Tuesday, July 23, 2013

                                ਪੰਜਾਬ ਸਰਕਾਰ
    ਨਹਿਰੀ ਮਹਿਕਮੇ ਨੂੰ ਕਰੇਗੀ 'ਬੇਆਰਾਮ'
                               ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਨਹਿਰੀ ਮਹਿਕਮੇ ਦੇ ਕਰੀਬ 50 ਆਰਾਮਘਰ ਵੇਚਣ ਦੀ ਤਿਆਰੀ ਵਿੱਢ ਦਿੱਤੀ ਹੈ। ਮਹਿਕਮੇ ਦੀ ਕਰੀਬ ਦੋ ਹਜ਼ਾਰ ਏਕੜ ਜ਼ਮੀਨ ਵੀ ਨਿਲਾਮ ਕੀਤੀ ਜਾਣੀ ਹੈ। ਸਿੰਜਾਈ ਵਿਭਾਗ ਨੇ ਆਪਣੀ ਇਸ ਜਾਇਦਾਦ ਦੇ ਵੇਰਵੇ ਅਤੇ ਪੂਰਾ ਪ੍ਰਾਜੈਕਟ ਪੂਡਾ ਨੂੰ ਸੌਂਪ ਦਿੱਤਾ ਹੈ ਅਤੇ ਹੁਣ ਪੂਡਾ ਵੱਲੋਂ ਇਨ੍ਹਾਂ ਜਾਇਦਾਦਾਂ 'ਚੋਂ ਚੰਗੀ ਕਮਾਈ ਵਾਲੀ ਸੰਪਤੀ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸਿੰਜਾਈ ਵਿਭਾਗ ਦੀ ਇਸ ਜਾਇਦਾਦ ਦਾ ਮਾਮਲਾ ਠੰਢੇ ਬਸਤੇ ਵਿੱਚ ਪਿਆ ਹੋਇਆ ਸੀ। ਸਿੰਜਾਈ ਵਿਭਾਗ ਪੰਜਾਬ ਨੇ ਹੁਣ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਨੰਬਰ 4125 ਤਹਿਤ ਮਹਿਕਮੇ ਦੀ ਵੇਚਣਯੋਗ ਸੰਪਤੀ ਦੀ ਸੂਚੀ ਭੇਜ ਦਿੱਤੀ ਹੈ ਅਤੇ ਆਖਿਆ ਹੈ ਕਿ ਇਸ ਵਿੱਚੋਂ ਖਾਸ ਨੁਕਤਿਆਂ ਤਹਿਤ ਜਾਇਦਾਦ ਛਾਂਟ ਲਈ ਜਾਵੇ। ਹਦਾਇਤ ਹੈ ਕਿ ਜੋ ਸੰਪਤੀ ਸ਼ਹਿਰੀ, ਝਗੜੇ ਤੋਂ ਰਹਿਤ ਅਤੇ ਮੁਕੱਦਮੇਬਾਜ਼ੀ ਤੋਂ ਮੁਕਤ ਹੈ, ਉਸ ਦੀ ਛਾਂਟੀ ਕਰ ਕੇ ਸੂਚਨਾ ਭੇਜ ਦਿੱਤੀ ਜਾਵੇ। ਸਿੰਜਾਈ ਵਿਭਾਗ ਨੇ 15 ਮਈ 2013 ਤੋਂ ਇਨ੍ਹਾਂ ਜਾਇਦਾਦਾਂ ਨੂੰ ਨਿਲਾਮ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ।
              ਸਿੰਜਾਈ ਵਿਭਾਗ ਨੇ ਨਹਿਰੀ ਆਰਾਮਘਰਾਂ ਤੋਂ ਬਿਨਾਂ ਰੱਦੀ ਕੱਸੀਆਂ, ਨਹਿਰੀ ਕਲੋਨੀਆਂ ਅਤੇ ਰੱਦੀ ਖਾਲ਼ਿਆਂ ਅਤੇ ਪੁਰਾਣੇ ਦਫ਼ਤਰਾਂ ਦੀ ਜਾਇਦਾਦ ਦੀ ਸੂਚੀ ਵੀ ਤਿਆਰ ਕੀਤੀ ਹੈ। ਬਠਿੰਡਾ ਵਿਕਾਸ ਅਥਾਰਟੀ ਨੇ ਇਨ੍ਹਾਂ ਵਿੱਚੋਂ 45 ਸੰਪਤੀਆਂ ਦੀ ਸ਼ਨਾਖ਼ਤ ਕਰ ਲਈ ਹੈ, ਜੋ ਫਾਇਦੇ ਵਾਲੀਆਂ ਹਨ ਅਤੇ ਚੰਗੀ ਕਮਾਈ ਹੋ ਸਕਦੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮਾਲਵਾ ਖ਼ਿੱਤੇ ਦੀਆਂ ਜਿਨ੍ਹਾਂ ਜਾਇਦਾਦਾਂ ਦੀ ਨਿਲਾਮੀ ਲਈ ਸ਼ਨਾਖ਼ਤ ਕੀਤੀ ਗਈ ਹੈ, ਉਨ੍ਹਾਂ ਵਿੱਚ ਪਿੰਡ ਬਹਿਮਣ ਜੱਸਾ ਸਿੰਘ, ਭੈਣੀ ਬਾਘਾ, ਬੀਰੋਕੇ ਕਲਾਂ, ਰਾਮਨਗਰ, ਜੋਗਾ, ਉੱਭਾ, ਸ਼ੇਰਪੁਰ, ਸੇਖਾ, ਜਲਵੇੜਾ, ਕੋਟਸ਼ਮੀਰ, ਚੱਕ ਰਾਮ ਸਿੰਘ ਵਾਲਾ, ਪੂਹਲਾ, ਟੱਲੇਵਾਲ, ਵਿਰਕ ਕਲਾਂ, ਰਾਏਕੇ ਖੁਰਦ, ਕਲਿਆਣ, ਤਖਤੂਪੁਰਾ ਅਤੇ ਨਿਉਰ ਦੇ ਨਹਿਰੀ ਆਰਾਮਘਰ ਹਨ। ਸਰਕਲ ਫ਼ਿਰੋਜ਼ਪੁਰ ਦੇ 16 ਨਹਿਰੀ ਆਰਾਮਘਰਾਂ ਦੀ ਨਿਲਾਮੀ ਵਾਸਤੇ ਸ਼ਨਾਖ਼ਤ ਕੀਤੀ ਗਈ ਹੈ। ਹੰਡਿਆਇਆ, ਲੌਗੋਂਵਾਲ ਅਤੇ ਲੱਡਾ ਨਹਿਰੀ ਕੋਠੀ ਵੀ ਇਸ ਸੂਚੀ ਵਿੱਚ ਸ਼ਾਮਲ ਹੈ।
             ਮਾਝਾ ਖੇਤਰ ਦੇ ਜੋ ਨਹਿਰੀ ਆਰਾਮਘਰ ਸ਼ਨਾਖ਼ਤ ਕੀਤੇ ਗਏ ਹਨ, ਉਨ੍ਹਾਂ ਵਿੱਚ ਕੋਟਫਤੂਹੀ, ਬੰਗਾ, ਰਣੀਕੇ, ਬਦਰਾ, ਦੁਬਰਜੀ, ਤਿਬੜੀ ਤੇ ਧਾਰੀਵਾਲ ਆਦਿ ਪਿੰਡਾਂ ਦੇ ਆਰਾਮਘਰ ਸ਼ਾਮਲ ਹਨ। ਸਰਹਿੰਦ ਨਹਿਰ ਮੰਡਲ ਲੁਧਿਆਣਾ ਦੀ ਕੁੱਲ 336 ਏਕੜ ਜ਼ਮੀਨ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਸ ਤੋਂ ਚੰਗੀ ਆਮਦਨ ਹੋਣ ਦੀ ਉਮੀਦ ਹੈ। ਪੰਜਾਬ ਸਰਕਾਰ ਵੱਲੋਂ ਓ.ਯੂ.ਵੀ.ਜੀ.ਐਲ. ਸਕੀਮ ਤਹਿਤ ਇਨ੍ਹਾਂ ਸੰਪਤੀਆਂ ਨੂੰ ਪੂਡਾ ਨੂੰ ਤਬਦੀਲ ਕੀਤਾ ਜਾਣਾ ਹੈ। ਨਹਿਰੀ ਮਹਿਕਮੇ ਦਾ ਕਹਿਣਾ ਹੈ ਕਿ ਇਹ ਬੇਕਾਰ ਸੰਪਤੀਆਂ ਹਨ, ਜਿਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ।   ਇਨ੍ਹਾਂ ਵਿੱਚੋਂ ਕਾਫ਼ੀ ਜਾਇਦਾਦਾਂ ਮੁਕੱਦਮੇਬਾਜ਼ੀ ਵਿੱਚ ਫਸੀਆਂ ਹੋਈਆਂ ਹਨ ਤੇ ਕਾਫ਼ੀ ਨਾਜਾਇਜ਼ ਕਬਜ਼ੇ ਹੇਠ ਹਨ। ਬਿਸਤ ਦੁਆਬ ਮੰਡਲ ਜਲੰਧਰ ਦੀ 232 ਏਕੜ ਜ਼ਮੀਨ ਸ਼ਨਾਖ਼ਤ ਕੀਤੀ ਗਈ ਹੈ। ਭਾਖੜਾ ਮੇਨ ਲਾਈਨ ਦੀਆਂ 52 ਸੰਪਤੀਆਂ ਦੀ ਸ਼ਨਾਖਤ ਕੀਤੀ ਹੈ, ਜਿਸ ਦਾ 388 ਏਕੜ ਰਕਬਾ ਬਣਦਾ ਹੈ। ਫ਼ਿਰੋਜ਼ਪੁਰ ਸਰਕਲ ਦੀਆਂ 67 ਜਾਇਦਾਦਾਂ ਦਾ ਰਕਬਾ 207 ਏਕੜ ਬਣਦਾ ਹੈ। ਅਪਰਬਾਰੀ ਦੁਆਬ ਹਲਕਾ ਅੰਮ੍ਰਿਤਸਰ ਦੀ 236 ਏਕੜ ਜ਼ਮੀਨ ਦੀ ਸ਼ਨਾਖ਼ਤ ਹੋਈ ਹੈ, ਜਿਸ ਤੋਂ ਕੁਲੈਕਟਰ ਰੇਟ ਮੁਤਾਬਕ 8.93 ਕਰੋੜ ਦੀ ਆਮਦਨ ਹੋਣ ਦੀ ਉਮੀਦ ਹੈ।          
              ਇਵੇਂ ਹੀ ਰੱਦੀ ਕੱਸੀਆਂ ਦਾ ਰਕਬਾ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਮੋਗਾ ਦੇ ਨਹਿਰੀ ਆਰਾਮਘਰ ਅਤੇ ਦੁਬਰਜੀ ਦੇ ਨਹਿਰੀ ਆਰਾਮਘਰ 'ਤੇ ਪੰਜਾਬ ਪੁਲੀਸ ਨੇ ਕਬਜ਼ਾ ਕੀਤਾ ਹੋਇਆ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਤੇ ਫਾਜ਼ਿਲਕਾ ਦੇ ਉਹ ਨਹਿਰੀ ਆਰਾਮਘਰ ਵੀ ਹੁਣ ਨਿਲਾਮ ਕਰਨ ਦੀ ਤਿਆਰੀ ਹੈ, ਜੋ ਪਹਿਲਾਂ ਵੀ ਨਿਲਾਮ ਕੀਤੇ ਗਏ ਸਨ ਪਰ ਬੋਲੀਕਾਰ ਪੂਰੀ ਰਾਸ਼ੀ ਭਰਨੋਂ ਭੱਜ ਗਏ ਸਨ। ਪਿੰਡ ਕਬੂਲ, ਘੁਬਾਇਆ ਅਤੇ ਮੋਹਨ ਕੇ ਨਹਿਰੀ ਆਰਾਮਘਰ ਅਜਿਹੇ ਹਨ, ਜੋ ਦੂਜੀ ਵਾਰ ਨਿਲਾਮ ਕੀਤੇ ਜਾਣੇ ਹਨ। ਪਿੰਡ ਟੱਲੇਵਾਲ ਦੇ ਨਹਿਰੀ ਆਰਾਮਘਰ ਦਾ ਰਕਬਾ 8 ਏਕੜ ਦੇ ਕਰੀਬ ਹੈ, ਜਿਸ ਤੋਂ ਸਵਾ ਤਿੰਨ ਕਰੋੜ ਦੀ ਆਮਦਨ ਹੋਣ ਦੀ ਉਮੀਦ ਲਾਈ ਜਾ ਰਹੀ ਹੈ। ਨਹਿਰੀ ਆਰਾਮਘਰਾਂ ਦੀ ਹਾਲਤ ਤਰਸਯੋਗ ਦੱਸੀ ਗਈ ਹੈ ਅਤੇ ਇਹ ਖੰਡਰ ਬਣੇ ਹੋਏ ਹਨ। ਪੂਡਾ ਦੇ ਮੁੱਖ ਪ੍ਰਸ਼ਾਸਕ ਐਮ.ਐਸ. ਸਿੱਧੂ ਨਾਲ ਪੱਖ ਜਾਣਨ ਲਈ ਸੰਪਰਕ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

No comments:

Post a Comment