Monday, July 29, 2013

                              ਅਸੈਂਬਲੀ ਚੋਣਾਂ 2012
               ਕਾਂਗਰਸ ਨੂੰ ਕੰਜੂਸੀ ਮਾਰ ਗਈ
                                ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਨੇ ਅਸੈਂਬਲੀ ਚੋਣਾਂ ਜਿੱਤਣ ਲਈ ਖੁੱਲ੍ਹਾ ਖਰਚਾ ਕੀਤਾ ਜਦੋਂ ਕਿ ਕਾਂਗਰਸ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਖਰਚ ਕਰਨ ਵਿੱਚ ਕੰਜੂਸੀ ਵਰਤੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਮੁੜ ਹਕੂਮਤ ਬਣਾਉਣ ਖਾਤਰ ਹਰ ਫਰੰਟ 'ਤੇ ਕੋਈ ਕਸਰ ਬਾਕੀ ਨਾ ਛੱਡੀ ਜਦੋਂਕਿ ਕਾਂਗਰਸ ਪਾਰਟੀ ਨੇ ਹਰ ਬੰਨੇ ਹੱਥ ਘੁੱਟ ਕੇ ਖਰਚ ਕੀਤਾ। ਚੋਣ ਕਮਿਸ਼ਨ ਭਾਰਤ ਸਰਕਾਰ ਕੋਲ ਜੋ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਵੱਲੋਂ ਅਸੈਂਬਲੀ ਚੋਣਾਂ 2012 'ਚ ਕੀਤੇ ਚੋਣ ਖਰਚ ਅਤੇ ਆਮਦਨ ਦੀ ਰਿਟਰਨ ਪੇਸ਼ ਕੀਤੀ ਹੈ, ਉਸ 'ਚ ਦਿਲਚਸਪ ਤੱਥ ਉਭਰੇ ਹਨ। ਇਨ੍ਹਾਂ ਰਿਟਰਨਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੈਂਬਲੀ ਚੋਣਾਂ ਵਿੱਚ ਪਾਰਟੀ ਵੱਲੋਂ 23.55 ਕਰੋੜ ਰੁਪਏ ਖਰਚਾ ਕੀਤਾ ਹੈ ਜਦੋਂ ਕਿ ਕਾਂਗਰਸ ਪਾਰਟੀ ਨੇ ਪਾਰਟੀ ਵੱਲੋਂ 20.02 ਕਰੋੜ ਰੁਪਏ ਖਰਚ ਕੀਤਾ ਗਿਆ ਹੈ। ਚੋਣਾਂ ਦੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਚੰਦਾ ਜ਼ਿਆਦਾ ਮਿਲਿਆ ਜਦੋਂਕਿ ਕਾਂਗਰਸ ਨੂੰ ਘੱਟ ਮਿਲਿਆ। ਸਿਆਸੀ ਧਿਰਾਂ ਨੂੰ ਜ਼ਿਆਦਾ ਚੰਦਾ ਨਕਦੀ ਦੇ ਰੂਪ 'ਚ ਮਿਲਿਆ। ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਚੋਣਾਂ ਵਿੱਚ 17.04 ਕਰੋੜ ਨਕਦ ਰੂਪ 'ਚ ਚੰਦਾ ਦਿੱਤਾ ਜਦੋਂ ਕਿ ਚੈੱਕ ਤੇ ਡਰਾਫਟ ਦੇ ਰੂਪ 'ਚ 3.38 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਵੱਲੋਂ ਚੋਣ ਕਮਿਸ਼ਨ ਨੂੰ ਇਹ ਵੇਰਵੇ ਦਿੱਤੇ ਗਏ ਹਨ। ਇਨ੍ਹਾਂ ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ 2 ਕਰੋੜ ਰੁਪਏ ਕਰਜ਼ਾ ਤੇ ਅਡਵਾਂਸ ਵਜੋਂ ਵੀ ਪ੍ਰਾਪਤ ਕੀਤੇ।
             ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਜ਼ਿਆਦਾ ਚੰਦਾ ਚੈੱਕ ਰਾਹੀਂ ਹੀ ਮਿਲਿਆ। ਇਸ ਪਾਰਟੀ ਨੂੰ ਲੋਕਾਂ ਤੇ ਫਰਮਾਂ ਤੋਂ 5.50 ਕਰੋੜ ਰੁਪਏ ਚੰਦਾ ਨਗਦ ਮਿਲਿਆ ਜਦੋਂ ਕਿ 13.90 ਕਰੋੜ ਰੁਪਏ ਦਾ ਚੰਦਾ ਚੈੱਕ ਤੇ ਡਰਾਫਟ ਰਾਹੀਂ ਮਿਲਿਆ। ਹਾਲਾਂਕਿ ਉਨ੍ਹਾਂ ਦਿਨਾਂ 'ਚ ਕਾਂਗਰਸ ਪਾਰਟੀ ਦੀ ਹਕੂਮਤ ਬਣਨ ਦੇ ਚਰਚੇ ਸਨ ਪਰ ਫਿਰ ਵੀ ਚੰਦਾ ਜ਼ਿਆਦਾ ਅਕਾਲੀ ਦਲ ਨੂੰ ਹੀ ਮਿਲਿਆ। ਅਸੈਂਬਲੀ ਚੋਣਾਂ ਵਿੱਚ ਹੋਏ ਇਹ ਉਸ ਖਰਚ ਦੇ ਵੇਰਵੇ ਹਨ, ਜੋ ਸਿਆਸੀ ਧਿਰਾਂ ਨੇ ਖੁਦ ਕੀਤਾ ਹੈ। ਜੋ ਉਮੀਦਵਾਰਾਂ ਨੇ ਆਪਣੀ ਸਮਰੱਥਾ ਵਿੱਚ ਕੀਤਾ ਹੈ, ਉਹ ਵੱਖਰਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਖਰਚਾ ਪ੍ਰਚਾਰ 'ਤੇ ਕੀਤਾ ਅਤੇ ਇਹ 21.90 ਕਰੋੜ ਰੁਪਏ ਬਣਦਾ ਹੈ। ਅਕਾਲੀ ਦਲ ਨੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਨੂੰ ਚੋਣਾਂ ਦੇ 10.47 ਕਰੋੜ ਰੁਪਏ ਦੇ ਇਸ਼ਤਿਹਾਰ ਦਿੱਤੇ ਅਤੇ ਇਸ ਪਾਰਟੀ ਨੇ ਇਲੈਕਟ੍ਰੋਨਿਕ ਮੀਡੀਏ ਨੂੰ ਦਿੱਤੇ ਇਸ਼ਤਿਹਾਰਾਂ 'ਤੇ 9.98 ਕਰੋੜ ਰੁਪਏ ਖਰਚੇ। ਇਸ ਮਾਮਲੇ 'ਚ ਕਾਂਗਰਸ ਪਛੜੀ ਰਹੀ। ਕਾਂਗਰਸ ਪਾਰਟੀ ਨੇ ਪ੍ਰਚਾਰ 'ਤੇ ਸਿਰਫ਼ ਕਰੀਬ 8 ਕਰੋੜ ਰੁਪਏ ਹੀ ਖਰਚ ਕੀਤੇ। ਕਾਂਗਰਸ ਪਾਰਟੀ ਨੇ ਅਖ਼ਬਾਰਾਂ ਤੇ ਮੈਗਜ਼ੀਨਾਂ ਨੂੰ 6.26 ਕਰੋੜ ਰੁਪਏ ਦੇ ਇਸ਼ਤਿਹਾਰ ਦਿੱਤੇ ਅਤੇ ਇਲੈਕਟ੍ਰੋਨਿਕ ਮੀਡੀਏ ਨੂੰ ਤਾਂ ਸਿਰਫ਼ 50 ਲੱਖ ਰੁਪਏ ਦੇ ਹੀ ਇਸ਼ਤਿਹਾਰ ਦਿੱਤੇ। ਕਾਂਗਰਸ ਪਾਰਟੀ ਨੇ ਜ਼ਿਆਦਾ ਰਾਸ਼ੀ ਉਮੀਦਵਾਰਾਂ ਨੂੰ ਹੀ ਵੰਡੀ। ਕਾਂਗਰਸ ਪਾਰਟੀ ਨੇ ਚੋਣਾਂ 'ਚ ਖੜ੍ਹੇ 117 ਉਮੀਦਵਾਰਾਂ ਨੂੰ 10 ਲੱਖ ਰੁਪਏ ਪ੍ਰਤੀ ਉਮੀਦਵਾਰ ਰਾਸ਼ੀ ਦਿੱਤੀ। ਕਾਂਗਰਸ ਨੇ 11.70 ਕਰੋੜ ਰੁਪਏ ਤਾਂ ਸਿੱਧੇ ਉਮੀਦਵਾਰਾਂ ਨੂੰ ਹੀ ਚੋਣ ਖਰਚ ਵਾਸਤੇ ਦੇ ਦਿੱਤੇ ਸਨ।
               ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼ 'ਚ ਹਰ ਉਮੀਦਵਾਰ ਨੂੰ 12 ਲੱਖ ਰੁਪਏ, ਪੰਜਾਬ ਵਿੱਚ ਪ੍ਰਤੀ ਉਮੀਦਵਾਰ 10 ਲੱਖ ਰੁਪਏ, ਉੱਤਰਾਖੰਡ ਵਿੱਚ ਹਰ ਉਮੀਦਵਾਰ ਨੂੰ 8 ਲੱਖ ਰੁਪਏ ਤੇ ਗੋਆ ਵਿੱਚ ਹਰ ਉਮੀਦਵਾਰ ਨੂੰ ਚੋਣ ਲੜਨ ਲਈ 5 ਲੱਖ ਰੁਪਏ ਦੀ ਰਾਸ਼ੀ ਪਾਰਟੀ ਵੱਲੋਂ ਦਿੱਤੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਨੂੰ ਏਦਾਂ ਕੋਈ ਰਾਸ਼ੀ ਨਹੀਂ ਦਿੱਤੀ ਹੈ। ਕਾਂਗਰਸ ਨੇ ਪੰਜਾਬ 'ਚ ਪਾਰਟੀ ਦਫ਼ਤਰ ਅਤੇ ਚੋਣ ਮੁਹਿੰਮ ਚਲਾਉਣ ਲਈ 4.23 ਲੱਖ ਰੁਪਏ ਖਰਚ ਕੀਤੇ ਅਤੇ ਜਨਤਕ ਮੀਟਿੰਗਾਂ 'ਤੇ 10.04 ਲੱਖ ਰੁਪਏ ਖਰਚ ਕੀਤੇ। ਇਸੇ ਤਰ੍ਹਾਂ ਕਾਰਾਂ ਅਤੇ ਦੋ ਪਹੀਆ ਵਾਹਨਾਂ 'ਤੇ 3.45 ਲੱਖ ਰੁਪਏ ਖਰਚਾ ਦਿਖਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਾਰਾਂ ਆਦਿ 'ਤੇ ਪਾਰਟੀ ਵੱਲੋਂ ਖਰਚਾ 1.08 ਲੱਖ ਰੁਪਏ ਦਿਖਾਇਆ ਹੈ। ਅਕਾਲੀ ਦਲ ਨੇ ਪਾਰਟੀ ਦਫ਼ਤਰ ਤੇ ਮੁਹਿੰਮ ਚਲਾਉਣ ਲਈ 15.09 ਲੱਖ ਰੁਪਏ ਦਾ ਖਰਚਾ ਕੀਤਾ ਤੇ ਜਨਤਕ ਮੀਟਿੰਗਾਂ 'ਤੇ 85,894 ਰੁਪਏ ਖਰਚ ਕੀਤੇ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੁਹਿੰਮ ਵਿੱਚ ਵੀਡੀਓ ਫਿਲਮਾਂ ਦੇ ਨਿਰਮਾਣ ਤੇ ਵੰਡ 'ਤੇ 37.26 ਲੱਖ ਰੁਪਏ ਦਾ ਖਰਚਾ ਕੀਤਾ ਤੇ ਇਸੇ ਤਰ੍ਹਾਂ ਕੱਟ ਆਊਟਸ, ਹੋਰਡਿੰਗਜ਼, ਬੈਨਰ, ਝੰਡਿਆਂ ਅਤੇ ਗੇਟ ਆਦਿ ਬਣਾਉਣ 'ਤੇ 75 ਲੱਖ ਰੁਪਏ ਖਰਚੇ। ਕਾਂਗਰਸ ਪਾਰਟੀ ਨੇ ਇਸ ਮੁਕਾਬਲੇ ਵਿੱਚ ਵੀਡੀਓ ਫਿਲਮਾਂ 'ਤੇ 1.01 ਕਰੋੜ ਰੁਪਏ ਖਰਚ ਕੀਤੇ ਜਦੋਂ ਕਿ ਆਡੀਓ ਕੈਸਿਟਾਂ 'ਤੇ 10 ਲੱਖ ਰੁਪਏ ਦਾ ਖਰਚਾ ਕੀਤਾ। ਹੋਰਡਿੰਗਜ਼, ਬੈਨਰਾਂ, ਝੰਡਿਆਂ ਆਦਿ ਤੇ ਕਾਂਗਰਸ ਪਾਰਟੀ ਨੇ 7.72 ਲੱਖ ਰੁਪਏ ਦਾ ਖਰਚਾ ਕੀਤਾ। ਅਕਾਲੀ ਦਲ ਨੇ ਆਡੀਓ ਕੈਸਿਟਾਂ 'ਤੇ ਕੋਈ ਖਰਚ ਨਹੀਂ ਕੀਤਾ ਹੈ।
                                                   ਚੋਣਾਂ ਵਿੱਚ ਓਰਬਿਟ ਦੇ ਜਹਾਜ਼ ਉੱਡੇ
         ਸ਼੍ਰੋਮਣੀ ਅਕਾਲੀ ਦਲ ਨੇ ਅਸੈਂਬਲੀ ਚੋਣਾਂ 2012 'ਚ ਪੰਜ ਹਵਾਈ ਕੰਪਨੀਆਂ ਦੇ ਹੈਲੀਕਾਪਟਰ ਕਿਰਾਏ 'ਤੇ ਕੀਤੇ ਜਿਨ੍ਹਾਂ ਨੂੰ ਪਾਰਟੀ ਨੇ 1.41 ਕਰੋੜ ਰੁਪਏ ਦਾ ਕਿਰਾਇਆ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਉਪ ਮੁੱਖ ਮੰਤਰੀ ਪੰਜਾਬ ਦੇ ਸਹੁਰੇ ਦੀ ਓਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੀਆਂ ਚੋਣਾਂ ਵਿੱਚ ਸੇਵਾਵਾਂ ਲਈਆਂ ਅਤੇ ਪਾਰਟੀ ਨੇ ਇਸ ਹਵਾਈ ਕੰਪਨੀ ਨੂੰ 30.09 ਲੱਖ ਰੁਪਏ ਦਿੱਤੇ। ਓਰਬਿਟ ਕੰਪਨੀ ਦੇ ਹੈਲੀਕਾਪਟਰ ਨੇ ਚੋਣਾਂ ਤੋਂ ਹਫਤਾ ਪਹਿਲਾਂ 29 ਫਰਵਰੀ ਨੂੰ ਦਿੱਲੀ ਤੋਂ ਸਿਰਸਾ ਲਈ ਉਡਾਣ ਭਰੀ ਸੀ ਅਤੇ ਮੁੜ ਸਿਰਸਾ ਤੋਂ ਦਿੱਲੀ ਲਈ ਉਡਾਣ ਭਰੀ। ਉਨ੍ਹਾਂ ਦਿਨਾਂ ਵਿੱਚ ਹੀ ਸਿਆਸੀ ਨੇਤਾਵਾਂ ਦੇ ਡੇਰਾ ਸਿਰਸਾ ਵਿੱਚ ਜ਼ਿਆਦਾ ਗੇੜੇ ਰਹੇ ਸਨ।
                                       ਕਾਂਗਰਸ ਨੇ ਪੰਜ ਰਾਜਾਂ ਦੀ ਚੋਣ 'ਤੇ ਖਰਚੇ 179 ਕਰੋੜ
ਕਾਂਗਰਸ ਪਾਰਟੀ ਦੇ ਖ਼ਜ਼ਾਨਚੀ ਮੋਤੀ ਲਾਲ ਵੋਹਰਾ ਵੱਲੋਂ ਚੋਣ ਕਮਿਸ਼ਨ ਨੂੰ ਜੋ ਵੇਰਵੇ ਦਿੱਤੇ ਹਨ, ਉਨ੍ਹਾਂ ਅਨੁਸਾਰ ਕਾਂਗਰਸ ਪਾਰਟੀ ਨੇ ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ 'ਤੇ 179 ਕਰੋੜ ਦਾ ਖਰਚ ਕੀਤਾ। ਕਾਂਗਰਸ ਪਾਰਟੀ ਨੇ ਕਰੀਬ 144 ਕਰੋੜ ਰੁਪਏ ਤਾਂ ਯੂ.ਪੀ. ਵਿੱਚ ਖਰਚ ਕੀਤੇ ਜਦੋਂ ਕਿ ਪੰਜਾਬ ਵਿੱਚ 20.02 ਕਰੋੜ ਰੁਪਏ ਦਾ ਖਰਚ ਕੀਤਾ। ਉੱਤਰਾਖੰਡ ਵਿੱਚ 5.88 ਕਰੋੜ, ਮਨੀਪੁਰ 'ਚ 4.52 ਕਰੋੜ ਤੇ ਗੋਆ ਵਿੱਚ 4.10 ਕਰੋੜ ਰੁਪਏ ਖਰਚ ਕੀਤੇ। ਕਾਂਗਰਸ ਨੇ 9 ਕੰਪਨੀਆਂ ਦੇ ਹੈਲੀਕਾਪਟਰ ਹਾਇਰ ਕੀਤੇ ਹੋਏ ਸਨ ਜਿਨ੍ਹਾਂ 'ਤੇ ਪੰਜ ਰਾਜਾਂ ਲਈ ਕਰੀਬ 35 ਕਰੋੜ ਰੁਪਏ ਖਰਚ ਕੀਤੇ।

1 comment: