Tuesday, May 7, 2013


                                  ਚੇਅਰਮੈਨੀ ਖਾਤਰ
           ਧੀਆਂ ਪੁੱਤਾਂ ਦੇ ਮੋਹ ਚ ਭਿੱਜੇ ਅਕਾਲੀ
                                    ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਖਾਤਰ ਅਕਾਲੀ ਵਿਧਾਇਕਾਂ ਅਤੇ ਵਜ਼ੀਰਾਂ ਨੇ ਆਪਣੇ ਲੜਕਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਉਤਾਰ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਆਪਣਿਆਂ ਨੂੰ ਹੀ ਸਭ ਤੋਂ ਯੋਗ ਸਮਝਿਆ ਹੈ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਭਗਤਾ ਤੋਂ ਆਪਣੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਪਹਿਲਾਂ ਇਸ ਚੋਣ ਹਲਕੇ ਦਾ ਨਾਮ ਮਲੂਕਾ ਜ਼ੋਨ ਸੀ, ਜੋ ਰਾਖਵਾਂ ਸੀ। ਪੰਚਾਇਤ ਵਿਭਾਗ ਨੇ ਰਾਤੋਂ ਰਾਤ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਹਲਕੇ ਦਾ ਨਾਮ ਭਗਤਾ ਕੀਤਾ ਅਤੇ ਇਸ ਹਲਕੇ ਨੂੰ ਜਨਰਲ ਕੀਤਾ। ਐਤਕੀਂ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਚੇਅਰਮੈਨੀ ਰਾਖਵੀਂ ਨਹੀਂ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਚੇਅਰਮੈਨੀ ਜਨਰਲ ਵਰਗ ਲਈ ਹੈ, ਉਥੇ ਵਜ਼ੀਰਾਂ ਅਤੇ ਵਿਧਾਇਕਾਂ ਨੇ ਆਪਣਿਆਂ ਨੂੰ ਟਿਕਟਾਂ ਦਿੱਤੀਆਂ ਹਨ। ਸੂਤਰ ਆਖਦੇ ਹਨ ਕਿ ਹਾਕਮ ਧਿਰ ਦੀ ਨਜ਼ਰ ਚੇਅਰਮੈਨੀ 'ਤੇ ਹੈ। ਅਕਾਲੀ ਵਿਧਾਇਕ ਚਤਿੰਨ ਸਿੰਘ ਸਮਾਓਂ ਬੁਢਲਾਡਾ ਰਾਖਵੇਂ ਹਲਕੇ ਤੋਂ ਪ੍ਰਤੀਨਿਧਤਾ ਕਰ ਰਹੇ ਹਨ। ਉਨ੍ਹਾਂ ਦੇ ਲੜਕੇ ਨੂੰ ਰਾਖਵੇਂ ਹਲਕੇ ਬੱਛੋਆਣਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਹਰੀ ਝੰਡੀ ਦਿੱਤੀ ਗਈ ਹੈ। ਸ੍ਰੀ ਸਮਾਓਂ ਦਾ ਕਹਿਣਾ ਸੀ ਕਿ ਟਿਕਟ ਦਾ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਹੈ। 
                ਫ਼ਰੀਦਕੋਟ ਦੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਆਪਣੇ ਭਰਾ ਕੁਲਤਾਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦੇ ਜ਼ੋਨ ਵਾੜਾ ਦਰਾਕਾ ਤੋਂ ਮੈਦਾਨ ਵਿੱਚ ਉਤਾਰਿਆ ਹੈ। ਹਾਲਾਂਕਿ ਮਨਤਾਰ ਸਿੰਘ ਬਰਾੜ ਦਾ ਜੱਦੀ ਪਿੰਡ ਸੰਧਵਾਂ ਦੂਜੇ ਹਲਕੇ ਵਿੱਚ ਪੈਂਦਾ ਹੈ। ਕੁਲਤਾਰ ਸਿੰਘ ਬਰਾੜ ਦੀ ਨਵੇਂ ਸਿਰਿਓਂ ਵੋਟ ਹੁਣ ਵਾੜਾ ਦਰਾਕਾ ਜ਼ੋਨ ਵਿੱਚ ਬਣੀ ਹੈ, ਜਿਸ ਦਾ ਰੌਲਾ ਵੀ ਪਿਆ ਹੋਇਆ ਹੈ। ਕੁਲਤਾਰ ਸਿੰਘ ਬਰਾੜ ਨੂੰ ਵਾਰ ਵਾਰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਜ਼ਿਲ੍ਹੇ ਵਿੱਚ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਨਾਜ਼ਰ ਸਿੰਘ ਵੀ ਬਰਗਾੜੀ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਹਨ। ਹਲਕਾ ਮਲੋਟ ਤੋਂ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਨੇ ਆਪਣੀ ਪਤਨੀ ਅਵਨੀਤ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਹਲਕਾ ਮਲੋਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਜ਼ਿਲ੍ਹੇ ਵਿੱਚ ਹਰੀਕੇ ਕਲਾਂ ਹਲਕੇ ਤੋਂ ਲਖਵੀਰ ਕੌਰ ਚੋਣ ਲੜ ਰਹੀ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਨੂੰਹ ਲਖਵੀਰ ਕੌਰ ਨੂੰ ਅਕਾਲੀ ਦਲ ਨੇ ਇਸ ਹਲਕੇ ਤੋਂ ਟਿਕਟ ਦਿੱਤੀ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹਲਕਾ ਜ਼ੀਰਾ ਤੋਂ ਵਿਧਾਇਕ ਹਰੀ ਸਿੰਘ ਜ਼ੀਰਾ ਦੇ ਨੇੜਲੇ ਅਤੇ ਉਨ੍ਹਾਂ ਦੇ ਪੀ.ਏ. ਲਖਵਿੰਦਰ ਸਿੰਘ ਵੀ ਸਾਹਵਾਲਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਹਨ। ਸੂਤਰਾਂ ਅਨੁਸਾਰ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣੀ ਇਕ ਰਿਸ਼ਤੇਦਾਰ ਨੂੰ ਬਡਰੁੱਖਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਟਿਕਟ ਦਿੱਤੀ ਹੈ।
         ਜ਼ਿਲ੍ਹਾ  ਲੁਧਿਆਣਾ ਦੇ ਹਲਕਾ ਗਿੱਲ ਤੋਂ ਵਿਧਾਇਕ ਦਰਸ਼ਨ ਸਿੰਘ ਸਿਵਾਲਿਕ ਆਪਣੇ ਲੜਕੇ ਹਰਪ੍ਰੀਤ ਸਿੰਘ ਸਿਵਾਲਿਕ ਲਈ ਜ਼ਿਲ੍ਹਾ  ਪ੍ਰੀਸ਼ਦ ਦੀ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਹਨ। ਉਨ•ਾਂ ਦਾ ਲੜਕਾ ਹਰਪ੍ਰੀਤ ਸਿਘ ਰਾਖਵੇਂ ਹਲਕੇ ਬੱਦੋਵਾਲ ਤੋਂ ਚੋਣ ਲੜ ਰਿਹਾ ਹੈ। ਐਤਕੀਂ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੀ ਚੇਅਰਮੈਨੀ ਵੀ ਰਾਖਵੀਂ ਹੈ। ਮੋਗਾ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਵੀ ਐਤਕੀਂ ਰਾਖਵੀਂ ਹੈ, ਜਿਸ ਕਰਕੇ ਇਥੇ ਅਕਾਲੀ ਨੇਤਾਵਾਂ ਦੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਟ ਦਿਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਜ਼ਿਲ੍ਹਾ ਬਰਨਾਲਾ ਵਿੱਚ ਵੀ ਕਈ ਵੀ.ਆਈ.ਪੀ. ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਹਨ। ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਆਪਣੇ ਭਾਣਜੇ ਜਸ਼ਨਦੀਪ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣ ਹਲਕਾ ਟੱਲੇਵਾਲ ਤੋਂ ਟਿਕਟ ਦਿਵਾਉਣ ਵਿੱਚ ਸਫ਼ਲ ਹੋਏ ਹਨ। ਇਸ ਜ਼ਿਲ੍ਹੇ ਵਿੱਚ ਅਕਾਲੀ ਦਲ ਨੇ ਜ਼ਿਲ੍ਹਾ ਪਟਿਆਲਾ ਦੇ ਐਸ.ਐਸ.ਪੀ. ਹਰਦਿਆਲ ਸਿੰਘ ਮਾਨ ਦੇ ਭਰਾ ਗੁਰਦਿਆਲ ਸਿੰਘ ਮਾਨ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦਿੱਤੀ ਹੈ। ਗੁਰਦਿਆਲ ਸਿੰਘ ਮਾਨ ਪਹਿਲਾਂ ਪਿੰਡ ਦੇ ਸਰਪੰਚ ਵੀ ਹਨ।
                ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਯਾਦੀ ਜੈਲਦਾਰ (ਜੈਤੋ) ਦੀ ਭਰਜਾਈ ਨੂੰ ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦਿੱਤੀ ਗਈ ਹੈ। ਇਸ ਜ਼ਿਲ੍ਹੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਦਰਬਾਰ ਸਿੰਘ ਆਪਣੇ ਲੜਕੇ ਪ੍ਰਿਤਪਾਲ ਸਿੰਘ ਲਈ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਲੈਣ ਵਿੱਚ ਸਫ਼ਲ ਹੋਏ ਹਨ। ਇਸ ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਤੋਂ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਅਜਮੇਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦਿੱਤੀ ਗਈ ਹੈ।ਦੂਜੇ ਪਾਸੇ ਕਾਂਗਰਸ ਵੱਲੋਂ ਹਾਲੇ ਤੱਕ ਬਠਿੰਡਾ ਇਲਾਕੇ ਵਿੱਚ ਬਹੁਤੀ ਸਰਗਰਮੀ ਨਹੀਂ ਦਿਖਾਈ ਗਈ। ਸੂਤਰ ਆਖਦੇ ਹਨ ਕਿ ਕਾਂਗਰਸੀ ਵਿਧਾਇਕ ਇਸ ਤਰ੍ਹਾਂ ਦੇ ਮਾਹੌਲ ਵਿੱਚ ਆਮ ਵਰਕਰਾਂ ਨੂੰ ਮੈਦਾਨ ਵਿੱਚ ਉਤਾਰ ਰਹੇ ਹਨ ਕਿਉਂਕਿ ਉਹ ਸੰਕਟ ਦੀ ਘੜੀ ਵਿੱਚ ਆਪਣੇ ਲੜਕਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਨਹੀਂ ਚਾਹੁੰਦੇ। ਕਾਂਗਰਸ ਵੱਲੋਂ ਹਾਲੇ ਤੱਕ ਉਮੀਦਵਾਰ ਹੀ ਨਹੀਂ ਐਲਾਨੇ ਗਏ, ਜਦੋਂ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਭਲਕੇ ਆਖਰੀ ਦਿਨ ਹੈ।

No comments:

Post a Comment