Saturday, May 18, 2013

                              ਚੋਣ ਹਿੰਸਾ
         ਅਸੀਂ ਆਪਣਾ ਲਾਲ ਗੁਆ ਬੈਠੇ
                           ਚਰਨਜੀਤ ਭੁੱਲਰ
ਬਠਿੰਡਾ : ਕਿਸਾਨ ਚਰਨਜੀਤ ਸਿੰਘ ਦੇ ਘਰ ਦਾ ਚਿਰਾਗ ਬੁੱਝ ਗਿਆ ਹੈ। ਚੋਣ ਹਿੰਸਾ ਦੇ ਸੇਕ ਨੇ ਛੋਟੀ ਕਿਸਾਨੀ 'ਤੇ ਵੱਡਾ ਦੁੱਖ ਸੁੱਟ ਦਿੱਤਾ ਹੈ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਜਿੱਤ ਕਿਸੇ ਵੀ ਸਿਆਸੀ ਧਿਰ ਦੀ ਹੋਵੇ ਪਰ ਇਹ ਕਿਸਾਨ ਪਰਿਵਾਰ ਜ਼ਿੰਦਗੀ ਤੋਂ ਹਾਰ ਗਿਆ ਹੈ। ਖੇਤਾਂ ਦੀ ਮਿੱਟੀ 'ਚੋਂ ਤਕਦੀਰ ਵੇਖਣ ਵਾਲਾ ਇਹ ਪਰਿਵਾਰ ਸਿਆਸਤ ਦੇ ਪਿੜ ਵਿੱਚ ਆਪਣਾ ਲਾਲ ਗੁਆ ਬੈਠਾ ਹੈ। ਮਾਂ ਹਰਵਿੰਦਰ ਕੌਰ ਹੁਣ ਕਿੱਥੋਂ ਧਰਵਾਸ ਲੱਭੇ ਜਿਸ ਦਾ ਇਕਲੌਤਾ ਜਵਾਨ ਪੁੱਤ ਘਰੋਂ ਹੱਸਦਾ ਖੇਡਦਾ ਤੁਰਿਆ ਸੀ। ਚੋਣ ਹਿੰਸਾ ਦੇ ਦੂਤ ਨੇ ਇਸ ਮਾਂ ਦੇ ਘਰ ਸੂਰਜ ਡੁੱਬਣ ਤੋਂ ਪਹਿਲਾਂ ਜਵਾਨ ਪੁੱਤ ਦੀ ਲਾਸ਼ ਭੇਜ ਦਿੱਤੀ। ਸਿਆਸੀ ਲੋਕ ਤਾਂ ਇਸ ਨੌਜਵਾਨ ਦੀ ਮੌਤ 'ਚੋਂ ਵੋਟਾਂ ਦੀ ਤਲਾਸ਼ ਕਰਨਗੇ ਪਰ ਇਹ ਪਰਿਵਾਰ ਜੀਵਨ ਭਰ ਸਿਵਿਆਂ ਦੇ ਬੂਹੇ ਵੱਲ ਵੇਖਦਾ ਰਹੇਗਾ। ਬਠਿੰਡਾ ਦੇ ਪਿੰਡ ਆਦਮਪੁਰਾ ਵਿੱਚ ਬੀਤੇ ਕੱਲ੍ਹ ਚੋਣ ਹਿੰਸਾ ਵਿੱਚ ਪਿੰਡ ਸਿਧਾਨਾ ਦਾ ਨੌਜਵਾਨ ਜਸਪ੍ਰੀਤ ਸਿੰਘ ਭੇਟ ਚੜ੍ਹ ਗਿਆ ਹੈ। ਉਸ ਦੀ ਉਮਰ ਤੋਂ ਵੱਧ ਉਸ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਸਨ। ਛਲਣੀ ਹੋਏ ਜਸਪ੍ਰੀਤ ਦੇ ਮਾਪੇ ਹੁਣ ਪੁੱਛਦੇ ਹਨ ਕਿ ਉਸ ਦਾ ਕੀ ਕਸੂਰ ਸੀ। ਪਿੰਡ ਸਿਧਾਨਾ ਦੇ ਹਰ ਘਰ ਵਿੱਚ ਇਸ ਜਵਾਨ ਮੌਤ ਨੇ ਦੁੱਖਾਂ ਦੇ ਦੀਵੇ ਬਾਲ ਦਿੱਤੇ। ਹਰ ਅੱਖ ਨਮ ਹੋ ਗਈ ਤੇ ਹਰ ਗੱਚ ਭਰ ਆਇਆ ਜਦੋਂ ਬਜ਼ੁਰਗ ਬਾਪ ਚਰਨਜੀਤ ਸਿੰਘ ਨੇ ਆਪਣੇ ਜਵਾਨ ਪੁੱਤ ਦੀ ਚਿਖਾ ਨੂੰ ਅੱਗ ਦਿਖਾਈ।
               ਕਿਸਾਨ ਚਰਨਜੀਤ ਸਿੰਘ ਕੋਲ ਸਿਰਫ਼ ਢਾਈ ਏਕੜ ਜ਼ਮੀਨ ਹੈ ਜਿਸ ਨਾਲ ਉਸ ਨੇ ਆਪਣੇ ਇਕਲੌਤੇ ਪੁੱਤ ਜਸਪ੍ਰੀਤ ਨੂੰ ਜਮ੍ਹਾਂ ਦੋ ਤੱਕ ਦੀ ਪੜ੍ਹਾਈ ਕਰਾਈ। ਜਸਪ੍ਰੀਤ ਦੀ ਇੱਕੋ ਇੱਕ ਮੁਟਿਆਰ ਭੈਣ ਸਿਮਰਜੀਤ ਕੌਰ ਲਈ ਸਦਾ ਲਈ ਇਹ ਜਹਾਨ ਖ਼ਾਲੀ ਹੋ ਗਿਆ ਹੈ। ਹਰ ਰੱਖੜੀ ਦੇ ਦਿਨ ਇਸ ਭੈਣ ਨੂੰ ਹੌਲ ਪੈਣਗੇ। ਉਸ ਨੂੰ ਭਰਾ ਦੇ ਪਰਤਣ ਦਾ ਝਉਲਾ ਪਏਗਾ। ਹੁਣ ਦੋ ਦਿਨਾਂ ਤੋਂ ਮਾਂ ਤੇ ਭੈਣ ਨੂੰ ਦੌਰੇ ਪੈ ਰਹੇ ਹਨ ਤੇ ਬਾਪ ਸੁੱਧ ਬੁੱਧ ਵਿੱਚ ਨਹੀਂ। 21 ਵਰ੍ਹਿਆਂ ਦਾ ਜਸਪ੍ਰੀਤ ਸਿੰਘ ਫੁੱਟਬਾਲ ਤੇ ਕਬੱਡੀ ਦਾ ਖਿਡਾਰੀ ਸੀ। ਪੀਪਲਜ਼ ਪਾਰਟੀ ਦੇ ਆਗੂ ਲੱਖਾ ਸਧਾਣਾ ਨਾਲ ਉਸ ਦੀ ਇਕੋ ਸਾਂਝ ਖੇਡਾਂ ਦੀ ਸੀ। ਖੇਡ ਹੀ ਉਸ ਨੂੰ ਲੱਖਾ ਸਧਾਣਾ ਦੇ ਨਜ਼ਦੀਕ ਲੈ ਆਈ। ਜਸਪ੍ਰੀਤ ਸਿੰਘ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ। ਉਹ ਫੌਜੀ ਭਰਤੀ ਲਈ ਤਿਆਰੀ ਵਿੱਚ ਜੁਟਿਆ ਹੋਇਆ ਸੀ। ਉਹ ਦੇਸ਼ ਦੀ ਸੇਵਾ ਦਾ ਜਜ਼ਬਾ ਰੱਖਦਾ ਸੀ ਜਿਸ ਕਰਕੇ ਉਹ ਪਿੰਡ ਦੇ ਜਿੰਮ ਵਿੱਚ ਖੁਦ ਵੀ ਤਿਆਰੀ ਕਰ ਰਿਹਾ ਸੀ ਤੇ ਹੋਰਾਂ ਨੌਜਵਾਨਾਂ ਨੂੰ ਵੀ ਪ੍ਰੇਰਦਾ ਸੀ। ਦੇਸ਼ ਦੀ ਸੇਵਾ ਲਈ ਘਰੋਂ ਤੁਰਨ ਤੋਂ ਪਹਿਲਾਂ ਹੀ ਉਹ ਜਹਾਨੋਂ ਤੁਰ ਗਿਆ ਹੈ। ਚਾਚੇ ਬੇਅੰਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਤੇ ਉਹ ਖੇਡਾਂ ਵਿੱਚ ਦਿਨ ਰਾਤ ਮਿਹਨਤ ਕਰ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਸਿਆਸੀ ਖੇਡ ਨੇ ਮਾਪਿਆਂ ਦੇ ਹੱਥ ਖਾਲੀ ਕਰ ਦਿੱਤੇ ਹਨ।
                 ਜਸਪ੍ਰੀਤ ਦੀ ਛੋਟੀ ਭੈਣ ਸਿਮਰਜੀਤ ਕੌਰ ਨੇ ਹੁਣੇ ਹੀ ਮੈਟ੍ਰਿਕ ਕੀਤੀ ਹੈ। ਅੱਜ ਮਾਂ ਤੇ ਭੈਣ ਦਾ ਦੁੱਖ ਵੇਖਿਆ ਨਹੀਂ ਜਾ ਰਿਹਾ। ਪੰਚਾਇਤ ਮੈਂਬਰ ਰਾਜ ਸਿੰਘ ਦਾ ਕਹਿਣਾ ਸੀ ਕਿ ਇਸ ਪਰਿਵਾਰ ਵੱਲੋਂ ਕਦੇ ਵੀ ਸਿਆਸਤ ਵਿੱਚ ਹਿੱਸਾ ਨਹੀਂ ਲਿਆ ਗਿਆ ਤੇ ਇਹ ਪਰਿਵਾਰ ਤਾਂ ਖੇਤੀ ਕਰਕੇ ਆਪਣਾ ਜੀਵਨ ਬਸਰ ਕਰਨ ਤੱਕ ਸੀਮਤ ਸੀ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਖੇਡਾਂ ਦਾ ਸ਼ੌਕੀਨ ਸੀ ਜਿਸ ਕਰਕੇ ਉਹ ਲੱਖਾ ਸਧਾਣਾ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਆਖਿਆ ਕਿ ਜਸਪ੍ਰੀਤ ਦੀ ਮੌਤ ਨਾਲ ਪੂਰਾ ਪਿੰਡ ਕੰਬਿਆ ਹੈ। ਪਿੰਡ ਸਿਧਾਨਾ ਦੇ ਸ਼ਮਸ਼ਾਨਘਾਟ ਵਿੱਚ ਜਸਪ੍ਰੀਤ ਸਿੰਘ ਦੇ ਸਸਕਾਰ ਮੌਕੇ ਸਿਆਸੀ ਧਿਰਾਂ ਦੇ ਆਗੂ ਵੀ ਪੁੱਜੇ ਹੋਏ ਸਨ। ਇਨ੍ਹਾਂ ਆਗੂਆਂ ਨੇ ਮਾਪਿਆਂ ਨਾਲ ਦੁੱਖ ਵੰਡਾਇਆ ਤੇ ਹੌਸਲਾ ਦਿੱਤਾ। ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ,ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਅਜਾਇਬ ਸਿੰਘ ਭੱਟੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ ਤੇ ਕਿਸਾਨ ਧਿਰਾਂ ਦੇ ਆਗੂ ਵੀ ਸਸਕਾਰ ਮੌਕੇ ਹਾਜ਼ਰ ਸਨ।  ਜਸਪ੍ਰੀਤ ਜੱਸਾ ਦਾ ਪੋਸਟ ਮਾਰਟਮ ਰਾਮਪੁਰਾ ਫੂਲ ਦੇ ਸਿਵਲ ਹਸਪਤਾਲ ਵਿਖੇ ਕੀਤਾ ਗਿਆ ਜਿੱਥੋਂ ਉਸਦੀ ਲਾਸ਼ ਲੈ ਕੇ ਜਾ ਰਹੇ ਪਿੰਡ ਵਾਸੀਆਂ ਤੇ ਸਮਰਥਕਾਂ ਨੇ ਰਾਮਪੁਰਾ ਫੂਲ ਵਿਖੇ ਬਠਿੰਡਾ-ਚੰਡੀਗੜ੍ਹ ਮੁੱਖ ਸੜਕ 'ਤੇ ਲਾਸ਼ ਰੱਖ ਕੇ ਜਾਮ ਲਾ ਕੇ ਹਾਕਮ ਧਿਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੋਕਾਂ ਨੇ ਹਮਲੇ ਨਾਲ ਸਬੰਧਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
                                                         ਸੋਗ ਵਿੱਚ ਡੁੱਬਾ ਪਿੰਡ ਸਿਧਾਨਾ
ਪਿੰਡ ਸਿਧਾਨਾ ਸੋਗ ਵਿੱਚ ਡੁੱਬਾ ਹੋਇਆ ਸੀ। ਜਵਾਨ ਪੁੱਤ ਦੀ ਮੌਤ ਨੇ ਪਿੰਡ ਦੇ ਹਰ ਨਿਆਣੇ ਸਿਆਣੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਲੋਕਾਂ ਨੇ ਦੱਸਿਆ ਕਿ ਸਿਆਸੀ ਕਤਾਰਾਂ 'ਚੋਂ ਬਾਹਰ ਨਿਕਲ ਕੇ ਲੋਕਾਂ ਨੇ ਪਿੰਡ ਦੇ ਇੱਕ ਜਵਾਨ ਜੀਅ ਦੇ ਚਲੇ ਜਾਣ ਦਾ ਦੁੱਖ ਮਨਾਇਆ ਹੈ। ਜਦੋਂ ਜਸਪ੍ਰੀਤ ਦਾ ਸਸਕਾਰ ਹੋਇਆ ਤਾਂ ਉਦੋਂ ਪਿੰਡ ਦੇ ਹਰ ਘਰ ਦਾ ਜੀਅ ਉਸ ਦੇ ਆਖਰੀ ਸਫ਼ਰ ਵਿੱਚ ਸ਼ਾਮਲ ਸੀ।

No comments:

Post a Comment