Saturday, June 22, 2013

                                  ਸਰਕਾਰੀ ਜ਼ਿੱਦ
            ਹੱਕ ਦੱਬਿਆ ਤਾਂ 'ਅੱਕ' ਚੱਬਿਆ
                                 ਚਰਨਜੀਤ ਭੁੱਲਰ
ਬਠਿੰਡਾ :  ਨੌਜਵਾਨ ਫਾਰਮਾਸਿਸਟ ਜਸਵਿੰਦਰ ਸਿੰਘ ਆਖਰ ਪੰਜਾਬ ਸਰਕਾਰ ਦੀ ਜ਼ਿੱਦ ਅੱਗੇ ਹਾਰ ਗਿਆ ਹੈ। ਸੱਤ ਹਜ਼ਾਰ ਦੀ ਨੌਕਰੀ ਤੋਂ ਉਸ ਨੂੰ ਮੌਤ ਚੰਗੀ ਲੱਗੀ। ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਸੱਤ ਹਜ਼ਾਰ ਦੀ ਨੌਕਰੀ ਲਈ ਆਪਣੇ ਪਿੰਡ ਨੇਹੀਆਂ ਵਾਲਾ ਤੋਂ ਰੋਜ਼ਾਨਾ 70 ਕਿਲੋਮੀਟਰ ਦਾ ਪੈਂਡਾ ਤੈਅ ਕਰਦਾ ਸੀ। ਉਹ 3 ਜੂਨ ਤੋਂ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿੱਚ ਆਪਣੇ ਸਾਥੀ ਫਾਰਮਾਸਿਸਟਾਂ ਨਾਲ ਸੰਘਰਸ਼ ਵਿੱਚ ਸ਼ਾਮਲ ਸੀ। ਉਹ ਕਈ ਦਿਨਾਂ ਤੋਂ ਸਰਕਾਰੀ ਵਤੀਰੇ ਨੂੰ ਨੇੜਿਓਂ ਵੇਖ ਰਿਹਾ ਸੀ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਵਧੀਕ ਡਿਪਟੀ ਕਮਿਸ਼ਨਰ (ਵ) ਦੇ ਦਫ਼ਤਰ ਨੇੜਿਓਂ ਉਠਾ ਦਿੱਤਾ ਗਿਆ ਸੀ। ਨਤੀਜੇ ਵਜੋਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਪਿਛਲੇ ਪਾਸੇ ਧਰਨਾ ਲਾਉਣਾ ਪਿਆ। ਪਿੰਡ ਸਿੰਗੋ ਦੀ ਵੈਟਰਨਰੀ ਡਿਸਪੈਂਸਰੀ 'ਚ ਤਾਇਨਾਤ ਜਸਵਿੰਦਰ ਸਿੰਘ ਦੀ ਅੱਜ ਡਿਸਪੈਂਸਰੀ ਦੇ ਪੱਖੇ ਨਾਲ ਲਟਕਦੀ ਲਾਸ਼ ਮਿਲੀ ਹੈ। ਖ਼ੁਦਕੁਸ਼ੀ ਨੋਟ ਵਿੱਚ ਉਸ ਨੇ ਲਿਖਿਆ ਹੈ,'ਸੱਤ ਹਜ਼ਾਰ ਦੀ ਨੌਕਰੀ ਨਾਲੋਂ ਮੌਤ ਚੰਗੀ।' ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੇ 17 ਦਿਨਾਂ ਦੇ ਸੰਘਰਸ਼ ਨੂੰ ਟਿੱਚ ਕਰਕੇ ਜਾਣਿਆ ਹੈ। ਪੰਜਾਬ ਸਰਕਾਰ ਦੀ ਠੇਕਾ ਪ੍ਰਣਾਲੀ ਨੇ ਪੰਜਾਬ ਵਿੱਚ ਪਹਿਲੀ ਜਾਨ ਲਈ ਹੈ ਅਤੇ ਇਸ ਪ੍ਰਣਾਲੀ ਦੇ ਸਤਾਏ ਜੋ ਜੇਲ੍ਹਾਂ ਅਤੇ ਥਾਣਿਆਂ ਵਿੱਚ ਰੁਲੇ ਹਨ,ਉਨ੍ਹਾਂ ਦੀ ਕੋਈ ਗਿਣਤੀ ਹੀ ਨਹੀਂ ਹੈ।
            ਜ਼ਿਲ੍ਹਾ ਪ੍ਰੀਸ਼ਦ ਅਧੀਨ ਕੰਮ ਕਰਦੇ ਇਹ ਫਾਰਮਾਸਿਸਟ ਸੱਤ ਵਰ੍ਹਿਆਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਨੂੰ ਸਿਰਫ 7 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਦੀ ਇਸ ਠੇਕਾ ਪ੍ਰਣਾਲੀ ਨੇ ਮਾਪਿਆਂ ਕੋਲੋਂ ਇਕਲੌਤਾ ਪੁੱਤ ਖੋਹ ਲਿਆ ਹੈ। ਜਸਵਿੰਦਰ ਸਿੰਘ ਦਾ 9 ਵਰ੍ਹਿਆਂ ਦਾ ਲੜਕਾ ਇਕਬਾਲ ਅੱਜ ਸੁੰਨ ਸੀ ਅਤੇ ਅੱਜ ਉਸ ਨੂੰ ਛੋਟੀ ਉਮਰੇ ਹੀ ਸਰਕਾਰ ਦੇ ਮਾਹਣੇ ਸਮਝ ਆ ਗਏ ਹਨ। ਉਸ ਦੀ 13 ਵਰ੍ਹਿਆਂ ਦੀ ਧੀ ਅਰਸ਼ਨੂਰ ਸਦਾ ਲਈ ਪਿਓ ਦੀ ਛਾਂ ਤੋਂ ਵਿਰਵੀ ਹੋ ਗਈ ਹੈ। ਇਸ ਬੱਚੀ ਨੇ ਅੱਜ ਮ੍ਰਿਤਕ ਬਾਪ ਦੇ ਉਨ੍ਹਾਂ ਹੱਥਾਂ ਵੱਲ ਵਾਰ ਵਾਰ ਤੱਕਿਆ ਜਿਨ੍ਹਾਂ ਨੇ ਉਸ ਨੂੰ ਖਿਡਾਇਆ ਅਤੇ ਡੋਲੀ ਤੁਰਨ ਵੇਲੇ ਉਸ ਨੂੰ ਕਲਾਵੇ ਵਿੱਚ ਲੈਣਾ ਸੀ। ਜਸਵਿੰਦਰ ਸਿੰਘ ਦੀ ਪਤਨੀ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੀ ਹੈ। ਉਸ ਦੀ ਮਾਂ ਕੁਲਬੀਰ ਕੌਰ ਨੂੰ ਹੁਣ ਉਮਰ ਭਰ ਜਸਵਿੰਦਰ ਦੇ ਝਾਉਲੇ ਪੈਂਦੇ ਰਹਿਣਗੇ। ਸਰਕਾਰੀ ਨੀਤੀਆਂ ਨੇ ਇਸ ਮਾਂ ਦਾ ਪੁੱਤ ਨਾਲੋਂ ਵਿਛੋੜਾ ਪਾ ਦਿੱਤਾ ਹੈ। ਵੱਡਾ ਜਿਗਰਾ ਕਰਕੇ ਬਾਪ ਬਲਵੀਰ ਸਿੰਘ ਨੇ ਜਵਾਨ ਪੁੱਤ ਦੀ ਦੇਹ ਨੂੰ ਅਗਨ ਦਿਖਾਈ। ਅੱਜ ਜਦੋਂ ਜਸਵਿੰਦਰ ਸਿੰਘ ਦਾ ਸਿਵਾ ਬਲਿਆ ਤਾਂ ਉਸ ਦੇ ਦੋਸਤ ਫਾਰਮਾਸਿਸਟ ਵੀ ਅੱਥਰੂ ਨਾ ਰੋਕ ਸਕੇ।
             ਮ੍ਰਿਤਕ ਦੇ ਮਾਸੀ ਦੇ ਲੜਕੇ ਇੰਦਰਜੀਤ ਸਿੰਘ ਪੂਹਲਾ ਨੇ ਦੱਸਿਆ ਕਿ ਕੱਲ੍ਹ ਜਸਵਿੰਦਰ ਘਰੋਂ ਇਹ ਆਖ ਕੇ ਤੁਰਿਆ ਸੀ ਕਿ ਉਹ ਸੰਘਰਸ਼ ਵਿੱਚ ਚੱਲਿਆ ਹੈ। ਜਦੋਂ ਪਰਿਵਾਰ ਵਾਲਿਆਂ ਨੇ ਦੁਪਹਿਰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ ਪਰ ਹੁਣ ਮਾਪਿਆਂ ਅਤੇ ਬੱਚਿਆਂ ਲਈ ਇਹ ਫੋਨ ਸਦਾ ਲਈ ਬੰਦ ਹੋ ਗਿਆ ਹੈ। ਜਸਵਿੰਦਰ ਦਾ ਸਿਵਾ ਬਲਦਾ ਵੇਖ ਕੇ ਪਿੰਡ ਦੇ ਬਜ਼ੁਰਗ ਸੋਚਾਂ ਵਿੱਚ ਡੁੱਬੇ ਸਨ ਕਿ ਆਖਰ ਕਦੋਂ ਤੱਕ ਸਰਕਾਰ ਜਵਾਨਾਂ ਦੇ ਏਦਾ ਸਿਵੇ ਬਾਲੇਗੀ। ਸਾਮ ਵਕਤ ਪਿੰਡ ਨੇਹੀਆ ਵਾਲਾ ਵਿਖੇ ਸਸਕਾਰ ਮੌਕੇ ਫਰਮਾਸਿਸਟ ਯੂਨੀਅਨਾਂ ਅਤੇ ਦਰਜਾ ਚਾਰ ਮੁਲਾਜਮ ਯੂਨੀਅਨ ਦੇ ਆਗੂਆਂ ਚੋਂ ਕੁਲਦੀਪ ਸਿੰਘ ਬਰਾੜ,ਅਮਰਦੀਪ ਸਿੰਘ,ਸਤਨਾਮ ਸਿੰਘ ਢਪਾਲੀ,ਜਗਮੋਹਨ ਸਿੰਘ ਅਤੇ ਰਣਜੀਤ ਸਿੰਘ ਤੋਂ ਇਲਾਵਾ ਰਮਸਾ ਅਧਿਆਪਕ ਯੂਨੀਅਨ ਦੇ ਹਰਜੀਤ ਜੀਦਾ,ਪੀ.ਐਸ.ਯੂ (ਰੰਧਾਵਾ) ਦੇ ਪਾਵੇਲ ਕੁਸਾ,ਡੀ.ਟੀ.ਐਫ ਦੇ ਜਸਵਿੰਦਰ ਸਿੰਘ ਆਦਿ ਹਾਜਰ ਸਨ। ਮ੍ਰਿਤਕ ਜਸਵਿੰਦਰ ਸਿੰਘ ਨੇ ਉਦੇਪੁਰ ਯੂਨੀਵਰਸਿਟੀ ਤੋਂ ਵੈਟਰਨਰੀ ਫਰਮਾਸਿਸਟ ਦਾ ਕੋਰਸ ਕੀਤਾ ਸੀ ਅਤੇ ਫਰਮਾਸਿਸਟ ਵਜੋਂ ਉਸ ਨੇ 1 ਮਾਰਚ 2011 ਨੂੰ ਜੁਆਇੰਨ ਕੀਤਾ ਸੀ। ਯੂਨੀਅਨਾਂ ਦੀ ਅਗਵਾਈ ਵਿੱਚ ਫਰਮਾਸਿਸਟ ਬਠਿੰਡਾ ਦੀ ਜਿਲ•ਾ ਪ੍ਰੀਸਦ ਵਿੱਚ 3 ਜੂਨ ਤੋਂ ਰੋਜਾਨਾ ਧਰਨਾ ਲਗਾ ਰਹੇ ਹਨ ਅਤੇ ਭੁੱਖ ਹੜਤਾਲ ਕਰ ਰਹੇ ਹਨ। ਜਿਲ•ਾ ਪ੍ਰੀਸਦ ਵਲੋਂ ਵੈਟਰਨਰੀ ਫਰਮਾਸਿਸਟ ਨੂੰ ਸੱਤ ਸਾਲ ਤੋਂ ਪ੍ਰਤੀ ਮਹੀਨਾ 7 ਹਜ਼ਾਰ ਰੁਪਏ ਅਤੇ ਦਰਜਾ ਚਾਰ ਨੂੰ 3 ਹਜ਼ਾਰ ਰੁਪਏ ਤਨਖਾਹ ਦਿੱਤੀ ਜਾ ਰਹੀ ਹੈ। ਫਰਮਾਸਿਸਟ ਸਰਕਾਰ ਕੋਲੋਂ ਰੈਗੂਲਰ ਹੋਣ ਦੀ ਮੰਗ ਕਰ ਰਹੇ ਸਨ। ਉਨ•ਾਂ ਦਾ ਕਹਿਣਾ ਸੀ ਕਿ ਡੇਢ ਸਾਲ ਪਹਿਲਾਂ ਸਰਕਾਰ ਨੇ ਡਾਕਟਰਾਂ ਨੂੰ ਤਾਂ ਰੈਗੂਲਰ ਕਰ ਦਿੱਤਾ ਹੈ ਪ੍ਰੰਤੂ ਉਨ•ਾਂ ਦੀ ਮੰਗ ਤੇ ਕੋਈ ਗੌਰ ਨਹੀਂ ਕੀਤੀ ਜਾ ਰਹੀ ਹੈ। 
                 ਫਰਮਾਸਿਸਟ ਯੂਨੀਅਨ ਦੇ ਆਗੂਆਂ ਨੇ ਜਦੋਂ ਮਿੰਨੀ ਸਕੱਤਰੇਤ ਅੱਗੇ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਤਾਂ ਪੁਲੀਸ ਨੇ ਜਿਲ•ਾ ਪ੍ਰੀਸਦ ਦੇ ਅੰਦਰ ਹੀ ਉਨ•ਾਂ ਨੂੰ ਘੇਰਾ ਪਾ ਲਿਆ। ਵਧੀਕ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਮਗਰੋਂ ਉਨ•ਾਂ ਨੂੰ ਜਾਣ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਕੀਤੀ ਅਤੇ ਮੰਗ ਪੱਤਰ ਵੀ ਦਿੱਤਾ। ਵੈਟਰਨਰੀ ਫਰਮਾਸਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਉਹ ਭਲਕੇ ਬਠਿੰਡਾ ਬੰਦ ਕਰ ਰਹੇ ਹਨ ਅਤੇ ਪੰਜਾਬ ਭਰ ਚੋਂ ਫਰਮਾਸਿਸਟ ਬਠਿੰਡਾ ਪੁੱਜ ਰਹੇ ਹਨ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਮ੍ਰਿਤਕ ਫਰਮਾਸਿਸਟ ਦੀ ਪਤਨੀ ਨੂੰ ਨੌਕਰੀ ਦੇਵੇ ਅਤੇ ਪ੍ਰਵਾਰ ਨੂੰ 20 ਲੱਖ ਰੁਪਏ ਮੁਆਵਜਾ ਦੇਵੇ। ਉਨ•ਾਂ ਆਖਿਆ ਕਿ ਜਿਨਾਂ ਮੰਗਾਂ ਲਈ ਜਸਵਿੰਦਰ ਸਿੰਘ ਨੇ ਆਪਣੀ ਜਾਨ ਦੇ ਦਿੱਤੀ,ਉਹ ਮੰਗਾਂ ਪੂਰੀਆਂ ਕੀਤੀਆਂ ਜਾਣ।  ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦਾ ਕਹਿਣਾ ਸੀ ਕਿ ਯੂਨੀਅਨ ਆਗੂਆਂ ਨੇ ਅੱਜ ਮੰਗ ਪੱਤਰ ਦੇ ਕੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਾਉਣ ਦੀ ਮੰਗ ਕੀਤੀ ਹੈ। ਉਨ•ਾਂ ਦੱਸਿਆ ਕਿ ਉਨ•ਾਂ ਮੁੱਖ ਮੰਤਰੀ ਦਫ਼ਤਰ ਨਾਲ ਰਾਬਤਾ ਕਾਇਮ ਕਰ ਲਿਆ ਹੈ ਅਤੇ ਅਗਲੇ ਹਫਤੇ ਮੀਟਿੰਗ ਕਰਾ ਦਿੱਤੀ ਜਾਵੇਗੀ।
                                                        ਤਾਂ ਜੋ ਮੁੜ ਕਦੇ ਸਿਵਾ ਨਾ ਬਲੇ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾਈ ਪ੍ਰਧਾਨ ਪਾਵੇਲ ਕੁੱਸਾ ਨੇ ਕਿਹਾ ਕਿ ਹੌਸਲਾ ਅਤੇ ਸਿਦਕ ਰੱਖਣ ਦੀ ਲੋੜ ਹੈ ਤਾਂ ਜੋ ਸਰਕਾਰੀ ਹੱਲਿਆਂ ਦਾ ਸਾਹਮਣਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਹੈ। ਉਨ੍ਹਾਂ ਸੱਦਾ ਦਿੱਤਾ ਕਿ ਆਓ ਏਦਾ ਦਾ ਸੰਘਰਸ਼ ਵਿੱਢੀਏ ਕਿ ਸਰਕਾਰਾਂ ਦਾ ਚੈਨ ਉੱਡ ਜਾਵੇ ਅਤੇ ਮੁੜ ਕਦੇ ਕਿਸੇ ਜਸਵਿੰਦਰ ਦਾ ਸਿਵਾ ਨਾ ਬਲੇ।

No comments:

Post a Comment