟ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਨਾਨਕਾ ਪਿੰਡ ਹੈ। ਅਧਿਆਪਕਾਵਾਂ  ਟੈਂਕੀ 'ਤੇ ਚੜ੍ਹ ਕੇ ਹੁਣ ਬਾਜ਼ੀ ਜਿੱਤਣ ਦੇ ਰੌਂਅ ਵਿੱਚ ਹਨ। ਇਹ ਕੁੜੀਆਂ ਟੈਂਕੀ 'ਤੇ ਚੜ੍ਹ ਕੇ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੀਆਂ ਹਨ। 24 ਘੰਟੇ ਤੋਂ ਇਹ ਬੇਰੁਜ਼ਗਾਰ ਟੈਂਕੀ 'ਤੇ ਚੜ੍ਹੇ ਹੋਏ ਹਨ। ਜਦੋਂ ਪੰਜਾਬ ਸਰਕਾਰ ਵੱਲੋਂ 3 ਜੁਲਾਈ 2011 ਨੂੰ ਅਧਿਆਪਕ ਯੋਗਤਾ ਪ੍ਰੀਖਿਆ ਲਈ ਗਈ ਸੀ ਤਾਂ ਉਦੋਂ ਢਾਈ ਲੱਖ ਬੇਰੁਜ਼ਗਾਰ ਇਸ ਪ੍ਰੀਖਿਆ ਵਿੱਚ ਬੈਠੇ ਸਨ ਜਿਸ ਚੋਂ ਕਰੀਬ 9 ਹਜ਼ਾਰ ਬੇਰੁਜ਼ਗਾਰ ਅਧਿਆਪਕਾਂ ਨੇ ਇਹ ਪ੍ਰੀਖਿਆ ਪਾਸ ਕੀਤੀ। 'ਅਧਿਆਪਕ ਪ੍ਰੀਖਿਆ ਯੋਗਤਾ' ਪਾਸ ਕਰਕੇ ਵਾਲੇ ਹੀ ਹੁਣ ਸੜਕਾਂ 'ਤੇ ਉਤਰੇ ਹਨ। ਇਨ੍ਹਾਂ 'ਚ ਕੋਈ ਕਮੀ ਨਹੀਂ ਹੈ ਪਰ ਸਰਕਾਰੀ ਕਮੀ ਨੇ ਇਨ੍ਹਾਂ ਨੂੰ ਆਹ ਦਿਨ ਵਿਖਾ ਦਿੱਤੇ ਹਨ।
          ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਯੂਨੀਅਨ ਦਾ ਕਹਿਣਾ ਹੈ ਕਿ ਨਵੰਬਰ-ਦਸੰਬਰ 2011 ਵਿੱਚ ਉਨ੍ਹਾਂ ਦੀ ਕੌਸਲਿੰਗ ਹੋ ਚੁੱਕੀ ਹੈ ਪ੍ਰੰਤੂ ਉਨ੍ਹਾਂ ਨੂੰ ਹਾਲੇ ਤੱਕ ਸਰਕਾਰ ਨੇ ਨਿਯੁਕਤੀ ਪੱਤਰ ਨਹੀਂ ਦਿੱਤੇ ਹਨ। ਉਹ ਤਿੰਨ ਦਫਾ ਮੁੱਖ ਮੰਤਰੀ ਅਤੇ ਪੰਜ ਦਫਾ ਸਿੱਖਿਆ ਮੰਤਰੀ ਨੂੰ ਮਿਲ ਚੁੱਕੇ ਹਨ। ਹੁਣ ਨੇਤਾਵਾਂ ਤੇ ਕੋਈ ਭਰੋਸਾ ਨਹੀਂ ਰਿਹਾ। ਪਿੰਡ ਲਹਿਰਾ ਧੂਰਕੋਟ ਵਿੱਚ ਕੱਲ੍ਹ ਤੋਂ ਸ਼ੁਰੂ ਹੋਏ ਸੰਘਰਸ਼ ਵਿੱਚ ਐਮ.ਫਿਲ ਅਤੇ ਪੀ.ਐਚ.ਡੀ ਵੀ ਸ਼ਾਮਲ ਸਨ। ਮੋਗਾ ਜ਼ਿਲ੍ਹੇ ਦੀ ਮਨਦੀਪ ਕੌਰ 24 ਘੰਟਿਆਂ ਤੋਂ ਟੈਂਕੀ 'ਤੇ ਚੜ੍ਹੀ ਹੋਈ ਹੈ। ਉਸ ਦੀ ਯੋਗਤਾ ਵੀ ਦੇਖੋ ਤੇ ਹੌਸਲਾ ਵੀ। ਉਹ ਐਮ.ਐਸ.ਈ (ਬਾਟਨੀ) 66 ਫੀਸਦੀ ਅੰਕਾਂ ਨਾਲ ਪਾਸ,ਬੀ.ਐਸ.ਸੀ 61 ਫੀਸਦੀ ਅੰਕਾਂ ਨਾਲ,ਬੀ.ਐਡ 74 ਫੀਸਦੀ ਅੰਕਾਂ ਨਾਲ ਅਤੇ ਐਮ.ਐਡ 71 ਫੀਸਦੀ ਅੰਕਾਂ ਨਾਲ ਪਾਸ ਹੈ। ਉਸ ਨੇ ਅਧਿਆਪਕ ਯੋਗਤਾ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਉਸ ਦਾ ਕਹਿਣਾ ਸੀ ਕਿ ਏਨਾ ਪੜ੍ਹ ਲਿਖ ਕੇ ਵੀ ਟੈਂਕੀ 'ਤੇ ਚੜ੍ਹਨਾ ਪਿਆ ਹੈ। ਉਸ ਦਾ ਕਹਿਣਾ ਸੀ ਕਿ ਹੁਣ ਸਬਰ ਦਾ ਪਿਆਲਾ ਭਰ ਗਿਆ ਹੈ। ਸਰਕਾਰ ਨੇ ਮਿਹਨਤ ਦਾ ਮੁੱਲ ਨਾ ਪਾਇਆ ਤਾਂ ਉਹ  ਇੱਥੋਂ ਖਾਲ੍ਹੀ ਨਹੀਂ ਜਾਣਗੇ।  ਲੁਧਿਆਣਾ ਦੀ ਅੰਮ੍ਰਿਤਪਾਲ ਕੌਰ ਨੂੰ ਵੀ ਟੈਂਕੀ ਤੇ ਚੜ੍ਹਨਾ ਪਿਆ ਹੈ। ਉਸ ਨੇ 69 ਫੀਸਦੀ ਅੰਕਾਂ ਨਾਲ ਐਮ.ਐਡ ਪਾਸ ਕੀਤੀ ਅਤੇ ਟੀ.ਈ.ਟੀ ਪ੍ਰੀਖਿਆ ਵੀ ਪਾਸ ਕੀਤੀ ਹੈ।ਅੰਮ੍ਰਿਤਪਾਲ ਕੌਰ ਦਾ ਕਹਿਣਾ ਸੀ ਕਿ ਹੁਣ ਤੱਕ ਏਨੇ ਪੇਪਰ ਦਿੱਤੇ ਹਨ ਕਿ ਸਰਵਾਈਕਲ ਹੋ ਗਿਆ ਹੈ। ਉਸ ਦਾ ਕਹਿਣਾ ਸੀ ਕਿ ਉਹ ਤਾਂ ਉਚੀ ਥਾਂ ਤੇ ਚੜ੍ਹਣ ਤੋਂ ਡਰਦੀ ਹੁੰਦੀ ਸੀ ਪ੍ਰੰਤੂ ਹੁਣ ਬੇਰੁਜ਼ਗਾਰੀ ਦੀ ਮਾਰ ਨੇ ਟੈਂਕੀ 'ਤੇ ਚੜ੍ਹਾ ਦਿੱਤਾ ਹੈ।
          ਹੁਸ਼ਿਆਰਪੁਰ ਦੇ ਅਜੇ ਕੁਮਾਰ ਨੇ ਦਿਹਾੜੀ ਕਰ ਕਰ ਕੇ ਪੜਾਈ ਕੀਤੀ ਹੈ। ਹੁਣ ਉਹ ਟੈਂਕੀ ਤੇ ਚੜਿਆ ਹੋਇਆ ਹੈ। ਜਦੋਂ ਉਹ ਪੰਜ ਵਰ੍ਹਿਆਂ ਦਾ ਸੀ ਤਾਂ ਉਸ ਦੇ ਬਾਪ ਦੀ ਮੌਤ ਹੋ ਗਈ। ਉਹ ਦੱਸਦਾ ਹੈ ਕਿ ਉਸ ਨੇ ਖੇਤਾਂ ਵਿੱਚ ਦਿਹਾੜੀ ਕੀਤੀ ਅਤੇ ਨਾਲੋ ਨਾਲ ਪੜਾਈ ਜਾਰੀ ਰੱਖੀ। ਉਸਦੇ ਭਰਾ ਅਤੇ ਭਰਜਾਈ ਦੀ ਵੀ ਮੌਤ ਹੋ ਚੁੱਕੀ ਹੈ, ਜੋ ਉਸ ਦੇ ਮੱਦਦਗਾਰ ਸਨ। 70 ਵਰ੍ਹਿਆਂ ਦੀ ਮਾਂ ਬਿਮਲਾ ਦੇਵੀ ਸਮੇਤ ਪੂਰਾ ਪ੍ਰਵਾਰ ਉਸ ਤੇ ਨਿਰਭਰ ਹੈ। ਉਹ ਰੁਜਗਾਰ ਖਾਤਰ ਟੈਂਕੀ ਤੇ ਚੜਿਆ ਹੋਇਆ ਹੈ।ਪਿਛੇ ਪੂਰਾ ਪ੍ਰਵਾਰ ਉਸ ਨੂੰ ਉਡੀਕ ਰਿਹਾ ਹੈ।  ਸਰਕਾਰ ਉਸ ਦੀ ਮਿਹਨਤ ਵੱਲ ਵੇਖਦੀ ਤਾਂ ਅੱਜ ਉਸ ਨੂੰ ਟੈਂਕੀ ਤੇ ਨਾ ਚੜਨਾ ਪੈਂਦਾ। ਉਸ ਨੇ ਅਧਿਆਪਕ ਯੋਗਤਾ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਹਰਜਾਪ ਸਿੰਘ ਵੀ ਯੋਗਤਾ ਵੀ ਕੋਈ ਛੋਟੀ ਨਹੀਂ ਹੈ। ਟੈਂਕੀ ਤੇ ਚੜ੍ਹੇ ਹਰਜਾਪ ਸਿੰਘ ਨੇ ਕਾਲਜ ਲੈਕਚਰਾਰ ਲੱਗਣ ਵਾਸਤੇ ਜ਼ਰੂਰੀ ਨੈਟ ਦੀ ਪ੍ਰੀਖਿਆ ਇੱਕ ਵਾਰ ਨਹੀਂ ਬਲਕਿ ਤਿੰਨ ਦਫਾ ਪਾਸ ਕੀਤੀ ਹੋਈ ਹੈ। ਅਧਿਆਪਕ ਯੋਗਤਾ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਐਮ.ਏ ਚੋਂ 62 ਫੀਸਦੀ ਅਤੇ ਬੀ.ਐਡ ਚੋਂ 73 ਫੀਸਦੀ ਅੰਕ ਲਏ ਹੋਏ ਹਨ। ਫਿਰ ਵੀ ਉਸ ਨੂੰ ਟੈਂਕੀ 'ਤੇ ਚੜ੍ਹਨਾ ਪਿਆ ਹੈ। ਏਦਾ ਹੀ ਆਪਣੀ ਤਿੰਨ ਮਹੀਨੇ ਦੀ ਬੱਚੀ ਨੂੰ ਛੱਡ ਕੇ ਕਰਨੈਲ ਸਿੰਘ ਨੂੰ ਪਾਣੀ ਵਾਲੀ ਟੈਂਕੀ 'ਤੇ ਚੜ੍ਹਨਾ ਪਿਆ ਹੈ। ਉਸ ਨੇ ਐਮ.ਏ ਹਿਸਟਰੀ ਚੋਂ 65 ਫੀਸਦੀ ਅਤੇ ਐਮ.ਏ ਪੰਜਾਬੀ ਚੋਂ 63 ਫੀਸਦੀ ਅੰਕ ਪ੍ਰਾਪਤ ਕੀਤੇ ਹੋਏ ਹਨ। ਉਸ ਦਾ ਕਹਿਣਾ ਸੀ ਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਪੰਜਾਬ ਵਿੱਚ 45 ਹਜ਼ਾਰ ਅਧਿਆਪਕਾਂ ਦੀਆਂ ਅਸਾਮੀਆਂ ਬਣਦੀਆਂ ਹਨ ਪ੍ਰੰਤੂ ਉਨ੍ਹਾਂ ਨੂੰ ਯੋਗ ਹੋਣ ਦੇ ਬਾਵਜੂਦ ਨਕਾਰਿਆ ਜਾ ਰਿਹਾ ਹੈ।
                                                       ਪੜ੍ਹਿਆ ਲਿਖਿਆ ਦਾ ਸੰਘਰਸ਼ੀ ਮੇਲਾ
ਸਿੱਖਿਆ ਮੰਤਰੀ ਦੇ ਨਾਨਕੇ ਪਿੰਡ ਲਹਿਰਾ ਧੂਰਕੋਟ ਵਿੱਚ ਦੋ ਦਿਨਾਂ ਤੋਂ ਡਿਗਰੀਆਂ ਵਾਲਿਆਂ ਦਾ ਸੰਘਰਸ਼ੀ ਮੇਲਾ ਲੱਗਿਆ ਹੋਇਆ ਹੈ। ਜਿਸ ਨੂੰ ਪੁੱਛੋ ,ਹਰ ਕੋਈ ਐਮ.ਐਸ.ਈ,ਐਮ.ਫਿਲ ਜਾਂ ਐਮ.ਐਡ ਆਪਣਾ ਯੋਗਤਾ ਦੱਸਦਾ ਹੈ। ਸੱਚਮੁੱਚ ਇਹ ਬੇਰੁਜ਼ਗਾਰ ਅਧਿਆਪਕ ਵਿੱਦਿਅਕ ਅਖਾੜੇ ਦੀ ਕਰੀਮ ਹਨ। ਪਰਮਿੰਦਰ ਸਿੰਘ, ਮੰਜੂ ਅਰੋੜਾ,ਜਸਵਿੰਦਰਪਾਲ ਬਠਿੰਡਾ ਅਤੇ ਲਾਲ ਸਿੰਘ ਨੇ ਬਾਕੀ ਯੋਗਤਾ ਦੇ ਨਾਲ ਐਮ.ਫਿਲ ਵੀ ਕੀਤੀ ਹੋਈ ਹੈ ਜਦੋਂ ਕਿ ਹਰਜਾਪ ਸਿੰਘ,ਪਰਮਜੀਤ ਕੌਰ,ਰਮਨਪ੍ਰੀਤ ਕੌਰ,ਰੀਤੂ ਰਾਣੀ ਅਤੇ ਬੇਅੰਤ ਸਿੰਘ ਅਤੇ ਬੰਤਾ ਸਿੰਘ ਫਾਜਿਲਕਾ ਨੇ ਕਾਲਜ ਲੈਕਚਰਾਰ ਵਾਲੀ ਨੈਟ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ। ਐਮ.ਏ, ਬੀ.ਐਡ ਤਾਂ ਸੈਂਕੜੇ ਹੀ ਹਨ।
                                                      ਕਿਸਾਨ ਧਿਰਾਂ ਵੱਲੋਂ ਲੰਗਰ ਦੀ ਸੇਵਾ
ਕਿਸਾਨ ਧਿਰਾਂ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਲਈ ਲੰਗਰ ਚਲਾਇਆ ਜਾ ਰਿਹਾ ਹੈ। ਪਿੰਡ ਲਹਿਰਾ ਧੂਰਕੋਟ ਦੀਆਂ ਔਰਤਾਂ ਵੱਲੋਂ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿੰਡਾਂ ਚੋਂ ਵੀ ਲੰਗਰ ਤਿਆਰ ਕਰਾਇਆ ਜਾ ਰਿਹਾ ਹੈ। ਪਿੰਡ ਲਹਿਰਾ ਧੂਰਕੋਟ,ਲਹਿਰਾ ਮੁਹੱਬਤ ਅਤੇ ਕੌਟੜਾ ਦੇ ਲੋਕਾਂ ਵੱਲੋਂ ਇਨ੍ਹਾਂ ਸੰਘਰਸ਼ੀ ਅਧਿਆਪਕਾਂ ਲਈ ਦੁੱਧ ਵੀ ਇਕੱਠਾ ਕੀਤਾ ਗਿਆ ਹੈ।

No comments:

Post a Comment