Wednesday, May 29, 2013

                                            ਪੁਸਤਕ ਸਕੈਂਡਲ
                  ਜਸਟਿਸ ਜਿੰਦਲ ਮਲੂਕਾ ਦੇ ਨਜ਼ਦੀਕੀ ?
                                             ਚਰਨਜੀਤ ਭੁੱਲਰ
ਬਠਿੰਡਾ : ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਅਸੈਂਬਲੀ ਹਲਕੇ ਦੇ ਸ਼ਹਿਰ ਰਾਮਪੁਰਾ ਵਿੱਚ ਜਸਟਿਸ (ਰਿਟਾ.) ਅਮਰ ਨਾਥ ਜਿੰਦਲ ਦਾ ਸਹੁਰਾ ਘਰ ਹੈ ਜਿਨ੍ਹਾਂ ਵਲੋਂ ਪੁਸਤਕ ਸਕੈਂਡਲ ਦੀ ਜਾਂਚ ਕੀਤੀ ਜਾਣੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਘਪਲੇ ਦੀ ਜਾਂਚ ਕੱਲ੍ਹ ਜਸਟਿਸ ਜਿੰਦਲ ਨੂੰ ਸੌਂਪੇ ਜਾਣ ਮਗਰੋਂ ਵਿਰੋਧੀ ਧਿਰਾਂ ਨੇ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਂਗਲ ਉਠਾ ਦਿੱਤੀ ਹੈ। ਪੰਜਾਬ ਕਾਂਗਰਸ ਨੇ ਜਸਟਿਸ ਜਿੰਦਲ ਦੀ ਬਾਦਲ ਪਰਿਵਾਰ ਨਾਲ ਨੇੜਤਾ ਹੋਣ ਦੀ ਗੱਲ ਆਖੀ ਹੈ। ਹੁਣ ਪਤਾ ਲੱਗਾ ਹੈ ਕਿ ਅਸੈਂਬਲੀ ਹਲਕਾ ਰਾਮਪੁਰਾ ਲਈ ਜਸਟਿਸ ਜਿੰਦਲ ਕੋਈ  ਓਪਰੇ ਨਹੀਂ ਹਨ।
             ਪ੍ਰਾਪਤ ਵੇਰਵਿਆਂ ਅਨੁਸਾਰ ਜਸਟਿਸ ਜਿੰਦਲ ਦੇ ਸਹੁਰਾ ਬ੍ਰਿਜ ਲਾਲ ਸਨ। ਬ੍ਰਿਜ ਲਾਲ ਹੋਰੀਂ ਚਾਰ ਭਰਾ ਸਨ ਜਿਨ੍ਹਾਂ 'ਚੋਂ ਲਛਮਣ ਦਾਸ ਅਤੇ ਬਿਹਾਰੀ ਲਾਲ ਰਾਮਪੁਰਾ ਫੂਲ ਵਿਖੇ ਰਹਿ ਰਹੇ ਹਨ ਜਦੋਂ ਕਿ ਬ੍ਰਿਜ ਲਾਲ ਅਤੇ ਉਸ ਦੇ ਭਰਾ ਗਿਰਧਾਰੀ ਲਾਲ ਦਾ ਪਰਿਵਾਰ ਬਰਨਾਲਾ ਵਿਖੇ ਕਾਫੀ ਅਰਸਾ ਪਹਿਲਾਂ ਸ਼ਿਫਟ ਕਰ ਗਿਆ ਸੀ। ਸਿੱਖਿਆ ਮੰਤਰੀ ਨੇ ਸੁਨੀਲ ਬਿੱਟਾ ਨੂੰ 2008 ਵਿੱਚ ਰਾਮਪੁਰਾ ਦੀ ਨਗਰ ਕੌਂਸਲ ਦਾ ਮੀਤ ਪ੍ਰਧਾਨ ਬਣਾਇਆ ਸੀ ਜੋ ਜਸਟਿਸ ਅਮਰ ਨਾਥ ਜਿੰਦਲ ਦੇ ਸਹੁਰੇ ਬ੍ਰਿਜ ਲਾਲ ਦੇ ਭਰਾ ਬਿਹਾਰੀ ਲਾਲ ਦਾ ਲੜਕਾ ਹੈ। ਸੁਨੀਲ ਬਿੱਟਾ ਕੋਲ 2010 ਵਿੱਚ ਕੁਝ ਸਮਾਂ ਨਗਰ ਕੌਂਸਲ ਦੀ ਪ੍ਰਧਾਨਗੀ ਵੀ ਰਹਿ ਚੁੱਕੀ ਹੈ। ਸੁਨੀਲ ਬਿੱਟਾ ਪਹਿਲਾਂ ਭਾਜਪਾ ਵਿੱਚ ਸਨ ਅਤੇ ਕੁਝ ਸਮਾਂ ਪਹਿਲਾਂ ਉਹ ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਸੁਨੀਲ ਬਿੱਟਾ ਸਿੱਖਿਆ ਮੰਤਰੀ ਦੇ ਕਾਫ਼ੀ ਨੇੜੇ ਹਨ।
              ਜਸਟਿਸ ਜਿੰਦਲ ਰਾਮਪੁਰਾ ਫੂਲ ਵਿੱਚ ਸਰਕਾਰੀ ਦੌਰੇ ਵੀ ਕਰ ਚੁੱਕੇ ਹਨ। ਉਹ ਦੋ ਦਫ਼ਾ ਤਾਂ ਉਦੋਂ ਆਏ ਸਨ ਜਦੋਂ ਫੂਲ ਅਦਾਲਤ ਦੇ ਅਦਾਲਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਉਦਘਾਟਨ ਹੋਇਆ ਸੀ। ਜਸਟਿਸ ਜਿੰਦਲ ਦਾ ਸਹੁਰਾ ਪਰਿਵਾਰ ਬਰਨਾਲਾ ਸ਼ਿਫਟ ਕਰ ਗਿਆ ਹੈ ਪ੍ਰੰਤੂ ਉਸ ਦੇ ਸਹੁਰਾ ਪਰਿਵਾਰ ਦਾ ਪਿਛੋਕੜ ਰਾਮਪੁਰਾ ਫੂਲ ਦਾ ਹੈ ਅਤੇ ਰਾਮਪੁਰਾ ਦੇ ਕਾਫ਼ੀ ਲੋਕ ਜਸਟਿਸ ਜਿੰਦਲ ਨਾਲ ਪਰਿਵਾਰਕ ਤੌਰ 'ਤੇ ਵਰਤਦੇ ਵੀ ਹਨ। ਜਸਟਿਸ ਜਿੰਦਲ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਇਸ ਮਾਮਲੇ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰਕ ਸੂਤਰਾਂ ਨੇ ਇੰਨਾ ਜ਼ਰੂਰ ਆਖਿਆ ਕਿ ਉਨ੍ਹਾਂ ਦਾ ਕਿਸੇ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਸੂਤਰ ਇਹ ਵੀ ਆਖਦੇ ਹਨ ਕਿ ਜੇਕਰ ਜਸਟਿਸ ਜਿੰਦਲ ਸਿਆਸੀ ਤੌਰ 'ਤੇ ਸਹੁਰਾ ਪਰਿਵਾਰ ਦੀ ਮਦਦ ਕਰਦੇ ਤਾਂ ਉਹ ਕਾਫ਼ੀ ਅੱਗੇ ਲੰਘ ਸਕਦੇ ਸਨ ਜਿਸ ਕਰਕੇ ਪਰਿਵਾਰਕ ਮੈਂਬਰ ਆਖਦੇ ਹਨ ਕਿ ਜਸਟਿਸ ਜਿੰਦਲ ਨੇ ਕਦੇ ਵੀ ਸਿਆਸੀ ਖੇਤਰ ਵਿੱਚ ਕੋਈ ਦਖਲ ਨਹੀਂ ਦਿੱਤਾ।
                                           ਜਸਟਿਸ ਦੀ ਰਾਮਪੁਰਾ ਵਿੱਚ ਕੋਈ ਰਿਸ਼ਤੇਦਾਰੀ ਨਹੀ
ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਿੰਡ ਬਾਦਲ ਵਿਚ ਦਸਮੇਸ਼ ਕਾਲਜ ਵਿਚ ਇਕ ਸਮਾਗਮ ਮੌਕੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਸੇਵਾਮੁਕਤ ਜਸਟਿਸ ਅਮਰਨਾਥ ਜਿੰਦਲ ਰਾਮਪੁਰਾ ਫੂਲ ਵਿਖੇ ਵਿਆਹੇ ਨਹੀਂ ਹੋਏ ਹਨ। ਜੇਕਰ ਉਨ੍ਹਾਂ ਦੀ ਰਾਮਪੁਰਾ ਵਿੱਚ ਰਿਸ਼ਤੇਦਾਰੀ ਵੀ ਹੈ ਤਾਂ ਇਸ ਦਾ ਜਾਂਚ 'ਤੇ ਕੋਈ ਅਸਰ ਨਹੀਂ ਪੈਣ ਲੱਗਾ ਕਿਉਂਕਿ ਉਨ੍ਹਾਂ ਨੇ ਆਪਣਾ ਨਿਰਪੱਖ ਕੰਮ ਕਰਨਾ ਹੈ। ਉਨ੍ਹਾਂ ਆਖਿਆ ਕਿ ਸੁਨੀਲ ਬਿੱਟਾ ਕੁਝ ਸਮਾਂ ਪਹਿਲਾਂ ਅਕਾਲੀ ਦਲ ਵਿੱਚ ਸ਼ਾਮਲ ਜ਼ਰੂਰ ਹੋਏ ਹਨ ਪਰੰਤੂ ਉਨ੍ਹਾਂ ਕੋਲ ਪਾਰਟੀ ਦਾ ਕੋਈ ਅਹੁਦਾ ਨਹੀਂ ਹੈ।

No comments:

Post a Comment