Wednesday, May 8, 2013

                              ਜੇਬ ਦਾ ਮੁੱਲ
     ਕਰੋੜਪਤੀ ਉਤਾਰੇ ਚੋਣ ਮੈਦਾਨ ਚ
                             ਚਰਨਜੀਤ ਭੁੱਲਰ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਰੋੜਪਤੀ ਉਮੀਦਵਾਰ ਉਤਾਰੇ ਹਨ ਜਦੋਂ ਕਿ ਕਾਂਗਰਸ ਦੇ ਦੋ-ਤਿੰਨ ਉਮੀਦਵਾਰ ਹੀ ਕਰੋੜਪਤੀ ਹਨ। ਕਾਂਗਰਸ ਦੇ ਜ਼ਿਆਦਾਤਰ ਉਮੀਦਵਾਰ ਲੱਖਪਤੀ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਸੀ। ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰਾਂ ਨਾਲ ਆਪਣੇ ਜਾਇਦਾਦ ਦੇ ਵੇਰਵੇ ਵੀ ਦਿੱਤੇ ਗਏ ਹਨ। ਬਠਿੰਡਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 16 ਚੋਣ ਹਲਕੇ ਹਨ। ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰਾਂ ਨਾਲ ਦਿੱਤੇ ਸੰਪਤੀ ਦੇ ਵੇਰਵਿਆਂ ਅਨੁਸਾਰ ਕਾਂਗਰਸ ਪਾਰਟੀ ਵੱਲੋਂ ਸਭ ਤੋਂ ਅਮੀਰ ਉਮੀਦਵਾਰ ਨੂੰ ਚੋਣ ਹਲਕਾ ਗਿੱਲ ਕਲਾਂ ਜੋ ਮਹਿਲਾ ਲਈ ਰਾਖਵਾਂ ਹੈ, ਤੋਂ ਉਤਾਰਿਆ ਹੈ। ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਕੌਰ ਕੋਲ 7.36 ਕਰੋੜ ਰੁਪਏ ਦੀ ਚੱਲ-ਅਚੱਲ ਸੰਪਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਿੰਗੋ ਤੋਂ ਚੋਣ ਲੜ ਰਹੇ ਗੁਰਪ੍ਰਤਾਪ ਸਿੰਘ ਦੀ ਸੰਪਤੀ ਅਕਾਲੀ ਉਮੀਦਵਾਰਾਂ 'ਚੋਂ ਸਭ ਤੋਂ ਜ਼ਿਆਦਾ 3.63 ਕਰੋੜ ਰੁਪਏ ਹੈ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਲੜਕਾ ਗੁਰਪ੍ਰੀਤ ਸਿੰਘ ਭਗਤਾ ਜ਼ੋਨ ਤੋਂ ਉਮੀਦਵਾਰ ਹੈ। ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਆਪਣੀ ਚੱਲ-ਅਚੱਲ ਸੰਪਤੀ ਦੀ ਕੀਮਤ ਤਕਰੀਬਨ 1.85 ਕਰੋੜ ਰੁਪਏ ਦੱਸੀ ਗਈ ਹੈ। ਉਸ ਕੋਲ 10 ਏਕੜ ਜ਼ਮੀਨ ਹੈ ਜਿਸ ਦੀ ਕੀਮਤ 80 ਲੱਖ ਰੁਪਏ ਦੱਸੀ ਗਈ ਹੈ। ਉਸ ਦੇ ਸਿਰ 40 ਲੱਖ ਰੁਪਏ ਦੀ ਦੇਣਦਾਰੀ ਵੀ ਹੈ। ਉਸ ਦੇ ਪਰਿਵਾਰ ਕੋਲ 25 ਤੋਲੇ ਸੋਨਾ ਹੈ ਜਿਸ ਦੀ ਕੀਮਤ ਤਕਰੀਬਨ 10 ਲੱਖ ਰੁਪਏ ਦੱਸੀ ਗਈ ਹੈ।
            ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਠ ਕਰੋੜਪਤੀ ਉਮੀਦਵਾਰ ਚੋਣਾਂ ਵਿੱਚ ਉਤਾਰੇ ਗਏ ਹਨ ਜਦੋਂ ਕਿ ਕਾਂਗਰਸ ਕੋਲ ਸਿਰਫ਼ ਤਿੰਨ ਕਰੋੜਪਤੀ ਉਮੀਦਵਾਰ ਹਨ। ਹਲਕਾ ਭਾਈਰੂਪਾ ਤੋਂ ਅਕਾਲੀ ਉਮੀਦਵਾਰ ਚਤਰ ਸਿੰਘ ਕੋਲ 3 ਕਰੋੜ ਰੁਪਏ ਦੀ ਜਾਇਦਾਦ ਹੈ ਜਦੋਂ ਕਿ ਹਲਕਾ ਫੂਸ ਮੰਡੀ ਤੋਂ ਚੋਣ ਲੜ ਰਹੇ ਗੁਰਦੀਪ ਸਿੰਘ ਕੋਟਸ਼ਮੀਰ ਕੋਲ 1.65 ਕਰੋੜ ਰੁਪਏ ਦੀ ਸੰਪਤੀ ਹੈ। ਕਿਲੀ ਨਿਹਾਲ ਸਿੰਘ ਵਾਲਾ ਤੋਂ ਅਕਾਲੀ ਉਮੀਦਵਾਰ ਮਲਕੀਤ ਸਿੰਘ ਕੋਲ 1.02 ਕਰੋੜ ਰੁਪਏ ਦੀ ਜਾਇਦਾਦ ਹੈ ਜਦੋਂ ਕਿ ਭਾਗੀ ਬਾਂਦਰ ਤੋਂ ਅਕਾਲੀ ਉਮੀਦਵਾਰ ਸੁਖਮਿੰਦਰ ਸਿੰਘ ਕੋਲ ਸਵਾ ਕਰੋੜ ਰੁਪਏ ਦੀ ਜਾਇਦਾਦ ਹੈ। ਪੱਕਾ ਕਲਾਂ ਤੋਂ ਅਕਾਲੀ ਉਮੀਦਵਾਰ ਮਨਜੀਤ ਕੌਰ ਕੋਲ 1.05 ਕਰੋੜ ਰੁਪਏ ਦੀ ਸੰਪਤੀ ਹੈ। ਭੁੱਚੋ ਕਲਾਂ ਦੀ ਅਕਾਲੀ ਉਮੀਦਵਾਰ ਕੋਲ 1.22 ਕਰੋੜ ਰੁਪਏ ਦੀ ਜਾਇਦਾਦ ਹੈ। ਅਕਾਲੀ ਦਲ ਦੇ ਲੱਖਪੱਤੀ ਉਮੀਦਵਾਰਾਂ 'ਤੇ ਨਜ਼ਰ ਮਾਰੀਏ ਤਾਂ ਹਲਕਾ ਕੁੱਤੀਵਾਲ ਤੋਂ ਨਸੀਬ ਕੌਰ ਕੋਲ 24 ਲੱਖ ਦੀ ਸੰਪਤੀ ਹੈ ਅਤੇ ਨਥਾਣਾ ਤੋਂ ਉਮੀਦਵਾਰ ਰਛਪਾਲ ਸਿੰਘ ਕੋਲ 50 ਲੱਖ ਰੁਪਏ ਦੀ ਸੰਪਤੀ ਹੈ। ਬਾਂਡੀ ਤੋਂ ਅਕਾਲੀ ਉਮੀਦਵਾਰ ਜੋਧ ਸਿੰਘ ਨੇ ਆਪਣੀ 25 ਲੱਖ ਦੀ ਸੰਪਤੀ ਦਾ ਖ਼ੁਲਾਸਾ ਕੀਤਾ ਹੈ ਅਤੇ ਮਹਿਰਾਜ ਤੋਂ ਕਰਨੈਲ ਸਿੰਘ ਨੇ 20 ਲੱਖ ਦੀ ਸੰਪਤੀ ਦਾ ਵੇਰਵਾ ਦਿੱਤਾ ਹੈ। ਦੂਜੇ ਪਾਸੇ ਕਾਂਗਰਸੀ ਉਮੀਦਵਾਰਾਂ ਦੀ ਸੰਪਤੀ ਵੱਲ ਦੇਖੀਏ ਤਾਂ ਹਲਕਾ ਫੂਸ ਮੰਡੀ ਤੋਂ ਉਮੀਦਵਾਰ ਨਿਰੰਜਣ ਸਿੰਘ ਚੁੱਘੇ ਕੋਲ ਤਕਰੀਬਨ 3.50 ਕਰੋੜ ਰੁਪਏ ਦੀ ਸੰਪਤੀ ਹੈ ਜਿਸ ਵਿੱਚ ਸ਼ਹਿਰੀ ਜਾਇਦਾਦ ਵੀ ਸ਼ਾਮਲ ਹੈ। ਹਲਕਾ ਸਿੰਗੋ ਤੋਂ ਪਰਮਜੀਤ ਸਿੰਘ ਕੋਲ 30 ਲੱਖ ਰੁਪਏ ਦੀ ਸੰਪਤੀ ਹੈ ਅਤੇ ਹਲਕਾ ਬੰਗੀ ਰੁਲਦੂ ਤੋਂ ਚਰਨਜੀਤ ਸਿੰਘ ਕੋਲ 68 ਲੱਖ ਦੀ ਸੰਪਤੀ ਹੈ। ਭਾਈ ਰੂਪਾ ਤੋਂ ਉਮੀਦਵਾਰ ਮਲਕੀਤ ਸਿੰਘ ਕੋਲ 15.96 ਲੱਖ ਦੀ ਸੰਪਤੀ ਹੈ ਜਦੋਂ ਕਿ ਭਗਤਾ ਤੋਂ ਉਮੀਦਵਾਰ ਰਛਪਾਲ ਸਿੰਘ ਕੋਲ 40 ਲੱਖ ਰੁਪਏ ਦੀ ਸੰਪਤੀ ਹੈ।
            ਉਮੀਦਵਾਰਾਂ ਵੱਲੋਂ ਜੋ ਆਪਣੇ ਅਤੇ ਪਰਿਵਾਰ ਕੋਲ ਸੋਨੇ ਦਾ ਖੁਲਾਸਾ ਕੀਤਾ ਗਿਆ ਹੈ। ਉਸ ਵਿੱਚ ਪੱਕਾ ਕਲਾਂ ਤੋਂ ਅਕਾਲੀ ਉਮੀਦਵਾਰ ਮਨਜੀਤ ਕੌਰ ਕੋਲ ਚਾਰ ਤੋਲੇ ਸੋਨਾ,ਕਿੱਲੀ ਨਿਹਾਲ ਸਿੰਘ ਵਾਲਾ ਤੋਂ ਅਕਾਲੀ ਉਮੀਦਵਾਰ ਮਲਕੀਤ ਸਿੰਘ ਕੋਲ 20 ਤੋਲੇ ਸੋਨਾ, ਫੂਸ ਮੰਡੀ ਤੋਂ ਅਕਾਲੀ ਉਮੀਦਵਾਰ ਗੁਰਦੀਪ ਸਿੰਘ ਕੋਲ 15 ਤੋਲੇ ਸੋਨਾ, ਬਲਾਹੜ ਵਿੰਝੂ ਤੋਂ ਮਨਜੀਤ ਕੌਰ ਕੋਲ 5 ਤੋਲੇ ਸੋਨਾ, ਭਾਈ ਰੂਪਾ ਹਲਕੇ ਤੋਂ ਅਕਾਲੀ ਉਮੀਦਵਾਰ ਚਤਰ ਸਿੰਘ ਕੋਲ 15 ਤੋਲੇ ਸੋਨਾ,ਭਾਗੀ ਬਾਂਦਰ ਤੋਂ ਅਕਾਲੀ ਉਮੀਦਵਾਰ ਸੁਖਮਿੰਦਰ ਸਿੰਘ ਕੋਲ 10 ਤੋਲੇ ਸੋਨਾ ਹੈ। ਕਾਂਗਰਸੀ ਉਮੀਦਵਾਰਾਂ 'ਚੋਂ ਗਿੱਲ ਕਲਾਂ ਜ਼ੋਨ ਦੀ ਉਮੀਦਵਾਰ ਮਹਿੰਦਰ ਕੌਰ ਕੋਲ 130 ਗਰਾਮ ਸੋਨਾ, ਸਿੰਗੋ ਜ਼ੋਨ ਦੇ ਉਮੀਦਵਾਰ ਪਰਮਜੀਤ ਸਿੰਘ ਕੋਲ 30 ਗਰਾਮ ਸੋਨਾ, ਭੁੱਚੋ ਕਲਾਂ ਤੋਂ ਉਮੀਦਵਾਰ ਜਸਵੀਰ ਕੌਰ ਕੋਲ 1 ਤੋਲਾ ਸੋਨਾ, ਭਾਈਰੂਪਾ ਤੋਂ ਉਮੀਦਵਾਰ ਮਲਕੀਤ ਸਿੰਘ ਕੋਲ 6 ਤੋਲੇ ਸੋਨਾ ਅਤੇ ਬੰਗੀ ਰੁਲਦੂ ਤੋਂ ਉਮੀਦਵਾਰ ਚਰਨਜੀਤ ਸਿੰਘ ਕੋਲ 7 ਤੋਲੇ ਸੋਨਾ ਹੈ।  ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ 16 ਚੋਣ ਹਲਕਿਆਂ ਲਈ ਕੁੱਲ 54 ਉਮੀਦਵਾਰਾਂ ਨੇ ਨਾਮਜ਼ਾਦਗੀ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ 'ਚੋਂ ਜਨਰਲ ਹਲਕਿਆਂ ਲਈ 27 ਉਮੀਦਵਾਰਾਂ ਅਤੇ ਔਰਤਾਂ ਲਈ ਰਾਖਵੇਂ ਹਲਕਿਆਂ ਲਈ 10 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ। ਅਨੁਸੂਚਿਤ ਜਾਤੀ ਦੇ ਹਲਕਿਆਂ 'ਚੋਂ 9 ਉਮੀਦਵਾਰਾਂ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੇਂ ਹਲਕਿਆਂ ਤੋਂ 8 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ ਹਨ। ਕਾਂਗਰਸੀ ਉਮੀਦਵਾਰਾਂ ਨੇ 16 ਹਲਕਿਆਂ ਤੋਂ ਅੱਜ ਆਖਰੀ ਦਿਨ ਕਾਗ਼ਜ਼ ਦਾਖਲ ਕੀਤੇ।
                                              ਕਾਲਜ ਵਿਦਿਆਰਥਣ ਚੋਣਾਂ ਵਿੱਚ ਕੁੱਦੀ
ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਸਭ ਤੋਂ ਛੋਟੀ ਉਮਰ ਦੀ ਉਮੀਦਵਾਰ  ਹਰਸਿਮਰਨਜੀਤ ਕੌਰ ਹੈ। ਕਾਂਗਰਸ ਪਾਰਟੀ ਵੱਲੋਂ ਚੋਣ ਹਲਕਾ ਪੱਕਾ ਕਲਾਂ ਤੋਂ 23 ਵਰ੍ਹਿਆਂ ਦੀ ਇਸ ਲੜਕੀ ਨੂੰ ਚੋਣ ਲੜਾਈ ਜਾ ਰਹੀ ਹੈ। ਹਰਸਿਮਰਨਜੀਤ ਕੌਰ ਬੀ.ਏ. ਭਾਗ ਦੂਸਰਾ ਦੀ ਵਿਦਿਆਰਥਣ ਹੈ। ਉਸ ਦਾ ਬਾਪ ਬਲਦੇਵ ਸਿੰਘ ਖਾਲਸਾ ਜਨ ਸਿਹਤ ਵਿਭਾਗ ਵਿੱਚੋਂ ਸੇਵਾਮੁਕਤ ਹੋਇਆ ਹੈ। ਉਸ ਦੇ ਛੇ ਧੀਆਂ ਹਨ ਅਤੇ ਹਰਸਿਮਰਨਜੀਤ ਕੌਰ ਸਭ ਤੋਂ ਛੋਟੀ  ਹੈ। ਕਾਂਗਰਸ ਦੀ ਇਸ ਉਮੀਦਵਾਰ ਦਾ ਨੇ ਕਿਹਾ ਕਿ ਉਸ ਦੀ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਰਹੀ ਹੈ ਪਰ ਉਨ੍ਹਾਂ ਦਾ ਪਰਿਵਾਰ ਕਈ ਦਹਾਕਿਆਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ।

No comments:

Post a Comment