Saturday, June 15, 2013

                            ਕਰਜ਼ੇ ਦੀ ਫਾਹੀ
                  ਔਰਤਾਂ ਤੋਂ ਵੀ ਜ਼ਿੰਦਗੀ ਖੋਹੀ
                            ਚਰਨਜੀਤ ਭੁੱਲਰ
ਬਠਿੰਡਾ :  ਖੇਤੀ ਸੰਕਟ ਨੇ ਜ਼ਿਲ੍ਹਾ ਬਠਿੰਡਾ ਦੇ ਕਈ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਤੋਂ ਵੀ ਜ਼ਿੰਦਗੀ ਖੋਹ ਲਈ ਹੈ। ਖੇਤੀ ਅਰਥਚਾਰੇ ਦੀ ਮੰਦਹਾਲੀ ਦਾ ਇਹ ਸਿਖਰ ਹੈ ਕਿ ਔਰਤਾਂ ਨੂੰ ਵੀ ਖ਼ੁਦਕੁਸ਼ੀਆਂ ਦੇ ਰਾਹ ਤੁਰਨਾ ਪਿਆ ਹੈ। ਬਠਿੰਡਾ ਜ਼ਿਲ੍ਹੇ ਵਿੱਚ ਤਕਰੀਬਨ ਇਕ ਸੌ ਕਿਸਾਨ-ਮਜ਼ਦੂਰ ਔਰਤਾਂ ਨੇ ਕਰਜ਼ੇ ਤੋਂ ਤੰਗ ਆ ਕੇ ਮੌਤ ਗਲੇ ਲਾਈ ਹੈ। ਪੰਜਾਬ ਖੇਤੀ 'ਵਰਸਿਟੀ ਵੱਲੋਂ ਕਰਾਏ ਗਏ ਸਰਵੇਖਣ ਵਿੱਚ ਇਹ ਅੰਕੜੇ ਸਾਹਮਣੇ ਆਏ ਹਨ। ਜਦੋਂ ਤੋਂ ਕਪਾਹ ਪੱਟੀ ਵਿੱਚ ਕਰਜ਼ੇ ਦੀ ਪੰਡ ਭਾਰੀ ਹੋਈ ਹੈ,ਉਦੋਂ ਤੋਂ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਸੰਤਾਪ ਝੱਲਣਾ ਪੈ ਰਿਹਾ ਹੈ। ਪੰਜਾਬ ਖੇਤੀ 'ਵਰਸਿਟੀ ਦੀ ਸਰਵੇਖਣ ਰਿਪੋਰਟ ਅਨੁਸਾਰ ਬਠਿੰਡਾ ਜ਼ਿਲ੍ਹੇ ਵਿੱਚ ਤਕਰੀਬਨ 60 ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੇ ਖ਼ੁਦਕਸ਼ੀ ਕੀਤੀ ਹੈ ਜਦੋਂ ਕਿ 40 ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਨੇ ਇਹ ਕਦਮ ਚੁੱਕਿਆ ਹੈ। ਕਿਸਾਨ ਧਿਰਾਂ ਮੁਤਾਬਕ ਇਸ ਸਰਵੇਖਣ 'ਚੋਂ ਵੱਡੀ ਗਿਣਤੀ ਵਿੱਚ ਖ਼ੁਦਕੁਸ਼ੀਆਂ ਵਾਲੇ ਕੇਸ ਬਾਹਰ ਰਹੇ ਹਨ। ਪੰਜਾਬ ਖੇਤੀ 'ਵਰਸਿਟੀ ਦੀ ਇਸ ਸਰਵੇਖਣ ਰਿਪੋਰਟ ਵਿੱਚ ਸਿਰਫ਼ ਸਾਲ 2000 ਤੋਂ 2008 ਤੱਕ ਦੇ ਖ਼ੁਦਕੁਸ਼ੀ ਕੇਸ ਹੀ ਹਨ।
            ਦੱਸਣਯੋਗ ਹੈ ਕਿ ਕਪਾਹ ਪੱਟੀ ਵਿੱਚ ਖੇਤੀ ਸੰਕਟ ਦੀ ਮਾਰ ਸਾਲ 1992 ਤੋਂ ਸ਼ੁਰੂ ਹੋਈ ਸੀ ਜਿਸ ਦਾ ਸਿਖਰ ਸਾਲ 1999 ਵਿੱਚ ਸੀ। ਭਾਵੇਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਹਾਲੇ ਤੱਕ ਨਹੀਂ ਰੁਕਿਆ ਹੈ ਪਰ ਜ਼ਿਆਦਾ ਖ਼ੁਦਕੁਸ਼ੀਆਂ ਸਾਲ 2000 ਤੋਂ ਪਹਿਲਾਂ ਹੀ ਹੋਈਆਂ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਕੇਸਾਂ ਨੂੰ ਸਰਵੇਖਣ ਤੋਂ ਬਾਹਰ ਰੱਖਿਆ ਹੈ। ਬਠਿੰਡਾ ਜ਼ਿਲ੍ਹੇ ਵਿੱਚ ਸਰਵੇਖਣ ਵਾਲੇ ਅੱਠ ਵਰ੍ਹਿਆਂ ਵਿੱਚ 137 ਔਰਤਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਿਸ 'ਚੋਂ 100 ਔਰਤਾਂ ਨੇ ਕਰਜ਼ੇ ਕਾਰਨ ਆਪਣੀ ਜਾਨ ਦਿੱਤੀ। ਬਾਕੀ ਔਰਤਾਂ ਦੀ ਖ਼ੁਦਕੁਸ਼ੀ ਦੇ ਕਾਰਨ ਕੁਝ ਹੋਰ ਸਨ ਪਰ ਉਨ੍ਹਾਂ ਦਾ ਮੂਲ ਕਾਰਨ ਵੀ ਆਰਥਿਕਤਾ ਹੀ ਕਹੀ ਜਾ ਸਕਦੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਵਾਲੇ ਤਲਵੰਡੀ ਸਾਬੋ ਬਲਾਕ ਵਿੱਚ ਔਰਤਾਂ ਨੇ ਸਭ ਤੋਂ ਜ਼ਿਆਦਾ ਖ਼ੁਦਕੁਸ਼ੀਆਂ ਕੀਤੀਆਂ ਹਨ। ਇਸ ਬਲਾਕ ਵਿੱਚ 32 ਕਿਸਾਨ-ਮਜ਼ਦੂਰ ਔਰਤਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਿਨ੍ਹਾਂ 'ਚੋਂ 90 ਫੀਸਦੀ ਔਰਤਾਂ ਨੇ ਕਰਜ਼ੇ ਕਾਰਨ ਮੌਤ ਨੂੰ ਗਲ ਲਾਇਆ ਹੈ। ਦੂਜੇ ਨੰਬਰ 'ਤੇ ਰਾਮਪੁਰਾ ਬਲਾਕ ਹੈ ਜਿਥੋਂ ਦੀਆਂ 27 ਔਰਤਾਂ ਨੇ ਖ਼ੁਦਕੁਸ਼ੀ ਕੀਤੀ ਹੈ। ਇਨ੍ਹਾਂ 'ਚੋਂ 17 ਕਿਸਾਨ ਔਰਤਾਂ ਹਨ ਜਦੋਂ ਕਿ 10 ਮਜ਼ਦੂਰ ਔਰਤਾਂ ਹਨ। ਪੰਜਾਬ ਸਰਕਾਰ ਵੱਲੋਂ ਇਸ ਜ਼ਿਲ੍ਹੇ ਵਿੱਚ 616 ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਨੂੰ ਇਕ ਇਕ ਲੱਖ ਰੁਪਏ ਦੀ ਮਾਲੀ ਇਮਦਾਦ ਭੇਜੀ ਗਈ ਹੈ। ਜੋ ਔਰਤਾਂ ਖੇਤੀ ਕਰਜ਼ਿਆਂ ਕਾਰਨ ਇਸ ਜਹਾਨ ਤੋਂ ਚਲੀਆਂ ਗਈਆਂ ਹਨ,ਉਨ੍ਹਾਂ ਦੇ ਲੜਕਿਆਂ ਨੂੰ ਸਰਕਾਰੀ ਮਦਦ ਦੇ ਚੈੱਕ ਦਿੱਤੇ ਗਏ ਹਨ। ਕਈ ਪਰਿਵਾਰ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਔਰਤਾਂ ਅਤੇ ਉਨ੍ਹਾਂ ਦੇ ਕਿਸਾਨ ਪਤੀ ਵੀ ਜ਼ਿੰਦਗੀ ਤੋਂ ਦੂਰ ਹੋਏ ਹਨ। ਜੋ ਔਰਤਾਂ ਕਰਜ਼ਿਆਂ ਕਾਰਨ ਖ਼ੁਦਕੁਸ਼ੀਆਂ ਕਰ ਗਈਆਂ ਹਨ,ਉਨ੍ਹਾਂ ਦੀ ਕਦੇ ਵੀ ਕਿਸੇ ਪਲੇਟਫਾਰਮ ਤੋਂ ਗੱਲ ਨਹੀਂ ਉੱਠੀ ਹੈ।
          ਪਿੰਡ ਜੇਠੂਕੇ ਦੀਆਂ ਚਾਰ ਔਰਤਾਂ ਦੀ ਖੇਤੀ ਸੰਕਟ ਨੇ ਜਾਨ ਲੈ ਲਈ ਹੈ। ਇਸ ਪਿੰਡ ਦੀ ਕਰਮਜੀਤ ਕੌਰ ਨੇ ਸਾਲ 2007 ਵਿੱਚ ਖ਼ੁਦਕੁਸ਼ੀ ਕਰ ਲਈ ਸੀ ਅਤੇ ਉਸ ਦੇ ਪਰਿਵਾਰ ਸਿਰ 80 ਹਜ਼ਾਰ ਰੁਪਏ ਦਾ ਕਰਜ਼ਾ ਸੀ ਅਤੇ ਇਸ ਪਰਿਵਾਰ ਕੋਲ ਸਿਰਫ ਡੇਢ ਏਕੜ ਜ਼ਮੀਨ ਬਚੀ ਹੈ। ਇਸੇ ਪਿੰਡ ਦੀ ਮਨਜੀਤ ਕੌਰ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ ਜਿਸ ਦੇ ਪਰਿਵਾਰ ਸਿਰ 3.37 ਲੱਖ ਰੁਪਏ ਦਾ ਕਰਜ਼ਾ ਹੈ। ਇਸ ਪਰਿਵਾਰ ਕੋਲ ਸਿਰਫ ਪੰਜ ਏਕੜ ਜ਼ਮੀਨ ਹੈ। ਇਸ ਪਿੰਡ ਦੀ ਸੁਖਪਾਲ ਕੌਰ ਨੇ ਵੀ ਖ਼ੁਦਕੁਸ਼ੀ ਕੀਤੀ ਹੈ। ਪਿੰਡ ਖੋਖਰ ਦੀ ਗੁਰਦਿਆਲ ਕੌਰ ਵੀ ਕਰਜ਼ੇ ਦਾ ਭਾਰ ਨਾ ਸਹਾਰ ਸਕੀ। ਉਸ ਦੇ ਪਰਿਵਾਰ ਸਿਰ 2.25 ਲੱਖ ਰੁਪਏ ਕਰਜ਼ਾ ਹੈ। ਪਿੰਡ ਚੱਕ ਰੁਲਦੂ ਸਿੰਘ ਵਾਲਾ ਦੀਆਂ ਦੋ ਔਰਤਾਂ ਰਾਜਬੀਰ ਕੌਰ ਅਤੇ ਸੁਖ ਦੇਵੀ ਵੀ ਕਰਜ਼ਿਆਂ ਦੇ ਜਾਲ ਵਿੱਚ ਫਸ ਕੇ ਆਪਣੀ ਜਾਨ ਗੁਆ ਬੈਠੀਆਂ। ਪਿੰਡ ਰਾਈਆ ਦੀ ਮਜ਼ਦੂਰ ਔਰਤ ਕੁਲਦੀਪ ਕੌਰ ਅਤੇ ਬਲਜੀਤ ਕੌਰ ਨੇ ਵੀ ਆਰਥਿਕ ਤੰਗੀ ਤੋਂ ਤੰਗ ਆ ਕੇ ਇਹ ਕਦਮ ਚੁੱਕ ਲਿਆ ਸੀ ਜਦੋਂ ਕਿ  ਮਾਨਸਾ ਕਲਾਂ ਦੀ ਰਾਣੀ ਕੌਰ ਵੀ ਇਸੇ ਰਾਹ ਚਲੀ ਗਈ। ਖੇਤੀ ਸੰਕਟ ਕਰਕੇ ਜੋ ਔਰਤਾਂ ਖ਼ੁਦਕੁਸ਼ੀ ਕਰ ਗਈਆਂ ਹਨ,ਉਨ੍ਹਾਂ ਦੇ ਬੱਚਿਆਂ ਨੂੰ ਦੂਹਰੀ ਮਾਰ ਝੱਲਣੀ ਪਈ ਹੈ। ਇਕ ਤਾਂ ਇਨ੍ਹਾਂ ਬੱਚਿਆਂ ਸਿਰ ਕਰਜ਼ੇ ਦਾ ਭਾਰ ਵੱਧ ਗਿਆ ਹੈ ਅਤੇ ਦੂਜਾ ਇਨ੍ਹਾਂ ਨੂੰ ਮਾਂ ਦੇ ਪਿਆਰ ਤੋਂ ਵਾਂਝੇ ਹੋਣਾ ਪਿਆ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਉਂਝ ਤਾਂ ਔਰਤਾਂ ਵਿੱਚ ਸਹਿਣਸ਼ੀਲਤਾ ਕਾਫੀ ਜ਼ਿਆਦਾ ਹੁੰਦੀ ਹੈ ਪਰ ਖੇਤੀ ਸੰਕਟ ਅੱਗੇ ਉਹ ਵੀ ਹਾਰ ਗਈਆਂ ਹਨ।

No comments:

Post a Comment