Tuesday, May 28, 2013

                              ਪੁਸਤਕ ਸਕੈਂਡਲ
             ਮੁੜ ਮੁੜ ਆਪਣਿਆਂ ਨੂੰ ਗੱਫੇ...
                               ਚਰਨਜੀਤ ਭੁੱਲਰ
ਬਠਿੰਡਾ :  ਸਿੱਖਿਆ ਵਿਭਾਗ ਬਠਿੰਡਾ ਵਿੱਚ ਕੇਂਦਰੀ ਸਕੀਮਾਂ ਦਾ ਹਿਸਾਬ ਕਿਤਾਬ ਹੁਣ “ਖਾਸ” ਲੋਕਾਂ ਦੀ ਮੁੱਠੀ ਵਿੱਚ ਕਰ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨੇੜਲਿਆਂ ਨੂੰ ਹੁਣ ਕੇਂਦਰੀ ਸਕੀਮਾਂ ਦਾ ਜਿੰਮਾ ਮਿਲ ਗਿਆ ਹੈ। ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਵਿੱਚ ਹੁਣ ਸਿੱਖਿਆ ਮੰਤਰੀ ਦੇ ਨੇੜਲਿਆਂ ਦਾ ਹੀ ਬੋਲਬਾਲਾ ਹੈ। ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਠਿੰਡਾ ਦੀ ਕੁਰਸੀ 'ਤੇ ਪਹਿਲਾਂ ਹੀ ਲੈਕਚਰਾਰ ਜਰਨੈਲ ਸਿੰਘ ਭੋਡੀਪੁਰਾ ਦੀ ਤਾਇਨਾਤੀ ਹੈ। ਇਹ ਅਹੁਦਾ ਆਮ ਤੌਰ 'ਤੇ ਪ੍ਰਿੰਸੀਪਲ ਕਾਡਰ ਦਾ ਹੁੰਦਾ ਹੈ ਪਰ ਇਥੇ ਇਹ ਅਹੁਦਾ ਲੈਕਚਰਾਰ ਕੋਲ ਹੈ। ਜਰਨੈਲ ਸਿੰਘ ਭੋਡੀਪੁਰਾ ਦਾ ਪਿੰਡ ਭੋਡੀਪੁਰਾ ਸਿੱਖਿਆ ਮੰਤਰੀ ਦੇ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ ਅਤੇ ਉਹ ਸਿੱਖਿਆ ਮੰਤਰੀ ਦੇ ਕਾਫ਼ੀ ਨੇੜੇ ਹੈ। ਜਿਨ੍ਹਾਂ ਕਿਤਾਬਾਂ ਵਿੱਚ ਅਸ਼ਲੀਲ ਸਮੱਗਰੀ ਹੋਣ ਦਾ ਹੁਣ ਰੌਲਾ ਪੈ ਰਿਹਾ ਹੈ, ਉਨ੍ਹਾਂ ਕਿਤਾਬਾਂ ਦੀ ਚੋਣ ਵਾਲੀ ਕਮੇਟੀ ਵਿੱਚ ਸ੍ਰੀ ਭੋਡੀਪੁਰਾ ਵੀ ਸ਼ਾਮਲ ਹੈ। ਸੂਤਰਾਂ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸ੍ਰੀ ਭੋਡੀਪੁਰਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਵਿਸ਼ਾ ਮਾਹਰ ਵਜੋਂ ਤਾਇਨਾਤ ਕਰਨ ਦੀ ਸਿਫ਼ਾਰਸ਼ ਵੀ ਭੇਜੀ ਗਈ ਸੀ। ਹੁਣ ਜੋ ਰੱਦੋਬਦਲ ਕੀਤੀ ਗਈ ਹੈ, ਉਸ ਵਿੱਚ ਸਿੱਖਿਆ ਮੰਤਰੀ ਦੇ ਪਿੰਡ ਮਲੂਕਾ ਦੇ ਵਸਨੀਕ ਅਤੇ ਪਿੰਡ ਸਲਾਬਤਪੁਰਾ ਦੇ ਸਕੂਲ ਵਿੱਚ ਤਾਇਨਾਤ ਗੁਰਪ੍ਰੀਤ ਸਿੰਘ ਨੂੰ ਹੁਣ ਕੇਂਦਰੀ ਸਕੀਮ ਦੇ ਐਮ.ਆਈ.ਐਸ. ਦਾ ਜ਼ਿਲ੍ਹਾ ਕੋਆਰਡੀਨੇਅਰ ਲਾ ਦਿੱਤਾ ਗਿਆ ਹੈ। ਜਦੋਂ ਕਿ ਇਸ ਅਹੁਦੇ 'ਤੇ ਪਹਿਲਾਂ ਕਾਫੀ ਸੀਨੀਅਰ ਅਧਿਆਪਕ ਤਾਇਨਾਤ ਸੀ, ਜੋ 12 ਸਾਲ ਤੋਂ ਕੰਮ ਕਰ ਰਿਹਾ ਸੀ।
               ਕੇਂਦਰੀ ਸਕੀਮ ਤਹਿਤ ਕਿਤਾਬਾਂ ਦਾ ਹਿਸਾਬ ਕਿਤਾਬ ਦੇਖ ਰਹੇ ਭੁਪਿੰਦਰ ਸਿੰਘ ਨੂੰ ਵੀ ਰਿਲੀਵ ਕਰ ਦਿੱਤਾ ਗਿਆ ਹੈ ਜੋ ਕਾਫ਼ੀ ਸੀਨੀਅਰ ਸੀ। ਉਸ ਦੀ ਥਾਂ ਹਾਲੇ ਨਵੀਂ ਤਾਇਨਾਤੀ ਕੀਤੀ ਜਾਣੀ ਹੈ। ਕੇਂਦਰੀ ਸਕੀਮ ਦੀ ਇਕ ਹੋਰ ਸੀਟ ਤੋਂ ਤਬਾਦਲਾ ਕਰਕੇ ਉਸ ਦੀ ਥਾਂ ਬਲਵਿੰਦਰ ਸਿੰਘ ਨੂੰ ਜ਼ਿਲ੍ਹਾ ਕੋਆਰਡੀਨੇਟਰ ਲਾ ਦਿੱਤਾ ਗਿਆ ਹੈ। ਪਿੰਡ ਕੁੱਟੀ ਦੇ ਸਰਕਾਰੀ ਸਕੂਲ ਦੇ ਸਰਬਜੀਤ ਸਿੰਘ ਨੂੰ ਜ਼ਿਲ੍ਹਾ ਹੈੱਡਕੁਆਰਟਰ 'ਤੇ ਅੰਗਰੇਜ਼ੀ ਦਾ ਰਿਸੋਰਸ ਪਰਸਨ ਲਾ ਦਿੱਤਾ ਗਿਆ ਹੈ। ਸਿੱਖਿਆ ਮੰਤਰੀ ਦੇ ਹਲਕੇ ਵਿੱਚ ਪੈਂਦੇ ਭਗਤਾ ਦੇ ਲੈਕਚਰਾਰ ਮਹਿੰਦਰਪਾਲ ਨੂੰ ਕੇਂਦਰੀ ਸਕੀਮ (ਆਈ.ਸੀ.ਟੀ.) ਦਾ ਜ਼ਿਲ੍ਹਾ ਕੋਆਰਡੀਨੇਟਰ ਲਾਇਆ ਹੋਇਆ ਹੈ। ਉਸ ਦੀ ਉਂਜ ਪੋਸਟਿੰਗ ਡਾਈਟ ਵਿੱਚ ਹੈ ਅਤੇ ਡੈਪੂਟੇਸ਼ਨ 'ਤੇ ਇੱਥੇ ਤਾਇਨਾਤੀ ਕੀਤੀ ਗਈ ਹੈ। ਪਿੰਡ ਰਾਮਪੁਰਾ ਦੇ ਸਰਕਾਰੀ ਸਕੂਲ ਦੇ ਕਾਮਰਸ ਦੇ ਲੈਕਚਰਾਰ ਗੁਰਦੀਪ ਸਿੰਘ ਨੂੰ ਹੁਣ ਰਮਸਾ ਸਕੀਮ ਦਾ ਜ਼ਿਲ੍ਹਾ ਕੋਆਰਡੀਨੇਟਰ ਲਾਇਆ ਗਿਆ ਹੈ। ਸੂਤਰ ਆਖਦੇ ਹਨ ਕਿ ਬਹੁਤੇ ਅਧਿਆਪਕਾਂ ਦਾ ਸਬੰਧ ਅਧਿਆਪਕ ਦਲ ਨਾਲ ਹੈ। ਇਵੇਂ ਹੀ ਕਈ ਜੂਨੀਅਰ ਅਧਿਕਾਰੀਆਂ ਨੂੰ ਸਿੱਖਿਆ ਵਿਭਾਗ ਵਿੱਚ ਉੱਚ ਅਹੁਦਿਆਂ 'ਤੇ ਤਾਇਨਾਤ ਕੀਤਾ ਗਿਆ ਹੈ। ਸਿੱਖਿਆ ਵਿਭਾਗ ਪੰਜਾਬ ਵਿੱਚ ਏ.ਡੀ.ਪੀ.ਆਈ. (ਰੈਸ਼ਨੇਲਾਈਜੇਸ਼ਨ) ਦਾ ਅਹੁਦਾ ਬਠਿੰਡਾ ਦੇ ਸ਼ਿਵਪਾਲ ਗੋਇਲ ਨੂੰ ਦਿੱਤਾ ਗਿਆ ਹੈ, ਜੋ ਮਹਿਕਮੇ ਵਿੱਚ ਜੂਨੀਅਰ ਵੀ ਹਨ।
             ਬਠਿੰਡਾ ਦੇ ਡਿਪਟੀ ਡੀ.ਈ.ਓ. ਰਹਿ ਚੁੱਕੇ ਰਮੇਸ਼ ਕੁਮਾਰ ਨੂੰ ਹੁਣ ਡਿਪਟੀ ਡਾਇਰੈਕਟਰ (ਸਕੂਲ ਪ੍ਰਬੰਧ) ਲਾਇਆ ਗਿਆ ਹੈ। ਇਸ ਤਰ੍ਹਾਂ ਸਰਵ ਸਿੱਖਿਆ ਅਭਿਆਨ ਸਕੀਮ ਦੇ ਭਰਤੀ ਸੈੱਲ ਦੇ ਚੇਅਰਮੈਨ ਦੇ ਅਹੁਦੇ 'ਤੇ ਬਠਿੰਡਾ ਜ਼ਿਲ੍ਹੇ ਦੇ ਮੇਵਾ ਸਿੰਘ ਨੂੰ ਲਾਇਆ ਗਿਆ ਹੈ। ਵਿਵਾਦਾਂ ਵਿੱਚ ਘਿਰੀਆਂ ਪੁਸਤਕਾਂ ਦੀ ਚੋਣ ਵਾਲੀ ਚਾਰ ਮੈਂਬਰੀ ਕਮੇਟੀ ਵਿੱਚੋਂ ਤਿੰਨ ਮੈਂਬਰਾਂ ਦਾ ਸਬੰਧ ਜ਼ਿਲ੍ਹਾ ਬਠਿੰਡਾ ਨਾਲ ਹੈ। ਕਮੇਟੀ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਹਰਕੰਵਲਜੀਤ ਕੌਰ, ਸਿੱਖਿਆ ਮੰਤਰੀ ਦੇ ਜੱਦੀ ਪਿੰਡ ਮਲੂਕਾ ਦੇ ਸਕੂਲ ਦੀ ਅਧਿਆਪਕਾ ਪ੍ਰਵੀਨ ਕੁਮਾਰੀ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਜਰਨੈਲ ਸਿੰਘ ਭੋਡੀਪੁਰਾ ਸ਼ਾਮਲ ਸਨ। ਜੋ ਡੀ.ਪੀ.ਆਈ. ਹਨ, ਉਹ ਵੀ ਸੰਸਦੀ ਹਲਕਾ ਬਠਿੰਡਾ ਦੇ ਹੀ ਹਨ। ਵਧੀਕ ਡਾਇਰੈਕਟਰ ਜਨਰਲ (ਸਕੂਲ ਸਿੱਖਿਆ) ਦਾ ਅਹੁਦਾ ਸਿੱਖਿਆ ਮੰਤਰੀ ਦੇ ਪਰਿਵਾਰ ਕੋਲ ਹੀ ਹੈ। ਜਦੋਂ ਇਸ ਬਾਰੇ ਜ਼ਿਲ੍ਹਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਨਵੀਂ ਰੱਦੋਬਦਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਹੁਕਮਾਂ ਉਤੇ ਹੋਈ ਹੈ।
                                                      ਸੀਨੀਆਰਤਾ ਨਜ਼ਰਅੰਦਾਜ਼
ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਕਮੇਟੀ ਮੈਂਬਰ ਦਰਸ਼ਨ ਮੌੜ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਵਿੱਚ ਕੇਂਦਰੀ ਸਕੀਮਾਂ ਬਾਰੇ ਅਹੁਦਿਆਂ 'ਤੇ ਤਾਇਨਾਤੀ ਸਿਆਸੀ ਯੋਗਤਾ ਦੇ ਹਿਸਾਬ ਨਾਲ ਹੋਈ ਹੈ। ਉਨ੍ਹਾਂ ਆਖਿਆ ਕਿ ਹੁਣ ਸਿੱਖਿਆ ਵਿਭਾਗ ਵਿੱਚ ਸੀਨੀਅਰਾਂ ਨੂੰ ਨਜ਼ਰਅੰਦਾਜ਼ ਕਰਕੇ ਜੂਨੀਅਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਖਾਸ ਅਹੁਦਿਆਂ 'ਤੇ ਖਾਸ ਅਧਿਆਪਕਾਂ ਨੂੰ ਹੀ ਤਾਇਨਾਤ ਕੀਤਾ ਗਿਆ।

1 comment: