Sunday, March 24, 2013

                           ਸਪੀਕਰ ਸਾਹਿਬ !
   ਏਹ ਅਫਸਰ ਤਾਂ ਸਾਨੂੰ ਟਿੱਚ ਸਮਝਦੇ ਨੇ
                            ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਵਿੱਚ ਏਦਾ ਦੇ ਅਫਸਰ ਵੀ ਹਨ ਜੋ ਵਿਧਾਇਕਾਂ ਨੂੰ ਟਿੱਚ ਕਰਕੇ ਜਾਣਦੇ ਹਨ। ਤਾਹੀਓ ਇਨ•ਾਂ ਅਫਸਰਾਂ ਖ਼ਿਲਾਫ਼ ਦਰਜਨਾਂ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਲਿਖਤੀ ਪਹੁੰਚ ਕਰਨੀ ਪਈ ਹੈ। ਇਨ•ਾਂ ਚੋ ਬਹੁਤੇ ਅਫਸਰ ਤਾਂ ਵਿਧਾਇਕਾਂ ਨੂੰ ਬਣਦਾ ਮਾਣ ਇੱਜ਼ਤ ਦੇਣ ਤੋਂ ਹੀ ਬਾਗੀ ਸਨ ਜਦੋਂ ਕਿ ਕਈ ਅਧਿਕਾਰੀ ਅਤੇ ਮੁਲਾਜ਼ਮ ਵਿਧਾਇਕਾਂ ਦਾ ਫੋਨ ਸੁਣਨ ਨੂੰ ਵੀ ਤਿਆਰ ਨਹੀਂ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਲੰਘੇ ਪੰਜ ਵਰਿ•ਆਂ ਵਿੱਚ 33 ਅਫਸਰਾਂ ਤੇ ਮੁਲਾਜ਼ਮਾਂ ਦੀ ਸ਼ਿਕਾਇਤ ਹੋਈ ਹੈ ਜਿਨ•ਾਂ ਵਲੋਂ ਵਿਧਾਇਕਾਂ ਦੀ ਗੱਲ ਅਣਸੁਣੀ ਕਰ ਦਿੱਤੀ ਗਈ ਸੀ। ਸ਼ਿਕਾਇਤ ਮਗਰੋਂ ਬਹੁਤੇ ਅਫਸਰ ਤਾਂ ਝੁਕ ਗਏ ਅਤੇ ਉਨ•ਾਂ ਨੇ ਵਿਧਾਇਕਾਂ ਤੋਂ ਮੁਆਫ਼ੀ ਮੰਗ ਕੇ ਖਹਿੜਾ ਛਡਵਾ ਲਿਆ।
               ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਜੋ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਵੇਰਵੇ ਦਿੱਤੇ ਗਏ ਹਨ,ਉਨ•ਾਂ ਅਨੁਸਾਰ ਪੰਜਾਬ ਦੇ ਵਜ਼ੀਰਾਂ ਅਤੇ ਵਿਧਾਇਕਾਂ ਨੇ 10 ਮਾਰਚ 2008 ਤੋਂ ਹੁਣ ਤੱਕ 28 ਸ਼ਿਕਾਇਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਲਿਖਤੀ ਰੂਪ ਵਿੱਚ ਕੀਤੀਆਂ ਹਨ ਜਿਨ•ਾਂ ਵਿੱਚ ਇੱਕ ਦਰਜਨ ਸ਼ਿਕਾਇਤਾਂ ਪੁਲੀਸ ਅਫਸਰਾਂ ਅਤੇ ਮੁਲਾਜ਼ਮਾਂ ਖ਼ਿਲਾਫ਼ ਹਨ। ਦੋ ਸ਼ਿਕਾਇਤਾਂ ਹਾਲੇ ਸਪੀਕਰ ਕੋਲ ਲੰਬਿਤ ਪਈਆਂ ਹਨ  ਜਦੋਂ ਕਿ ਬਾਕੀ  ਦਾ ਨਿਪਟਾਰਾ ਹੋ ਗਿਆ ਹੈ। ਸਪੀਕਰ ਨੇ ਤਿੰਨ ਸ਼ਿਕਾਇਤਾਂ ਪਟੀਸ਼ਨ ਕਮੇਟੀ ਨੂੰ ਸੌਂਪ ਦਿੱਤੀਆਂ ਅਤੇ ਦੋ ਸ਼ਿਕਾਇਤਾਂ ਦਾ ਮਾਮਲਾ ਮਰਿਯਾਦਾ ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਸੱਤ ਸ਼ਿਕਾਇਤਾਂ ਤਾਂ ਉਹ ਹਨ ਜਿਨ•ਾਂ ਵਿੱਚ ਅਫਸਰਾਂ ਨੇ ਵਿਧਾਇਕਾਂ ਨਾਲ ਟੈਲੀਫੂਨ ਨਹੀਂ ਸੁਣੇ ਜਾਂ ਟੈਲੀਫੂਨ ਤੇ ਦੁਰਵਿਹਾਰ ਕੀਤਾ। ਇਸ ਦੌਰਾਨ 18 ਸ਼ਿਕਾਇਤਾਂ ਦਾ ਨਿਪਟਾਰਾ ਆਪਸੀ ਰਾਜ਼ੀਨਾਮਾ ਹੋਣ ਮਗਰੋਂ ਹੋ ਗਿਆ ਹੈ।
               ਸੂਚਨਾ ਅਨੁਸਾਰ ਵਿਧਾਇਕਾਂ ਵਲੋਂ ਪੰਜ ਵਰਿ•ਆਂ ਵਿੱਚ ਦੋ ਡਿਪਟੀ ਕਮਿਸ਼ਨਰਾਂ ਅਤੇ ਤਿੰਨ ਐਸ.ਐਸ.ਪੀਜ ਖ਼ਿਲਾਫ਼ ਸ਼ਿਕਾਇਤ ਸਪੀਕਰ ਕੋਲ ਕੀਤੀ ਗਈ ਹੈ। ਪੰਜਾਬ ਵਿਧਾਨ ਸਭਾ ਦੇ ਤਤਕਾਲੀ ਡਿਪਟੀ ਸਪੀਕਰ ਸਤਪਾਲ ਗੋਸਾਈ ਨੇ 27 ਅਕਤੂਬਰ 2008 ਨੂੰ ਅਤੇ ਵਿਧਾਇਕ ਸੋਹਣ ਸਿੰਘ ਠੰਡਲ ਨੇ 5 ਨਵੰਬਰ 2008 ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਮੇਰ ਸਿੰਘ ਗੁਰਜਰ ਦੀ ਸ਼ਿਕਾਇਤ ਕੀਤੀ ਸੀ ਕਿ ਇਤਲਾਹ ਹੋਣ ਦੇ ਬਾਵਜੂਦ ਡਿਪਟੀ ਕਮਿਸ਼ਨਰ ਮੀਟਿੰਗ ਵਿੱਚ ਹਾਜਰ ਨਹੀਂ ਹੋਇਆ ਸੀ। ਮਗਰੋਂ ਇਸ ਮਾਮਲੇ ਵਿੱਚ ਸਮਝੌਤਾ ਹੋ ਗਿਆ ਸੀ। ਤਤਕਾਲੀ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ 10 ਮਾਰਚ  2008 ਨੂੰ ਪਠਾਨਕੋਟ ਦੇ ਕਾਰਜ ਸਾਧਕ ਅਫਸਰ ਜਤਿੰਦਰ ਸਿੰਘ ਦੀ ਸ਼ਿਕਾਇਤ ਕੀਤੀ ਸੀ ਕਿ ਉਹ ਉਸ ਦੇ ਫੋਨ ਹੀ ਅਟੈਂਡ ਨਹੀਂ ਕਰਦਾ ਹੈ।
            ਵਿਧਾਇਕ ਕੈਪਟਨ ਬਲਵੀਰ ਸਿੰਘ ਬਾਠ ਨੇ ਤਾਂ ਸਪੀਕਰ ਕੋਲ ਕਾਫ਼ੀ ਅਫਸਰਾਂ ਨੂੰ ਤਲਬ ਕਰਾਇਆ ਹੈ। ਸਭ ਤੋਂ ਵੱਧ ਅੱਧੀ ਦਰਜਨ ਸ਼ਿਕਾਇਤਾਂ ਕੈਪਟਨ ਬਲਵੀਰ ਸਿੰਘ ਬਾਠ ਨੇ ਕੀਤੀਆਂ ਹਨ। ਉਨ•ਾਂ 5 ਜੂਨ 2009 ਨੂੰ ਕਪੂਰਥਲਾ ਦੇ ਤਤਕਾਲੀ ਐਸ.ਐਸ.ਪੀ ਰਾਮ ਸਿੰਘ ਦੀ ਸ਼ਿਕਾਇਤ ਕੀਤੀ ਕਿ ਉਹ ਟੈਲੀਫੋਨ ਤੇ ਹੋਈ ਗੱਲਬਾਤ ਨੂੰ ਅਣਸੁਣਿਆ ਕਰ ਦਿੰਦਾ ਹੈ। ਮਗਰੋਂ ਇਸ ਮਾਮਲੇ ਵਿਚ ਰਾਜ਼ੀਨਾਮਾ ਹੋ ਗਿਆ ਸੀ। ਵਿਧਾਇਕ ਬਾਠ ਨੇ ਗੁਰਦਾਸਪੁਰ ਦੇ ਐਸ.ਐਸ.ਪੀ ਦੀ ਵੀ 24 ਅਗਸਤ 2009 ਨੂੰ ਸ਼ਿਕਾਇਤ ਲਾਈ ਸੀ। ਵਿਧਾਇਕ ਬਾਠ ਨੇ ਇੱਕ ਐਸ.ਐਚ.ਓ ਅਤੇ ਚੌਂਕੀ ਇੰਚਾਰਜ ਦੀ ਸ਼ਿਕਾਇਤ ਵੀ ਲਿਖਤੀ ਰੂਪ ਵਿੱਚ ਕੀਤੀ ਸੀ। ਤਤਕਾਲੀ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼ ਨੇ ਹੁਸ਼ਿਆਰਪੁਰ ਦੀ ਏ.ਡੀ.ਸੀ ਕਵਿਤਾ ਮੋਹਨ ਸਿੰਘ ਚੌਹਾਨ ਦੀ 18 ਅਗਸਤ 2009 ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਉਸ ਦਾ ਟੈਲੀਫੂਨ ਹੀ ਅਟੈਂਡ ਨਹੀਂ ਕਰਦੀ ਹੈ।
              ਤਤਕਾਲੀ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਬਰਾੜ ਨੇ ਫਰੀਦਕੋਟ ਦੇ ਡੀ.ਐਸ.ਪੀ ਸੇਵਾ ਸਿੰਘ ਦੀ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਭੱਦੀ ਸ਼ਬਦਾਵਲੀ ਬੋਲੀ। ਮਗਰੋਂ ਸਮਝੌਤਾ ਹੋ ਗਿਆ ਸੀ। ਵਿਧਾਇਕ ਮਨਜੀਤ ਸਿੰਘ ਮੀਆਂ ਵਿੰਡ ਵਲੋਂ 10 ਜੂਨ 2009 ਨੂੰ ਅੰਮ੍ਰਿਤਸਰ ਦੇ ਤਤਕਾਲੀ ਐਸ.ਡੀ.ਐਮ ਪਰਮਜੀਤ ਸਿੰਘ ਦੀ ਕੀਤੀ ਸ਼ਿਕਾਇਤ ਦਾ ਮਾਮਲਾ ਸਪੀਕਰ ਨੇ ਪਟੀਸ਼ਨ ਕਮੇਟੀ ਨੂੰ ਸੌਂਪ ਦਿੱਤਾ ਸੀ ਜਦੋਂ ਕਿ ਤਤਕਾਲੀ ਡਿਪਟੀ ਸਪੀਕਰ ਸਤਪਾਲ ਗੋਸਾਈਂ ਵਲੋਂ 22 ਨਵੰਬਰ 2010 ਨੂੰ ਸਿਵਲ ਹਸਪਤਾਲ ਲੁਧਿਆਣਾ ਦੇ ਡਾਕਟਰ ਬਲਵਿੰਦਰ ਕੁਮਾਰ ਦੇ ਮਾਮਲੇ ਨੂੰ ਮਰਿਯਾਦਾ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ। ਤਤਕਾਲੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਪੂਰਥਲਾ ਦੇ ਡੀ.ਸੀ ਰਾਜ ਕਮਲ ਚੌਧਰੀ ਅਤੇ ਐਸ.ਐਸ.ਪੀ ਰਾਮ ਸਿੰਘ ਦੀ ਗਲਤ ਨੀਂਹ ਪੱਥਰ ਰੱਖਣ ਦੇ ਸਬੰਧ ਵਿੱਚ ਸ਼ਿਕਾਇਤ ਕੀਤੀ ਸੀ ਜਿਸ ਦਾ ਮਗਰੋਂ ਰਾਜ਼ੀਨਾਮਾ ਹੋ ਗਿਆ ਸੀ।
              ਗਿੱਦੜਬਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ  ਨੇ ਗਿੱਦੜਬਹਾ ਦੇ ਹੌਲਦਾਰ ਹਰਭਗਵਾਨ ਸਿੰਘ ਦੀ 3 ਜੁਲਾਈ 2012  ਨੂੰ ਸ਼ਿਕਾਇਤ ਕੀਤੀ ਕਿ ਹੌਲਦਾਰ ਨੇ ਉਸ ਨਾਲ ਦੁਰਵਿਹਾਰ ਕੀਤਾ ਹੈ। ਇਹ ਮਾਮਲਾ ਸਪੀਕਰ ਕੋਲ ਲੰਬਿਤ ਪਿਆ ਹੈ। ਏਦਾ ਹੀ ਵਿਧਾਇਕ ਮਨਜੀਤ ਸਿੰਘ ਨੇ ਸਕੂਲ ਸਿੱਖਿਆ ਵਿਭਾਗ ਦੇ ਵਧੀਕ ਸਕੱਤਰ ਨਰਿੰਦਰ ਸਿੰਘ ਬਾਠ ਦੀ 18 ਮਈ 2012 ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਇਸ ਅਧਿਕਾਰੀ ਨੇ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ। ਇਸ ਦਾ ਨਿਪਟਾਰਾ ਹੋਣਾ ਬਾਕੀ ਹੈ। ਤਤਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ 1 ਜੂਨ 2011 ਨੂੰ ਪਨਸਪ ਦੇ ਜ਼ਿਲ•ਾ ਮੈਨੇਜਰ ਰਮੇਸ ਕੁਮਾਰ ਦੀ ਸ਼ਿਕਾਇਤ ਕੀਤੀ ਸੀ ਕਿ ਉਹ ਉਸਦੇ ਫੋਨ ਹੀ ਨਹੀਂ ਸੁਣਦਾ ਹੈ। ਸੂਤਰ ਆਖਦੇ ਹਨ ਕਿ ਜਦੋਂ ਵਿਧਾਇਕਾਂ ਨਾਲ ਏਦਾ ਹੋ ਰਹੀ ਹੈ ਤਾਂ ਆਮ ਲੋਕਾਂ ਦਾ ਕੀ ਬਣੇਗਾ।
  

No comments:

Post a Comment