Saturday, June 1, 2013

                                     ਗੋਲਮਾਲ
        ਪੰਜਾਬ 'ਚ ਹੁਣ ਬਾਰਦਾਣਾ ਸਕੈਂਡਲ
                                ਚਰਨਜੀਤ ਭੁੱਲਰ
ਬਠਿੰਡਾ : ਕੇਂਦਰ ਸਰਕਾਰ ਵਲੋਂ ਐਤਕੀਂ ਕਰੋੜਾਂ ਰੁਪਏ ਦਾ ਘਟੀਆ ਕੁਆਲਟੀ ਦਾ ਬਾਰਦਾਣਾ ਪੰਜਾਬ ਨੂੰ ਸਪਲਾਈ ਕਰ ਦਿੱਤਾ ਗਿਆ ਹੈ। ਹਾਲੇ ਇੱਕ ਮਹੀਨਾ ਪਹਿਲਾਂ ਹੀ ਇਸ ਬਾਰਦਾਣੇ ਵਿੱਚ ਕਣਕ ਭੰਡਾਰ ਕੀਤੀ ਗਈ ਸੀ ਕਿ ਹੁਣ ਇਹ ਬਾਰਦਾਣਾ ਫਟਣ ਲੱਗਾ ਹੈ। ਮਾਲਵਾ ਪੱਟੀ ਵਿੱਚ ਪਲਾਸਟਿਕ ਬਾਰਦਾਣੇ ਦੀਆਂ ਹਜ਼ਾਰਾਂ ਬੋਰੀਆਂ ਫਟ ਗਈਆਂ ਹਨ ਜਿਨ•ਾਂ ਦਾ ਬਾਰਦਾਣਾ ਹੁਣ ਤਬਦੀਲ ਕੀਤਾ ਜਾ ਰਿਹਾ ਹੈ। ਖਰੀਦ ਏਜੰਸੀਆਂ ਵਲੋਂ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿੱਚ ਘਟੀਆ ਬਾਰਦਾਣੇ ਦੀ ਸੂਚਨਾ ਭੇਜ ਦਿੱਤੀ ਗਈ ਹੈ। ਪਲਾਸਟਿਕ ਬਾਰਦਾਣਾ ਧੁੱਪ ਸਹਾਰ ਨਹੀਂ ਸਕਿਆ ਹੈ ਜਿਸ ਕਰਕੇ ਪਲਿੰਥਾਂ ਤੇ ਹੀ ਕਣਕ ਦੇ ਬੈਗ ਫਟਣ ਲੱਗੇ ਹਨ। ਪੰਜਾਬ ਵਿੱਚ ਇਹ ਬਾਰਦਾਣਾ ਅਪ੍ਰੈਲ ਦੇ ਅਖੀਰ ਤੱਕ ਆਉਂਦਾ ਰਿਹਾ ਸੀ। ਪੰਜਾਬ ਸਰਕਾਰ ਨੇ ਹੁਣ ਫੌਰੀ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਕਣਕ ਦੇ ਸੀਜ਼ਨ ਲਈ ਫਰਵਰੀ ਅਤੇ ਮਾਰਚ 2013 ਵਿੱਚ ਡਾਇਰੈਕਟਰ ਜਨਰਲ (ਸਪਲਾਈਜ ਐਂਡ ਡਿਸਪੋਜਲ) ਤੋਂ 9.70 ਕਰੋੜ ਪਲਾਸਟਿਕ ਬੋਰੀਆਂ ਦੀ ਮੰਗ ਕੀਤੀ ਗਈ ਸੀ ਜਿਸ ਦੀ ਖਰੀਦ ਲਈ ਕਰੀਬ 200 ਕਰੋੜ ਰੁਪਏ ਵੀ ਜਮ•ਾ ਕਰਾਏ ਗਏ ਸਨ।
              ਡਾਇਰੈਕਟਰ ਜਨਰਲ ਵਲੋਂ ਹੀ ਪ੍ਰਾਈਵੇਟ ਫੈਕਟਰੀਆਂ ਤੋਂ ਬਾਰਦਾਣਾ ਖਰੀਦ ਕੀਤਾ ਜਾਂਦਾ ਹੈ ਅਤੇ ਉਸ ਦੀਆਂ ਸਪੈਸੀਫਿਕੇਸ਼ਨਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਬਾਰਦਾਣੇ ਦਾ ਰੇਟ ਵੀ ਡਾਇਰੈਕਟਰ ਜਨਰਲ ਵਲੋਂ ਹੀ ਤੈਅ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਵਲੋਂ ਅਗਾਊ ਰਾਸ਼ੀ ਜਮ•ਾ ਕਰਾਈ ਜਾਂਦੀ ਹੈ ਅਤੇ ਉਸ ਮਗਰੋਂ ਕੰਪਨੀਆਂ ਵਲੋਂ ਬਾਰਦਾਣਾ ਸਪਲਾਈ ਕੀਤਾ ਜਾਂਦਾ ਹੈ। ਦਰਜਨਾਂ ਕੰਪਨੀਆਂ ਨੇ ਪੰਜਾਬ ਵਿੱਚ ਪਲਾਸਟਿਕ ਬਾਰਦਾਣਾ ਸਪਲਾਈ ਕੀਤਾ ਹੈ ਜਿਸ ਚੋ ਕੁਝ ਕੰਪਨੀਆਂ ਦੇ ਬਾਰਦਾਣੇ ਦੀ ਕੁਆਲਟੀ ਮਾੜੀ ਨਿਕਲੀ ਹੈ। ਪੰਜਾਬ ਸਰਕਾਰ ਵੀ ਇਸ ਮਾਮਲੇ ਤੇ ਕਟਹਿਰੇ ਵਿੱਚ ਖੜ•ੀ ਹੋ ਗਈ ਹੈ ਕਿਉਂਕਿ ਬਿਨ•ਾਂ ਕੁਆਲਟੀ ਚੈੱਕ ਕੀਤੇ ਹੀ ਇਸ ਬਾਰਦਾਣੇ ਵਿੱਚ ਕਣਕ ਭੰਡਾਰ ਕਰ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਜੋ ਪਲਾਸਟਿਕ ਬਾਰਦਾਣਾ ਸਪਲਾਈ ਹੋਇਆ ਹੈ,ਉਸ ਚੋ 50 ਫੀਸਦੀ ਪਲਾਸਟਿਕ ਬੋਰੀਆਂ ਦੀ ਕੁਆਲਟੀ ਮਾੜੀ ਹੋਣ ਦੇ ਸੰਕੇਤ ਮਿਲੇ ਹਨ। ਪੰਜਾਬ ਵਿੱਚ ਇਸ ਦਫ਼ਾ 110 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋਈ ਹੈ ਜਿਸ ਚੋ 50 ਫੀਸਦੀ ਕਣਕ ਪਲਾਸਟਿਕ ਬੋਰੀਆਂ ਵਿੱਚ ਭੰਡਾਰ ਕੀਤੀ ਗਈ ਹੈ। ਜਦੋਂ ਤਾਪਮਾਨ ਵੱਧ ਗਿਆ ਹੈ ਤਾਂ ਉਦੋਂ ਹੀ ਪਲਾਸਟਿਕ ਬਾਰਦਾਣੇ ਦੇ ਫਟਣ ਦੀ ਨੌਬਤ ਸ਼ੁਰੂ ਹੋਈ ਹੈ। ਖੁੱਲ•ੇ ਗੁਦਾਮਾਂ ਵਿੱਚ ਪਏ  ਬਾਰਦਾਣੇ ਦੀ ਇੱਕ ਇੱਕ ਬੋਰੀ ਫਟ ਰਹੀ ਹੈ।
              ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ•ੇ ਦੇ ਇੱਕ ਖਰੀਦ ਕੇਂਦਰ ਵਿੱਚ ਜਦੋਂ ਮਈ ਮਹੀਨੇ ਵਿੱਚ ਕਣਕ ਦੀ ਲਿਫਟਿੰਗ ਕੀਤੀ ਗਈ ਤਾਂ ਮੰਡੀ ਵਿੱਚ ਪਿਆ ਹੀ ਪਲਾਸਟਿਕ ਬਾਰਦਾਣਾ ਫਟ ਗਿਆ। ਖਰੀਦ ਏਜੰਸੀਆਂ ਵਿੱਚ ਬਾਰਦਾਣਾ ਫਟਣ ਕਰਕੇ ਘਬਰਾਹਟ ਪੈਦਾ ਹੋ ਗਈ ਹੈ। ਬਠਿੰਡਾ ਜ਼ਿਲ•ੇ ਵਿੱਚ ਐਤਕੀਂ 7.53 ਲੱਖ ਮੀਟਰਿਕ ਟਨ ਕਣਕ ਖਰੀਦ ਕੀਤੀ ਗਈ ਹੈ ਜਿਸ ਚੋ 75 ਲੱਖ ਬੋਰੀ ਕਣਕ ਪਲਾਸਟਿਕ ਦੀਆਂ ਬੋਰੀਆਂ ਵਿੱਚ ਭੰਡਾਰ ਕੀਤੀ ਗਈ ਹੈ। ਪਨਗਰੇਨ ਏਜੰਸੀ ਦਾ ਰਾਮਾ,ਭਗਤਾ ਅਤੇ ਰਾਮਪੁਰਾ ਗੁਦਾਮਾਂ ਵਿੱਚ ਪਿਆ ਬਾਰਦਾਣਾ ਫਟ ਗਿਆ ਹੈ ਜਦੋਂ ਕਿ ਮਾਰਕਫੈਡ ਏਜੰਸੀ ਦਾ ਭੁੱਚੋ,ਰਾਮਪੁਰਾ ਅਤੇ ਬਠਿੰਡਾ ਵਿੱਚਲਾ ਬਾਰਦਾਣਾ ਫਟਣ ਲੱਗਾ ਹੈ। ਪਨਸਪ ਦਾ ਭੁੱਚੋ ਸੈਂਟਰ ਵਿਚਲਾ ਬਾਰਦਾਣਾ ਫਟ ਗਿਆ ਹੈ। ਖੁਰਾਕ ਤੇ ਸਪਲਾਈਜ ਕੰਟਰੋਲਰ ਬਠਿੰਡਾ ਪ੍ਰਵੀਨ ਵਿੱਜ ਦਾ ਕਹਿਣਾ ਸੀ ਕਿ ਉਨ•ਾਂ ਨੇ ਪੰਜਾਬ ਸਰਕਾਰ ਨੂੰ ਸੂਚਿਤ ਕਰ ਦਿੱਤਾ ਹੈ। ਜ਼ਿਲ•ਾ ਬਰਨਾਲਾ ਵਿੱਚ ਕਰੀਬ 1800 ਗੱਠਾਂ ਬਰਦਾਨਾ ਸਪਲਾਈ ਹੋਇਆ ਸੀ ਜਿਸ ਚੋਂ ਕੁਝ ਕੰਪਨੀਆਂ ਦਾ ਬਾਰਦਾਨਾ ਪ੍ਰਭਾਵਿਤ ਹੋ ਗਿਆ ਹੈ। ਇਸ ਜ਼ਿਲ•ੇ ਦੇ ਖੁਰਾਕ ਤੇ ਸਪਲਾਈਜ ਕੰਟਰੋਲਰ ਏ.ਪੀ.ਸਿੰਘ ਦਾ ਕਹਿਣ ਸੀ ਕਿ ਇੱਕ ਕੰਪਨੀ ਦੇ ਬਾਰਦਾਣੇ ਦੀ ਸਮੱਸਿਆ ਆ ਗਈ ਹੈ ਜਿਸ ਦੀ ਸੂਚਨਾ ਭੇਜ ਦਿੱਤੀ ਗਈ ਹੈ।
              ਸੰਗਰੂਰ ਅਤੇ ਪਟਿਆਲਾ ਵਿੱਚ ਵੀ ਵੱਡੀ ਗਿਣਤੀ ਵਿੱਚ ਬਾਰਦਾਣਾ ਫਟ ਗਿਆ ਹੈ। ਸੂਤਰ ਦੱਸਦੇ ਹਨ ਕਿ ਪੂਰੇ ਪੰਜਾਬ ਵਿੱਚ ਇਹ ਸਮੱਸਿਆ ਆਈ ਹੈ। ਜ਼ਿਲ•ਾ ਸੰਗਰੂਰ ਵਿੱਚ ਕਰੀਬ ਢਾਈ ਲੱਖ ਬੋਰੀ ਬਾਰਦਾਣਾ ਪ੍ਰਭਾਵਿਤ ਹੋ ਰਿਹਾ ਹੈ। ਪਤਾ ਲੱਗਾ ਹੈ ਕਿ ਗਰਮੀ ਵਧਣ ਸਮੇਂ ਖਰੀਦ ਏਜੰਸੀਆਂ ਨੇ ਤਰਪਾਲਾਂ ਨਾਲ ਇਹ ਬਾਰਦਾਣਾ ਢਕਿਆ ਵੀ ਪ੍ਰੰਤੂ ਫਿਰ ਵੀ ਇਹ ਬਾਰਦਾਣਾ ਤਪਸ਼ ਨਾ ਸਹਾਰ ਸਕਿਆ। ਮਾਹਿਰ ਆਖਦੇ ਹਨ ਕਿ ਬਾਰਦਾਣਾ ਬਣਾਉਣ ਸਮੇਂ ਇਸ ਵਿੱਚ ਯੂ.ਵੀ ਕੈਮੀਕਲ ਪਾਇਆ ਨਹੀਂ ਗਿਆ ਜਿਸ ਕਰਕੇ ਇਹ ਬਾਰਦਾਨਾ ਧੁੱਪ ਸਹਿਣ ਕਰਨ ਦੇ ਯੋਗ ਨਹੀਂ ਹੈ। ਬਾਰਦਾਣਾ ਫਟਣ ਕਰਕੇ ਅਨਾਜ ਵੀ ਖਰਾਬ ਹੋਣ ਲੱਗਾ ਹੈ। ਮਾਲਵਾ ਇਲਾਕੇ ਵਿੱਚ ਬਿਹਾਰ ਰਫੀਆ,ਏਸੀਆ ਵੂਵਨ ਅਤੇ ਗੇਂਜਸ ਕੰਪਨੀ ਦੇ ਬਾਰਦਾਣੇ ਦੀ ਵੱਡੀ ਸਮੱਸਿਆ ਆ ਗਈ ਹੈ। ਖਰੀਦ ਏਜੰਸੀਆਂ ਨੇ ਇਨ•ਾਂ ਕੰਪਨੀਆਂ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਕਈ ਕੰਪਨੀਆਂ ਦੇ ਪ੍ਰਤੀਨਿਧ ਹੁਣ ਬਾਰਦਾਣੇ ਦਾ ਜਾਇਜ਼ਾ ਲੈ ਰਹੇ ਹਨ। ਕਈ ਵਰਿ•ਆਂ ਤੋਂ ਸਰਕਾਰ ਪੰਜਾਬ ਵਿੱਚ ਕਣਕ ਨੂੰ ਪਲਾਸਟਿਕ ਬਾਰਦਾਣੇ ਵਿੱਚ ਭੰਡਾਰ ਕਰ ਰਹੀ ਹੈ ਪ੍ਰੰਤੂ ਬਾਰਦਾਣਾ ਫਟਣ ਦੀ ਸਮੱਸਿਆ ਪਹਿਲੀ ਵਾਰ ਆਈ ਹੈ। ਇਹ ਬਾਰਦਾਣਾ ਪੰਜਾਬ ਸਰਕਾਰ ਵਲੋਂ ਪ੍ਰਤੀ ਪਲਾਸਟਿਕ ਬੈਗ 20.50 ਰੁਪਏ ਖਰੀਦ ਕੀਤਾ ਸੀ। ਪਤਾ ਲੱਗਾ ਹੈ ਕਿ ਪਲਾਸਟਿਕ ਬਾਰਦਾਣਾ ਸਪਲਾਈ ਕਰਨ ਵਾਲੀਆਂ ਕੰਪਨੀਆਂ ਕੁਝ ਥਾਂਵਾਂ ਤੇ ਬਾਰਦਾਣਾ ਤਬਦੀਲ ਕਰਨ ਲਈ ਸਹਿਮਤ ਵੀ ਹੋ ਗਈਆਂ ਹਨ।
                                               ਅਦਾਇਗੀ ਰੋਕ ਰਹੇ ਹਾਂ : ਡਾਇਰੈਕਟਰ
ਖੁਰਾਕ ਅਤੇ ਸਪਲਾਈਜ ਵਿਭਾਗ ਪੰਜਾਬ ਦੇ ਡਾਇਰੈਕਟਰ ਸਤਵੰਤ ਸਿੰਘ ਜੌਹਲ ਦਾ ਕਹਿਣਾ ਸੀ ਕਿ ਕੁਝ ਜ਼ਿਲਿ•ਆਂ ਵਿੱਚ ਬਾਰਦਾਣਾ ਫਟਣ ਦੀ ਸਮੱਸਿਆ ਆਈ ਹੈ ਜਿਸ ਕਰਕੇ ਡਾਇਰੈਕਟਰ ਜਨਰਲ (ਸਪਲਾਈਜ ਐਂਡ ਡਿਸਪੋਜਲ) ਨੂੰ ਕੰਪਨੀਆਂ ਦੀ ਅਦਾਇਗੀ ਰੋਕਣ ਵਾਸਤੇ ਆਖ ਦਿੱਤਾ ਗਿਆ ਹੈ। ਉਨ•ਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਤਾਂ ਬਾਰਦਾਣਾ ਖਰੀਦਣ ਲਈ ਡਾਇਰੈਕਟਰ ਜਨਰਲ ਕੋਲ ਪੈਸਾ ਜਮਾ ਕਰਾ ਦਿੱਤਾ ਜਾਂਦਾ ਹੈ। ਡਾਇਰੈਕਟਰ ਜਨਰਲ ਦਫ਼ਤਰ ਹੀ ਸਪੈਸੀਫਿਕੇਸ਼ਨਾਂ ਅਤੇ ਕੁਆਲਟੀ ਆਦਿ ਨੂੰ ਚੈੱਕ ਕਰਦਾ ਹੈ ਅਤੇ ਸਾਰੀ ਖਰੀਦ ਡਾਇਰੈਕਟਰ ਜਨਰਲ ਵਲੋਂ ਹੀ ਕੀਤੀ ਜਾਂਦੀ ਹੈ। ਉਨ•ਾਂ ਆਖਿਆ ਕਿ ਬਾਰਦਾਣੇ ਬਣਾਉਣ ਸਮੇਂ ਕਿਸੇ ਕੈਮੀਕਲ ਦੀ ਮਾਤਰਾ ਘੱਟ ਵੱਧ ਰਹੀ ਗਈ ਹੋਵੇਗੀ ਜਿਸ ਕਰਕੇ ਬਾਰਦਾਣਾ ਫਟ ਰਿਹਾ ਹੈ।

No comments:

Post a Comment