Monday, June 10, 2013

                                     ਦਿੱਲੀ ਦੂਰ
     ਅਕਾਲੀ ਸਸਤੀ ਜ਼ਮੀਨ ਲਈ ਤਰਲੋਮੱਛੀ
                                  ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਸਸਤੀ ਜ਼ਮੀਨ ਲੈਣ ਲਈ ਤਰਲੋਮੱਛੀ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਕੋਲੋਂ ਦਿੱਲੀ ਵਿੱਚ ਪਾਰਟੀ ਦਫ਼ਤਰ ਬਣਾਉਣ ਲਈ ਜ਼ਮੀਨ ਦੀ ਮੰਗ ਕੀਤੀ ਹੈ। ਬਾਕੀ ਖੇਤਰੀ ਪਾਰਟੀਆਂ ਵੀ ਦਿੱਲੀ ਵਿੱਚ ਆਪਣਾ ਅੱਡਾ ਕਾਇਮ ਕਰਨ ਲਈ ਯਤਨ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਰਾਜਧਾਨੀ 'ਚ ਆਪਣਾ ਪਾਰਟੀ ਦਫ਼ਤਰ ਖੋਲ੍ਹਣਾ ਚਾਹੁੰਦਾ ਹੈ ਜਿਸ ਲਈ ਉਸ ਨੂੰ ਆਪਣੀ ਪਸੰਦ ਦੀ ਜਗ੍ਹਾ ਨਹੀਂ ਮਿਲ ਰਹੀ। ਕੇਂਦਰੀ ਸ਼ਹਿਰੀ ਮੰਤਰਾਲੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਦਿੱਲੀ 'ਚ ਗੋਲ ਮਾਰਕੀਟ ਨੇੜੇ ਪਾਰਟੀ ਦਫ਼ਤਰ ਲਈ ਜਗ੍ਹਾ ਮੰਗੀ ਹੈ। ਕੇਂਦਰੀ ਸ਼ਹਿਰੀ ਮੰਤਰਾਲੇ ਨੇ ਆਖਿਆ ਹੈ ਕਿ ਗੋਲ ਮਾਰਕੀਟ ਨੇੜੇ ਕੋਈ ਜਗ੍ਹਾ ਖਾਲੀ ਨਹੀਂ ਹੈ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਕੇਸ ਪੈਂਡਿੰਗ ਰੱਖਿਆ ਗਿਆ ਹੈ। ਇਕੱਲਾ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ ਬਲਕਿ ਨੈਸ਼ਨਲਿਸਟ ਕਾਂਗਰਸ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਸ਼ਿਵ ਸੈਨਾ ਪਾਰਲੀਮੈਂਟਰੀ ਪਾਰਟੀ ਆਪੋ ਆਪਣੀ ਮਨਪਸੰਦ ਜਗ੍ਹਾ 'ਤੇ ਪਾਰਟੀ ਦਫ਼ਤਰ ਬਣਾਉਣਾ ਚਾਹੁੰਦੀਆਂ ਹਨ ਪਰ ਖਾਲੀ ਜਗ੍ਹਾ ਨਹੀਂ ਮਿਲ ਰਹੀ।
              ਕੇਂਦਰੀ ਸ਼ਹਿਰੀ ਮੰਤਰਾਲਾ, ਨਵੀਂ ਦਿੱਲੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਗਈ ਜਾਣਕਾਰੀ ਮੁਤਾਬਕ ਨਵੀਂ ਦਿੱਲੀ ਵਿੱਚ ਹੁਣ ਤੱਕ 11 ਕੌਮੀ ਅਤੇ ਖੇਤਰੀ ਪਾਰਟੀਆਂ ਨੂੰ ਦਫ਼ਤਰ ਬਣਾਉਣ ਲਈ ਜਗ੍ਹਾ ਅਲਾਟ ਕੀਤੀ ਜਾ ਚੁੱਕੀ ਹੈ ਜਦੋਂ ਕਿ ਚਾਰ ਸਿਆਸੀ ਪਾਰਟੀਆਂ ਹਾਲੇ ਕਤਾਰ ਵਿੱਚ ਹਨ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਗੋਲ ਮਾਰਕੀਟ ਲਾਗੇ ਪਾਰਟੀ ਦਫਤਰ ਬਣਾਉਣਾ ਚਾਹੁੰਦਾ ਹੈ ਜਦੋਂ ਕਿ ਬਹੁਜਨ ਸਮਾਜ ਪਾਰਟੀ, ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਸ਼ਿਵ ਸੈਨਾ ਪਾਰਲੀਮੈਂਟਰੀ ਪਾਰਟੀ ਨੇ ਡੀ.ਡੀ.ਯੂ. ਮਾਰਗ ਵਿਖੇ ਦਫ਼ਤਰ ਖੋਲ੍ਹਣ ਲਈ ਕੇਂਦਰ ਸਰਕਾਰ ਤੋਂ ਜਗ੍ਹਾ ਮੰਗੀ ਹੈ। ਕੇਂਦਰ ਸਰਕਾਰ ਨੇ ਇਹ ਕੇਸ ਪੈਂਡਿੰਗ ਰੱਖ ਲਏ ਹਨ। ਕੇਂਦਰੀ ਸ਼ਹਿਰੀ ਮੰਤਰਾਲੇ ਨੇ ਸਭ ਤੋਂ ਪਹਿਲਾਂ 2 ਦਸੰਬਰ,1967 ਨੂੰ ਕੋਟਲਾ ਰੋਡ 'ਤੇ 0.3 ਏਕੜ ਜਗ੍ਹਾ ਕਮਿਊਨਿਸਟ ਪਾਰਟੀ ਆਫ ਇੰਡੀਆ ਨੂੰ ਅਲਾਟ ਕੀਤੀ ਸੀ। ਕਾਂਗਰਸ ਪਾਰਟੀ ਨੂੰ ਦਫ਼ਤਰ ਲਈ ਡਾ.ਰਜਿੰਦਰ ਪ੍ਰਸਾਦ ਰੋਡ 'ਤੇ 8 ਸਤੰਬਰ, 1975 ਨੂੰ 4736.1 ਵਰਗ ਫੁੱਟ ਅਤੇ ਫਿਰ 21 ਦਸੰਬਰ, 1976 ਨੂੰ 4583.32 ਵਰਗ ਫੁੱਟ ਜਗ੍ਹਾ ਅਲਾਟ ਕੀਤੀ ਗਈ ਸੀ। 19 ਨਵੰਬਰ, 2007 ਨੂੰ ਤੀਸਰੀ ਵਾਰ ਕਾਂਗਰਸ ਪਾਰਟੀ ਨੂੰ ਦਫ਼ਤਰ ਲਈ 8093 ਵਰਗ ਗਜ਼ ਜਗ੍ਹਾ ਅਲਾਟ ਕੀਤੀ ਗਈ ਹੈ। ਮਾਰਕਸਵਾਦੀ ਪਾਰਟੀ ਨੂੰ ਮਾਰਕੀਟ ਰੋਡ 'ਤੇ ਪਹਿਲਾਂ 22 ਨਵੰਬਰ,1983 ਨੂੰ 1197.33 ਵਰਗ ਗਜ਼ ਅਤੇ ਫਿਰ 11 ਦਸੰਬਰ, 2008 ਨੂੰ 2534.46 ਵਰਗ ਗਜ਼ ਜਗ੍ਹਾ ਦਫ਼ਤਰ ਲਈ ਅਲਾਟ ਕੀਤੀ ਗਈ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਵੱਖਰੇ ਤੌਰ 'ਤੇ 1127.78 ਵਰਗ ਗਜ਼ ਥਾਂ ਦਫ਼ਤਰ ਲਈ ਰਾਓਜ਼ ਐਵਨਿਊ 'ਚ ਅਲਾਟ ਕੀਤੀ ਗਈ ਹੈ।
                ਵੇਰਵਿਆਂ ਅਨੁਸਾਰ ਭਾਜਪਾ ਨੇ ਆਪਣੀ ਸੱਤਾ ਸਮੇਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਦਫ਼ਤਰ ਲਈ ਡਾ.ਰਜਿੰਦਰ ਪ੍ਰਸਾਦ ਰੋਡ ਨੇੜੇ 8 ਮਾਰਚ, 2001 ਨੂੰ 1.87 ਏਕੜ ਜਗ੍ਹਾ ਅਲਾਟ ਕਰਾਈ ਸੀ। ਭਾਜਪਾ ਦੇ ਦਿੱਲੀ ਰਾਜ ਪਾਰਟੀ ਦੇ ਦਫ਼ਤਰ ਲਈ ਕੇਂਦਰ ਸਰਕਾਰ ਨੇ 12 ਮਈ, 2010 ਨੂੰ 1060.80 ਵਰਗ ਗਜ਼ ਜਗ੍ਹਾ ਅਲਾਟ ਕੀਤੀ ਹੈ। ਰਾਸ਼ਟਰੀ ਜਨਤਾ ਦਲ ਨੂੰ ਦਫ਼ਤਰ ਲਈ 3 ਜੁਲਾਈ, 2007 ਨੂੰ ਕੋਟਲਾ ਰੋਡ 'ਤੇ 1904 ਵਰਗ ਗਜ਼ ਜਗ੍ਹਾ ਅਲਾਟ ਕੀਤੀ ਗਈ ਹੈ। ਸਮਾਜਵਾਦੀ ਪਾਰਟੀ ਨੂੰ ਦਫ਼ਤਰ ਲਈ ਇਕ ਏਕੜ ਜਗ੍ਹਾ ਵਸੰਤ ਕੁੰਜ ਵਿੱਚ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ 1 ਮਾਰਚ, 2011 ਨੂੰ 1000 ਵਰਗ ਗਜ਼ ਜਗ੍ਹਾ ਡੀ.ਡੀ.ਯੂ. ਮਾਰਗ 'ਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਨੂੰ ਦਫ਼ਤਰ ਲਈ ਅਲਾਟ ਕੀਤੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਆਲ ਇੰਡੀਆ ਏ.ਡੀ.ਐਮ.ਕੇ. ਨੂੰ 1008 ਵਰਗ ਗਜ਼ ਜਗ੍ਹਾ 30 ਜੁਲਾਈ, 2010 ਨੂੰ ਅਲਾਟ ਕੀਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਵੀ ਹੁਣ ਕੌਮੀ ਰਾਜਧਾਨੀ ਵਿੱਚ ਆਪਣਾ ਪਾਰਟੀ ਦਫ਼ਤਰ ਬਣਾ ਕੇ ਕੌਮੀ ਸਿਆਸਤ ਨਾਲ ਜੁੜਨਾ ਚਾਹੁੰਦਾ ਹੈ।ਕੇਂਦਰੀ ਸ਼ਹਿਰੀ ਮੰਤਰਾਲੇ ਵੱਲੋਂ 13 ਜੁਲਾਈ, 2006 ਨੂੰ ਸਿਆਸੀ ਧਿਰਾਂ ਨੂੰ ਪਾਰਟੀ ਦਫ਼ਤਰ ਲਈ ਜਗ੍ਹਾ ਦੇਣ ਵਾਸਤੇ ਬਕਾਇਦਾ ਨਵੇਂ ਸਿਰਿਓਂ ਨੀਤੀ ਬਣਾਈ ਗਈ ਹੈ ਜਿਸ ਤਹਿਤ ਕੌਮੀ ਅਤੇ ਖੇਤਰੀ ਪਾਰਟੀਆਂ ਚੋਣ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਹੋਣੀਆਂ ਜ਼ਰੂਰੀ ਹਨ। ਜਿਹੜੀਆਂ ਖੇਤਰੀ ਪਾਰਟੀਆਂ ਦੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਘੱਟੋਂ ਘੱਟ 7 ਮੈਂਬਰ ਹਨ, ਉਹ ਕੌਮੀ ਰਾਜਧਾਨੀ ਵਿੱਚ ਜਗ੍ਹਾ ਲੈਣ ਲਈ ਅਪਲਾਈ ਕਰ ਸਕਦੀਆਂ ਹਨ।
            ਨਵੀਂ ਨੀਤੀ ਮੁਤਾਬਕ ਜਿਹੜੀ ਪਾਰਟੀ ਕੋਲ 15 ਐਮ.ਪੀ. ਹੋਣਗੇ, ਉਸ ਨੂੰ 500 ਵਰਗ ਗਜ਼ ਜਗ੍ਹਾ ਦੇਣ ਲਈ ਵਿਚਾਰਿਆ ਜਾਵੇਗਾ। 16 ਤੋਂ 25 ਐਮ.ਪੀ. ਵਾਲੀ ਪਾਰਟੀ ਨੂੰ 1000 ਵਰਗ ਗਜ਼ ਜਗ੍ਹਾ ਲਈ ਅਤੇ 26 ਤੋਂ 50 ਐਮ.ਪੀ. ਵਾਲੀ ਪਾਰਟੀ ਨੂੰ 2000 ਵਰਗ ਗਜ਼ ਜਗ੍ਹਾ ਦੇਣ ਲਈ ਵਿਚਾਰਿਆ ਜਾਵੇਗਾ। ਇਸੇ ਤਰ੍ਹਾਂ 51 ਤੋਂ 100 ਐਮ.ਪੀ. ਵਾਲੀ ਪਾਰਟੀ ਨੂੰ 1 ਏਕੜ ਜਗ੍ਹਾ, 101 ਤੋਂ 200 ਐਮ.ਪੀ. ਵਾਲੀ ਪਾਰਟੀ ਨੂੰ ਦੋ ਏਕੜ ਜਗ੍ਹਾ ਦਫ਼ਤਰ ਲਈ ਦੇਣ ਵਾਸਤੇ ਵਿਚਾਰਿਆ ਜਾਵੇਗਾ। ਜਿਹੜੀ ਪਾਰਟੀ ਕੋਲ 201 ਜਾਂ ਇਸ ਤੋਂ ਜ਼ਿਆਦਾ ਐਮ.ਪੀ. ਹੋਣਗੇ, ਉਸ ਨੂੰ ਚਾਰ ਏਕੜ ਜਗ੍ਹਾ ਪਾਰਟੀ ਦਫ਼ਤਰ ਲਈ ਦੇਣ ਵਾਸਤੇ ਵਿਚਾਰਿਆ ਜਾਵੇਗਾ।

No comments:

Post a Comment