Tuesday, June 4, 2013


                          ਬੰਧਨ ਮੁਕਤ ਫੰਡ
            ਚਹੇਤਿਆਂ ਦੀ ਮੁੱਠੀ ਵਿੱਚ ਕੈਦ
                         ਚਰਨਜੀਤ ਭੁੱਲਰ
ਬਠਿੰਡਾ :  ਮੁੱਖ ਮੰਤਰੀ ਪੰਜਾਬ ਨੇ ਬੰਧਨ ਮੁਕਤ ਫੰਡ ਆਪਣਿਆਂ'ਨੂੰ ਹੀ ਵੰਡ ਦਿੱਤੇ ਹਨ। ਉਪ ਮੁੱਖ ਮੰਤਰੀ ਪੰਜਾਬ ਨੇ ਆਪਣੇ ਹਲਕੇ ਵਿੱਚ ਇਨ੍ਹਾਂ ਫੰਡਾਂ ਦੇ ਗੱਫੇ ਦੇ ਦਿੱਤੇ ਹਨ। ਵਿੱਤ ਮੰਤਰੀ ਪੰਜਾਬ ਨੇ ਵੀ ਇਸੇ ਤਰ੍ਹਾਂ ਹੀ ਕੀਤੀ ਹੈ ਉਨ੍ਹਾਂ ਨੇ ਵੀ ਬੰਧਨ ਮੁਕਤ ਫੰਡਾਂ ਨੂੰ ਜ਼ਿਲ੍ਹਾ ਸੰਗਰੂਰ ਤੋਂ ਬਾਹਰ ਨਹੀਂ ਕੱਢਿਆ। ਅਕਾਲੀ ਭਾਜਪਾ ਸਰਕਾਰ ਨੇ ਆਪਣੀ ਦੂਸਰੀ ਪਾਰੀ ਦੀ ਸ਼ੁਰੂਆਤ ਆਪਣਿਆਂ ਦੀ ਝੋਲੀ ਫੰਡ ਪਾ ਕੇ ਕੀਤੀ ਹੈ। ਦੂਸਰੀ ਪਾਰੀ ਦੇ ਪਹਿਲੇ ਮਾਲੀ ਵਰ੍ਹੇ 20012 -13 ਦੌਰਾਨ ਬਾਦਲ ਪਰਿਵਾਰ ਨੇ ਪੰਜਾਬ ਦੇ ਲੋਕਾਂ ਨੂੰ ਬੰਧਨ ਮੁਕਤ ਫੰਡ ਦੇਣ ਤੋਂ ਹੱਥ ਘੁੱਟ ਲਿਆ ਹੈ ਜਦੋਂ ਕਿ ਆਪੋ ਆਪਣੇ ਹਲਕਿਆਂ ਵਿੱਚ ਖੁੱਲ੍ਹੇ ਗੱਫੇ ਵਰਤਾ ਦਿੱਤੇ ਹਨ। ਭਾਵੇਂ ਬੰਧਨ ਮੁਕਤ ਫੰਡ ਪਹਿਲਾਂ ਵੀ ਸਿਰਫ ਵੀ.ਵੀ. ਆਈ.ਪੀ ਹਲਕਿਆਂ 'ਚੋਂ ਬਾਹਰ ਘੱਟ ਨਿਕਲਦੇ ਹਨ ਪ੍ਰੰਤੂ ਲੰਘੇ ਮਾਲੀ ਵਰ੍ਹੇ ਤਾਂ ਇਨ੍ਹਾਂ ਫੰਡਾਂ ਨੂੰ ਬਿਲਕੁਲ ਹੀ ਸੀਮਤ ਕਰ ਦਿੱਤਾ ਗਿਆ ਹੈ। ਲੰਘੇ ਇੱਕ ਵਰ੍ਹੇ ਵਿੱਚ 15 ਕਰੋੜ ਰੁਪਏ ਦਾ ਬੰਧਨ ਮੁਕਤ ਫੰਡ ਵੰਡਿਆ ਗਿਆ ਹੈ। ਸਰਕਾਰੀ ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਰ੍ਹੇ ਵਿੱਚ 10 ਕਰੋੜ ਰੁਪਏ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 3 ਕਰੋੜ ਰੁਪਏ ਅਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 2 ਕਰੋੜ ਰੁਪਏ ਬੰਧਨ ਮੁਕਤ ਫੰਡਾਂ 'ਚੋਂ ਵੰਡੇ ਹਨ।  ਬੰਧਨ ਮੁਕਤ ਫੰਡ ਪੰਜਾਬ ਦੇ ਸਿਰਫ ਪੰਜ ਜ਼ਿਲ੍ਹਿਆਂ ਵਿੱਚ ਹੀ ਵੰਡੇ ਗਏ ਹਨ ਜਿਨ੍ਹਾਂ 'ਚੋਂ ਵੱਡਾ ਹਿੱਸਾ ਤਾਂ ਸਿਰਫ ਤਿੰਨ ਜ਼ਿਲ੍ਹਿਆਂ ਵਿਚ ਹੀ ਵੰਡਿਆ ਗਿਆ ਹੈ ਜਿਨ੍ਹਾਂ ਵਿੱਚ ਮੁਕਤਸਰ, ਫਾਜ਼ਿਲਕਾ/ਜਲਾਲਾਬਾਦ ਅਤੇ ਸੰਗਰੂਰ ਜ਼ਿਲ੍ਹਾ ਸ਼ਾਮਲ ਹੈ। 
              ਮੁੱਖ ਮੰਤਰੀ ਪੰਜਾਬ ਸਾਲ 2012-13 ਦੌਰਾਨ ਆਪਣੇ 10 ਕਰੋੜ ਰੁਪਏ ਦੇ ਬੰਧਨ ਮੁਕਤ ਫੰਡਾਂ 'ਚੋਂ ਸਿਰਫ 14.71 ਲੱਖ ਰੁਪਏ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਹਲਕੇ ਨੂੰ ਦਿੱਤੇ ਹਨ। ਬਾਕੀ ਸਾਰੇ ਫੰਡ ਜ਼ਿਲ੍ਹਾ ਮੁਕਤਸਰ ਵਿੱਚ ਵੰਡੇ ਗਏ ਹਨ ਜਿਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਹਲਕਾ ਲੰਬੀ ਅਤੇ ਗਿੱਦੜਬਾਹਾ ਨੂੰ ਦਿੱਤੇ ਗਏ ਹਨ। ਬਠਿੰਡਾ ਜ਼ਿਲ੍ਹੇ ਦੇ ਸਿਰਫ ਇੱਕ ਪਿੰਡ ਕਾਲਝਰਾਨੀ ਨੂੰ ਇਹ ਗਰਾਂਟ ਨਸੀਬ ਹੋਈ ਹੈ। ਮੁੱਖ ਮੰਤਰੀ ਪੰਜਾਬ ਵਲੋਂ ਛੋਟੇ ਛੋਟੇ ਕੰਮਾਂ ਵਾਸਤੇ ਲੱਖਾਂ ਰੁਪਏ ਦੀ ਗਰਾਂਟ ਵੰਡੀ ਹੈ। 210 ਕੰਮਾਂ ਵਾਸਤੇ ਮੁੱਖ ਮੰਤਰੀ ਨੇ ਇਹ 10 ਕਰੋੜ ਰੁਪਏ ਵੰਡੇ ਹਨ। ਢਾਣੀਆਂ ਨੂੰ ਇੱਟਾਂ ਦੇ ਖੜਵੰਜੇ ਲਗਾਉਣ ਲਈ 16 ਗਰਾਂਟਾਂ ਦਿੱਤੀਆਂ ਗਈਆਂ ਹਨ ਜਦੋਂ ਕਿ 62 ਗਰਾਂਟਾਂ ਪਿੰਡਾਂ ਨੂੰ ਭਾਂਡੇ, ਕੁਰਸੀਆਂ ਅਤੇ ਟੈਂਟ ਖਰੀਦਣ ਵਾਸਤੇ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਮੰਡੀ ਕਿਲਿਆ ਵਾਲੀ ਦੀ ਬਾਦਲ ਕਲੋਨੀ ਵਿੱਚ ਕੰਕਰੀਟ ਦੀਆਂ ਗਲੀਆਂ ਬਣਾਉਣ ਵਾਸਤੇ ਇਨ੍ਹਾਂ ਫੰਡਾਂ 'ਚੋਂ 68 ਲੱਖ ਰੁਪਏ ਦੀ ਗਰਾਂਟ ਦਿੱਤੀ ਹੈ। ਪਿੰਡ ਕਾਉਣੀ ਨੂੰ 100 ਕੁਰਸੀਆਂ ਖਰੀਦਣ ਵਾਸਤੇ 53 ਹਜ਼ਾਰ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਬਾਕੀ ਫੰਡ ਵੀ ਛੱਪੜਾਂ ਦੀ ਚਾਰਦਵਾਰੀ, ਸ਼ੈੱਡਾਂ, ਆਂਗਨਵਾੜੀ ਸੈਂਟਰਾਂ ਅਤੇ ਸ਼ਮਸ਼ਾਨਘਾਟਾਂ ਨੂੰ ਹੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਦਸੰਬਰ 2012 ਤੋਂ  ਮਗਰੋਂ ਹੀ ਇਹ ਫੰਡ ਵੰਡੇ ਹਨ।
               ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਤਿੰਨ ਕਰੋੜ ਰੁਪਏ ਦੇ ਫੰਡ ਇੱਕ ਸਾਲ ਵਿੱਚ ਬੰਧਨ ਮੁਕਤ ਫੰਡਾਂ 'ਚੋਂ ਵੰਡੇ ਹਨ ਜਿਨ੍ਹਾਂ 'ਚੋਂ 1.37 ਕਰੋੜ ਰੁਪਏ ਦੇ ਫੰਡ ਤਾਂ ਉਨ੍ਹਾਂ ਨੇ ਆਪਣੇ ਅਸੈਂਬਲੀ ਹਲਕੇ ਜਲਾਲਾਬਾਦ/ਫਾਜ਼ਿਲਕਾ ਨੂੰ ਦਿੱਤੇ ਹਨ ਜਦੋਂ ਕਿ ਬਾਕੀ 1.62 ਕਰੋੜ ਰੁਪਏ ਦੀ ਰਾਸ਼ੀ ਉਨ੍ਹਾਂ ਨੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹਲਕੇ ਵਿੱਚ ਵੰਡੀ ਹੈ। ਇਸ 'ਚੋਂ ਸਿਰਫ ਜ਼ਿਲ੍ਹਾ ਮੋਗਾ ਨੂੰ 20 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਪੰਜਾਬ ਦੇ ਹੋਰ ਕਿਸੇ ਜ਼ਿਲ੍ਹੇ ਦੇ ਹਿੱਸੇ ਇਹ ਗਰਾਂਟ ਨਹੀਂ ਆ ਸਕੀ ਹੈ। ਉਨ੍ਹਾਂ ਨੇ ਜਲਾਲਾਬਾਦ ਹਲਕੇ ਵਿੱਚ 11 ਗਰਾਂਟਾਂ ਤਾਂ ਸ਼ਮਸ਼ਾਨਘਾਟਾਂ ਵਾਸਤੇ ਹੀ ਦਿੱਤੀਆਂ ਹਨ। ਜ਼ਿਲ੍ਹਾ ਬਠਿੰਡਾ ਨੂੰ 14 ਜਨਵਰੀ 2013 ਨੂੰ 52.95 ਲੱਖ ਰੁਪਏ ਦੀ ਗਰਾਂਟ ਮੋਘਿਆਂ ਤੇ ਟਿਊਬਵੈਲ ਲਗਾਉਣ ਲਈ ਦਿੱਤੀ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀ ਬਾਘਾ ਨੂੰ 50 ਲੱਖ ਰੁਪਏ ਦੀ ਗਰਾਂਟ ਕੋਟਲਾ ਨਹਿਰ ਤੇ ਪੁਲ ਉਸਾਰਨ ਵਾਸਤੇ ਦਿੱਤੀ ਹੈ।
              ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਹੇ। ਉਨ੍ਹਾਂ ਬੰਧਨ ਮੁਕਤ ਫੰਡਾਂ ਦੇ 2 ਕਰੋੜ ਰੁਪਏ 'ਚੋਂ 1.90 ਕਰੋੜ ਰੁਪਏ ਇਕੱਲੇ ਜ਼ਿਲ੍ਹਾ ਸੰਗਰੂਰ ਵਿੱਚ ਹੀ ਵੰਡੇ ਹਨ। ਉਨ੍ਹਾਂ ਨੇ ਸਿਰਫ ਦੋ ਗਰਾਂਟਾਂ ਪੰਜ ਪੰਜ ਲੱਖ ਰੁਪਏ ਜ਼ਿਲ੍ਹਾ ਜਲੰਧਰ ਅਤੇ ਗੁਰਦਾਸਪੁਰ ਨੂੰ ਦਿੱਤੀਆਂ ਹਨ। ਉਨ੍ਹਾਂ ਨੇ ਜ਼ਿਆਦਾ ਗਰਾਂਟਾਂ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਵਾਸਤੇ ਦਿੱਤੀਆਂ ਹਨ।  ਹਾਲਾਂਕਿ ਇਹ ਆਗੂ ਤਾਂ ਸਾਰੇ ਪੰਜਾਬ ਦੇ ਹਨ ਪ੍ਰੰਤੂ ਫੰਡਾਂ ਦੀ ਮਿਹਰ ਸਿਰਫ ਆਪਣਿਆਂ ਹਲਕਿਆਂ 'ਤੇ ਹੀ ਕਰ ਰਹੇ ਹਨ ਜੋ ਕਿ ਬਾਕੀ ਪੰਜਾਬ ਨਾਲ ਵਿਤਕਰਾ ਹੈ।
                            ਬੰਧਨ ਮੁਕਤ ਫੰਡਾਂ ਨੇ ਸੜਕ ਨੂੰ ਚਾਰ ਚੰਨ ਲਾਏ
ਬੰਧਨ ਮੁਕਤ ਫੰਡਾਂ ਨੇ ਪਿੰਡ ਬਾਦਲ ਵਾਲੀ ਵੀ.ਆਈ.ਪੀ ਸੜਕ ਨੂੰ ਚਾਰ ਚੰਨ ਲਗਾ ਦਿੱਤੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਬੰਧਨ ਮੁਕਤ ਫੰਡਾਂ 'ਚੋਂ 40 ਲੱਖ ਰੁਪਏ ਬਾਦਲ ਬਠਿੰਡਾ ਸੜਕ ਦੀ ਬਿਊਟੀਫਿਕੇਸ਼ਨ ਅਤੇ ਅਪਗ੍ਰੇਡੇਸ਼ਨ ਵਾਸਤੇ ਹੀ ਦਿੱਤੇ ਹਨ। ਜੰਗਲਾਤ ਮਹਿਕਮੇ ਵਲੋਂ ਇਸ ਸੜਕ 'ਤੇ ਬਹੁਤ ਹੀ ਚੰਗੇ ਫੁੱਲਦਾਰ ਪੌਦੇ ਲਗਾਏ ਗਏ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਵੀ.ਪੀ.ਆਈ. ਸੜਕ ਦੇ ਕੁਝ ਹਿੱਸੇ ਵਿੱਚ ਸੜਕ ਦੇ ਦੋਵੇਂ ਪਾਸੇ ਇੰਟਰਲਾਕਿੰਗ ਪੇਵਰ ਆਦਿ ਲਗਾਉਣ ਲਈ 19 ਮਾਰਚ 2012 ਨੂੰ ਬੰਧਨ ਮੁਕਤ ਫੰਡਾਂ 'ਚੋਂ 68.37 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ।

No comments:

Post a Comment