Saturday, March 16, 2013

                                   ਵਿਆਹਾਂ ਮੌਕੇ
      ਸ਼ਰਾਬ 'ਤੇ 500 ਕਰੋੜ ਦਾ ਖਰਚਾ
                                 ਚਰਨਜੀਤ ਭੁੱਲਰ
ਬਠਿੰਡਾ : ਪੰਜਾਬੀ ਲੋਕ ਵਿਆਹਾਂ ਦੇ ਜਸ਼ਨਾਂ ਲਈ ਇਕੱਲੀ ਸ਼ਰਾਬ 'ਤੇ ਹੀ ਕਰੀਬ 500 ਕਰੋੜ ਰੁਪਏ ਹਰ ਵਰ੍ਹੇ ਰੋੜ੍ਹ ਦਿੰਦੇ ਹਨ। ਸ਼ਹਿਰੀ ਪੰਜਾਬ ਵਿੱਚ ਹਰ ਵਰ੍ਹੇ 3.20 ਕਰੋੜ ਰੁਪਏ ਵਿਆਹਾਂ ਦੇ ਜਸ਼ਨਾਂ ਵਾਲੀ ਸ਼ਰਾਬ 'ਤੇ ਖਰਚ ਹੁੰਦੇ ਹਨ। ਇਹ ਸਿਰਫ਼ ਉਹੀ ਖਰਚ ਹੈ, ਜਿਸ ਦਾ ਹਿਸਾਬ-ਕਿਤਾਬ ਸਰਕਾਰੀ ਕਾਗ਼ਜ਼ਾਂ ਵਿੱਚ ਆ ਜਾਂਦਾ ਹੈ ਅਤੇ ਜੋ ਸ਼ਰਾਬ ਸਿਰਫ਼ ਮੈਰਿਜ ਪੈਲੇਸਾਂ ਵਿੱਚ ਪਿਲਾਈ ਜਾਂਦੀ ਹੈ। ਸ਼ਾਇਦ ਇਸੇ ਲਈ ਪੰਜਾਬ ਵਿਧਾਨ ਸਭਾ ਨੇ ਵਿਆਹਾਂ 'ਤੇ ਹੁੰਦੀ  ਫ਼ਜ਼ੂਲ-ਖ਼ਰਚੀ ਰੋਕਣ ਵਾਸਤੇ ਗੈਰਸਰਕਾਰੀ ਮਤਾ ਪਾਸ ਕੀਤਾ ਹੈ। ਵਿਆਹਾਂ 'ਤੇ ਖ਼ਾਤਿਰਦਾਰੀ ਦਾ ਬਹੁਤ ਬਜਟ ਸ਼ਰਾਬ ਹੀ ਡੀਕ ਜਾਂਦੀ ਹੈ। ਪੰਜਾਬ ਵਿੱਚ ਮੈਰਿਜ ਪੈਲੇਸਾਂ ਵਿੱਚ ਹੋਣ ਵਾਲੇ ਵਿਆਹ 'ਤੇ ਔਸਤਨ 80 ਹਜ਼ਾਰ ਰੁਪਏ ਦੀ ਸ਼ਰਾਬ ਖਰਚ ਹੁੰਦੀ ਹੈ।
              ਟੈਕਸ ਅਤੇ ਆਬਕਾਰੀ ਵਿਭਾਗ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਨਮੂਨੇ ਵਜੋਂ ਅੱਠ ਜ਼ਿਲ੍ਹਿਆਂ 'ਚੋਂ ਇਹ ਵੇਰਵੇ ਹਾਸਲ ਕੀਤੇ ਗਏ ਹਨ। ਇਸ ਤੋਂ ਇਸ ਰੁਝਾਨ ਦਾ ਪਤਾ ਲੱਗਾ ਹੈ। ਮੈਰਿਜ ਪੈਲੇਸ ਵਿੱਚ ਜੇਕਰ ਵਿਆਹ ਮੌਕੇ ਸ਼ਰਾਬ ਵਰਤਾਈ ਜਾਂਦੀ ਹੈ ਤਾਂ ਉਸ ਦਾ ਪਰਮਿਟ ਪਹਿਲਾਂ ਕਰ ਅਤੇ ਆਬਕਾਰੀ ਵਿਭਾਗ ਤੋਂ ਲੈਣਾ ਪੈਂਦਾ ਹੈ। ਸਿਆਸੀ ਪਹੁੰਚ ਵਾਲੇ ਲੋਕ ਤਾਂ ਇਹ ਪਰਮਿਟ ਲੈਂਦੇ ਹੀ ਨਹੀਂ ਹਨ ਕਿਉਂਕਿ ਪਰਮਿਟ ਲੈਣ ਖਾਤਰ ਫੀਸ ਤਾਰਨੀ ਪੈਂਦੀ ਹੈ। ਰਾਜ ਵਿੱਚ ਪਿਛਲੇ ਪੰਜ ਵਰ੍ਹਿਆਂ ਵਿੱਚ ਕਰ ਅਤੇ ਆਬਕਾਰੀ ਵਿਭਾਗ ਤੋਂ ਕਰੀਬ 1.85 ਲੱਖ ਪਰਮਿਟ ਮੈਰਿਜ ਪੈਲੇਸਾਂ ਵਿੱਚ ਵਿਆਹ ਮੌਕੇ ਸ਼ਰਾਬ ਪਿਲਾਏ ਜਾਣ ਵਾਸਤੇ ਜਾਰੀ ਹੋਏ ਹਨ।ਦੇਖਿਆ ਜਾਵੇ ਤਾਂ ਔਸਤਨ ਹਰ ਵਰ੍ਹੇ 40 ਹਜ਼ਾਰ ਪਰਮਿਟ ਜਾਰੀ ਹੋ ਜਾਂਦੇ ਹਨ। ਇਸ ਹਿਸਾਬ ਨਾਲ ਪ੍ਰਤੀ ਵਿਆਹ 80 ਹਜ਼ਾਰ ਦੀ ਸ਼ਰਾਬ ਪਿਲਾਏ ਜਾਣ ਦੀ ਸੂਰਤ ਵਿੱਚ ਸ਼ਰਾਬ ਦਾ ਸਾਲਾਨਾ ਦਾ ਖਰਚਾ 3.20 ਕਰੋੜ ਰੁਪਏ ਬਣ ਜਾਂਦਾ ਹੈ। ਦਿਹਾਤੀ ਖੇਤਰਾਂ ਵਿੱਚ ਬਣੇ ਮੈਰਿਜ ਪੈਲੇਸਾਂ ਵਿੱਚ ਤਾਂ ਇਹ ਪਰਮਿਟ ਲਿਆ ਹੀ ਨਹੀਂ ਜਾਂਦਾ ਹੈ। ਮੋਟਾ ਅੰਦਾਜ਼ਾ ਹੈ ਕਿ ਕਰੀਬ 200 ਕਰੋੜ ਰੁਪਏ ਦੀ ਸ਼ਰਾਬ ਦੀ ਖਪਤ ਦਿਹਾਤੀ ਪੰਜਾਬ ਵਿੱਚ ਹੋ ਜਾਂਦੀ ਹੈ।
             ਵੇਰਵਿਆਂ ਅਨੁਸਾਰ ਪੰਜਾਬ 'ਚੋਂ ਇਸ ਮਾਮਲੇ ਵਿੱਚ ਲੁਧਿਆਣਾ ਜ਼ਿਲ੍ਹਾ ਪਹਿਲੇ ਨੰਬਰ 'ਤੇ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਲੰਘੇ ਪੰਜ ਵਰ੍ਹਿਆਂ ਵਿੱਚ 28887 ਵਿਆਹ ਮੈਰਿਜ ਪੈਲੇਸਾਂ ਵਿੱਚ ਅਜਿਹੇ ਹੋਏ ਹਨ ਜਿਥੇ ਸ਼ਰਾਬ ਵਰਤਾਈ ਗਈ। ਹਰ ਸਾਲ ਇਸ ਜ਼ਿਲ੍ਹੇ ਵਿੱਚ ਔਸਤਨ 5700 ਵਿਆਹ ਸ਼ਰਾਬ ਵਾਲੇ ਹੁੰਦੇ ਹਨ। ਜਿਨ੍ਹਾਂ ਵਿਆਹਾਂ ਵਿੱਚ ਬਿਨਾਂ ਸ਼ਰਾਬ ਦਾ ਪਰਮਿਟ ਲਏ ਸ਼ਰਾਬ ਪਿਲਾਈ ਜਾਂਦੀ ਹੈ, ਉਹ ਅੰਕੜਾ ਵੱਖਰਾ ਹੈ। ਔਸਤਨ ਹਰ ਵਰ੍ਹੇ 50 ਕਰੋੜ ਰੁਪਏ ਦੀ ਸ਼ਰਾਬ ਤਾਂ ਇਕੱਲੇ ਲੁਧਿਆਣਾ ਜ਼ਿਲ੍ਹੇ ਦੇ ਮੈਰਿਜ ਪੈਲੇਸਾਂ ਵਿੱਚ ਪਿਲਾ ਦਿੱਤੀ ਜਾਂਦੀ ਹੈ। ਜ਼ਿਲ੍ਹਾ ਮੁਹਾਲੀ ਵਿੱਚ ਪੰਜ ਵਰ੍ਹਿਆਂ ਵਿੱਚ ਮੈਰਿਜ ਪੈਲੇਸਾਂ ਵਿੱਚ ਹੋਣ ਵਾਲੇ 11704 ਵਿਆਹਾਂ 'ਤੇ ਸ਼ਰਾਬ ਵਰਤਾਈ ਗਈ ਹੈ। ਹਰ ਵਰ੍ਹੇ ਕਰੀਬ 2400 ਪਰਮਿਟ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਵਿਆਹਾਂ 'ਤੇ ਸ਼ਰਾਬ ਪਿਲਾਉਣ ਵਾਸਤੇ ਜਾਰੀ ਕੀਤਾ ਜਾਂਦਾ ਹੈ।
            ਜ਼ਿਲ੍ਹਾ ਬਠਿੰਡਾ ਵਿੱਚ ਹਰ ਸਾਲ ਔਸਤਨ 700 ਪਰਮਿਟ ਜਾਰੀ ਕੀਤੇ ਜਾਂਦੇ ਹਨ। ਇਸ ਜ਼ਿਲ੍ਹੇ ਵਿੱਚ ਬਹੁਤੇ ਵਿਆਹਾਂ 'ਤੇ ਤਾਂ ਬਿਨਾਂ ਪਰਮਿਟ ਤੋਂ ਹੀ ਸ਼ਰਾਬ ਪਿਲਾਈ ਜਾਂਦੀ ਹੈ। ਇੱਕ ਆਬਕਾਰੀ ਅਫਸਰ ਨੇ ਜਦੋਂ ਪਿਛਲੇ ਸਮੇਂ ਵਿੱਚ ਸ਼ਰਾਬ ਪਿਲਾਏ ਜਾਣ ਵਾਸਤੇ ਪਰਮਿਟ ਲਾਜ਼ਮੀ ਕਰ ਦਿੱਤਾ ਤਾਂ ਉਸ ਦੀ ਸਰਕਾਰ ਨੇ ਹੀ ਬਦਲੀ ਕਰ ਦਿੱਤੀ। ਇਸ ਜ਼ਿਲ੍ਹੇ ਦੇ ਸ਼ਹਿਰੀ ਵਿਆਹਾਂ 'ਤੇ ਕਰੀਬ 5.60 ਕਰੋੜ ਰੁਪਏ ਦੀ ਸ਼ਰਾਬ ਸਾਲਾਨਾ ਵਰਤਾ ਦਿੱਤੀ ਜਾਂਦੀ ਹੈ।  ਪੰਜਾਬ ਦੇ ਅਮੀਰ ਲੋਕਾਂ ਵੱਲੋਂ ਤਾਂ ਵਿਆਹਾਂ ਮੌਕੇ ਸਾਰਾ ਜ਼ੋਰ ਹੀ ਲੈੱਗ ਅਤੇ ਪੈੱਗ ਉਤੇ ਲਗਾਇਆ ਜਾਂਦਾ ਹੈ। ਰੀਸੋ- ਰੀਸ ਪੇਂਡੂ ਪੰਜਾਬ ਵਿੱਚ ਵੀ ਇਹ ਰੁਝਾਨ ਦਿਨ ਬ ਦਿਨ ਵੱਧ ਹੀ ਰਿਹਾ ਹੈ। ਜ਼ਿਲ੍ਹਾ ਫਰੀਦਕੋਟ ਵਿੱਚ ਪੰਜ ਵਰ੍ਹਿਆਂ ਵਿੱਚ 2299 ਪਰਮਿਟ ਕਰ ਅਤੇ ਆਬਕਾਰੀ ਵਿਭਾਗ ਨੇ ਜਾਰੀ ਕੀਤੇ ਹਨ ਜਦੋਂ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਇਸ ਸਮੇਂ ਦੌਰਾਨ 3279 ਪਰਮਿਟ ਜਾਰੀ ਹੋਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਰੋਪੜ ਵਿੱਚ ਪੰਜ ਵਰ੍ਹਿਆਂ ਵਿੱਚ 3947 ਪਰਮਿਟ ਜਾਰੀ ਹੋਏ ਹਨ। ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿਥੇ ਬਿਨਾਂ ਸ਼ਰਾਬ ਤੋਂ ਵਿਆਹ ਹੁੰਦੇ ਹੋਣ।
                                                           ਮੁਕਤਸਰ ਵਿੱਚ ਸੋਫੀ ਵਿਆਹ ?
ਸਰਕਾਰੀ ਸੂਚਨਾ ਅਨੁਸਾਰ ਮੁੱਖ ਮੰਤਰੀ  ਦੇ ਜੱਦੀ ਜ਼ਿਲ੍ਹੇ ਮੁਕਤਸਰ ਵਿੱਚ ਸਾਲ 2006-07 ਅਤੇ ਸਾਲ 2008-09 ਦੌਰਾਨ ਮੈਰਿਜ ਪੈਲੇਸਾਂ ਵਿੱਚ ਸਾਰੇ ਸੋਫੀ ਵਿਆਹ ਹੀ ਹੋਏ ਹਨ। ਇਨ੍ਹਾਂ ਦੋ ਵਰ੍ਹਿਆਂ ਵਿੱਚ ਸ਼ਰਾਬ ਵਾਲਾ ਕੋਈ ਵੀ ਪਰਮਿਟ ਜਾਰੀ ਨਹੀਂ ਹੋਇਆ ਹੈ। ਸੂਤਰ ਆਖਦੇ ਹਨ ਕਿ ਸਿਆਸੀ ਪਹੁੰਚ ਹੋਣ ਕਰਕੇ ਕੋਈ ਵੀ ਵਿਆਹ ਲਈ ਸਰਕਾਰ ਤੋਂ ਸ਼ਰਾਬ ਪਿਲਾਉਣ ਵਾਸਤੇ ਪਰਮਿਟ ਹੀ ਨਹੀਂ ਲੈਂਦਾ ਹੈ। ਇਸ ਤਰ੍ਹਾਂ ਨਾਲ ਸਰਕਾਰੀ ਟੈਕਸ ਦੀ ਚੋਰੀ ਹੁੰਦੀ ਹੈ। ਇਸ ਜ਼ਿਲ੍ਹੇ ਵਿੱਚ ਉਸ ਮਗਰੋਂ ਕਿਸੇ ਵੀ ਸਾਲ 200 ਤੋਂ ਜ਼ਿਆਦਾ ਪਰਮਿਟ ਜਾਰੀ ਨਹੀਂ ਹੋਏ ਹਨ।
                                       ਸਰਦਾਰੀ ਦਿਖਾਉਣ ਖਾਤਰ ਫਜ਼ੂਲ ਖ਼ਰਚੀ : ਡਾ.ਰਵੀ ਰਵਿੰਦਰ
ਪੰਜਾਬ ਯੂਨੀਵਰਸਿਟੀ ਦੇ ਰਿਜ਼ਨਲ ਸੈਂਟਰ ਮੁਕਤਸਰ ਦੇ ਡਾ.ਰਵੀ ਰਵਿੰਦਰ ਜੋ ਪੰਜਾਬੀ ਕਲਚਰ ਦੀ ਚੰਗੀ ਸਮਝ ਰੱਖਦੇ ਹਨ,ਦਾ ਕਹਿਣਾ ਸੀ ਕਿ ਅਸਲ ਵਿੱਚ ਪੰਜਾਬੀ ਲੋਕਾਂ ਨੇ ਸਮਾਜਿਕ ਤੇ ਸਭਿਆਚਾਰਕ ਤੌਰ ਤੇ ਸ਼ਰਾਬ ਨੂੰ ਸਵੀਕਾਰ ਹੀ ਨਹੀਂ ਕੀਤਾ ਬਲਕਿ ਇਸ ਨੂੰ ਵਿਆਹਾਂ ਦਾ ਅਟੁੱਟ ਅੰਗ ਹੀ ਬਣਾ ਲਿਆ ਹੈ। ਉਨ•ਾਂ ਆਖਿਆ ਕਿ ਹੁਣ ਲੋਕ ਆਪਣੇ ਪੈਸੇ ਅਤੇ ਸਰਦਾਰੀ ਦਾ ਰੋਹਬ ਦਿਖਾਉਣ ਖਾਤਰ ਵਿਆਹਾਂ ਵਿੱਚ ਸ਼ਰਾਬ ਤੇ ਖੁੱਲ•ਾ ਖਰਚ ਕਰਨ ਲੱਗੇ ਹਨ ਜਿਸ ਦੇ ਨਤੀਜੇ ਵਜੋਂ ਇਕੱਲੇ ਦਿਖਾਵੇ ਤੇ ਹੀ ਕਰੋੜਾਂ ਰੁਪਏ ਫਜ਼ੂਲ ਖ਼ਰਚੀ ਤੇ ਚਲੇ ਜਾਂਦੇ ਹਨ।

No comments:

Post a Comment