Tuesday, July 9, 2013

                                            ਜਜ਼ਬਾ
                ਸਰਪੰਚੀ ਪਹਿਲਾਂ, ਵਿਆਹ ਮਗਰੋਂ
                                     ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੱਟੀ 'ਚ ਨਵੇਂ ਬਣੇ ਕੁਆਰੇ ਸਰਪੰਚਾਂ ਦੀ ਤਰਜੀਹ ਹੁਣ ਘੋੜੀ ਚੜ੍ਹਨਾ ਨਹੀਂ ਹੈ। ਉਨ੍ਹਾਂ ਲਈ ਸਰਪੰਚੀ ਪਹਿਲਾਂ ਅਤੇ ਵਿਆਹ ਮਗਰੋਂ ਹੈ। ਨਵੇਂ ਨੌਜਵਾਨ ਸਰਪੰਚਾਂ ਵਿੱਚ ਇੰਨਾ ਜਜ਼ਬਾ ਹੈ ਕਿ ਉਹ ਆਪਣਾ ਪੂਰਾ ਸਮਾਂ ਪੇਂਡੂ ਵਿਕਾਸ ਦੇ ਲੇਖੇ ਲਾਉਣਾ ਚਾਹੁੰਦੇ ਹਨ। ਹਾਲਾਂ ਕਿ ਵੱਡੀ ਗਿਣਤੀ ਵਿੱਚ ਚੁਣੇ ਗਏ ਨੌਜਵਾਨ ਸਰਪੰਚ ਵਿਆਹੇ ਹੋਏ ਹਨ, ਪਰ ਜੋ  ਅਣਵਿਆਹੇ ਸਰਪੰਚ ਬਣੇ ਹਨ, ਉਨ੍ਹਾਂ ਨੇ ਫਿਲਹਾਲ ਵਿਆਹ ਦਾ ਵਿਚਾਰ ਤਿਆਗ ਦਿੱਤਾ ਹੈ। ਇਹ ਸਰਪੰਚ ਪੂਰਾ ਸਮਾਂ ਪਿੰਡ ਨੂੰ ਸਮਰਪਿਤ ਕਰਨਾ ਚਾਹੁੰਦੇ ਹਨ। ਇਹ ਨਵੇਂ ਸਰਪੰਚ ਸਿਆਸੀ ਘੁਣਤਰਾਂ ਤੋਂ ਅਣਜਾਣ ਹਨ ਤੇ ਸਿਆਸੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਮੁੱਚੇ ਪਿੰਡ ਦਾ ਵਿਕਾਸ ਕਰਨ ਦੀ ਗੱਲ ਆਖ ਰਹੇ ਹਨ। ਪਿੰਡ ਕਰਮਗੜ੍ਹ ਸਤਰਾਂ ਦੇ ਨੌਜਵਾਨ ਸਰਪੰਚ ਜਸਵਿੰਦਰ ਸਿੰਘ ਦੀ ਉਮਰ ਸਿਰਫ਼ 25 ਸਾਲ ਹੈ। ਉਹ ਆਖਦਾ ਹੈ ਕਿ ਉਸ ਦੀ ਤਰਜੀਹ ਵਿਆਹ ਨਹੀਂ ਹੈ ਬਲਕਿ ਪਹਿਲਾਂ ਪਿੰਡ ਦਾ ਵਿਕਾਸ ਕਰਾਉਣਾ ਹੈ। ਉਨ੍ਹਾਂ ਦੱਸਿਆ ਕਿ ਉਹ ਸਰਪੰਚੀ ਦੇ ਕਾਰਜਕਾਲ ਦੌਰਾਨ ਵਿਆਹ ਨਹੀਂ ਕਰਾਏਗਾ। ਉਸ ਦਾ ਕਹਿਣਾ ਹੈ ਕਿ ਉਹ ਪਿੰਡ ਨੂੰ ਨਸ਼ਾ ਮੁਕਤ ਕਰਨਗੇ। ਉਨ੍ਹਾਂ ਇਹ ਵੀ ਆਖਿਆ ਕਿ ਉਸ ਨੇ ਸਰਪੰਚੀ ਦਾ ਕਦੇ ਸੁਪਨਾ ਨਹੀਂ ਲਿਆ ਸੀ ਪ੍ਰੰਤੂ ਲੋਕਾਂ ਦੇ ਸਹਿਯੋਗ ਨੇ ਉਸ ਨੂੰ ਇਹ ਅਹੁਦਾ ਬਖ਼ਸ਼ ਦਿੱਤਾ ਹੈ।
               ਪਿੰਡ ਕੋਠੇ ਸੰਧੂਆਂ ਦੇ ਨੌਜਵਾਨ ਸਰਪੰਚ ਗੁਰਦੌਰ ਸਿੰਘ ਨੇ ਵੀ ਹਾਲੇ ਤੱਕ ਵਿਆਹ ਨਹੀਂ ਕਰਾਇਆ ਹੈ ਤੇ ਉਸ ਨੇ ਵੀ ਇਹੋ ਸੰਕਲਪ ਲਿਆ ਹੈ ਕਿ ਉਸ ਦੀ ਪਹਿਲ ਪਿੰਡ ਦਾ ਵਿਕਾਸ ਕਰਾਉਣਾ ਹੈ। ਇਸ ਨੌਜਵਾਨ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ। 25 ਵਰ੍ਹਿਆਂ ਦੇ ਇਸ ਨਵੇਂ ਸਰਪੰਚ ਦੀ ਵਿੱਦਿਅਕ ਯੋਗਤਾ ਬੀ.ਟੈੱਕ ਹੈ। ਉਸ ਦਾ ਕਹਿਣਾ ਸੀ ਕਿ ਸਰਪੰਚੀ ਦਾ ਅਹੁਦਾ ਉਸ ਲਈ ਇੱਕ ਨਵਾਂ ਤਜਰਬਾ ਹੋਵੇਗਾ। ਪਿੰਡ ਖੇਮੂਆਣਾ ਦੇ ਨੌਜਵਾਨ ਸਰਪੰਚ ਰਜਿੰਦਰਪਾਲ ਸਿੰਘ ਉਰਫ ਰਿੰਕੂ ਦਾ ਕਹਿਣਾ ਹੈ ਕਿ ਉਸ ਲਈ ਵਿਆਹ ਕੋਈ ਮਾਹਣੇ ਨਹੀਂ ਰੱਖਦਾ ਹੈ। ਹੁਣ ਜਦੋਂ ਪਿੰਡ ਦੇ ਲੋਕਾਂ ਦੇ ਮਾਣ ਬਖਸ਼ਿਆ ਹੈ ਤਾਂ ਪਹਿਲਾਂ ਕੰਮ ਪੂਰਾ ਸਮਾਂ ਪਿੰਡ ਦੇ ਲੋਕਾਂ ਦੇ ਲੇਖੇ ਲਾਉਣਾ ਹੈ। ਉਸ ਦਾ ਕਹਿਣਾ ਸੀ ਕਿ ਸਰਪੰਚੀ ਪੂਰੀ ਕਰਨ ਮਗਰੋਂ ਹੀ ਵਿਆਹ ਬਾਰੇ ਸੋਚਾਂਗੇ। ਨੌਜਵਾਨਾਂ ਨੂੰ ਨਸ਼ਿਆਂ ਤੋਂ ਲਾਂਭੇ ਕਰਨ ਤੋਂ ਇਲਾਵਾ ਪਿੰਡ ਦਾ ਵਿਕਾਸ ਕਰਾਉਣਾ ਉਸ ਦਾ ਏਜੰਡਾ ਹੋਵੇਗਾ। ਬਠਿੰਡਾ ਦਿਹਾਤੀ ਹਲਕੇ ਦੇ 17 ਪਿੰਡਾਂ 'ਚ ਨੌਜਵਾਨ ਸਰਪੰਚ ਬਣੇ ਹਨ। ਚੋਣ ਮੈਦਾਨ ਵਿੱਚ ਉਤਰਨ ਵਾਲੇ ਵੀ ਸਭ ਤੋਂ ਜ਼ਿਆਦਾ ਨੌਜਵਾਨ ਹੀ ਸਨ।
                 ਦੂਜੇ ਪਾਸੇ ਐਤਕੀਂ ਸਰਪੰਚੀ ਚੋਣਾਂ ਵਿੱਚ ਛੜਿਆਂ ਦੀ ਗ਼ੈਰਹਾਜ਼ਰੀ ਜ਼ਰੂਰ ਰੜਕਦੀ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ 297 ਪਿੰਡਾਂ 'ਚੋਂ ਕਿਸੇ ਵੀ ਪਿੰਡ ਦੀ ਸਰਪੰਚੀ ਛੜੇ ਵਿਅਕਤੀ ਕੋਲ ਨਹੀਂ ਹੈ। ਜ਼ਿਲ੍ਹਾ ਬਠਿੰਡਾ ਵਿੱਚ ਇਸ ਦਫ਼ਾ ਕਈ ਰੌਚਕ ਨਤੀਜੇ ਵੀ ਸਾਹਮਣੇ ਆਏ ਹਨ। ਪਿੰਡ ਕੋਠੇ ਮੱਲੂਆਣਾ 'ਚ ਦਰਾਣੀ ਜਠਾਣੀ ਚੋਣ ਮੈਦਾਨ ਵਿੱਚ ਸਨ। ਇਸ ਪਿੰਡ 'ਚ ਦਰਾਣੀ ਪਰਵਿੰਦਰ ਕੌਰ ਆਪਣੀ ਜਠਾਣੀ ਗੁਰਮੇਲ ਕੌਰ ਨੂੰ ਹਰਾ ਕੇ ਪਿੰਡ ਦੀ ਸਰਪੰਚ ਬਣ ਗਈ ਹੈ। ਪਿੰਡ ਬੰਗੀ ਵਿੱਚ ਰਿਸ਼ਤੇ 'ਚੋਂ ਲੱਗਦੀ ਸੱਸ ਨੇ ਆਪਣੀ ਨੂੰਹ ਨੂੰ ਸੈਂਕੜੇ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਪਿੰਡ ਜੱਸੀ ਪੌ ਵਾਲੀ ਦੀ ਨਵੀਂ ਪੰਚਾਇਤ 'ਚ ਸਾਲੀ ਸਰਪੰਚ ਬਣ ਗਈ ਹੈ ਜਦੋਂ ਕਿ ਜੀਜਾ ਪੰਚਾਇਤ ਮੈਂਬਰ ਬਣ ਗਿਆ ਹੈ। ਇਸ ਤੋਂ ਇਲਾਵਾ ਟਾਵੇਂ ਟਾਵੇਂ ਪਿੰਡਾਂ ਨੂੰ ਛੱਡ ਕੇ ਸਰਪੰਚੀ ਦੇ ਅਹੁਦੇ 'ਤੇ ਸਿੰਘ ਹੀ ਬਿਰਾਜਮਾਨ ਹੋਏ ਹਨ। ਪਿੰਡ ਮਛਾਣਾ ਦੀ ਸਰਪੰਚੀ ਜੱਗਾ ਰਾਮ, ਅਕਲੀਆ ਖੁਰਦ ਦੀ ਸਰਪੰਚੀ ਵਿੱਦਿਆ ਦੇਵੀ ਤੇ ਪਿੰਡ ਜੋਧਪੁਰ ਰੋਮਾਣਾ ਦੀ ਸਰਪੰਚੀ ਬਬੀਤਾ ਰਾਣੀ ਦੇ ਹੱਥ ਆਈ ਹੈ।
                                                  ਜਿਨ੍ਹਾਂ ਨੂੰ ਆਪਣੀ ਵੀ ਵੋਟ ਨਾ ਮਿਲੀ…
ਕਈ ਪਿੰਡਾਂ ਵਿੱਚ ਸਰਪੰਚੀ ਦੇ ਉਮੀਦਵਾਰਾਂ ਨੂੰ ਇੱਕ ਵੀ ਵੋਟ ਪ੍ਰਾਪਤ ਨਹੀਂ ਹੋਈ ਹੈ। ਮਤਲਬ ਇਹ ਹੈ ਕਿ ਉਮੀਦਵਾਰਾਂ ਨੇ ਖੁਦ ਵੀ ਆਪਣੇ ਆਪ ਨੂੰ ਵੋਟ ਨਹੀਂ ਪਾਈ ਹੈ। ਪਿੰਡ ਕੋਟਲੀ ਸਾਬੋ ਵਿੱਚ ਸਰਪੰਚੀ ਦੇ ਉਮੀਦਵਾਰ ਰਣਜੀਤ ਸਿੰਘ ਅਤੇ ਪਿੰਡ ਲੂਲਬਾਈ ਦੇ ਸਰਪੰਚੀ ਦੇ ਉਮੀਦਵਾਰ ਚਰਨਜੀਤ ਸਿੰਘ ਦੀ ਵੋਟਾਂ ਦੀ ਗਿਣਤੀ ਜ਼ੀਰੋ ਰਹੀ ਹੈ। ਪਿੰਡ ਗੁਰੂਸਰ ਜਗਾ 'ਚ ਸਰਪੰਚੀ ਦੇ ਉਮੀਦਵਾਰ ਮਿੱਠੂ ਸਿੰਘ ਤੇ ਪਿੰਡ ਮੋਹਾਲਾ ਦੇ ਸਰਪੰਚੀ ਦੀ ਚੋਣ ਲੜਨ ਵਾਲੇ ਸੁਖਰਾਜ ਸਿੰਘ ਨੂੰ ਇੱਕ ਵੋਟ ਵੀ ਨਸੀਬ ਨਹੀਂ ਹੋਈ ਹੈ। ਇਸ ਪਿੰਡ 'ਚ ਜ਼ਿਲ੍ਹੇ ਭਰ 'ਚ ਸਭ ਤੋਂ ਜ਼ਿਆਦਾ ਸਰਪੰਚੀ ਦੇ ਉਮੀਦਵਾਰ ਸਨ। ਇਸ ਪਿੰਡ 'ਚ ਸਰਪੰਚੀ ਲਈ 10 ਉਮੀਦਵਾਰ ਸਨ ਜਿਨ੍ਹਾਂ ਚੋਂ ਤਿੰਨ ਉਮੀਦਵਾਰਾਂ ਨੂੰ ਇੱਕ ਇੱਕ ਵੋਟ ਅਤੇ ਦੋ ਉਮੀਦਵਾਰਾਂ ਨੂੰ ਦੋ ਦੋ ਵੋਟਾਂ ਪ੍ਰਾਪਤ ਹੋਈਆਂ ਹਨ। ਪਿੰਡ ਗੁਰਦਿੱਤ ਸਿੰਘ ਵਾਲਾ ਦੇ ਸਰਪੰਚੀ ਦੇ ਉਮੀਦਵਾਰ ਜੋਗਾ ਸਿੰਘ ਨੂੰ ਸਿਰਫ਼ ਇੱਕ ਵੋਟ ਹੀ ਪ੍ਰਾਪਤ ਹੋਈ ਹੈ।

No comments:

Post a Comment