Sunday, May 5, 2013

                                      ਗਾਇਕੀ ਚੰਗੀ
    ਵਿਧਾਇਕ ਬਣਕੇ ਪਛਤਾ ਰਿਹੈ ਮੁਹੰਮਦ ਸਦੀਕ
                                      ਚਰਨਜੀਤ ਭੁੱਲਰ
ਬਠਿੰਡਾ : ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਮੁਹੰਮਦ ਸਦੀਕ ਹੁਣ ਵਿਧਾਇਕ ਬਣ ਕੇ ਪਛਤਾ ਰਿਹਾ ਹੈ। ਸਿਆਸਤ ਦਾ ਸਮਾਂ ਹੁਣ ਉਸ ਦੀ ਗਾਇਕੀ ਨੂੰ ਖਾਣ ਲੱਗਿਆ ਹੈ। ਹੁਣ ਉਹ ਮਹੀਨੇ ਵਿੱਚ ਮਸਾਂ ਅੱਠ ਕੁ ਪ੍ਰੋਗਰਾਮ ਕਰਦਾ ਹੈ, ਜਦੋਂ ਕਿ ਕੋਈ ਸਮਾਂ ਸੀ ਕਿ ਉਹ ਮਹੀਨੇ ਵਿੱਚ 60 ਤੋਂ ਵੱਧ ਪ੍ਰੋਗਰਾਮ ਕਰ ਦਿੰਦਾ ਸੀ।  ਬਠਿੰਡਾ ਵਿੱਚ ਵਿਸ਼ੇਸ਼ ਗੱਲਬਾਤ ਦੌਰਾਨ ਮੁਹੰਮਦ ਸਦੀਕ ਨੇ ਸਾਫ਼ਗੋਈ ਨਾਲ ਕਿਹਾ ਕਿ ਵਿਧਾਇਕ ਬਣ ਕੇ ਵੀ ਉਹ ਲੋਕਾਂ ਦਾ ਕੁਝ ਕਰਨ ਜੋਗਾ ਨਹੀਂ। ਉਸ ਦਾ ਕਹਿਣਾ ਸੀ ਕਿ ਮੌਜੂਦਾ ਸਿਆਸੀ ਤਾਣੇ ਬਾਣੇ ਨੇ ਉਸ ਦੇ ਕਈ ਭਰਮ ਤੋੜ ਦਿੱਤੇ ਹਨ। ਉਹ ਤਾਂ ਲੋਕ ਸੇਵਾ ਲਈ ਸਿਆਸਤ ਵਿੱਚ ਕੁੱਦਿਆ ਸੀ ਪਰ ਵਿਧਾਇਕ ਹੋ ਕੇ ਵੀ ਉਸ ਕੋਲ ਕੋਈ ਤਾਕਤ ਨਹੀਂ। ਉਸ ਨੇ ਆਖਿਆ ਕਿ ਭਦੌੜ ਹਲਕੇ ਵਿੱਚ ਜਿਸ ਨੂੰ ਲੋਕਾਂ ਨੇ ਹਰਾ ਦਿੱਤਾ, ਉਸ ਨੂੰ ਸਰਕਾਰ ਨੇ ਤਾਕਤ ਦਿੱਤੀ ਹੋਈ ਹੈ। ਉਹ ਵਿਧਾਇਕ ਹੋ ਕੇ ਵੀ ਤਾਕਤ ਵਿਹੂਣਾ ਹੈ। ਉਸ ਨੇ ਆਖਿਆ ਕਿ ਸਿਆਸੀ ਲੋਕਾਂ ਨੂੰ ਵੇਖ ਕੇ ਉਸ ਦਾ ਮਨ ਦੁਖੀ ਹੋ ਗਿਆ ਹੈ ਅਤੇ ਸਿਆਸਤ ਨਾਲੋਂ ਗਾਇਕੀ ਦਾ ਖੇਤਰ ਕਿਤੇ ਚੰਗਾ ਹੈ। ਉਸ ਨੇ ਦੱਸਿਆ ਕਿ ਉਸ ਨੇ ਮੁੱਖ ਮੰਤਰੀ ਤੋਂ ਹਲਕੇ ਲਈ ਇਕ ਕਰੋੜ ਰੁਪਏ ਮੰਗੇ ਸਨ ਪਰ ਭਰੋਸਾ ਮਿਲਣ ਤੋਂ ਸਿਵਾਏ ਕੁਝ ਨਹੀਂ ਮਿਲਿਆ। ਉਹ ਪੁੱਛਦਾ ਹੈ ਕਿ ਭਦੌੜ ਹਲਕੇ ਦੇ ਲੋਕਾਂ ਦਾ ਕੀ ਕਸੂਰ ਹੈ?
              ਮੁਹੰਮਦ ਸਦੀਕ ਆਖਦਾ ਹੈ ਕਿ 35 ਵਰ੍ਹਿਆਂ ਮਗਰੋਂ ਭਦੌੜ ਹਲਕੇ ਵਿੱਚ ਕਾਂਗਰਸ ਜਿੱਤੀ ਹੈ। ਉਹ ਦੱਸਦਾ ਹੈ ਕਿ ਉਸ ਨੇ ਤਾਂ ਕਦੇ ਸੁਫ਼ਨੇ ਵਿੱਚ ਵੀ ਸਿਆਸਤ ਵਿੱਚ ਆਉਣ ਬਾਰੇ ਨਹੀਂ ਸੋਚਿਆ ਸੀ। ਬੇਅੰਤ ਸਿੰਘ ਦੀ ਸਰਕਾਰ ਸਮੇਂ ਲੁਧਿਆਣਾ ਦੀ ਪੇਸ਼ਕਸ਼ ਹੋਈ ਸੀ, ਜੋ ਉਸ ਨੇ ਠੁਕਰਾ ਦਿੱਤੀ ਸੀ। ਹੁਣ ਉਹ ਇਹ ਸੋਚ ਕੇ ਸਿਆਸਤ ਵਿੱਚ ਕੁੱਦਿਆ ਕਿ ਸਿਆਸਤ ਦੇ ਜ਼ਰੀਏ ਲੋਕ ਸੇਵਾ ਚੰਗੀ ਹੋ ਸਕਦੀ ਹੈ ਪਰ ਉਸ ਨੇ ਆਖਿਆ ਕਿ ਬੱਸ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਹਨ। ਲੋਕ ਗਾਇਕ ਨੇ ਦੱਸਿਆ ਕਿ ਜਦੋਂ ਉਸ ਨੇ ਵਿਧਾਨ ਸਭਾ ਵਿੱਚ ਸਹੁੰ ਚੁੱਕੀ ਸੀ ਤਾਂ ਸਭ ਧਿਰਾਂ ਦੇ ਵਿਧਾਇਕਾਂ ਨੇ ਮੇਜ਼ ਥਪਥਪਾਏ ਸਨ। ਉਦੋਂ ਉਸ ਨੂੰ ਸਿਆਸਤ ਹਰੀ ਹਰੀ ਦਿਖੀ ਸੀ। ਜਦੋਂ ਵਿਧਾਨ ਸਭਾ ਵਿੱਚ ਉਸ ਦੇ ਭੋਲੇਪਣ ਦਾ ਫਾਇਦਾ ਲੈ ਕੇ ਮੁੱਖ ਮੰਤਰੀ ਨੇ ਗੀਤ ਗੁਆ ਕੇ ਤੌਹੀਨ ਕੀਤੀ ਤਾਂ ਫਿਰ ਉਸ ਨੂੰ ਸਿਆਸਤ ਦੇ ਅਸਲੀ ਰੰਗ ਦੀ ਸਮਝ ਪਈ। ਗਾਇਕ ਵੱਡਾ ਜਾਂ ਵਿਧਾਇਕ, ਇਸ ਸੁਆਲ ਦੇ ਜੁਆਬ ਵਿੱਚ ਮੁਹੰਮਦ ਸਦੀਕ ਨੇ ਆਖਿਆ ਕਿ ਗਾਇਕ ਤਾਂ ਵਿਧਾਇਕ ਬਣ ਸਕਦਾ ਹੈ ਪਰ ਵਿਧਾਇਕ ਕਦੇ ਵੀ ਗਾਇਕ ਨਹੀਂ ਬਣ ਸਕਦਾ। ਉਸ ਨੇ ਦੱਸਿਆ ਕਿ ਬਤੌਰ ਗਾਇਕ ਉਸ ਦੀ ਸਰਕਾਰੀ ਦਰਬਾਰੇ ਬਹੁਤ ਮਾਨਤਾ ਰਹੀ ਹੈ ਪਰ ਹੁਣ ਅਫਸਰ ਵੀ ਵਿਰੋਧੀ ਧਿਰ ਦਾ ਵਿਧਾਇਕ ਹੋਣ ਦੀ ਨਜ਼ਰ ਨਾਲ ਵੇਖਦੇ ਹਨ।
              ਮੁਹੰਮਦ ਸਦੀਕ ਦਾ ਕਹਿਣਾ ਸੀ ਕਿ ਬਿਨਾਂ ਤਾਕਤ ਤੋਂ ਲੋਕਾਂ ਦੀ ਸੇਵਾ ਨਾ ਹੋਣ ਕਰਕੇ ਮਨ ਉਦਾਸ ਹੈ ਪਰ ਸਿਆਸਤ ਇਸ ਕਰਕੇ ਛੱਡਣ ਨੂੰ ਦਿਲ ਨਹੀਂ ਕਰਦਾ ਕਿ ਇਹ ਲੋਕ ਤਾਕਤ ਨਿੱਤ ਨਹੀਂ ਮਿਲਦੀ। ਕੀ ਸਿਆਸਤ ਨੇ ਗਾਇਕੀ ਨੂੰ ਖ਼ਤਮ ਕੀਤਾ? ਦੇ ਜੁਆਬ ਵਿੱਚ ਮੁਹੰਮਦ ਸਦੀਕ ਨੇ ਆਖਿਆ ਕਿ ਕਾਫੀ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਉਹ ਵਿਧਾਨ ਸਭਾ ਦੀ ਕਮੇਟੀ ਦਾ ਮੈਂਬਰ ਵੀ ਹੈ, ਉਸ ਦੀਆਂ ਮੀਟਿੰਗਾਂ ਵਿੱਚ ਜਾਣਾ ਪੈਂਦਾ ਹੈ ਅਤੇ ਹਲਕੇ ਵਿੱਚ ਵੀ ਹਾਜ਼ਰ ਰਹਿਣਾ ਪੈਂਦਾ ਹੈ, ਜਿਸ ਕਰਕੇ ਕੁਝ ਕੁ ਅਸਰ ਤਾਂ ਪਿਆ ਹੈ ਅਤੇ ਮਾਲੀ ਨੁਕਸਾਨ ਵੀ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਹੁਣ ਮਹੀਨੇ ਵਿੱਚ ਗਾਇਕੀ ਦੇ ਅੱਠ ਕੁ ਪ੍ਰੋਗਰਾਮ ਕਰ ਰਿਹਾ ਹੈ। ਇਸ ਲੋਕ ਗਾਇਕ ਦਾ ਕਹਿਣਾ ਸੀ ਕਿ ਉਸ ਦੇ ਗਰੁੱਪ ਵਿੱਚ 14 ਸਾਜ਼ੀ ਹਨ, ਜਿਨ੍ਹਾਂ ਦੇ ਰੁਜ਼ਗਾਰ ਨੂੰ ਵਿਧਾਇਕੀ ਨੇ ਜ਼ਰੂਰ ਸੱਟ ਮਾਰੀ ਹੈ। ਹੁਣ ਪ੍ਰੋਗਰਾਮ ਘੱਟ ਹੋਣ ਕਰਕੇ ਉਨ੍ਹਾਂ ਦਾ ਰੁਜ਼ਗਾਰ ਪ੍ਰਭਾਵਤ ਹੋ ਗਿਆ ਹੈ, ਜਿਸ ਦਾ ਅਫਸੋਸ ਵੀ ਹੈ। ਉਸ ਨੇ ਦੱਸਿਆ ਕਿ ਵਿਧਾਇਕ ਬਣਨ ਮਗਰੋਂ ਵੀ ਅਕਾਲੀ ਆਗੂ ਉਸ ਨੂੰ ਆਪਣੇ ਪ੍ਰੋਗਰਾਮਾਂ 'ਤੇ ਸੱਦਦੇ ਹਨ ਅਤੇ ਗਾਇਕੀ ਦੇ ਰਾਹ ਵਿੱਚ ਸਿਆਸਤ ਕਦੇ ਅੜਿੱਕਾ ਨਹੀਂ ਬਣੀ। ਮੁਹੰਮਦ ਸਦੀਕ ਨੇ ਦੱਸਿਆ ਕਿ ਉਸ ਨੇ ਇਹ ਕਸਮ ਚੁੱਕੀ ਹੈ ਕਿ ਉਹ ਆਪਣੇ ਹਲਕੇ ਭਦੌੜ ਵਿੱਚ ਕਦੇ ਕੋਈ ਗਾਇਕੀ ਦਾ ਪ੍ਰੋਗਰਾਮ ਨਹੀਂ ਕਰੇਗਾ।
              ਉਸ ਨੇ ਦੱਸਿਆ ਕਿ ਉਸ ਦੀ ਕਾਂਗਰਸ ਨਾਲ ਪੁਰਾਣੀ ਸਾਂਝ ਹੈ। ਸਾਲ 1960-61 ਵਿੱਚ ਰਾਜਪੁਰਾ ਵਿੱਚ ਜਵਾਹਰਲਾਲ ਨਹਿਰੂ ਦੇ ਪ੍ਰੋਗਰਾਮ ਵਿੱਚ ਪਹਿਲੀ ਦਫ਼ਾ ਗਾਇਆ ਸੀ ਅਤੇ ਫਿਰ ਪ੍ਰਤਾਪ ਸਿੰਘ ਕੈਰੋਂ ਦੇ ਜ਼ਮਾਨੇ ਵਿੱਚ ਵੀ ਉਸ ਨੇ ਕਾਂਗਰਸੀ ਸਟੇਜਾਂ ਤੋਂ ਗਾਇਆ। ਉਸ ਨੇ ਬੇਅੰਤ ਸਿੰਘ ਦੀਆਂ ਸਟੇਜਾਂ 'ਤੇ ਅਤਿਵਾਦ ਦੇ ਦਿਨਾਂ ਵਿੱਚ ਵੀ ਗਾਇਆ ਹੈ। ਅਖੀਰ ਵਿੱਚ ਜਦੋਂ ਸਿਆਸੀ ਲੋਕਾਂ ਬਾਰੇ ਗਾਏ ਗਾਣਿਆਂ ਦੀ ਗੱਲ ਕੀਤੀ ਤਾਂ ਮੁਹੰਮਦ ਸਦੀਕ ਨੇ ਸਾਲ 2002 ਦੀਆਂ ਚੋਣਾਂ ਸਮੇਂ ਲਿਖੇ ਇਕ ਗੀਤ ਦੇ ਬੋਲ ਸੁਣਾਏ।
                                                             ”ਜੱਟ ਕੱਦੂ ਵੇਚਣ ਲਾਤੇ,
                                                           ਚੰਦਰੀ ਬਾਦਲ ਸਰਕਾਰ ਨੇ।”
         



1 comment:

  1. sangeet di ibadat karan wale hirde da es gandhli siast de chikkad vich saah ghuttna kudrti hai..
    chandianvi..

    ReplyDelete