Friday, June 7, 2013

                               ਘਟੀਆ ਕੁਆਲਟੀ
            ਪਾਵਰਕੌਮ ਵਿੱਚ ‘ਕੋਲਾ ਸਕੈਂਡਲ’
                                ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਤਾਪ ਬਿਜਲੀ ਘਰਾਂ ਨੂੰ ਕੋਲਾ ਸਪਲਾਈ ਕਰਨ ਵਾਲੀ ਕੰਪਨੀ 'ਤੇ ਪਾਵਰਕੌਮ ਮਿਹਰਬਾਨ ਹੈ। ਪੰਜਾਬ ਦੇ ਤਾਪ ਬਿਜਲੀ ਘਰਾਂ ਨੂੰ ਪ੍ਰਾਈਵੇਟ ਕੰਪਨੀ ਮੈਸਰਜ ਪੈਨਮ ਵੱਲੋਂ ਕੋਲਾ ਸਪਲਾਈ ਕੀਤਾ ਜਾਂਦਾ ਹੈ। ਕੰਪਨੀ ਵੱਲੋਂ ਸਮੇਂ ਸਿਰ ਅਤੇ ਪੂਰਾ ਕੋਲਾ ਸਪਲਾਈ ਨਾ ਕਰਨ ਕਰਕੇ ਪਾਵਰਕੌਮ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਪਰ ਪਾਵਰਕੌਮ ਨੇ ਹਾਲੇ ਤੱਕ ਕੰਪਨੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪਾਵਰਕੌਮ ਦੀ ਝਾਰਖੰਡ ਵਿੱਚ ਪਛਵਾੜਾ ਕੋਲਾ ਖਾਣ ਹੈ, ਜਿਸ ਦਾ ਪ੍ਰਬੰਧ ਸਾਲ 2006 ਤੋਂ ਪੈਨਮ ਕੰਪਨੀ ਕੋਲ ਹੈ। ਪਾਵਰਕੌਮ ਵੱਲੋਂ ਨਵਾਂ ਮਾਲੀ ਵਰ੍ਹਾ ਸ਼ੁਰੂ ਹੋਣ ਤੋਂ ਤਿੰਨ ਮਹੀਨੇ ਪਹਿਲਾਂ ਹੀ ਪੂਰੇ ਸਾਲ ਦੀ ਕੋਲਾ ਖਰੀਦ ਪਲਾਨ ਦੇ ਦਿੱਤੀ ਜਾਂਦੀ ਹੈ। ਇਸ ਕੰਪਨੀ ਨਾਲ ਹੋਏ ਕੋਲਾ ਖਰੀਦ ਸਮਝੌਤੇ ਅਨੁਸਾਰ ਜੇ ਕੋਲਾ ਖਰੀਦ ਪਲਾਨ ਮੁਤਾਬਕ ਕੰਪਨੀ ਵੱਲੋਂ ਸਪਲਾਈ ਨਹੀਂ ਦਿੱਤੀ ਜਾਂਦੀ ਤਾਂ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਤਾਪ ਬਿਜਲੀ ਘਰਾਂ ਵਿੱਚ ਉਤਪਾਦਨ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਇਸ ਕੰਪਨੀ ਨੂੰ ਡੈਮੇਜ ਪਾ ਸਕਦੇ ਹਨ। ਜੁਲਾਈ 2012 ਤੋਂ ਇਸ ਕੰਪਨੀ ਵੱਲੋਂ ਕੋਲਾ ਪਲਾਨ ਮੁਤਾਬਕ ਤਾਪ ਬਿਜਲੀ ਘਰਾਂ ਨੂੰ ਸਪਲਾਈ ਨਹੀਂ ਦਿੱਤੀ ਜਾ ਰਹੀ, ਜਿਸ ਕਰ ਕੇ ਥਰਮਲਾਂ ਵਿੱਚ ਬਿਜਲੀ ਉਤਪਾਦਨ ਪ੍ਰਭਾਵਤ ਹੋਇਆ ਹੈ।
               ਸੂਤਰਾਂ ਅਨੁਸਾਰ ਪਾਵਰਕੌਮ ਵੱਲੋਂ ਪਿਛਲੇ ਇਕ ਸਾਲ ਵਿੱਚ ਪੈਨਮ ਕੰਪਨੀ ਨੂੰ ਕੋਈ ਡੈਮੇਜ ਨਹੀਂ ਪਾਇਆ ਗਿਆ, ਜੋ ਕਰੋੜਾਂ ਰੁਪਏ ਵਿੱਚ ਬਣਦਾ ਹੈ। ਕੋਲਾ ਖਰੀਦ ਸਮਝੌਤੇ ਵਿੱਚ ਤਾਂ ਇੱਥੋਂ ਤੱਕ ਦਰਜ ਹੈ ਕਿ ਜੇ ਪੈਨਮ ਦੀ ਅਣਗਹਿਲੀ ਕਰਕੇ ਪਾਵਰਕੌਮ ਨੂੰ ਕਿਸੇ ਹੋਰ ਕੰਪਨੀ ਤੋਂ ਵੱਧ ਭਾਅ 'ਤੇ ਕੋਲਾ ਖਰੀਦਣਾ ਪੈਂਦਾ ਹੈ ਤਾਂ ਉਸ ਦੀ ਪੂਰਤੀ ਵੀ ਪੈਨਮ ਨੇ ਕਰਨੀ ਹੈ। ਘੱਟ ਅਤੇ ਮਾੜੀ ਸਪਲਾਈ ਕਰਨ ਬਦਲੇ ਪਾਵਰਕੌਮ ਵੱਲੋਂ ਇਸ ਕੰਪਨੀ ਦਾ ਕੋਲਾ ਖਰੀਦ ਸਮਝੌਤਾ ਰੱਦ ਕੀਤਾ ਜਾ ਸਕਦਾ ਹੈ ਅਤੇ ਹੋਰ ਕੰਪਨੀ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ ਪਰ ਪਾਵਰਕੌਮ ਨੇ ਅਜਿਹਾ ਨਹੀਂ ਕੀਤਾ।ਪੈਨਮ ਕੰਪਨੀ ਵੱਲੋਂ ਤਾਪ ਬਿਜਲੀ ਘਰਾਂ ਨੂੰ ਸਪਲਾਈ ਕੀਤੇ ਜਾਂਦੇ ਘਟੀਆ ਕੋਲਾ ਤੋਂ ਉਦੋਂ ਪਰਦਾ ਉਠਿਆ, ਜਦੋਂ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਪ੍ਰਬੰਧਕਾਂ ਨੇ ਥਰਮਲ ਵਿੱਚ ਸਪਲਾਈ ਕੋਲੇ ਦੇ ਨਮੂਨੇ ਲੈਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਨਮੂਨਿਆਂ ਅਨੁਸਾਰ ਜੋ ਰੈਕ ਘਟੀਆ ਕੁਆਲਟੀ ਦੇ ਸਨ, ਉਨ੍ਹਾਂ ਨੂੰ ਪੈਨਮ ਵੱਲੋਂ ਉੱਚ ਕੁਆਲਟੀ ਦੇ ਖਾਤੇ ਵਿੱਚ ਪਾਇਆ ਹੋਇਆ ਸੀ। ਪੈਨਮ ਨੇ ਇਸ ਟੈਸਟਿੰਗ 'ਤੇ ਰੌਲਾ ਪਾ ਦਿੱਤਾ, ਜਿਸ ਮਗਰੋਂ ਲਹਿਰਾ ਮੁਹੱਬਤ ਪਲਾਂਟ ਵਿੱਚ ਟੈਸਟ ਕੀਤੇ ਨਮੂਨਿਆਂ ਵਿੱਚੋਂ 125 ਨਮੂਨੇ ਉੱਚ ਲੈਬਾਰਟਰੀਆਂ ਵਿੱਚ ਭੇਜੇ ਗਏ, ਜਿਨ੍ਹਾਂ ਵਿੱਚੋਂ 63 ਨਮੂਨੇ ਸੈਂਟਰਲ ਫਿਊਲ ਰਿਸਰਚ ਇੰਸਟੀਚਿਊਟ ਧੰਨਬਾਦ ਅਤੇ 62 ਨਮੂਨੇ ਸੈਂਟਰਲ ਫਿਊਲ ਰਿਸਰਚ ਇੰਸਟੀਚਿਊਟ ਨਾਗਪੁਰ ਨੂੰ ਭੇਜੇ ਗਏ। ਇਨ੍ਹਾਂ ਲੈਬਾਰਟਰੀਆਂ ਦੇ ਨਤੀਜੇ ਵੀ ਲਹਿਰਾ ਪਲਾਂਟ ਦੇ ਨਤੀਜਿਆਂ ਨਾਲ ਮੇਲ ਖਾਂਦੇ ਸਨ।
               ਸੂਤਰ ਆਖਦੇ ਹਨ ਕਿ ਪਾਵਰਕੌਮ ਨੇ ਇਹ ਭੇਤ ਖੁੱਲਣ ਮਗਰੋਂ ਸਿਰਫ ਕੁਝ ਅਧਿਕਾਰੀਆਂ ਦਾ ਤਬਾਦਲਾ ਹੀ ਕੀਤਾ ਅਤੇ ਕੰਪਨੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਵੇਰਵਿਆਂ ਅਨੁਸਾਰ ਪੈਨਮ ਕੰਪਨੀ ਨੇ ਸਾਲ 2012 ਵਿੱਚ ਆਪਣੀ ਮਾਈਨਿੰਗ ਸਮਰੱਥਾ ਵਿੱਚ ਵਾਧੇ ਲਈ ਪਾਵਰਕੌਮ ਨੂੰ ਲਿਖਿਆ ਸੀ। ਸਾਲ 2013-14 ਵਿੱਚ ਇਸ ਕੰਪਨੀ ਨੇ ਆਪਣੀ ਸਮਰੱਥਾ 70 ਲੱਖ ਟਨ ਪ੍ਰਤੀ ਸਾਲ ਤੋਂ ਵਧਾ ਕੇ 90 ਲੱਖ ਟਨ ਪ੍ਰਤੀ ਸਾਲ ਕਰ ਲਈ ਹੈ। ਸਮਰੱਥਾ ਵਾਧੇ ਮਗਰੋਂ ਉਮੀਦ ਤਾਂ ਕੋਲੇ ਸਪਲਾਈ ਵਿੱਚ ਸੁਧਾਰ ਹੋਣ ਦੀ ਆਸ ਸੀ ਪਰ ਕੰਪਨੀ ਨੇ ਟੈਸਟਿੰਗ ਦੀ ਰੰਜ਼ਿਸ਼ ਵਿੱਚ ਤਾਪ ਬਿਜਲੀ ਘਰਾਂ ਨੂੰ ਕੋਲਾ ਸਪਲਾਈ ਹੋਰ ਢਿੱਲੀ ਕਰ ਦਿੱਤੀ। ਤਾਜ਼ਾ ਹਾਲਾਤ ਦੇਖੀਏ ਤਾਂ ਕੰਪਨੀ ਨੇ ਝਾਰਖੰਡ ਤੋਂ ਕੋਲਾ ਲੋਡ ਕਰਨਾ ਬੰਦ ਕਰ ਦਿੱਤਾ ਹੈ, ਜਿਸ ਦਾ ਮਤਲਬ ਹੈ ਕਿ ਪੰਜ ਦਿਨਾਂ ਤੱਕ ਲਹਿਰਾ ਥਰਮਲ ਪਲਾਂਟ ਵਿੱਚ ਇਸ ਕੰਪਨੀ ਦੀ ਕੋਈ ਕੋਲਾ ਸਪਲਾਈ ਨਹੀਂ ਆਏਗੀ। ਦਿਲਚਸਪ ਤੱਥ ਇਹ ਹਨ ਕਿ ਲਹਿਰਾ ਥਰਮਲ ਪਲਾਂਟ ਦਾ 2 ਜੂਨ ਨੂੰ ਯੂਨਿਟ ਨੰਬਰ ਚਾਰ ਸ਼ਾਮ ਵਕਤ ਚੱਲਿਆ ਸੀ ਅਤੇ ਪਾਵਰਕੌਮ ਨੇ ਉਸ ਦਿਨੇ ਬਿਜਲੀ ਸਪਲਾਈ ਦੀ ਮੰਗ ਨਾ ਹੋਣ ਦਾ ਬਹਾਨਾ ਲਾ ਕੇ ਯੂਨਿਟ ਨੰਬਰ ਇਕ ਬੰਦ ਕਰਾ ਦਿੱਤਾ, ਜਦੋਂ ਕਿ ਅਸਲੀ ਕਾਰਨ ਕੋਲਾ ਸੰਕਟ ਹੈ।
              ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਦੀ 4 ਜੂਨ 2013 ਦੀ ਮੀਟਿੰਗ ਦੇ ਏਜੰਡੇ ਵਿੱਚ ਪੈਨਮ ਕੰਪਨੀ ਨੂੰ ਮਾਲੀ ਰਿਆਇਤ ਅਤੇ ਫਾਇਦੇ ਦੇਣ ਦਾ ਏਜੰਡਾ ਵੀ ਸ਼ਾਮਲ ਸੀ, ਜਿਸ ਬਾਰੇ ਲਏ ਫੈਸਲਾ ਦਾ ਪਤਾ ਨਹੀਂ ਲੱਗ ਸਕਿਆ ਪਰ ਸੂਤਰ ਆਖਦੇ ਹਨ ਕਿ ਕੰਪਨੀ ਨੇ ਪਾਵਰਕੌਮ ਤੋਂ ਕੁਝ ਫਾਇਦੇ ਲੈਣ ਖਾਤਰ ਹੁਣ ਕੋਲੇ ਦੀ ਸਪਲਾਈ ਵਿੱਚ ਵਿਘਨ ਪਾ ਦਿੱਤਾ ਹੈ ਤਾਂ ਜੋ ਮੰਗ ਮੰਨਵਾਈ ਜਾ ਸਕੇ। ਤੱਥਾਂ ਅਨੁਸਾਰ ਪੈਨਮ ਕੰਪਨੀ ਨੇ ਨਿਯਮਾਂ ਤੋਂ ਉਲਟ ਕੋਲਾ ਖਾਣ ਵਿੱਚੋਂ ਸਮਰੱਥਾ ਤੋਂ ਵੱਧ ਮਾਈਨਿੰਗ ਕੀਤੀ ਹੈ, ਜਿਸ ਦੀ ਪ੍ਰਵਾਨਗੀ ਕੋਲਾ ਮਾਈਨਿੰਗ ਵਿਭਾਗ ਅਤੇ ਕੇਂਦਰੀ ਵਾਤਾਵਰਨ ਮੰਤਰਾਲੇ ਤੋਂ ਨਹੀਂ ਲਈ ਗਈ। ਇਸ ਬਾਰੇ ਪਾਵਰਕੌਮ ਦੇ ਸੀ.ਐਮ.ਡੀ. ਡਾਇਰੈਕਟਰ (ਜੈਨਰੇਸ਼ਨ) ਨੂੰ ਵਾਰ ਵਾਰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ, ਜਦੋਂ ਕਿ ਪਾਵਰਕੌਮ ਦੀ ਕੋਲਾ ਮੈਨੇਜਮੈਂਟ ਦੇ ਓ.ਐਸ.ਡੀ. ਪਰਮਜੀਤ ਸਿੰਘ ਚੌਹਾਨ ਨੇ ਟਾਲ ਮਟੋਲ ਕਰ ਕੇ ਫੋਨ ਕੱਟ ਦਿੱਤਾ ਅਤੇ ਮੁੜ ਫੋਨ ਨਹੀਂ ਚੁੱਕਿਆ। ਲਹਿਰਾ ਮੁਹੱਬਤ ਤਾਪ ਬਿਜਲੀ ਦੇ ਮੁੱਖ ਇੰਜਨੀਅਰ ਐਸ.ਕੇ. ਪੁਰੀ ਦਾ ਕਹਿਣਾ ਸੀ ਕਿ ਪੈਨਮ ਕੰਪਨੀ ਨੇ ਕੋਲੇ ਦੀ ਲੋਡਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਕੋਲਾ ਜਲਦੀ ਪਲਾਂਟ ਵਿੱਚ ਪੁੱਜ ਜਾਏਗਾ। ਉਨ੍ਹਾਂ ਆਖਿਆ ਕਿ ਕੰਪਨੀ ਖ਼ਿਲਾਫ਼ ਕਾਰਵਾਈ ਲਈ ਅਤੇ ਕੋਲਾ ਸਪਲਾਈ ਵਿੱਚ ਸੁਧਾਰ ਲਈ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੇ ਮਾਮਲਾ ਉਠਾਇਆ ਹੈ।

No comments:

Post a Comment