Friday, May 24, 2013

                                ਕੈਦ ਜ਼ਿੰਦਗੀ
            ਧੀਆਂ ਕਾਹਤੋਂ ਜੰਮੀਆਂ ਨੀ ਮਾਏ...
                               ਚਰਨਜੀਤ ਭੁੱਲਰ
ਬਠਿੰਡਾ :  ਕਮਲਜੀਤ ਕੌਰ ਨੂੰ ਇੱਕੋ ਸਮੇਂ ਦੋਹਰੀ ਸਜ਼ਾ ਮਿਲੀ ਹੈ। ਜਦੋਂ ਉਸ ਨੇ ਬਠਿੰਡਾ ਵਿੱਚ ਆਪਣੇ ਹੱਕ ਖਾਤਰ ਰੋਸ ਪ੍ਰਗਟ ਕੀਤਾ ਤਾਂ ਉਸ ਨੂੰ ਲੁਧਿਆਣਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਦੂਜਾ ਉਹ ਤਿੰਨ ਪੇਪਰ ਦੇਣੋਂ ਖੁੰਝ ਗਈ ਹੈ ਕਿਉਂਕਿ ਐਸ.ਡੀ.ਐਮ. ਰਾਮਪੁਰਾ ਨੇ ਉਸ ਨੂੰ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ। ਪ੍ਰਸ਼ਾਸਨ ਨੇ ਇਹੋ ਸ਼ਰਤ ਉਸ ਅੱਗੇ ਰੱਖੀ ਕਿ ਉਹ ਪਹਿਲਾਂ ਮੁਆਫ਼ੀ ਮੰਗੇ। ਮਗਰੋਂ ਇਹ ਆਖ ਦਿੱਤਾ ਕਿ ਪ੍ਰੀਖਿਆ ਦੀ ਪ੍ਰਵਾਨਗੀ ਜੇਲ੍ਹ ਸੁਪਰਡੈਂਟ ਦੇਵੇਗਾ। ਅਖੀਰ ਲੰਮੀ ਜੱਦੋਜਹਿਦ ਮਗਰੋਂ ਅੱਜ ਤਹਿਸੀਲਦਾਰ ਰਾਮਪੁਰਾ ਨੇ ਪ੍ਰੀਖਿਆ ਦੇਣ ਦੀ ਆਗਿਆ ਦਿੱਤੀ। ਲੁਧਿਆਣਾ ਦੀ ਜੇਲ੍ਹ ਸੁਪਰਡੈਂਟ ਨੂੰ ਖ਼ੁਦ ਰਾਮਪੁਰਾ ਫੂਲ ਆਉਣਾ ਪਿਆ। ਉਹ ਹੁਣ ਐਮ.ਏ. ਪੰਜਾਬੀ ਦਾ ਇਕ ਪੇਪਰ ਹੀ ਦੇ ਸਕੇਗੀ। ਏਦਾਂ ਹੀ ਦਿਆਲਪੁਰਾ ਪੱਟੀ ਦੀ ਲਛਮਿੰਦਰ ਕੌਰ ਐਮ.ਏ. ਇਤਿਹਾਸ ਦਾ ਇਕ ਪੇਪਰ ਦੇਣੋਂ ਖੁੰਝ ਗਈ ਹੈ। ਸੁਖਦੀਪ ਕੌਰ ਦੀ ਵੀ ਇਹੋ ਕਹਾਣੀ ਹੈ। ਇਨ੍ਹਾਂ ਤਿੰਨ ਸਪੈਸ਼ਲ ਟਰੇਨਰ ਅਧਿਆਪਕਾਂ ਨੂੰ ਪ੍ਰੀਖਿਆ ਦੀ ਮਨਜ਼ੂਰੀ ਲਈ ਵੀ ਸੰਘਰਸ਼ ਕਰਨਾ ਪਿਆ।  ਬਠਿੰਡਾ ਪੁਲੀਸ ਨੇ 91 ਸਪੈਸ਼ਲ ਟਰੇਨਰ ਅਧਿਆਪਕਾਂ ਨੂੰ 29 ਅਪਰੈਲ ਨੂੰ ਫੜ ਕੇ ਫ਼ਰੀਦਕੋਟ ਜੇਲ੍ਹ ਭੇਜ ਦਿੱਤਾ ਸੀ, ਜਿਸ ਵਿੱਚ 48 ਲੜਕੀਆਂ ਹਨ। ਜਦੋਂ ਇਨ੍ਹਾਂ ਦੀ ਰਿਹਾਈ ਅਤੇ ਮੰਗਾਂ ਨੂੰ ਲੈ ਕੇ ਸਾਥੀ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ ਤਾਂ ਬਠਿੰਡਾ ਪੁਲੀਸ ਨੇ 12 ਮਈ ਨੂੰ 126 ਸਪੈਸ਼ਲ ਟਰੇਨਰ ਅਧਿਆਪਕਾਂ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਇਨ੍ਹਾਂ ਵਿੱਚ ਲੜਕੀਆਂ ਦੀ ਗਿਣਤੀ 65 ਹੈ। ਲੜਕੀਆਂ ਲੁਧਿਆਣਾ ਜੇਲ੍ਹ ਵਿੱਚ ਵੀ ਬੰਦ ਹਨ ਅਤੇ ਲੜਕੇ ਨਾਭਾ ਜੇਲ੍ਹ ਵਿੱਚ ਵੀ ਭੇਜੇ ਗਏ ਹਨ।
               ਇਹ ਸਪੈਸ਼ਲ ਟਰੇਨਰ ਅਧਿਆਪਕ ਸਿੱਖਿਆ ਵਿਭਾਗ ਵਿੱਚ ਆਪਣੀ ਬਹਾਲੀ ਦੀ ਮੰਗ ਕਰਦੇ ਹਨ। ਇਨ੍ਹਾਂ ਅਧਿਆਪਕਾਂ ਨੇ ਜ਼ਮਾਨਤਾਂ ਕਰਾਉਣ ਤੋਂ ਵੀ ਨਾਂਹ ਕਰ ਦਿੱਤੀ ਹੈ। ਹਾਲਾਂਕਿ ਜੇਲ੍ਹਾਂ ਵਿੱਚ ਬੰਦ ਅਧਿਆਪਕਾਂ ਨੂੰ ਕਾਫੀ ਮੁੱਲ ਤਾਰਨਾ ਪੈ ਰਿਹਾ ਹੈ। ਮੁਕਤਸਰ ਦੇ ਪਿੰਡ ਆਸਾ ਬੁੱਟਰ ਦੀ ਬੇਅੰਤ ਕੌਰ ਨੂੰ ਪੈਰ ਪੈਰ 'ਤੇ ਮਾਰ ਝੱਲਣੀ ਪੈ ਰਹੀ ਹੈ। ਉਹ ਹੁਣ ਫ਼ਰੀਦਕੋਟ ਜੇਲ੍ਹ ਵਿੱਚ ਮਰਨ ਵਰਤ 'ਤੇ ਹੈ। ਪਹਿਲਾਂ ਉਸ ਨੂੰ ਤਲਾਕ ਕੇਸ ਦਾ ਸਾਹਮਣਾ ਕਰਨਾ ਪਿਆ। ਫਿਰ ਬਠਿੰਡਾ ਪੁਲੀਸ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਹੁਣ ਇਨਸਾਫ਼ ਲਈ ਮਰਨ ਵਰਤ 'ਤੇ ਡਟ ਗਈ ਹੈ। ਅਧਿਆਪਕਾ ਬੇਅੰਤ ਕੌਰ ਦੀ ਅੱਠ ਵਰ੍ਹਿਆਂ ਦੀ ਬੱਚੀ ਹਰਮਨ ਨੂੰ ਵੀ ਬਿਨਾਂ ਕਸੂਰੋਂ ਸਜ਼ਾ ਭੁਗਤਣੀ ਪੈ ਰਹੀ ਹੈ। ਇਸ ਬੱਚੀ ਹਰਮਨ ਦਾ ਹੁਣ ਜਦੋਂ 9 ਮਈ ਨੂੰ ਜਨਮ ਦਿਨ ਸੀ ਤਾਂ ਉਸ ਵਕਤ ਇਹ ਬੱਚੀ ਮਰਨ ਵਰਤ 'ਤੇ ਬੈਠੀ ਮਾਂ ਦੇ ਨਵੇਂ ਜਨਮ ਦੀ ਅਰਦਾਸ ਕਰ ਰਹੀ ਸੀ। ਲੰਘੇ ਵਰ੍ਹੇ ਵੀ ਜਦੋਂ ਇਸ ਬੱਚੀ ਦਾ ਜਨਮ ਦਿਨ ਸੀ ਤਾਂ ਉਦੋਂ ਵੀ ਉਸ ਦੀ ਮਾਂ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਇਸ ਬੱਚੀ ਨੂੰ ਪਤਾ ਨਹੀਂ ਹੋਰ ਕਿੰਨੇ ਕੁ ਜਨਮ ਦਿਨ ਉਡੀਕਣੇ ਪੈਣਗੇ। ਬਠਿੰਡਾ ਪੁਲੀਸ ਨੇ ਮਾਲੇਰਕੋਟਲਾ ਦੀ ਅਧਿਆਪਕਾ ਨਸਰੀਨ ਨੂੰ ਵੀ ਲੁਧਿਆਣਾ ਜੇਲ੍ਹ ਵਿੱਚ ਬੰਦ ਕੀਤਾ ਹੈ। ਇਸ ਮਾਂ ਦੇ ਤਿੰਨ ਵਰ੍ਹਿਆਂ ਦੇ ਬੱਚੇ ਦਾ ਜਦੋਂ ਹਸਪਤਾਲ ਵਿੱਚ ਅਪਰੇਸ਼ਨ ਹੋਇਆ ਤਾਂ ਉਦੋਂ ਇਹ ਮਾਂ ਲੁਧਿਆਣਾ ਜੇਲ੍ਹ ਵਿੱਚ ਪੁੱਤ ਲਈ ਜ਼ਿੰਦਗੀ ਮੰਗ ਰਹੀ ਸੀ। ਬਹੁਤੇ ਬੱਚੇ ਆਪਣੀ ਮਾਂ ਦੀ ਉਡੀਕ ਵਿੱਚ ਬੈਠੇ ਹਨ। ਰਾਮਪੁਰਾ ਦੀ ਇੰਦਰਜੀਤ ਕੌਰ ਦਾ ਬੱਚਾ ਦੋ ਵਰ੍ਹਿਆਂ ਦਾ ਹੈ। ਉਸ ਨੇ ਤਾਂ ਬਚਪਨੇ ਉਮਰੇ ਸਲਾਖਾਂ ਦੀ ਜ਼ਿੰਦਗੀ ਦੇਖ ਲਈ ਹੈ। ਇਹ ਬੱਚਾ ਬਿਨਾਂ ਕਸੂਰੋਂ ਸਜ਼ਾ ਭੁਗਤ ਰਿਹਾ ਹੈ। ਅਧਿਆਪਕ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਵੱਖ ਨਹੀਂ ਕਰਨਾ ਚਾਹੁੰਦੀ ਸੀ, ਜਿਸ ਕਰਕੇ ਅਦਾਲਤ ਨੇ ਜੇਲ੍ਹ ਵਿੱਚ ਬੱਚਾ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਬੰਦ ਅਧਿਆਪਕਾਂ ਦੇ ਮਾਪੇ ਅਤੇ ਬੱਚੇ ਵੀ ਨਾਲੋਂ ਨਾਲ ਸਰਕਾਰੀ ਜਬਰ ਦਾ ਰੰਗ ਵੇਖ ਰਹੇ ਹਨ।
                ਅਧਿਆਪਕ ਲੜਕਿਆਂ ਦੇ ਦੁੱਖ ਵੀ ਕੋਈ ਘੱਟ ਨਹੀਂ ਹਨ। ਨਾਭਾ ਜੇਲ੍ਹ ਵਿੱਚ ਬੰਦ ਅਧਿਆਪਕ ਵੀਰਪਾਲ ਸਿੰਘ ਦੀ ਮਾਂ ਇਸ ਵਕਤ ਹਸਪਤਾਲ ਵਿੱਚ ਦਾਖ਼ਲ ਹੈ। ਬੱਸ ਉਸ ਨੂੰ ਇਕੋ ਗਮ ਹੈ ਕਿ ਕਿਤੇ ਮਾਂ ਜ਼ਿੰਦਗੀ ਦਾ ਆਖਰੀ ਮੇਲ ਕੀਤੇ ਬਿਨਾਂ ਹੀ ਨਾ ਤੁਰ ਜਾਵੇ। ਜੇਲ੍ਹ ਦੀਆਂ ਸਲਾਖਾਂ ਮਾਂ ਪੁੱਤ ਦੇ ਮੋਹ ਵਿੱਚ ਸਰਹੱਦ ਬਣ ਗਈਆਂ ਹਨ। ਏਦਾਂ ਦੀ ਕਹਾਣੀ ਤਰਨ ਤਾਰਨ ਦੇ ਅਧਿਆਪਕ ਗੁਰਚਰਨ ਸਿੰਘ ਦੀ ਹੈ, ਜਿਸ ਦਾ ਪਿਤਾ ਆਪਣੇ ਸਰਵਣ ਪੁੱਤ ਨੂੰ ਉਡੀਕ ਰਿਹਾ ਹੈ। ਉਹ ਮਾਪਿਆਂ ਦਾ ਇਕਲੌਤਾ ਲੜਕਾ ਹੈ। ਜਦੋਂ ਉਹ ਜੇਲ੍ਹ ਚਲਾ ਗਿਆ ਤਾਂ ਉਸ ਦੇ ਬਾਪ ਨੂੰ ਅਧਰੰਗ ਹੋ ਗਿਆ ਅਤੇ ਮਗਰੋਂ ਬਾਪ ਨੂੰ ਦਿਲ ਦਾ ਦੌਰਾ ਪੈ ਗਿਆ। ਫ਼ਰੀਦਕੋਟ ਜੇਲ੍ਹ ਵਿੱਚ ਬੰਦ ਬਲਜੀਤ ਕੌਰ ਅਤੇ ਪਰਮਿੰਦਰ ਕੌਰ ਗਰਭਵਤੀ ਹਨ ਅਤੇ ਇਨ੍ਹਾਂ ਨੂੰ ਦੋਹਰਾ ਝੋਰਾ ਹੈ। ਇਨ੍ਹਾਂ ਗਰਭਵਤੀ ਔਰਤਾਂ ਨੂੰ ਜੇਲ੍ਹ ਵਿੱਚ ਲੋੜੀਂਦੀ ਖੁਰਾਕ ਵੀ ਨਹੀਂ ਮਿਲ ਰਹੀ। ਇਵੇਂ ਹੀ ਪਿੰਡ ਧਨੇਜਾ ਦੇ ਬਲਵੰਤ ਸਿੰਘ ਨੂੰ ਉਮਰ ਭਰ ਇਹੋ ਮਲਾਲ ਰਹੇਗਾ ਕਿ ਉਹ ਆਪਣੀ ਭੈਣ ਦੀ 14 ਮਈ ਨੂੰ ਹੋਈ ਮੰਗਣੀ ਸਮੇਂ ਹਾਜ਼ਰ ਨਹੀਂ ਹੋ ਸਕਿਆ। ਉਹ ਵੀ ਜੇਲ੍ਹ ਵਿੱਚ ਬੰਦ ਹੈ। ਮਾਲੇਰਕੋਟਲਾ ਦਾ ਅਧਿਆਪਕ ਰਵਿੰਦਰ ਸਿੰਘ ਜਦੋਂ ਤੋਂ ਜੇਲ੍ਹ ਗਿਆ ਹੈ, ਉਦੋਂ ਤੋਂ ਉਹ ਜੇਲ੍ਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਗਰਾਵਾਂ ਦੀ ਅਧਿਆਪਕਾ ਮਨਪ੍ਰੀਤ ਕੌਰ ਦੇ ਭਰਾ ਦਾ ਵਿਆਹ ਇਸ ਕਰਕੇ ਅੱਗੇ ਪਾਉਣਾ ਪਿਆ ਕਿ ਉਹ ਜੇਲ੍ਹ ਵਿੱਚ ਬੰਦ ਸੀ। ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਦੀ ਆਗੂ ਜੁਗਨਜੀਤ ਕੌਰ ਢਪਾਲੀ ਅਤੇ ਰਮਨਦੀਪ ਕੌਰ ਖਿਆਲੀ ਵਾਲਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਇਨਸਾਫ਼ ਦੀ ਥਾਂ ਸੈਂਕੜੇ ਅਧਿਆਪਕਾਂ ਨੂੰ ਜੇਲ੍ਹ ਦਿੱਤੀ ਹੈ। ਉਨ੍ਹਾਂ ਆਖਿਆ ਕਿ ਉਹ ਸਰਕਾਰੀ ਜਬਰ ਦਾ ਟਾਕਰਾ ਕਰਨਗੇ, ਚਾਹੇ ਸਰਕਾਰ ਕਿਸੇ ਵੀ ਰਾਹ ਤੁਰ ਪਏ।
                                         ਪ੍ਰਸ਼ਾਸਨ ਦੀ ਗਲਤੀ ਕਾਰਨ ਪ੍ਰੀਖਿਆ ਖੁੰਝੀ: ਜੇਲ੍ਹ ਸੁਪਰਡੈਂਟ
ਜਨਾਨਾ ਜੇਲ੍ਹ ਲੁਧਿਆਣਾ ਦੀ ਸੁਪਰਡੈਂਟ ਰਾਜਵੰਤ ਕੌਰ ਦਾ ਕਹਿਣਾ ਸੀ ਕਿ ਜੇਲ੍ਹ ਵਿੱਚ ਬੰਦ ਹਰ ਬੰਦੀ ਨੂੰ ਉਸ ਅਦਾਲਤ ਵੱਲੋਂ ਹੀ ਪ੍ਰੀਖਿਆ ਦੀ ਪ੍ਰਵਾਨਗੀ ਦਿੱਤੀ ਜਾਣੀ ਹੁੰਦੀ ਹੈ, ਜਿਸ ਵੱਲੋਂ ਉਸ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ. ਰਾਮਪੁਰਾ ਨੇ ਇਹ ਪ੍ਰਵਾਨਗੀ ਦੇਣੀ ਸੀ, ਜੋ ਦਿੱਤੀ ਨਹੀਂ ਗਈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਖ਼ੁਦ ਰਾਮਪੁਰਾ ਜਾ ਕੇ ਚਾਰ ਲੜਕੀਆਂ ਨੂੰ ਪ੍ਰੀਖਿਆ ਦੇਣ ਦੀ ਪ੍ਰਵਾਨਗੀ ਦਿਵਾਈ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਭਾਗ ਦੇ ਡੀ.ਆਈ.ਜੀ. ਲਖਵਿੰਦਰ ਸਿੰਘ ਜਾਖੜ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇਣਾ ਪਿਆ ਹੈ।

1 comment: