Monday, May 20, 2013

                                   ਅਕਾਲੀ ਸਰਕਾਰ
         ਕੌਮਾਂਤਰੀ ਸਟੇਡੀਅਮ ਬਣਾਉਣ ਤੋਂ ਭੱਜੀ
                                    ਚਰਨਜੀਤ ਭੁੱਲਰ
ਬਠਿੰਡਾ :  ਬਠਿੰਡਾ ਵਿੱਚ ਕੌਮਾਂਤਰੀ ਸਟੇਡੀਅਮ ਬਣਾਏ ਜਾਣ ਦੀ ਯੋਜਨਾ ਖੂਹ ਖਾਤੇ ਪੈ ਗਈ ਹੈ ਤੇ ਇੱਥੇ ਹੁਣ ਮਿੰਨੀ ਕ੍ਰਿਕਟ ਸਟੇਡੀਅਮ ਬਣੇਗਾ। ਪਤਾ ਲੱਗਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੌਮਾਂਤਰੀ ਸਟੇਡੀਅਮ ਦੀ ਥਾਂ ਮਿੰਨੀ ਕ੍ਰਿਕਟ ਸਟੇਡੀਅਮ ਬਣਾਏ ਜਾਣ ਦੀ ਵਿਉਂਤ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 8 ਦਸੰਬਰ, 2007 ਨੂੰ ਕੌਮਾਂਤਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਸੀ। ਉਸ ਮਗਰੋਂ ਸਟੇਡੀਅਮ ਦੀ ਉਸਾਰੀ ਲਈ ਇੱਕ ਇੱਟ ਵੀ ਨਹੀਂ ਲੱਗੀ। ਉਲਟਾ ਇਹ ਜਗ੍ਹਾ ਭੇਡਾਂ ਬੱਕਰੀਆਂ ਦੀ ਚਾਰਗਾਹ ਬਣੀ ਹੋਈ ਹੈ। ਵਿਰੋਧੀ ਧਿਰਾਂ ਵੱਲੋਂ ਸਿਆਸੀ ਸਟੇਜਾਂ 'ਤੇ ਕੌਮਾਂਤਰੀ ਸਟੇਡੀਅਮ ਦਾ ਉਚੇਚਾ ਜ਼ਿਕਰ ਕੀਤਾ ਜਾਂਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਅਖ਼ਤਿਆਰੀ ਫੰਡਾਂ ਵਿੱਚੋਂ ਸਟੇਡੀਅਮ ਲਈ ਸਿਰਫ 20 ਲੱਖ ਰੁਪਏ ਜਾਰੀ ਕੀਤੇ ਹਨ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਇਸ ਰਾਸ਼ੀ ਨਾਲ ਸਟੇਡੀਅਮ ਵਾਲੀ ਜਗ੍ਹਾ ਦਾ ਮੂੰਹ ਮੱਥਾ ਸੰਵਾਰਿਆ ਜਾਵੇਗਾ। ਤਕਰੀਬਨ ਸਾਢੇ ਪੰਜ ਵਰ੍ਹਿਆਂ ਮਗਰੋਂ ਇਹ ਸਟੇਡੀਅਮ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੂੰ ਸੌਂਪਣ ਦੀ ਤਿਆਰੀ ਹੈ। ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਈ ਵਿਭਾਗਾਂ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨਾਲ ਮੀਟਿੰਗ ਵੀ ਕੀਤੀ ਹੈ ਜਿਸ ਵਿੱਚ ਸਟੇਡੀਅਮ ਦੀ ਪਿੱਚ ਤੇ ਅਪਰੋਚ ਰੋਡ ਬਣਾਏ ਜਾਣ ਦੀ ਹਦਾਇਤ ਕੀਤੀ ਹੈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਪੇਸ਼ਕਸ਼ ਕੀਤੀ ਹੈ ਕਿ ਉਹ ਇਸ ਸਟੇਡੀਅਮ ਦੀ ਉਸਾਰੀ ਮਗਰੋਂ ਮੁਰੰਮਤ ਵਗੈਰਾ ਕਰਨ ਨੂੰ ਤਿਆਰ ਹਨ ਬਸ਼ਰਤੇ ਸਟੇਡੀਅਮ ਐਸੋਸੀਏਸ਼ਨ ਨੂੰ ਸੌਂਪ ਦਿੱਤਾ ਜਾਵੇ।
                ਡਿਪਟੀ ਕਮਿਸ਼ਨਰ ਨੇ ਇਸ ਮੀਟਿੰਗ ਵਿੱਚ ਖੁਲਾਸਾ ਕੀਤਾ ਕਿ ਸਟੇਡੀਅਮ ਵਿੱਚ ਪਿੱਚ ਵਗੈਰਾ ਬਣਾ ਦਿੱਤੀ ਜਾਵੇਗੀ ਤਾਂ ਜੋ ਸਥਾਨਕ ਪੱਧਰ ਦੇ ਕ੍ਰਿਕਟ ਮੈਚ ਕਰਾਏ ਜਾ ਸਕਣ। ਬਠਿੰਡਾ ਵਿਕਾਸ ਅਥਾਰਟੀ ਦੇ ਵਧੀਕ ਮੁੱਖ ਪ੍ਰਸ਼ਾਸਕ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਰਕਾਰ ਤੋਂ ਉਨ੍ਹਾਂ ਨੂੰ ਇਸ ਖੇਡ ਸਟੇਡੀਅਮ ਲਈ 20 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ ਜਿਸ ਨਾਲ ਸਟੇਡੀਅਮ ਵਿੱਚ ਮੁਢਲਾ ਕੰਮ ਕਰਾਇਆ ਜਾਣਾ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਤਾਂ ਸਿਆਸੀ ਸਟੇਜਾਂ ਤੋਂ ਹੁਣ ਇਸ ਸਟੇਡੀਅਮ ਦਾ ਜ਼ਿਕਰ ਕਰਨਾ ਹੀ ਬੰਦ ਕਰ ਦਿੱਤਾ ਹੈ। ਯੂਥ ਕਾਂਗਰਸ ਦੇ ਕਾਰਕੁਨਾਂ ਨੇ ਇੱਕ ਵਾਰ ਸਟੇਡੀਅਮ ਦੇ ਨੀਂਹ ਪੱਥਰ ਕੋਲ ਮੈਚ ਖੇਡ ਕੇ ਰੋਸ ਪ੍ਰਦਰਸ਼ਨ ਜ਼ਰੂਰ ਕੀਤਾ ਸੀ। ਪਤਾ ਲੱਗਾ ਹੈ ਕਿ ਡਿਪਟੀ ਕਮਿਸ਼ਨਰ ਨੇ ਸਭ ਵਿਭਾਗਾਂ ਨੂੰ 24 ਮਈ ਤੱਕ ਦਾ ਸਮਾਂ ਦਿੱਤਾ ਹੈ। ਹਰ ਵਿਭਾਗ ਨੂੰ ਇਸ ਸਟੇਡੀਅਮ ਦੇ ਕੰਮਾਂ ਦੀ ਵੰਡ ਕੀਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਸਟੇਡੀਅਮ ਵਿੱਚ ਪਿੱਚ, ਗਰਾਊਂਡ, ਦੋ ਡਰੈਸਿੰਗ ਰੂਮ ਤੇ ਇੱਕ ਟਿਊਬਵੈੱਲ ਲਾਇਆ ਜਾਣਾ ਹੈ। ਸਟੇਡੀਅਮ ਲਈ ਅਪਰੋਚ ਰੋਡ ਬਣਾਈ ਜਾਵੇਗੀ। ਬਠਿੰਡਾ ਡੱਬਵਾਲੀ ਮੁੱਖ ਸੜਕ 'ਤੇ ਸਟੇਡੀਅਮ ਅੱਗੇ ਦਰਖ਼ਤਾਂ ਦੀ ਕਟਾਈ ਵੀ ਕਰਾਈ ਜਾਵੇਗੀ। ਜੰਗਲਾਤ ਵਿਭਾਗ ਨੂੰ ਇਹ ਕੰਮ ਸੌਂਪਿਆ ਗਿਆ ਹੈ। ਸਟੇਡੀਅਮ ਵਾਲੀ ਜਗ੍ਹਾ ਹਾਲੇ ਉੱਚੀ ਨੀਵੀਂ ਹੈ ਤੇ ਕਾਫ਼ੀ ਝਾੜੀਆਂ ਹਨ। ਇਸ ਲਈ ਜੇਸੀਬੀ ਮਸ਼ੀਨਾਂ ਦਾ ਪ੍ਰਬੰਧ ਕਰਕੇ ਇਸ ਨੂੰ ਪੱਧਰਾ ਕਰਨ ਵਾਸਤੇ ਆਖਿਆ ਗਿਆ ਹੈ।
               ਪੰਜਾਬ ਖੇਤੀ 'ਵਰਸਿਟੀ ਵੱਲੋਂ ਕੌਮਾਂਤਰੀ ਕ੍ਰਿਕਟ ਸਟੇਡੀਅਮ ਲਈ ਕੁੱਲ 25 ਏਕੜ, ਪੰਜ ਕਨਾਲਾ ਤੇ ਨੌਂ ਮਰਲੇ ਜ਼ਮੀਨ ਖੇਡ ਵਿਭਾਗ ਨੂੰ ਦਿੱਤੀ ਗਈ ਹੈ ਜਿਸ ਦੀ ੱਮਾਰਕੀਟ ਕੀਮਤ ਉਸ ਵੇਲੇ 3,85,21,85 ਰੁਪਏ ਸੀ। ਖੇਤੀ 'ਵਰਸਿਟੀ ਨੇ ਇਸ ਦਾ ਮਾਰਕੀਟ ਭਾਅ 15.40 ਲੱਖ ਰੁਪਏ ਪ੍ਰਤੀ ਏਕੜ ਤੈਅ ਕੀਤਾ ਸੀ ਜਦੋਂਕਿ ਹੁਣ ਇਹ ਜ਼ਮੀਨ ਕਰੋੜਾਂ ਰੁਪਏ ਦੀ ਹੋ ਗਈ ਹੈ। ਖੇਤੀ ਖੋਜਾਂ ਵਾਲੀ ਜ਼ਮੀਨ ਕੌਮਾਂਤਰੀ ਸਟੇਡੀਅਮ ਲਈ ਮੁਫਤੋ ਮੁਫ਼ਤ ਦਿੱਤੀ ਗਈ ਸੀ ਪਰ ਮਗਰੋਂ ਸਰਕਾਰ ਇਸ ਜ਼ਮੀਨ 'ਤੇ ਸਟੇਡੀਅਮ ਵੀ ਨਾ ਉਸਾਰ ਸਕੀ ਤੇ ਯੂਨੀਵਰਸਿਟੀ ਇਸ ਜ਼ਮੀਨ 'ਤੇ ਆਪਣੇ ਖੋਜ ਕਾਰਜ ਵੀ ਜਾਰੀ ਨਾ ਰੱਖ ਸਕੀ। ਤਕਰੀਬਨ ਢਾਈ ਦਹਾਕੇ ਪਹਿਲਾਂ ਪੰਜਾਬ ਖੇਤੀ 'ਵਰਸਿਟੀ ਵੱਲੋਂ ਪਿੰਡ ਜੋਧਪੁਰ ਰੋਮਾਣਾ ਦੀ 255 ਏਕੜ ਜ਼ਮੀਨ ਖੇਤੀ ਖੋਜਾਂ ਤੇ ਬੀਜ ਪੈਦਾਵਾਰ ਵਾਸਤੇ ਐਕੁਆਇਰ ਕੀਤੀ ਗਈ ਸੀ। ਖੇਡ ਵਿਭਾਗ ਨੂੰ ਇਹ ਜ਼ਮੀਨ ਮਿਲਣ ਮਗਰੋਂ ਬਠਿੰਡਾ ਵਿਕਾਸ ਅਥਾਰਟੀ ਨੇ ਜ਼ਮੀਨ ਦੇ ਚਾਰ ਚੁਫੇਰੇ ਕੰਡਿਆਲੀ ਤਾਰ ਵੀ ਲਾ ਦਿੱਤੀ ਸੀ ਤੇ ਸਟੇਡੀਅਮ ਵਾਲੀ ਜਗ੍ਹਾ ਦੇ ਚਾਰ ਚੁਫੇਰੇ ਪਿੱਲਰ ਵੀ ਲਾ ਦਿੱਤੇ ਗਏ ਸਨ। ਪੰਜਾਬ ਸਰਕਾਰ ਵੱਲੋਂ ਇੱਥੇ 50 ਹਜ਼ਾਰ ਸੀਟਾਂ ਦੀ ਸਮਰੱਥਾ ਵਾਲਾ ਸਟੇਡੀਅਮ ਉਸਾਰਨ ਦਾ ਐਲਾਨ ਕੀਤਾ ਸੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਟੇਜਾਂ ਤੋਂ ਆਖਿਆ ਕਰਦੇ ਸਨ ਕਿ ਬਠਿੰਡਾ ਨੂੰ ਪੂਰਾ ਵਿਸ਼ਵ ਦੇਖਿਆ ਕਰੇਗਾ।
                                                  ਰਣਜੀ ਮੈਚ ਕਰਾਏ ਜਾਣਗੇ: ਐਸੋਸੀਏਸ਼ਨ
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸਕੱਤਰ ਓਡੀ ਸ਼ਰਮਾ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸਟੇਡੀਅਮ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਹਵਾਲੇ ਕਰਨ ਵਾਸਤੇ ਕਰਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਸਟੇਡੀਅਮ ਦੀ ਸਾਂਭ ਸੰਭਾਲ ਕਰਨਗੇ ਤੇ ਇਸ ਸਟੇਡੀਅਮ 'ਤੇ ਰਣਜੀ ਮੈਚ ਕਰਾਏ ਜਾਣਗੇ। ਉਨ੍ਹਾਂ ਦੱਸਿਆ ਕਿ ਉਹ ਪੀਸੀਏ ਮੁਹਾਲੀ ਤੋਂ ਮੈਚਿੰਗ ਗਰਾਂਟ ਵੀ ਲੈਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਰਾਇੰਗ ਵਗੈਰਾ ਦੇ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਕੌਮੀ ਮੈਚ ਹੋਣਗੇ ਤੇ ਉਸ ਮਗਰੋਂ ਸਰਕਾਰ ਚਾਹੇਗੀ ਤਾਂ ਇਥੇ ਕੌਮਾਂਤਰੀ ਮੈਚ ਹੋਣ ਲੱਗ ਜਾਣਗੇ।

1 comment: