Monday, June 24, 2013

                                  ਅਫ਼ਸਰ ਕਲੱਬ
                      ਟੈਕਸ ਚੋਰੀ ਦੀ 'ਹੱਬ'
                                 ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਦੇ ਅਫ਼ਸਰਾਂ ਦੇ ਕਲੱਬ ਨੇ ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਰਗੜਾ ਲਗਾ ਦਿੱਤਾ ਹੈ। ਕੁਝ ਸਮੇਂ ਤੋਂ  ਇਸ ਕਲੱਬ ਵਿੱਚ ਦੋ ਨੰਬਰ ਵਿੱਚ ਹੀ ਸ਼ਰਾਬ ਪਿਲਾਈ ਜਾ ਰਹੀ ਹੈ। ਡਿਊਨਜ਼ ਕਲੱਬ ਵੱਲੋਂ ਤਕਰੀਬਨ ਡੇਢ ਵਰ੍ਹੇ ਤੋਂ ਐਕਸਾਈਜ਼ ਡਿਊਟੀ ਅਤੇ ਵੈਟ ਦੀ ਚੋਰੀ ਕੀਤੀ ਜਾ ਰਹੀ ਹੈ। ਟੈਕਸਾਂ ਦੀ ਵੱਡੀ ਚੋਰੀ ਸਾਲ 2012-13 ਵਿੱਚ ਹੋਈ ਹੈ। ਸਰਕਾਰੀ ਰਿਕਾਰਡ ਵਿੱਚ ਡਿਊਨਜ਼ ਕਲੱਬ ਵਿੱਚ ਸ਼ਰਾਬ ਦੀ ਵਿਕਰੀ ਇਕਦਮ ਘੱਟ ਦਿਖਾਈ ਗਈ ਹੈ। ਕਲੱਬ ਪ੍ਰਬੰਧਕਾਂ ਨੇ ਕਰ ਤੇ ਆਬਕਾਰੀ ਮਹਿਕਮੇ ਤੋਂ ਬਹੁਤ ਥੋੜ੍ਹੀ ਸ਼ਰਾਬ ਦੇ ਪਰਮਿਟ ਲਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਡਿਊਨਜ਼ ਕਲੱਬ 'ਤੇ ਕਰ ਤੇ ਆਬਕਾਰੀ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਸੀ ਅਤੇ ਦੋ ਨੰਬਰ ਦੀ ਸ਼ਰਾਬ ਦੀ ਪੁਸ਼ਟੀ ਹੋਈ ਸੀ।ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮਿਲੀ ਜਾਣਕਾਰੀ ਅਨੁਸਾਰ ਡਿਊਨਜ਼ ਕਲੱਬ ਵਿੱਚ ਸਾਲ 2007 ਤੋਂ 31 ਮਾਰਚ, 2013 ਤੱਕ 25.47 ਲੱਖ ਰੁਪਏ ਦੀ ਸ਼ਰਾਬ ਵਰਤਾਈ ਗਈ ਹੈ ਜਿਸ ਦੀ 2,87,671 ਰੁਪਏ ਐਕਸਾਈਜ਼ ਡਿਊਟੀ ਭਰੀ ਗਈ ਹੈ। ਸਾਲ 2007-08 ਵਿੱਚ 2,96,437 ਰੁਪਏ ਦੀ ਸ਼ਰਾਬ ਇਸ ਕਲੱਬ ਵਿੱਚ ਵਰਤਾਈ ਗਈ ਹੈ ਅਤੇ ਸਾਲ 2008-09 ਵਿੱਚ 3,40,319 ਰੁਪਏ ਦੀ ਸ਼ਰਾਬ ਵਿਕੀ ਸੀ। ਸਾਲ 2009-10 ਵਿੱਚ ਸ਼ਰਾਬ ਦੀ ਵਿਕਰੀ ਵੱਧ ਕੇ 4,80,014 ਲੱਖ ਰੁਪਏ ਹੋ ਗਈ ਅਤੇ ਸਾਲ 2010-11 ਵਿੱਚ ਇਹ ਵਿਕਰੀ 5,31,007 ਰੁਪਏ ਹੋ ਗਈ ਸੀ।
            ਸਾਲ 2011-12 ਵਿੱਚ ਸ਼ਰਾਬ ਦੀ ਵਿਕਰੀ ਵੱਧ ਕੇ 7,14,015 ਰੁਪਏ ਹੋ ਗਈ ਸੀ। ਸ਼ਰਾਬ ਦੀ ਵਿਕਰੀ ਵਿੱਚ ਹਰ ਸਾਲ ਵਾਧਾ ਹੋ ਰਿਹਾ ਸੀ ਪਰ ਸਾਲ 2012-13 ਵਿੱਚ ਅਚਾਨਕ ਸ਼ਰਾਬ ਦੀ ਵਿਕਰੀ 1,85,276 ਰੁਪਏ ਹੀ ਰਹਿ ਗਈ। ਹਾਲਾਂਕਿ ਡਿਊਨਜ਼ ਕਲੱਬ ਵਿੱਚ ਪਾਰਟੀਆਂ ਦੀ ਗਿਣਤੀ ਵਧੀ ਹੈ ਪਰ ਵਿਕਰੀ ਵਿੱਚ ਆਈ ਅਚਾਨਕ ਵੱਡੀ ਕਮੀ ਆਪਣੇ ਆਪ ਵਿੱਚ ਟੈਕਸ ਚੋਰੀ ਦੀ ਗਵਾਹੀ ਭਰਦੀ ਹੈ। ਡਿਊਨਜ਼ ਕਲੱਬ ਵੱਲੋਂ ਸਾਲ 2007-08 ਤੋਂ 2010-11 ਤੱਕ ਹਰ ਵਰ੍ਹੇ 57 ਹਜ਼ਾਰ ਰੁਪਏ ਤੋਂ ਉਪਰ ਐਕਸਾਈਜ਼ ਡਿਊਟੀ ਭਰੀ ਗਈ ਹੈ ਪਰ ਸਾਲ 2011-12 ਵਿੱਚ ਸਿਰਫ਼ 21707 ਰੁਪਏ ਅਤੇ ਸਾਲ 2012-13 ਵਿੱਚ ਕੇਵਲ 28,778 ਰੁਪਏ ਦੀ ਐਕਸਾਈਜ਼ ਡਿਊਟੀ ਭਰੀ ਗਈ ਹੈ। ਕਰ ਅਤੇ ਆਬਕਾਰੀ ਵਿਭਾਗ, ਬਠਿੰਡਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2007-08 ਤੋਂ 31 ਮਾਰਚ, 2013 ਤੱਕ ਡਿਊਨਜ਼ ਕਲੱਬ ਵਿੱਚ 5738 ਬੋਤਲਾਂ ਸ਼ਰਾਬ ਪਿਲਾਈ ਗਈ ਹੈ। ਏਨੀ ਸ਼ਰਾਬ 'ਤੇ ਡਿਊਨਜ਼ ਕਲੱਬ ਪ੍ਰਬੰਧਕਾਂ ਨੇ ਮਹਿਕਮੇ ਤੋਂ ਪਰਮਿਟ ਲਏ ਸਨ। ਹਰ ਸਾਲ 550 ਪਰੂਟ ਲਿਟਰ ਤੋਂ ਜ਼ਿਆਦਾ ਸ਼ਰਾਬ ਦੇ ਪਰਮਿਟ ਲਏ ਜਾਂਦੇ ਰਹੇ ਸਨ। ਸਾਲ 2011-12 ਵਿੱਚ ਕਲੱਬ ਨੇ ਮਹਿਕਮੇ ਤੋਂ 695.25 ਪਰੂਟ ਲਿਟਰ ਦੇ ਪਰਮਿਟ ਲਏ ਸਨ। ਸਾਲ 2012-13 ਦੌਰਾਨ ਡਿਊਨਜ਼ ਕਲੱਬ ਨੇ ਸਿਰਫ 175.5 ਪਰੂਫ ਲਿਟਰ ਦੇ ਹੀ ਪਰਮਿਟ ਲਏ। ਮਤਲਬ ਕਿ ਇਕ ਵਰ੍ਹੇ ਵਿੱਚ ਸਿਰਫ਼ 311 ਬੋਤਲਾਂ ਦੀ ਵਿਕਰੀ ਹੋਈ।  ਸੂਤਰਾਂ ਮੁਤਾਬਕ ਡਿਊਨਜ਼ ਕਲੱਬ ਵਿੱਚ ਰੋਜ਼ਾਨਾ 6 ਬੋਤਲਾਂ ਦੀ ਵਿਕਰੀ ਹੁੰਦੀ ਹੈ ਕਿਉਂਕਿ ਕਲੱਬ ਵਿੱਚ ਪੈੱਗ ਸਿਸਟਮ ਹੈ। ਇਸ ਹਿਸਾਬ ਨਾਲ ਸਾਲਾਨਾ 2190 ਬੋਤਲਾਂ ਦੀ ਵਿਕਰੀ ਬਣਦੀ ਹੈ ਪਰ ਸਰਕਾਰੀ ਰਿਕਾਰਡ ਵਿੱਚ ਸਿਰਫ 311 ਬੋਤਲਾਂ ਦੀ ਵਿਕਰੀ ਦਿਖਾਈ ਗਈ ਹੈ।
             ਕਰ ਅਤੇ ਆਬਕਾਰੀ ਵਿਭਾਗ ਜੇਕਰ ਸਿਰਫ਼ ਕਲੱਬ ਵਿੱਚ ਪਾਰਟੀਆਂ ਦੀ ਬੁਕਿੰਗ ਦਾ ਰਿਕਾਰਡ ਹੀ ਲੈ ਲਵੇ ਤਾਂ ਟੈਕਸਾਂ ਦੀ ਚੋਰੀ ਸਾਹਮਣੇ ਆ ਜਾਵੇਗੀ।ਕਰ ਅਤੇ ਆਬਕਾਰੀ ਮਹਿਕਮੇ ਨੇ ਡਿਊਨਜ਼ ਕਲੱਬ ਨੂੰ ਹੱਥ ਤਾਂ ਪਾ ਲਿਆ  ਸੀ ਪਰ ਹੱਥ ਪਾਉਣ ਵਾਲੇ ਅਫ਼ਸਰਾਂ ਦਾ ਉਦੋਂ ਹੀ ਤਬਾਦਲਾ ਕਰ ਦਿੱਤਾ ਗਿਆ ਸੀ। ਡਿਊਨਜ਼ ਕਲੱਬ ਦਾ ਠੇਕੇਦਾਰ ਜੋ ਸਿਆਸੀ ਪਹੁੰਚ ਰੱਖਦਾ ਹੈ,ਨੂੰ ਮਗਰੋਂ ਬਖ਼ਸ਼ ਦਿੱਤਾ ਗਿਆ। ਛਾਪਾ ਮਾਰਨ ਵਾਲੀ ਟੀਮ ਨੇ ਇਸ ਕਲੱਬ ਦਾ ਚਲਾਨ ਵੀ ਕੱਟ ਦਿੱਤਾ ਸੀ। ਕਲੱਬ ਪ੍ਰਬੰਧਕ ਟੀਮ ਕੋਲ ਸ਼ਰਾਬ ਦਾ ਪਰਮਿਟ ਹੀ ਪੇਸ਼ ਨਹੀਂ ਕਰ ਸਕੇ ਸਨ। ਇਸ ਕਲੱਬ ਨੇ ਪਰਮਿਟ ਫੀਸ ਦੀ ਚੋਰੀ ਤੋਂ ਇਲਾਵਾ ਅੰਦਾਜ਼ਨ (ਅਸੈਸਿਡ) ਫੀਸ ਅਤੇ ਵੈਟ ਦੀ ਵੀ ਚੋਰੀ ਕੀਤੀ ਹੈ। ਸਾਲ 2011-12 ਵਿੱਚ ਡਿਊਨਜ਼ ਕਲੱਬ ਵੱਲੋਂ 1,34,251 ਰੁਪਏ ਅੰਦਾਜ਼ਨ ਫੀਸ ਜਮ੍ਹਾਂ ਕਰਾਈ ਗਈ ਸੀ ਪਰ ਸਾਲ 2012-13 ਵਿੱਚ ਇਹ ਫੀਸ ਘੱਟ ਕੇ ਸਿਰਫ਼ 38,485 ਰੁਪਏ ਹੀ ਰਹਿ ਗਈ। ਇਸ ਕਲੱਬ ਦੀ ਵਾਗਡੋਰ ਅਫ਼ਸਰਾਂ ਦੇ ਹੱਥ ਹੈ ਅਤੇ ਵੱਡੀ ਗਿਣਤੀ ਵਿੱਚ ਕਲੱਬ ਦੇ ਗ਼ੈਰ ਸਰਕਾਰੀ ਮੈਂਬਰ ਵੀ ਹਨ। ਕਲੱਬ ਵਿੱਚ ਜੋ ਉਸਾਰੀ ਹੋਈ ਹੈ,ਉਹ ਵੀ ਗ਼ੈਰਕਾਨੂੰਨੀ ਹੈ ਅਤੇ ਕਿਸੇ ਇਮਾਰਤ ਦਾ ਨਕਸ਼ਾ ਪਾਸ ਨਹੀਂ ਹੋਇਆ ਹੈ।
                                                     ਨੋਟਿਸ ਜਾਰੀ ਕਰ ਦਿੱਤਾ ਹੈ: ਈ.ਟੀ.ਓ.
ਕਰ ਅਤੇ ਆਬਕਾਰੀ ਅਫ਼ਸਰ ਡੀ.ਐਸ. ਗਿੱਲ ਨੇ ਕਿਹਾ ਕਿ ਡਿਊਨਜ਼ ਕਲੱਬ ਵਿੱਚ ਸ਼ਰਾਬ ਦੀ ਵਿਕਰੀ ਘੱਟ ਗਈ ਹੋਵੇਗੀ ਜਿਸ ਕਾਰਨ ਪਰਮਿਟ ਘੱਟ ਸ਼ਰਾਬ ਦੇ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕਲੱਬ 'ਤੇ ਛਾਪਾ ਮਾਰਨ ਦਾ ਮਾਮਲਾ ਉਨ੍ਹਾਂ ਤੋਂ ਪਹਿਲਾਂ ਦਾ ਹੈ। ਕਰ ਅਤੇ ਆਬਕਾਰੀ ਅਫ਼ਸਰ ਹਰਜੀਤ ਕੌਰ ਨੇ ਦੱਸਿਆ ਕਿ ਇਸ ਕਲੱਬ ਵੱਲੋਂ ਕੀਤੀ ਵੈਟ ਚੋਰੀ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੋਇਆ ਹੈ ਅਤੇ ਜੁਲਾਈ ਮਹੀਨੇ ਵਿੱਚ ਪੇਸ਼ੀ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਨੋਟਿਸ ਦਿੱਤਾ ਗਿਆ ਸੀ ਪਰ ਪ੍ਰਬੰਧਕ ਪੇਸ਼ ਨਹੀਂ ਹੋਏ ਸਨ।

No comments:

Post a Comment