Sunday, June 24, 2012

                             ਵਿਗੜੇ ਦਿਮਾਗ
    ਖਰੂਦੀ ਕੈਦੀ ਕਰਦੇ ਨੇ ਜੇਲ੍ਹਾਂ ਦੀ 'ਸੈਰ'
                            ਚਰਨਜੀਤ ਭੁੱਲਰ
ਬਠਿੰਡਾ : ਜੇਲ੍ਹਾਂ 'ਚ ਬੰਦ ਖੂੰਖਾਰ ਅਪਰਾਧੀ ਖਰੂਦ ਮਚਾ ਕੇ ਜੇਲ੍ਹਾਂ ਦੀ ਸੈਰ ਕਰਦੇ ਰਹਿੰਦੇ ਹਨ। ਜਦੋਂ ਇੱਕ ਜੇਲ੍ਹ 'ਚ ਰਹਿ ਕੇ ਮਨ ਅੱਕ ਜਾਂਦਾ ਹੈ ਤਾਂ ਕੈਦੀ ਜੇਲ੍ਹ 'ਚ ਖਰੂਦ ਮਚਾਉਂਦੇ ਹਨ। ਜੇਲ੍ਹ ਵਿਭਾਗ ਇਨ੍ਹਾਂ ਖਰੂਦੀ ਅਪਰਾਧੀਆਂ ਨੂੰ ਫਿਰ ਕਿਸੇ ਹੋਰ ਜੇਲ੍ਹ ਵਿੱਚ ਬਦਲ ਦਿੰਦਾ ਹੈ। ਜਦੋਂ ਨਵੀਂ ਜੇਲ੍ਹ 'ਚ ਦਿਲ ਨਹੀਂ ਲੱਗਦਾ ਤਾਂ ਇਹ ਫਿਰ ਹੰਗਾਮਾ ਕਰਦੇ ਹਨ। ਇਨ੍ਹਾਂ ਨੂੰ ਫਿਰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਸੂਚਨਾ ਦੇ ਅਧਿਕਾਰ ਤਹਿਤ 10 ਅਹਿਮ ਜੇਲ੍ਹਾਂ ਤੋਂ ਲਈ ਸੂਚਨਾ 'ਚ ਇਹ ਤੱਥ ਉਭਰੇ ਹਨ। ਜੇਲ੍ਹਾਂ ਦੀ ਸੈਰ ਕਰਨ ਵਾਲਿਆਂ ਵਿੱਚ ਕੈਦੀ ਅਤੇ ਹਵਾਲਾਤੀ ਸ਼ਾਮਲ ਹਨ। ਜੇਲ੍ਹ ਪ੍ਰਸ਼ਾਸਨ ਦੀ ਇਨ੍ਹਾਂ ਦੀ ਜੇਲ੍ਹ ਬਦਲੀ ਕਰਨੀ ਮਜਬੂਰੀ ਬਣ ਜਾਂਦੀ ਹੈ। ਇਕੱਲੇ ਖਰੂਦੀ ਹੀ ਨਹੀਂ ਬਲਕਿ ਵੀ.ਆਈ.ਪੀ. ਕੈਦੀ ਵੀ ਜੇਲ੍ਹ ਬਦਲੀ ਕਰਾ ਲੈਂਦੇ ਹਨ। ਜੇਲ੍ਹ ਵਿਭਾਗ ਇਨ੍ਹਾਂ ਨੂੰ ਪ੍ਰਬੰਧਕੀ ਆਧਾਰ 'ਤੇ ਇੱਕ ਤੋਂ ਦੂਜੀ ਜੇਲ੍ਹ ਵਿੱਚ ਬਦਲਦਾ ਰਹਿੰਦਾ ਹੈ।
           ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਲੰਘੇ ਸਵਾ ਦੋ ਵਰ੍ਹਿਆਂ ਦੌਰਾਨ 53 ਕੈਦੀਆਂ ਨੂੰ ਦੂਜੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਗਿਆ ਹੈ ਜਦੋਂ ਕਿ 103 ਹਵਾਲਾਤੀ ਵੀ ਇਸ ਆਧਾਰ 'ਤੇ ਦੂਜੀਆਂ ਜੇਲ੍ਹਾਂ ਵਿੱਚ ਬਦਲੇ ਗਏ ਹਨ। ਕੇਂਦਰੀ ਜੇਲ੍ਹ ਬਠਿੰਡਾ 'ਚ ਜਦੋਂ ਵੀ ਕੋਈ ਲੜਾਈ ਝਗੜਾ ਹੁੰਦਾ ਹੈ ਤਾਂ ਇੱਕ ਧਿਰ ਦੇ ਕੈਦੀਆਂ ਨੂੰ ਦੂਜੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਬੰਦੀਆਂ ਦੀ ਵੀ ਜੇਲ੍ਹ ਬਦਲੀ ਕਰ ਦਿੱਤੀ ਜਾਂਦੀ ਹੈ ਜੋ ਗੁਪਤ ਤੌਰ 'ਤੇ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਕੈਦੀਆਂ ਨੂੰ ਭੜਕਾਉਂਦੇ ਹਨ। ਇਵੇਂ ਹੀ ਜਦੋਂ ਕੋਈ ਕੈਦੀ ਆਪਣੇ ਘਰ ਤੋਂ ਦੂਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਉਹ ਸੋਚੀ ਸਮਝੀ ਤਰਕੀਬ ਤਹਿਤ ਜੇਲ੍ਹ ਅੰਦਰ ਖਰੂਦ ਮਚਾਉਂਦਾ ਹੈ। ਜਦੋਂ ਜੇਲ੍ਹ ਪ੍ਰਸ਼ਾਸਨ ਉਸ ਤੋਂ ਤੰਗ ਆ ਜਾਂਦਾ ਹੈ ਤਾਂ ਉਸ ਨੂੰ ਦੂਜੀ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੈ। ਜੇਲ੍ਹ ਸੂਤਰਾਂ ਅਨੁਸਾਰ ਸਾਰੇ ਕੇਸਾਂ ਵਿੱਚ ਏਦਾ ਨਹੀਂ ਹੁੰਦਾ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵੱਲੋਂ ਸਵਾ ਦੋ ਵਰ੍ਹਿਆਂ ਦੌਰਾਨ 14 ਕੈਦੀ  ਬਠਿੰਡਾ, ਫਰੀਦਕੋਟ, ਨਾਭਾ, ਕਪੂਰਥਲਾ ਤੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਤਬਦੀਲ ਕੀਤੇ ਹਨ। ਇਸ ਜੇਲ੍ਹ 'ਚੋਂ ਦੋ ਦਰਜਨ ਹਵਾਲਾਤੀ ਵੀ ਤਬਦੀਲ ਕੀਤੇ ਗਏ ਹਨ ਜਿਨ੍ਹਾਂ 'ਚੋਂ ਕਰਨੈਲ ਸਿੰਘ ਖ਼ਤਰਨਾਕ ਅਪਰਾਧੀ ਹੋਣ ਕਰਕੇ ਫਰੀਦਕੋਟ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ। ਬਾਕੀ ਹਵਾਲਾਤੀ ਜੇਲ੍ਹ ਵਿੱਚ ਲੜਾਈ ਝਗੜਾ ਕਰਨ ਕਰਕੇ ਬਦਲੇ ਗਏ ਹਨ।
           ਲੁਧਿਆਣਾ ਦੀ ਬੋਰਸਟਲ ਜੇਲ੍ਹ 'ਚੋਂ 30 ਬੰਦੀਆਂ ਨੂੰ ਇਸ ਸਮੇਂ ਦੌਰਾਨ ਪ੍ਰਬੰਧਕੀ ਆਧਾਰ 'ਤੇ ਬਦਲਿਆ ਗਿਆ ਹੈ। ਆਧਾਰ ਇਹੋ ਬਣਾਇਆ ਗਿਆ ਹੈ ਕਿ ਇਹ ਬੰਦੀ ਜੇਲ੍ਹ ਅੰਦਰ ਲੜਾਈ ਝਗੜਾ ਕਰਦੇ ਸਨ। ਲੁਧਿਆਣਾ ਦੀ ਜਨਾਨਾ ਜੇਲ੍ਹ ਦੀਆਂ ਚਾਰ ਹਵਾਲਾਤੀ ਔਰਤਾਂ ਨੂੰ ਵੀ ਬਦਲ ਕੇ ਅੰਮ੍ਰਿਤਸਰ, ਜਲੰਧਰ ਅਤੇ ਬਠਿੰਡਾ ਦੀ ਜੇਲ੍ਹ ਵਿੱਚ ਭੇਜਿਆ ਗਿਆ ਹੈ। ਇਹ ਔਰਤਾਂ ਵੀ ਜੇਲ੍ਹ ਅੰਦਰ ਲੜਾਈ ਝਗੜਾ ਕਰਦੀਆਂ ਸਨ। ਸੰਗਰੂਰ ਦੀ ਜੇਲ੍ਹ 'ਚੋਂ ਪੰਜ ਬੰਦੀਆਂ ਨੂੰ ਬਰਨਾਲਾ ਦੀ ਜੇਲ੍ਹ ਵਿੱਚ ਬਦਲਿਆ ਗਿਆ ਹੈ। ਕੇਂਦਰੀ ਜੇਲ੍ਹ ਲੁਧਿਆਣਾ 'ਚੋਂ 67 ਕੈਦੀ ਅਤੇ 319 ਹਵਾਲਾਤੀ ਦੂਜੀਆਂ ਜੇਲ੍ਹਾਂ ਵਿੱਚ ਤਬਦੀਲ ਕੀਤੇ ਗਏ ਹਨ। ਹੁਸ਼ਿਆਰਪੁਰ ਦੀ ਜੇਲ੍ਹ 'ਚੋਂ 15 ਬੰਦੀਆਂ ਨੂੰ ਲੜਾਈ ਝਗੜਾ ਕਰਨ ਕਰਕੇ ਬਦਲਿਆ ਗਿਆ ਹੈ ਜਦੋਂ ਕਿ ਕਪੂਰਥਲਾ ਜੇਲ੍ਹ 'ਚੋਂ 37 ਬੰਦੀਆਂ ਨੂੰ ਜਲੰਧਰ, ਬਠਿੰਡਾ, ਸੰਗਰੂਰ ਅਤੇ ਲੁਧਿਆਣਾ ਦੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਗਿਆ ਹੈ। ਜ਼ਿਲ੍ਹਾ ਜੇਲ੍ਹ ਨਾਭਾ 'ਚੋਂ ਵੀ 4 ਬੰਦੀਆਂ ਨੂੰ ਦੂਜੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਗਿਆ ਹੈ। ਜੇਲ੍ਹ ਸੁਪਰਡੈਂਟ ਜੇਲ੍ਹ ਤਬਦੀਲੀ ਦਾ ਫੈਸਲਾ ਲੈਂਦੇ ਹਨ। ਅਪਰਾਧੀਆਂ ਨੂੰ ਇਹ ਚੰਗਾ ਤਰੀਕਾ ਲੱਭਾ ਹੈ ਜਿਸ ਦੇ ਆਸਰੇ ਉਹ ਜੇਲ੍ਹਾਂ ਦੀ ਸੈਰ ਕਰਦੇ ਰਹਿੰਦੇ ਹਨ।
                                             ਵੀ.ਆਈ.ਪੀ. ਬੰਦੀਆਂ ਲਈ ਮਨਪਸੰਦ ਜੇਲ੍ਹ
ਜੋ ਵੀ.ਆਈ.ਪੀ. ਬੰਦੀ ਹੁੰਦੇ ਹਨ ਉਹ ਆਪਣੀ ਮਰਜ਼ੀ ਦੀ ਜੇਲ੍ਹ ਦੀ ਚੋਣ ਕਰਦੇ ਹਨ। ਜੇਲ ਸੁਪਰਡੈਂਟ ਕੋਲ ਸਿਫਾਰਸ਼ ਕਰਾ ਕੇ ਵੀ ਜੇਲ੍ਹ ਤਬਾਦਲਾ ਹੁੰਦਾ ਹੈ। ਸਿਆਸੀ ਲੋਕਾਂ ਦੇ ਨੇੜਲੇ ਬੰਦੀ ਤਾਂ ਆਪਣੀ ਮਨਪਸੰਦ ਜੇਲ੍ਹ ਵਿੱਚ ਰਹਿੰਦੇ ਹਨ। ਸੂਤਰਾਂ ਅਨੁਸਾਰ ਜੇਲ੍ਹ ਤਬਦਾਲੇ ਲਈ ਜੇਲ੍ਹ ਸੁਪਰਡੈਂਟਾਂ ਨੂੰ ਮੰਤਰੀਆਂ ਦੇ ਫੋਨ ਵੀ ਆਉਂਦੇ ਹਨ। ਜਿਸ ਜੇਲ੍ਹ ਵਿੱਚ ਵੀ.ਆਈ.ਪੀ. ਬੰਦੀ ਨੂੰ ਸੌਖ ਮਹਿਸੂਸ ਹੁੰਦੀ ਹੈ, ਉਸ ਜੇਲ੍ਹ ਬਾਰੇ ਉਹ ਸਿਫ਼ਾਰਸ਼ ਕਰਾ ਲੈਂਦੇ ਹਨ।

No comments:

Post a Comment