Thursday, July 25, 2013

                             ਰਾਜਧਾਨੀ ਐਕਸਪ੍ਰੈਸ
        ਮਾਲਵਾ ਪੱਟੀ ਨੂੰ ਕੀਤਾ ਧੂੰਆਂ ਧੂੰਆਂ
                              ਚਰਨਜੀਤ ਭੁੱਲਰ
ਬਠਿੰਡਾ :  ਚੰਡੀਗੜ੍ਹ ਤੋਂ ਹੁਣ ਸਿਗਰਟਾਂ ਦੀ ਤਸਕਰੀ ਹੋਣ ਲੱਗੀ ਹੈ। ਪਹਿਲਾਂ ਪੰਜਾਬ ਦੇ ਲੋਕ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆਉਂਦੇ ਸਨ, ਹੁਣ ਸਿਗਰਟਾਂ ਲਿਆਉਂਦੇ ਹਨ। ਇਸ ਸਾਲ ਮਾਲਵੇ ਵਿੱਚ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਤੋਂ ਸਿਗਰਟਾਂ ਆ ਰਹੀਆਂ ਹਨ। ਪੰਜਾਬ ਸਰਕਾਰ ਨੇ 4 ਅਪਰੈਲ, 2013 ਤੋਂ ਸਿਗਰਟ 'ਤੇ ਵੈਟ ਸਮੇਤ ਟੈਕਸਾਂ ਵਿੱਚ ਵਾਧਾ ਕਰ ਦਿੱਤਾ ਹੈ ਜਿਸ ਕਾਰਨ ਸਿਗਰਟ ਕੰਪਨੀਆਂ ਦੀ ਰਾਜਧਾਨੀ ਵਿੱਚ ਵਿਕਰੀ ਵੱਧ ਗਈ ਹੈ। ਪੰਜਾਬ ਵਿੱਚ ਸਿਗਰਟ 'ਤੇ ਪਹਿਲਾਂ 20.5 ਫੀਸਦੀ ਵੈਟ ਸੀ ਜੋ ਹੁਣ ਸਮੇਤ ਸਰਚਾਰਜ ਵੱਧ ਕੇ 55 ਫੀਸਦੀ ਹੋ ਗਿਆ ਹੈ। ਤੰਬਾਕੂ ਕੰਪਨੀਆਂ ਨੇ ਪੰਜਾਬ ਵਿੱਚੋਂ ਆਪਣਾ ਕਾਰੋਬਾਰ ਸਮੇਟ ਲਿਆ ਹੈ ਅਤੇ ਚੰਡੀਗੜ੍ਹ ਤੋਂ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਸਿਗਰਟ ਤੋਂ ਮਿਲਦੇ ਟੈਕਸਾਂ ਵਿੱਚੋਂ 33 ਫੀਸਦੀ ਕੈਂਸਰ ਪੀੜਤਾਂ ਅਤੇ ਨਸ਼ਾ ਗ੍ਰਸਤ ਲੋਕਾਂ ਦੇ ਇਲਾਜ 'ਤੇ ਲਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਮਗਰੋਂ ਕਰ ਅਤੇ ਆਬਕਾਰੀ ਵਿਭਾਗ ਨੇ ਸਿਗਰਟ 'ਤੇ ਵੈਟ ਵਧਾ ਦਿੱਤਾ ਤਾਂ ਜੋ ਮਹਿਕਮੇ ਦੀ ਆਮਦਨ ਨੂੰ ਸੱਟ ਨਾ ਵੱਜੇ।
                 ਪੰਜਾਬ ਸਰਕਾਰ ਨੂੰ ਸਿਗਰਟ ਤੋਂ ਤਕਰੀਬਨ 100 ਕਰੋੜ ਰੁਪਏ ਦੀ ਸਾਲਾਨਾ ਕਮਾਈ ਹੁੰਦੀ ਸੀ। ਹੁਣ ਵੈਟ ਵਿੱਚ ਵਾਧੇ ਮਗਰੋਂ ਕਮਾਈ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਤੰਬਾਕੂ ਕੰਪਨੀਆਂ ਨੇ ਪੰਜਾਬ ਵਿੱਚੋਂ ਆਪਣੇ ਅੱਡੇ ਪੁੱਟ ਲਏ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਿਗਰਟ 'ਤੇ ਟੈਕਸ ਸਿਰਫ 12 ਫੀਸਦੀ ਹੈ। ਤੰਬਾਕੂ ਕੰਪਨੀਆਂ ਨੂੰ ਪੰਜਾਬ ਵਿੱਚ ਸਿਗਰਟ ਵੇਚਣੀ ਹੁਣ ਕਾਫੀ ਮਹਿੰਗੀ ਪੈਂਦੀ ਸੀ ਜਿਸ ਕਾਰਨ ਉਨ੍ਹਾਂ ਨੇ ਚੰਡੀਗੜ੍ਹ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਹੈ। ਸਿਗਰਟ ਕੰਪਨੀਆਂ ਦੇ ਡੀਲਰ ਹੁਣ ਚੋਰੀ ਛੁਪੇ ਚੰਡੀਗੜ੍ਹ ਤੋਂ ਸਿਗਰਟ ਲਿਆਉਣ ਲੱਗੇ ਹਨ। ਜਾਣਕਾਰੀ ਮੁਤਾਬਕ ਕਰ ਅਤੇ ਆਬਕਾਰੀ ਕਮਿਸ਼ਨਰ ਪੰਜਾਬ ਨੇ ਡੀਲਰਾਂ ਨਾਲ ਇਸ ਮਾਮਲੇ 'ਤੇ ਥੋੜ੍ਹੇ ਦਿਨ ਪਹਿਲਾਂ ਮੀਟਿੰਗ ਵੀ ਕੀਤੀ ਹੈ।ਸੂਤਰਾਂ ਮੁਤਾਬਕ ਸਿਗਰਟ ਡੀਲਰ ਹੁਣ ਚੰਡੀਗੜ੍ਹ ਤੋਂ ਚੋਰੀ ਛਿਪੇ ਬੱਸਾਂ ਰਾਹੀਂ ਸਿਗਰਟ ਲਿਆ ਰਹੇ ਹਨ। ਕਰ ਅਤੇ ਆਬਕਾਰੀ ਮਹਿਕਮੇ ਦੇ ਮੋਬਾਈਲ ਵਿੰਗ ਨੂੰ ਵੀ ਇਸ ਦੀ ਭਿਣਕ ਪੈ ਗਈ ਹੈ ਪਰ ਹਾਲੇ ਤੱਕ ਕੋਈ ਤਸਕਰ ਹੱਥ ਨਹੀਂ ਲੱਗਾ ਹੈ। ਜਾਣਕਾਰੀ ਮੁਤਾਬਕ ਕਈ ਵਿਹਲੇ ਲੋਕਾਂ ਨੇ ਇਹ ਕਾਰੋਬਾਰ  ਸ਼ੁਰੂ ਕਰ ਲਿਆ ਹੈ। ਉਹ ਮਾਲਵਾ ਪੱਟੀ ਵਿੱਚ ਦੁਕਾਨਦਾਰਾਂ ਨੂੰ ਚੰਡੀਗੜ੍ਹ ਤੋਂ ਸਿਗਰਟ ਲਿਆ ਕੇ ਦੇ ਦਿੰਦੇ ਹਨ।
                 ਦੋ ਤੰਬਾਕੂ ਕੰਪਨੀਆਂ ਦਾ ਪਟਿਆਲਾ ਅਤੇ ਜਲੰਧਰ ਵਿੱਚ ਵੱਡਾ ਕਾਰੋਬਾਰ ਸੀ ਜਿਨ੍ਹਾਂ ਨੇ ਹੁਣ ਆਪਣਾ ਕਾਰੋਬਾਰ ਚੰਡੀਗੜ੍ਹ ਤੋਂ ਵਧਾ ਲਿਆ ਹੈ। ਸੂਤਰਾਂ ਮੁਤਾਬਕ ਹੁਣ ਤਾਂ ਚੰਡੀਗੜ੍ਹ ਤੋਂ ਸਿਗਰਟ ਦੀ ਤਸਕਰੀ ਵਿੱਚ ਬੱਸਾਂ ਵਾਲੇ ਵੀ ਮਦਦ ਕਰ ਰਹੇ ਹਨ। ਜੇਕਰ ਇਸ ਨੂੰ ਠੱਲ੍ਹ ਨਾ ਪਾਈ ਤਾਂ ਇਹ ਤਸਕਰੀ ਵੱਡਾ ਰੂਪ ਲੈ ਸਕਦੀ ਹੈ, ਜਿਸ ਕਾਰਨ ਪੰਜਾਬ ਸਰਕਾਰ ਨੂੰ ਟੈਕਸਾਂ ਦੇ ਰੂਪ ਵਿੱਚ ਘਾਟਾ ਬਰਦਾਸ਼ਤ ਕਰਨਾ ਪਏਗਾ। ਹਰਿਆਣਾ ਵਿੱਚ ਸਿਗਰਟ 'ਤੇ ਵੈਟ ਘੱਟ ਹੈ। ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਬੀੜੀ 'ਤੇ ਕੋਈ ਟੈਕਸ ਨਹੀਂ ਹੈ ਜਦੋਂ ਕਿ ਪੰਜਾਬ ਵਿੱਚ ਬੀੜੀ 'ਤੇ 22 ਫੀਸਦੀ ਟੈਕਸ ਹੈ। ਰਾਜਸਥਾਨ ਵਿੱਚ ਵੀ ਪਹਿਲਾਂ ਸਿਗਰਟ 'ਤੇ 20 ਫੀਸਦੀ ਵੈਟ ਸੀ। ਰਾਜਸਥਾਨ ਸਰਕਾਰ ਨੇ 16 ਮਾਰਚ, 2012 ਨੂੰ ਸਿਗਰਟ 'ਤੇ ਟੈਕਸ ਵਧਾ ਕੇ 50 ਫੀਸਦੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਵੀ ਇਸੇ ਰੀਸ ਵਿੱਚ ਟੈਕਸ ਵਧਾ ਦਿੱਤਾ ਕਿ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਇਸ ਵਾਧੇ ਨਾਲ ਕੈਂਸਰ ਪੀੜਤਾਂ ਦਾ ਇਲਾਜ ਹੋ ਸਕੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਨਸਵਾਰ 'ਤੇ ਵੀ ਵੈਟ ਲਾਇਆ ਗਿਆ ਸੀ। ਤਤਕਾਲੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਸਵਾਰ ਨੂੰ ਟੈਕਸ ਤੋਂ ਮੁਕਤ ਕਰ ਦਿੱਤਾ ਸੀ ਕਿਉਂਕਿ ਤਤਕਾਲੀ ਮੰਤਰੀ ਦੇ ਹਲਕਾ ਗਿੱਦੜਬਾਹਾ ਵਿੱਚ ਨਸਵਾਰ ਦਾ ਕਾਫੀ ਕਾਰੋਬਾਰ ਹੈ।
                                                     ਮਹਿਕਮਾ ਮੁਸਤੈਦ ਹੋਇਆ: ਗਰਗ
ਡਿਪਟੀ ਕਰ ਅਤੇ ਆਬਕਾਰੀ ਕਮਿਸ਼ਨਰ (ਵੈਟ) ਜਸਪਾਲ ਗਰਗ ਨੇ ਕਿਹਾ ਕਿ ਵੈਟ ਵਿੱਚ ਵਾਧੇ ਮਗਰੋਂ ਵਿਭਾਗ ਦੀ ਸਿਗਰਟ ਤੋਂ ਆਮਦਨੀ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਉਨ੍ਹਾਂ ਆਖਿਆ ਕਿ ਜਾਣਕਾਰੀ ਮਿਲੀ ਹੈ ਕਿ ਸਿਗਰਟ ਕੰਪਨੀਆਂ ਪੰਜਾਬ ਵਿੱਚੋਂ ਕਾਰੋਬਾਰ ਘਟਾ ਕੇ ਚੰਡੀਗੜ੍ਹ ਤੋਂ ਕਾਰੋਬਾਰ ਕਰਨ ਲੱਗੀਆਂ ਹਨ ਅਤੇ ਹੁਣ ਪੰਜਾਬ ਦੇ ਲੋਕ ਚੰਡੀਗੜ੍ਹ ਤੋਂ ਸਿਗਰਟ ਲਿਆਉਣ ਲੱਗੇ ਹਨ। ਉਨ੍ਹਾਂ ਆਖਿਆ ਕਿ ਇਸ ਨੂੰ ਰੋਕਣ ਵਾਸਤੇ ਮਹਿਕਮਾ ਮੁਸਤੈਦ ਹੋ ਗਿਆ ਹੈ।

No comments:

Post a Comment