Tuesday, March 26, 2013

                                 ਸਰਕਾਰੀ ਜਾਦੂ
ਬਾਦਲਾਂ ਦੇ ਹਲਕੇ ਵਿੱਚ ਟਿਊਬਵੈਲ ਸਕੈਂਡਲ
                                ਚਰਨਜੀਤ ਭੁੱਲਰ
ਬਠਿੰਡਾ : ਦੱਖਣੀ ਪੰਜਾਬ ਵਿੱਚ ਕਰੋੜਾਂ ਰੁਪਏ ਦਾ ਟਿਊਬਵੈੱਲ ਸਕੈਂਡਲ ਬੇਪਰਦ ਹੋਇਆ ਹੈ। ਪਾਵਰਕੌਮ ਨੇ ਉਨ੍ਹਾਂ ਪਿੰਡਾਂ ਵਿੱਚ ਹਜ਼ਾਰਾਂ ਸੇਮ ਵਾਲੇ ਤਰਜੀਹੀ ਕੁਨੈਕਸ਼ਨ ਦੇ ਦਿੱਤੇ ਹਨ ਜਿਨ੍ਹਾਂ ਪਿੰਡਾਂ ਵਿੱਚ ਕਦੇ ਸੇਮ ਆਈ ਹੀ ਨਹੀਂ ਹੈ। ਪੰਜਾਬ ਸਰਕਾਰ ਨੇ ਕਰੀਬ ਅੱਧੀ ਦਰਜਨ ਅਜਿਹੇ ਪਿੰਡਾਂ ਨੂੰ ਸੇਮਗ੍ਰਸਤ ਪਿੰਡ ਐਲਾਨਿਆ ਹੋਇਆ ਹੈ ਜਿਨ੍ਹਾਂ ਪਿੰਡਾਂ ਦੀ ਜੂਹ ਵਿੱਚ ਕਦੇ ਸੇਮ ਢੁਕੀ ਹੀ ਨਹੀਂ ਹੈ।ਇਨ੍ਹਾਂ ਵਿੱਚੋਂ ਚਾਰ ਪਿੰਡ ਤਾਂ ਮੁੱਖ ਮੰਤਰੀ ਪੰਜਾਬ ਦੇ ਜੱਦੀ ਹਲਕੇ ਲੰਬੀ ਦੇ ਹਨ ਅਤੇ ਇੱਕ ਪਿੰਡ ਹਲਕਾ ਗਿੱਦੜਬਾਹਾ ਅਤੇ ਇੱਕ ਪਿੰਡ ਜ਼ਿਲ੍ਹਾ ਬਠਿੰਡਾ ਵਿੱਚ ਪੈਂਦਾ ਹੈ। ਇਨ੍ਹਾਂ ਪਿੰਡਾਂ ਨੂੰ ਦਿੱਤੇ ਟਿਊਬਵੈੱਲ ਕੁਨੈਕਸ਼ਨਾਂ ਦਾ ਖਰਚਾ ਸਰਕਾਰ ਨੇ ਚੁੱਕਿਆ ਹੈ ਅਤੇ ਖਪਤਕਾਰਾਂ ਨੂੰ ਮਾਮੂਲੀ ਰਾਸ਼ੀ ਹੀ ਤਾਰਨੀ ਪਈ ਹੈ।
             ਪਾਵਰਕੌਮ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਦਿੱਤੀ ਸੂਚਨਾ ਅਨੁਸਾਰ ਇਨ੍ਹਾਂ ਪਿੰਡਾਂ ਦੇ ਖਪਤਕਾਰਾਂ ਨੂੰ ਪ੍ਰਤੀ ਕੁਨੈਕਸ਼ਨ ਕਰੀਬ 18 ਹਜ਼ਾਰ ਰੁਪਏ ਦੀ ਰਾਸ਼ੀ ਭਰਨੀ ਪਈ ਹੈ ਜਦੋਂ ਕਿ ਪਾਵਰਕੌਮ ਨੇ ਪ੍ਰਤੀ ਕੁਨੈਕਸ਼ਨ 80 ਹਜ਼ਾਰ ਤੋਂ 90 ਹਜ਼ਾਰ ਤੱਕ ਖਰਚ ਕੀਤਾ ਹੈ। ਇਨ੍ਹਾਂ ਪਿੰਡਾਂ ਨੂੰ 1583 ਸੇਮ ਵਾਲੇ ਤਰਜੀਹੀ ਟਿਊਬਵੈੱਲ ਕੁਨੈਕਸ਼ਨ ਦਿੱਤੇ ਗਏ ਹਨ ਜਿਨ੍ਹਾਂ ਨੇ ਪਾਵਰਕੌਮ ਨੇ ਸਰਕਾਰੀ ਖ਼ਜ਼ਾਨੇ 'ਚੋਂ ਕਰੀਬ 13 ਕਰੋੜ ਰੁਪਏ ਖਰਚ ਕੀਤੇ ਹਨ। ਪਾਵਰਕੌਮ ਦੇ ਸਰਕਲ ਦਫ਼ਤਰ ਬਠਿੰਡਾ ਅਧੀਨ ਪੈਂਦੇ ਪਿੰਡ ਕੋਟਲੀ ਨੂੰ ਸਭ ਤੋਂ ਵੱਧ 486 ਸੇਮ ਵਾਲੇ ਤਰਜੀਹੀ ਕੁਨੈਕਸ਼ਨ ਜਾਰੀ ਕੀਤੇ ਗਏ ਹਨ ਜਿਨ੍ਹਾਂ 'ਤੇ ਸਰਕਾਰ ਨੇ ਕਰੋੜਾਂ ਰੁਪਏ ਪੱਲਿਓਂ ਖਰਚ ਕੀਤੇ ਹਨ। ਇਨ੍ਹਾਂ 'ਚੋਂ 412 ਕੁਨੈਕਸ਼ਨ ਤਾਂ ਚਾਲੂ ਵੀ ਹੋ ਗਏ ਹਨ ਅਤੇ ਬਾਕੀ ਕੁਨੈਕਸ਼ਨ ਚਾਲੂ ਕਰਨ ਖਾਤਰ ਕੰਮ ਚੱਲ ਰਿਹਾ ਹੈ।
            ਇਸ ਪਿੰਡ ਦੀ ਕਰੀਬ 5500 ਵੋਟ ਹੈ। ਸਾਲ 2012 ਦੀਆਂ ਅਸੈਂਬਲੀ ਚੋਣਾਂ ਤੋਂ ਐਨ ਪਹਿਲਾਂ ਇਸ ਪਿੰਡ ਵਿੱਚ 150 ਸੇਮ ਵਾਲੇ ਕੁਨੈਕਸ਼ਨ ਦੇ ਦਿੱਤੇ ਗਏ ਸਨ ਅਤੇ ਬਾਕੀ ਦੇ ਹੁਣ ਦਿੱਤੇ ਗਏ ਹਨ।ਪਿੰਡ ਕੋਟਲੀ ਦਾ ਕਰੀਬ 12 ਹਜ਼ਾਰ ਏਕੜ ਰਕਬਾ ਵਾਹੀਯੋਗ ਹੈ ਜਿਥੇ ਝੋਨੇ ਅਤੇ ਕਣਕ ਦੀ ਭਰਪੂਰ ਫਸਲ ਹੁੰਦੀ ਹੈ। ਇਸ ਪਿੰਡ ਵਿੱਚ ਧਰਤੀ ਹੇਠਲਾ ਪਾਣੀ 26 ਤੋਂ 30 ਫੁੱਟ ਨੀਵਾਂ ਹੈ। ਸਰਕਾਰ ਨੇ ਇਸ ਪਿੰਡ ਨੂੰ ਸੇਮ ਪ੍ਰਭਾਵਿਤ ਪਿੰਡ ਐਲਾਨ ਦਿੱਤਾ ਤਾਂ ਜੋ ਲੋਕਾਂ ਨੂੰ ਮੁਫਤੋਂ ਮੁਫ਼ਤ ਕੁਨੈਕਸ਼ਨ ਦਿੱਤੇ ਜਾ ਸਕਣ। ਮਾਰਕੀਟ ਕਮੇਟੀ ਗਿੱਦੜਬਾਹਾ ਦਾ ਸਰਕਾਰੀ ਰਿਕਾਰਡ ਗਵਾਹ ਹੈ ਕਿ ਇਸ ਪਿੰਡ 'ਚੋਂ ਫਸਲ ਦੀ ਖਰੀਦ ਕਦੇ ਵੀ ਘਟੀ ਨਹੀਂ ਹੈ। ਪਿੰਡ ਕੋਟਲੀ ਦੇ ਸਰਪੰਚ ਗੋਰਾ ਸਿੰਘ ਨੇ ਖੁਦ ਮੰਨਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਦੇ ਵੀ ਸੇਮ ਨਹੀਂ ਆਈ। ਉਨ੍ਹਾਂ ਆਖਿਆ ਕਿ ਸਰਕਾਰ ਨੇ ਦੋ ਵਰ੍ਹਿਆਂ ਵਿੱਚ ਏਨੇ ਸੇਮ ਵਾਲੇ ਕੁਨੈਕਸ਼ਨ ਦੇ ਦਿੱਤੇ ਹਨ ਕਿ ਛੋਟੇ ਛੋਟੇ ਕਿਸਾਨਾਂ ਦੇ ਖੇਤਾਂ ਵਿੱਚ ਵੀ ਮੋਟਰਾਂ ਲੱਗ ਗਈਆਂ ਹਨ।
            ਪਾਵਰਕੌਮ ਦੇ ਉਪ ਮੰਡਲ ਗੋਨਿਆਣਾ ਦੇ ਐਸਡੀਓ ਪਰਮਜੀਤ ਸਿੰਘ ਪੂਹਲੀ ਨੇ ਦੱਸਿਆ ਕਿ ਪਿੰਡ ਕੋਟਲੀ ਨੂੰ ਸੇਮ ਵਾਲੇ 486 ਕੁਨੈਕਸ਼ਨ ਦਿੱਤੇ ਗਏ ਹਨ ਜਿਨ੍ਹਾਂ 'ਚੋਂ 412 ਚੱਲ ਪਏ ਹਨ ਅਤੇ ਬਾਕੀ ਲਗਾਏ ਜਾਣ ਦਾ ਕੰਮ ਚੱਲ ਰਿਹਾ ਹੈ। ਬਠਿੰਡਾ ਦੇ ਪਿੰਡ ਘੁੱਦਾ ਵਿੱਚ ਸੇਮ ਵਾਲੇ 318 ਤਰਜੀਹੀ ਕੁਨੈਕਸ਼ਨ ਦੇ ਦਿੱਤੇ ਗਏ ਹਨ ਜਦੋਂ ਕਿ ਇਸ ਪਿੰਡ ਦੇ ਇੱਕ ਪਾਸੇ ਹਾਲੇ ਵੀ ਟਿੱਬੇ ਹਨ। ਪਿੰਡ ਘੁੱਦਾ ਮੁੱਖ ਮੰਤਰੀ ਪੰਜਾਬ ਦੇ ਪੁਰਖਿਆਂ ਦਾ ਪਿੰਡ ਹੈ। ਪਿੰਡ ਵਿੱਚ ਕਦੇ ਵੀ ਸੇਮ ਨਹੀਂ ਆਈ ਹੈ। ਮੁੱਖ ਮੰਤਰੀ ਦੇ ਜੱਦੀ ਹਲਕੇ ਲੰਬੀ ਦੇ ਪਿੰਡ ਮਿੱਠੜੀ ਬੁਧ ਗਿਰ ਵਿੱਚ ਭਰਪੂਰ ਫਸਲ ਹੁੰਦੀ ਹੈ ਅਤੇ ਇਸ ਪਿੰਡ ਦਾ ਸਿਰਫ਼ 10 ਤੋਂ 20 ਏਕੜ ਰਕਬਾ ਹੀ ਕਦੇ ਸੇਮ ਪ੍ਰਭਾਵਿਤ ਰਿਹਾ ਹੈ।
               ਪਾਵਰਕੌਮ ਨੇ ਇਸ ਪਿੰਡ ਵਿੱਚ ਸੇਮ ਵਾਲੇ 195 ਤਰਜੀਹੀ ਕੁਨੈਕਸ਼ਨ ਦੇ ਦਿੱਤੇ ਹਨ। ਇਸ ਪਿੰਡ ਵਿੱਚ 16 ਤੋਂ 20 ਫੁੱਟ ਨੀਵਾਂ ਪਾਣੀ ਹੈ। ਇਸੇ ਤਰ੍ਹਾਂ ਸਰਕਾਰ ਨੇ ਪਿੰਡ ਗੱਗੜ,ਸਿੰਘੇਵਾਲਾ ਅਤੇ ਫਤੂਹੀਵਾਲਾ ਨੂੰ ਵੀ ਸੇਮ ਪ੍ਰਭਾਵਿਤ ਪਿੰਡ ਐਲਾਨ ਦਿੱਤਾ ਹੈ ਜਦੋਂ ਕਿ ਇਨ੍ਹਾਂ ਪਿੰਡਾਂ ਵਿੱਚ ਸੇਮ ਨਹੀਂ ਹੈ। ਮਾਰਕੀਟ ਕਮੇਟੀ ਮਲੋਟ ਦੇ ਰਿਕਾਰਡ ਮੁਤਾਬਿਕ ਇਨ੍ਹਾਂ ਪਿੰਡਾਂ ਵਿੱਚ ਭਰਪੂਰ ਫਸਲ ਹੋ ਰਹੀ ਹੈ। ਪਾਵਰਕੌਮ ਨੇ ਪਿੰਡ ਗੱਗੜ ਵਿੱਚ ਸੇਮ ਵਾਲੇ 109 ਤਰਜੀਹੀ ਕੁਨੈਕਸ਼ਨ,ਪਿੰਡ ਸਿੰਘੇਵਾਲਾ ਵਿੱਚ 129 ਕੁਨੈਕਸ਼ਨ ਅਤੇ ਪਿੰਡ ਫਤੂਹੀਵਾਲਾ ਵਿੱਚ 179 ਕੁਨੈਕਸ਼ਨ ਦਿੱਤੇ ਹਨ। ਜਾਣਕਾਰੀ ਅਨੁਸਾਰ ਪਿੰਡ ਗੱਗੜ ਵਿੱਚ ਧਰਤੀ ਹੇਠਲਾ ਪਾਣੀ 17 ਫੁੱਟ 'ਤੇ, ਸਿੰਘੇਵਾਲਾ ਤੇ ਫਤੂਹੀਵਾਲਾ ਵਿੱਚ 20 ਤੋਂ 25 ਫੁੱਟ 'ਤੇ ਹੈ। ਡਰੇਨੇਜ ਉਸਾਰੀ ਸਰਕਲ ਗਿੱਦੜਬਾਹਾ ਦੇ ਸਬੰਧਿਤ ਕਾਰਜਕਾਰੀ ਇੰਜੀਨੀਅਰ ਗੁਲਸ਼ਨ ਨਾਗਪਾਲ ਦਾ ਕਹਿਣਾ ਸੀ ਕਿ ਪਿੰਡ ਗੱਗੜ, ਸਿੰਘੇਵਾਲਾ, ਮਿੱਠੜੀ ਅਤੇ ਫਤੂਹੀਵਾਲਾ ਵਿੱਚ ਕਦੇ ਸੇਮ ਆਈ ਹੀ ਨਹੀਂ ਹੈ ਅਤੇ ਇਨ੍ਹਾਂ ਪਿੰਡਾਂ ਵਿੱਚ ਕੋਈ ਵੀ ਸੇਮ ਕੱਢਣ ਵਾਲਾ ਪ੍ਰਾਜੈਕਟ ਕਦੇ ਸ਼ੁਰੂ ਨਹੀਂ ਕੀਤਾ ਗਿਆ। ਸੂਤਰਾਂ ਅਨੁਸਾਰ ਸਰਕਾਰ ਨੇ ਆਪਣਿਆਂ ਨੂੰ ਸੇਮ ਵਾਲੀ ਕੈਟੇਗਰੀ ਵਿੱਚ ਪਾ ਕੇ ਕੁਨੈਕਸ਼ਨ ਰਾਤੋ ਰਾਤ ਜਾਰੀ ਕਰ ਦਿੱਤੇ ਹਨ। ਦੂਜੇ ਪਾਸੇ ਪੰਜਾਬ ਦੇ ਆਮ ਕਿਸਾਨ1991 ਤੋਂ ਟਿਊਬਵੈੱਲ ਕੁਨੈਕਸ਼ਨ ਲੈਣ ਖਾਤਰ ਉਡੀਕ ਸੂਚੀ ਵਿੱਚ ਖੜੇ ਹਨ।
                                                    ਪਿੰਡ ਬਾਦਲ ਵੀ ਸੇਮ ਦੀ ਮਾਰ ਹੇਠ?
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਬਾਦਲ ਵੀ ਸੇਮ ਪ੍ਰਭਾਵਿਤ ਐਲਾਨਿਆ ਗਿਆ ਹੈ। ਪਾਵਰਕੌਮ ਨੇ ਇਸ ਪਿੰਡ ਵਿੱਚ ਸੇਮ ਵਾਲੇ 167 ਤਰਜੀਹੀ ਟਿਊਬਵੈੱਲ ਕੁਨੈਕਸ਼ਨ ਵੀ ਦੇ ਦਿੱਤੇ ਹਨ। ਪਿੰਡ ਬਾਦਲ ਦੇ ਸਾਰੇ ਰਕਬੇ ਵਿੱਚ ਪੂਰੀ ਫਸਲ ਹੋ ਰਹੀ ਹੈ ਅਤੇ ਕਿਤੇ ਵੀ ਸੇਮ ਦਾ ਨਾਮੋ ਨਿਸ਼ਾਨ ਨਹੀਂ ਹੈ। ਬਿਨਾਂ ਸੇਮ ਤੋਂ ਹੀ ਪਿੰਡ ਬਾਦਲ ਤੋਂ ਬਹਾਵਾਲੀ ਤੱਕ ਸੇਮ ਨਾਲਾ ਕੱਢ ਦਿੱਤਾ ਗਿਆ ਸੀ। ਸਰਕਾਰੀ ਸੂਤਰਾਂ ਅਨੁਸਾਰ ਇੱਥੇ ਧਰਤੀ ਹੇਠਲਾ ਪਾਣੀ 7 ਫੁੱਟ ਤੇ ਹੈ ਜਿਸ ਕਰਕੇ ਬਾਗਾਂ ਦਾ ਨੁਕਸਾਨ ਹੋ ਰਿਹਾ ਹੈ। ਇਸੇ ਕਰਕੇ ਨਾਲਾ ਕੱਢਣ ਦੀ ਕਾਰਵਾਈ ਕੀਤੀ ਗਈ।

No comments:

Post a Comment