Friday, July 26, 2013

                            ਮੈਗਾ ਮੈਡੀਕਲ ਕੈਂਪ
            ਪ੍ਰਾਹੁਣੇ ਮਹਿੰਗੇ,ਮਰੀਜ਼ ਸਸਤੇ
                             ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਸੰਸਦੀ ਹਲਕੇ ਵਿੱਚ ਲੱਗੇ ਮੈਗਾ ਮੈਡੀਕਲ ਕੈਂਪਾਂ ਵਿੱਚ ਪ੍ਰਾਹੁਣਚਾਰੀ 'ਤੇ ਖੁੱਲ੍ਹਾ ਖਰਚ ਕੀਤਾ ਗਿਆ ਹੈ, ਜਦੋਂ ਕਿ ਇਨ੍ਹਾਂ ਕੈਂਪਾਂ ਵਿੱਚ ਮਰੀਜ਼ਾਂ 'ਤੇ ਘੱਟ ਖਰਚ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿੱਚ ਮੈਗਾ ਮੈਡੀਕਲ ਕੈਂਪ ਲਾ ਕੇ ਸ਼ੁਰੂਆਤ ਕੀਤੀ ਗਈ ਸੀ। ਉਸ ਮਗਰੋਂ ਇਹੋ ਜੇਹਾ ਕੈਂਪ ਮਾਨਸਾ ਵਿਖੇ ਲਾਇਆ ਗਿਆ। ਪਿੰਡ ਬਾਦਲ ਵਿੱਚ ਲੱਗੇ ਮੈਗਾ ਮੈਡੀਕਲ ਕੈਂਪ ਵਿੱਚ ਪ੍ਰਤੀ ਮਰੀਜ਼ ਔਸਤਨ 111 ਰੁਪਏ ਖਰਚੇ ਗਏ, ਜਦੋਂ ਕਿ ਡਾਕਟਰਾਂ ਸਮੇਤ ਵੀ.ਆਈ.ਪੀਜ਼. ਦੀ ਪ੍ਰਾਹੁਣਚਾਰੀ 'ਤੇ ਪ੍ਰਤੀ ਮਹਿਮਾਨ ਔਸਤਨ ਪੰਜ ਹਜ਼ਾਰ ਰੁਪਏ ਖਰਚ ਆਇਆ। ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਹੀ ਇਹ ਮੈਗਾ ਮੈਡੀਕਲ ਕੈਂਪ ਲਾਏ ਸਨ, ਜਿਨ੍ਹਾਂ ਵਿੱਚ 47,317 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਸੀ। ਪਿੰਡ ਬਾਦਲ ਵਿੱਚ ਲੱਗੇ ਮੈਡੀਕਲ ਕੈਂਪ ਵਿੱਚ 18997 ਮਰੀਜ਼ ਆਏ, ਜਦੋਂ ਕਿ ਮਾਨਸਾ ਦੇ ਮੈਗਾ ਮੈਡੀਕਲ ਕੈਂਪ ਵਿੱਚ 28,318 ਮਰੀਜ਼ ਆਏ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਬਾਦਲ ਵਿੱਚ ਲੱਗੇ ਕੈਂਪ ਵਿੱਚ 269 ਡਾਕਟਰਾਂ ਦੀ ਟੀਮ ਪਹੁੰਚੀ। ਇਸ ਕੈਂਪ ਵਿੱਚ ਪਾਕਿਸਤਾਨ ਤੋਂ ਵੀ ਡਾਕਟਰ ਆਏ ਸਨ। ਇਨ੍ਹਾਂ ਡਾਕਟਰਾਂ ਦੀ ਖ਼ਾਤਰਦਾਰੀ 'ਤੇ ਬਠਿੰਡਾ ਪ੍ਰਸ਼ਾਸਨ ਨੇ ਜੋ ਖਰਚ ਕੀਤਾ, ਉਹ ਵੱਖਰਾ ਹੈ।
              ਪਿੰਡ ਬਾਦਲ ਦੇ ਮੈਡੀਕਲ ਕੈਂਪ ਵਿੱਚ 21.25 ਲੱਖ ਰੁਪਏ ਦਵਾਈਆਂ ਦਾ ਖਰਚ ਆਇਆ। ਕੈਂਪ ਵਿੱਚ ਮਹਿਮਾਨਾਂ ਲਈ ਪ੍ਰਬੰਧਾਂ 'ਤੇ 15.44 ਲੱਖ ਰੁਪਏ ਖਰਚੇ ਗਏ। ਤਿੰਨ ਲੱਖ ਰੁਪਏ ਵੀ.ਆਈ.ਪੀਜ਼. ਦੇ ਚਾਹ ਪਾਣੀ ਤੇ ਡਾਕਟਰਾਂ ਨੂੰ ਦਿੱਤੇ ਨਾਸ਼ਤੇ 'ਤੇ ਖਰਚੇ ਗਏ ਹਨ। ਵੀ.ਆਈ.ਪੀਜ਼. ਅਤੇ ਡਾਕਟਰਾਂ ਨੂੰ ਦਿੱਤੇ ਲੰਚ ਉਤੇ 7.90 ਲੱਖ ਰੁਪਏ ਦਾ ਖਰਚਾ ਆਇਆ ਹੈ। ਕੈਂਪ ਵਿੱਚ ਇਕ ਮਹਿਮਾਨ ਨੂੰ ਕਿਰਪਾਨ ਭੇਟ ਕੀਤੀ ਗਈ। ਇਸ ਕਿਰਪਾਨ 'ਤੇ 14 ਹਜ਼ਾਰ ਰੁਪਏ ਦਾ ਖਰਚ ਆਇਆ ਹੈ। ਮਹਿਮਾਨਾਂ ਨੂੰ ਸ਼ਾਲ ਅਤੇ ਲੋਈ ਦੇਣ ਲਈ 17,500 ਰੁਪਏ ਵੱਖਰੇ ਖਰਚੇ ਗਏ ਹਨ। ਕੈਂਪ ਵਿੱਚ ਮਹਿਮਾਨਾਂ ਲਈ ਚਾਹ-ਕੌਫੀ 'ਤੇ 3.39 ਲੱਖ ਰੁਪਏ ਖਰਚੇ ਗਏ। ਇਸ ਮੈਡੀਕਲ ਕੈਂਪ ਵਿੱਚ ਜੋ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਇਆ ਹੈ, ਉਸ ਦਾ ਖਰਚਾ 1.04 ਲੱਖ ਰੁਪਏ ਪਾਇਆ ਗਿਆ ਹੈ, ਜਦੋਂ ਕਿ ਬਿਜਲੀ ਦਾ ਬਿੱਲ 1.32 ਲੱਖ ਰੁਪਏ ਤਾਰਿਆ ਗਿਆ। ਜੋ ਕੈਂਪ ਵਿੱਚ ਐਲ.ਈ.ਡੀ. ਲਾਈ ਗਈ ਸੀ, ਉਸ 'ਤੇ ਡੇਢ ਲੱਖ ਰੁਪਏ ਖਰਚੇ ਗਏ ਸਨ। ਜੋ ਟਰਾਂਸਪੋਰਟ, ਟੈਂਟ, ਲਾਈਟ ਅਤੇ ਸਾਊਂਡ ਦਾ ਖਰਚਾ ਹੋਇਆ ਹੈ, ਉਸ ਦੀ ਸੂਚਨਾ ਪ੍ਰਾਪਤ ਨਹੀਂ ਹੋ ਸਕੀ। ਬਠਿੰਡਾ ਵਿੱਚ ਜੋ ਡਾਕਟਰ ਠਹਿਰਾਏ ਗਏ ਸਨ, ਉਨ੍ਹਾਂ 'ਤੇ ਮਾਲ ਮਹਿਕਮੇ ਵੱਲੋਂ ਵੱਖਰਾ ਖਰਚ ਕੀਤਾ ਗਿਆ ਸੀ। ਮਾਨਸਾ ਵਿਖੇ 3 ਅਤੇ 4 ਨਵੰਬਰ 2012 ਨੂੰ ਲੱਗੇ ਕੈਂਪ ਵਿੱਚ ਮਰੀਜ਼ਾਂ ਦੀਆਂ ਦਵਾਈਆਂ 'ਤੇ 39.72 ਲੱਖ ਰੁਪਏ ਖਰਚੇ ਗਏ। ਇਕੱਲੇ ਸਿਹਤ ਵਿਭਾਗ ਦਾ 60 ਲੱਖ ਰੁਪਏ ਦਾ ਖਰਚ ਆਇਆ, ਜਦੋਂ ਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ 10 ਲੱਖ ਰੁਪਏ ਵੱਖਰੇ ਖਰਚੇ ਗਏ ਅਤੇ ਲੋਕ ਨਿਰਮਾਣ ਵਿਭਾਗ ਦਾ ਬਿੱਲ ਵੱਖਰਾ ਕਰੀਬ 6 ਲੱਖ ਰੁਪਏ ਦਾ ਬਣਿਆ ਸੀ।
               ਕੈਂਪ ਵਿੱਚ ਮਹਿਮਾਨਾਂ ਤੇ ਡਾਕਟਰਾਂ 'ਤੇ ਕਰੀਬ ਪੰਜ ਹਜ਼ਾਰ ਪ੍ਰਤੀ ਮਹਿਮਾਨ ਖਰਚ ਆਇਆ, ਜਦੋਂ ਕਿ ਪ੍ਰਤੀ ਮਰੀਜ਼ 140 ਰੁਪਏ ਖਰਚ ਕੀਤੇ ਗਏ। ਲੋਕ ਨਿਰਮਾਣ ਵਿਭਾਗ ਵੱਲੋਂ ਜੋ ਕਰੀਬ 6 ਲੱਖ ਰੁਪਏ ਦੇ ਪ੍ਰਬੰਧ ਕੀਤੇ ਗਏ ਸਨ, ਉਨ੍ਹਾਂ ਦੀ ਰਾਸ਼ੀ ਹਾਲੇ ਬਕਾਇਆ ਹੈ। ਸਿਹਤ ਵਿਭਾਗ ਵੱਲੋਂ ਮਾਨਸਾ ਕੈਂਪ ਲਈ 30 ਦਸੰਬਰ 2012 ਨੂੰ 25 ਲੱਖ ਰੁਪਏ ਦੀ ਰਾਸ਼ੀ ਭੇਜੀ ਗਈ ਸੀ। ਉਸ ਮਗਰੋਂ 31 ਮਾਰਚ 2013 ਨੂੰ ਬਕਾਇਆ ਰਾਸ਼ੀ ਭੇਜੀ ਗਈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਦਫ਼ਤਰ ਮਾਨਸਾ ਨੂੰ ਮਹਿਮਾਨਾਂ ਅਤੇ ਡਾਕਟਰਾਂ ਦੀ ਖ਼ਾਤਰਦਾਰੀ ਤੇ ਪ੍ਰਬੰਧਾਂ ਲਈ ਮੁੱਖ ਮੰਤਰੀ ਵੱਲੋਂ ਵੱਖਰੇ 10 ਲੱਖ ਰੁਪਏ ਦਿੱਤੇ ਗਏ ਸਨ, ਜਿਨ੍ਹਾਂ ਵਿੱਚ ਟੈਂਟ, ਲੰਚ ਅਤੇ ਰਹਿਣ ਸਹਿਣ, ਪੁਲੀਸ ਦਾ ਖਰਚਾ ਸ਼ਾਮਲ ਹੈ। ਸਿਹਤ ਵਿਭਾਗ ਵੱਲੋਂ ਇਸ ਕੈਂਪ ਲਈ ਬਣਾਏ ਬੈਨਰਾਂ ਅਤੇ ਫਲੈਕਸਾਂ 'ਤੇ 1.47 ਲੱਖ ਰੁਪਏ ਖਰਚੇ ਗਏ। ਸ਼ਨਾਖ਼ਤੀ ਕਾਰਡਾਂ 'ਤੇ 8500 ਰੁਪਏ ਖਰਚ ਆਇਆ। ਮਹਿਮਾਨਾਂ ਨੂੰ ਇਸ ਕੈਂਪ ਵਿੱਚ 13,500 ਰੁਪਏ ਦੇ ਤੋਹਫ਼ੇ ਭੇਟ ਕੀਤੇ ਗਏ। ਸਿਹਤ ਵਿਭਾਗ ਦੀਆਂ ਗੱਡੀਆਂ ਵਿੱਚ 11 ਹਜ਼ਾਰ ਰੁਪਏ ਦਾ ਤੇਲ ਵੀ ਫੂਕਿਆ ਗਿਆ।
                                                       ਹੁਣ ਮਰੀਜ਼ ਕਿੱਥੇ ਜਾਣ!
ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਆਏ ਮਰੀਜ਼ਾਂ ਦਾ ਚੈੱਕਅਪ ਇਕ ਦਫ਼ਾ ਤਾਂ ਮਾਹਿਰ ਡਾਕਟਰਾਂ ਨੇ ਕਰ ਦਿੱਤਾ ਸੀ। ਮਰੀਜ਼ਾਂ ਦੇ ਟੈਸਟ ਵੀ ਕੀਤੇ ਗਏ ਸਨ ਅਤੇ ਦਵਾਈ ਵੀ ਦਿੱਤੀ ਗਈ ਸੀ। ਹੁਣ ਇਨ੍ਹਾਂ ਮਰੀਜ਼ਾਂ ਦੀ ਦਵਾਈ ਵੀ ਖ਼ਤਮ ਹੋ ਚੁੱਕੀ ਹੈ। ਮਰੀਜ਼ ਆਖਦੇ ਹਨ ਕਿ ਉਹ ਹੁਣ ਕਿੱਥੇ ਜਾਣ ਅਤੇ ਅਗਲਾ ਇਲਾਜ ਕਿਥੋਂ ਕਰਵਾਉਣ। ਬਹੁਤੇ ਮਰੀਜ਼ ਤਾਂ ਆਪਣਾ ਪੂਰਾ ਇਲਾਜ ਨਹੀਂ ਕਰਵਾ ਸਕੇ। ਇਨ੍ਹਾਂ ਕੈਂਪਾਂ ਵਿੱਚ ਜ਼ਿਆਦਾ ਗਰੀਬ ਮਰੀਜ਼ ਹੀ ਆਏ ਸਨ, ਜਿਨ੍ਹਾਂ ਨੂੰ ਹੁਣ ਮੁੜ ਪ੍ਰਾਈਵੇਟ ਡਾਕਟਰਾਂ ਦੇ ਲੜ ਲੱਗਣਾ ਪਿਆ ਹੈ।

No comments:

Post a Comment