Thursday, May 9, 2013

                                                                      ਬਹਿ ਦੇਖ ਕੇ ਜਵਾਨਾਂ
                                                 ਸਿਆਸੀ ਅਖਾੜੇ ਵਿੱਚ ਉੱਤਰੇ ਬਾਬੇ
                                                                        ਚਰਨਜੀਤ ਭੁੱਲਰ
ਬਠਿੰਡਾ :  ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਸਿਆਸੀ ਧਿਰਾਂ ਨੇ ਬਾਬੇ ਮੈਦਾਨ ਵਿੱਚ ਉਤਾਰੇ ਹਨ ਜਦੋਂ ਕਿ ਨੌਜਵਾਨ ਉਮੀਦਵਾਰਾਂ ਦੀ ਕਮੀ ਰੜਕ ਰਹੀ ਹੈ। ਪੰਚਾਇਤ ਸਮਿਤੀ ਮੌੜ ਦੇ ਧੰਨ ਸਿੰਘ ਖਾਨਾ ਜ਼ੋਨ ਤੋਂ ਕਾਂਗਰਸ ਵੱਲੋਂ ਚੋਣ ਲੜ ਰਹੀ ਗੁਰਨਾਮ ਕੌਰ 87 ਵਰ੍ਹਿਆਂ ਦੀ ਹੈ ਅਤੇ ਉਸ ਦਾ ਮੁਕਾਬਲਾ 41 ਵਰ੍ਹਿਆਂ ਦੀ ਅਕਾਲੀ ਉਮੀਦਵਾਰ ਮਨਦੀਪ ਕੌਰ ਨਾਲ ਹੈ। ਘੁੰਮਣ ਕਲਾਂ ਜ਼ੋਨ ਤੋਂ ਚੋਣ ਲੜ ਰਹੀ ਤੇਜ ਕੌਰ ਦੀ ਉਮਰ 77 ਸਾਲ ਹੈ ਅਤੇ ਇਸ ਜ਼ੋਨ ਤੋਂ ਅਕਾਲੀ ਉਮੀਦਵਾਰ ਜੀਤ ਕੌਰ ਦੀ ਉਮਰ 73 ਸਾਲ ਹੈ। ਦੂਜੇ ਪਾਸੇ ਕਿਰਨਦੀਪ ਕੌਰ (25) ਜੋਧਪੁਰ ਪਾਖਰ ਜ਼ੋਨ ਤੋਂ ਉਮੀਦਵਾਰ ਹੈ। ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ 16 ਚੋਣ ਹਲਕੇ ਹਨ। ਇਨ੍ਹਾਂ ਚੋਣ ਹਲਕਿਆਂ ਵਿੱਚ ਉਤਾਰੇ 8 ਉਮੀਦਵਾਰਾਂ ਦੀ ਉਮਰ 60 ਤੋਂ 70 ਸਾਲ ਦਰਮਿਆਨ ਹੈ ਜਦੋਂ ਕਿ ਇਕ ਦਰਜਨ ਉਮੀਦਵਾਰਾਂ ਦੀ ਉਮਰ 50 ਤੋਂ 60 ਸਾਲ ਵਿਚਕਾਰ ਹੈ। ਇਸੇ ਤਰ੍ਹਾਂ 41 ਤੋਂ 50 ਸਾਲ ਦੀ ਉਮਰ ਦੇ 11 ਉਮੀਦਵਾਰ ਹਨ। ਕੁੱਤੀਵਾਲ ਜ਼ੋਨ ਤੋਂ ਅਕਾਲੀ ਉਮੀਦਵਾਰ ਨਸੀਬ ਕੌਰ ਦੀ ਉਮਰ 65 ਸਾਲ ਹੈ ਜਦੋਂ ਕਿ ਕਾਂਗਰਸੀ ਉਮੀਦਵਾਰ ਗੁਰਮੇਲ ਕੌਰ ਦੀ ਉਮਰ 52 ਸਾਲ ਹੈ। ਬਾਲਿਆਂਵਾਲੀ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਗੁਰਜੰਟ ਸਿੰਘ 65 ਵਰ੍ਹਿਆਂ ਦਾ ਹੈ। ਪੱਕਾ ਕਲਾਂ ਜ਼ੋਨ ਤੋਂ 23 ਵਰ੍ਹਿਆਂ ਦੀ ਹਰਸਿਮਰਨਜੀਤ ਕੌਰ ਕਾਂਗਰਸ ਵੱਲੋਂ ਚੋਣ ਮੈਦਾਨ ਵਿੱਚ ਹੈ। ਬਲਾਕ ਸਮਿਤੀ ਬਠਿੰਡਾ ਦੀ ਚੋਣ ਵਿੱਚ 67 ਵਰ੍ਹਿਆਂ ਦਾ ਸੰਸਾਰ ਸਿੰਘ, 64 ਸਾਲ ਦੀ ਹਰਬੰਸ ਕੌਰ, 62 ਸਾਲ ਦੀ ਅੰਗਰੇਜ਼ ਕੌਰ, 60 ਸਾਲ ਦਾ ਗੁਰਮੇਲ ਸਿੰਘ ਡਟ ਗਏ ਹਨ। ਇਸ ਬਲਾਕ ਸਮਿਤੀ ਹਲਕੇ ਵਿੱਚ ਪਰਗਟ ਸਿੰਘ (22) ਵੀ ਚੋਣ ਲੜ ਰਿਹਾ ਹੈ।
               ਪੰਚਾਇਤ ਸਮਿਤੀ ਤਲਵੰਡੀ ਸਾਬੋ ਦੇ ਜ਼ੋਨ ਕਮਾਲੂ ਤੋਂ ਅਕਾਲੀ ਦਲ ਨੇ 70 ਵਰ੍ਹਿਆਂ ਦੇ ਸੇਵਾ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਦੋਂ ਕਿ ਭਗਵਾਨਪੁਰਾ ਜ਼ੋਨ ਤੋਂ ਕਾਂਗਰਸ ਦੀ ਨਸੀਬ ਕੌਰ 70 ਵਰ੍ਹਿਆਂ ਦੀ ਹੈ। ਗਹਿਲੇਵਾਲਾ ਜ਼ੋਨ ਤੋਂ ਭਾਰਤੀ ਕਮਿਊਨਿਸਟ ਪਾਰਟੀ ਨੇ 67 ਵਰ੍ਹਿਆਂ ਦੇ ਬਲਦੇਵ ਸਿੰਘ ਨੂੰ ਟਿਕਟ ਦਿੱਤੀ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਨੇ ਲੇਲੇਵਾਲਾ ਜ਼ੋਨ ਤੋਂ 24 ਵਰ੍ਹਿਆਂ ਦੇ ਚੇਤ ਰਾਮ ਨੂੰ ਟਿਕਟ ਦਿੱਤੀ ਹੈ। ਜਦੋਂ ਕਿ 23 ਵਰ੍ਹਿਆਂ ਦਾ ਵਕੀਲ ਸਿੰਘ ਆਜ਼ਾਦ ਚੋਣ ਲੜ ਰਿਹਾ ਹੈ। ਪੰਚਾਇਤ ਸਮਿਤੀ ਨਥਾਣਾ ਦੇ ਜ਼ੋਨ ਲਹਿਰਾ ਖਾਨਾ ਤੋਂ ਅਕਾਲੀ ਦਲ ਨੇ 72 ਵਰ੍ਹਿਆਂ ਦੇ ਅਮਰੀਕ ਸਿੰਘ ਨੂੰ ਟਿਕਟ ਦਿੱਤੀ ਹੈ ਅਤੇ ਲਹਿਰਾ ਧੂਰਕੋਟ ਜ਼ੋਨ ਤੋਂ ਕਾਂਗਰਸ ਨੇ 70 ਵਰ੍ਹਿਆਂ ਦੀ ਅਮਰਜੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ। ਪੂਹਲਾ ਜ਼ੋਨ ਵਿੱਚ 67 ਵਰ੍ਹਿਆਂ ਦੀ ਅਕਾਲੀ ਉਮੀਦਵਾਰ ਗੁਰਚਰਨ ਕੌਰ ਕਾਂਗਰਸ ਦੀ 36 ਵਰ੍ਹਿਆਂ ਦੀ ਵੀਰਪਾਲ ਕੌਰ ਨਾਲ ਮੁਕਾਬਲਾ ਕਰੇਗੀ। ਬਲਾਕ ਸਮਿਤੀ ਫੂਲ ਦੇ ਸੇਲਬਰਾਹ ਜ਼ੋਨ ਵਿੱਚ ਬਾਬਿਆਂ ਦਾ ਮੁਕਾਬਲਾ ਹੋਵੇਗਾ। ਅਕਾਲੀ ਦਲ ਦੇ ਉਮੀਦਵਾਰ ਮਲਕੀਤ ਸਿੰਘ ਦੀ ਉਮਰ 73 ਸਾਲ ਹੈ ਅਤੇ ਕਾਂਗਰਸੀ ਉਮੀਦਵਾਰ ਗਾਲਾ ਸਿੰਘ 75 ਵਰ੍ਹਿਆਂ ਦਾ ਹੈ। ਅਕਾਲੀ ਦਲ ਨੇ ਫੂਲੇਵਾਲਾ ਜ਼ੋਨ ਤੋਂ 77 ਵਰ੍ਹਿਆਂ ਦੀ ਭਜਨ ਕੌਰ ਨੂੰ ਉਮੀਦਵਾਰ ਬਣਾਇਆ ਹੈ ਜਦੋਂ ਕਿ ਕੋਠੇ ਮੱਲੂਆਣਾ ਤੋਂ 80 ਵਰ੍ਹਿਆਂ ਦਾ ਮੋਦਨ ਸਿੰਘ ਆਜ਼ਾਦ ਚੋਣ ਲੜ ਰਿਹਾ ਹੈ। ਗੁਰੂਸਰ ਮਹਿਰਾਜ ਜ਼ੋਨ ਤੋਂ ਕਾਂਗਰਸ ਨੇ 25 ਵਰ੍ਹਿਆਂ ਦੇ ਅਮਨਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਨੇ ਰਾਈਆ ਜ਼ੋਨ ਤੋਂ 21 ਵਰ੍ਹਿਆਂ ਦੇ ਗੁਰਜੰਟ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
                 ਪੰਚਾਇਤ ਸਮਿਤੀ ਸੰਗਤ ਦੇ ਜ਼ੋਨ ਰਾਏਕੇ ਕਲਾਂ ਵਿੱਚ ਅਕਾਲੀ ਦਲ ਨੇ 64 ਵਰ੍ਹਿਆਂ ਦੇ ਗੁਰਦਰਸ਼ਨ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਬਾਂਡੀ ਜ਼ੋਨ ਵਿੱਚ ਦੋ ਨੌਜਵਾਨਾਂ ਵਿੱਚ ਮੁਕਾਬਲਾ ਹੋਵੇਗਾ। ਅਕਾਲੀ ਉਮੀਦਵਾਰ ਰਣਜੋਧ ਸਿੰਘ ਦੀ ਉਮਰ 25 ਸਾਲ ਹੈ ਜਦੋਂ ਕਿ ਕਾਂਗਰਸੀ ਉਮੀਦਵਾਰ ਜਸਕਰਨ ਸਿੰਘ ਦੀ ਉਮਰ 27 ਸਾਲ ਹੈ। ਕਾਲਝਰਾਨੀ ਜ਼ੋਨ ਵਿੱਚ 69 ਵਰ੍ਹਿਆਂ ਦੀ ਨਸੀਬ ਕੌਰ 45 ਵਰ੍ਹਿਆਂ ਦੀ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਨਾਲ ਮੁਕਾਬਲਾ ਕਰੇਗੀ। ਘੁੱਦਾ ਜ਼ੋਨ ਵਿੱਚ 73 ਵਰ੍ਹਿਆਂ ਦੀ ਬਲਵੰਤ ਕੌਰ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਪੰਚਾਇਤ ਸਮਿਤੀ ਭਗਤਾ ਵਿੱਚ ਸਭ ਤੋਂ ਵੱਡੀ ਉਮਰ ਦਾ ਪੂਰਨ ਸਿੰਘ ਚੋਣ ਲੜ ਰਿਹਾ ਹੈ ਜਿਸ ਦੀ ਉਮਰ 72 ਸਾਲ ਹੈ। ਜ਼ਿਲ੍ਹਾ ਬਠਿੰਡਾ ਵਿੱਚ ਅੱਜ ਕਾਗ਼ਜ਼ਾਂ ਦੀ ਪੜਤਾਲ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਇਕ ਉਮੀਦਵਾਰ ਦੇ ਕਾਗ਼ਜ਼ ਰੱਦ ਹੋਏ ਹਨ ਅਤੇ ਹੁਣ ਚੋਣ ਮੈਦਾਨ ਵਿੱਚ 53 ਉਮੀਦਵਾਰ ਰਹਿ ਗਏ ਹਨ। ਬਲਾਕ ਸਮਿਤੀ ਬਠਿੰਡਾ ਦੇ 29 ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ ਅਤੇ ਹੁਣ ਮੈਦਾਨ ਵਿੱਚ 62 ਉਮੀਦਵਾਰ ਰਹਿ ਗਏ ਹਨ। ਨਥਾਣਾ ਸਮਿਤੀ 'ਚੋਂ 6 ਉਮੀਦਵਾਰਾਂ, ਮੌੜ ਸਮਿਤੀ ਦੇ ਇਕ ਉਮੀਦਵਾਰ, ਫੂਲ ਸਮਿਤੀ ਦੇ 3 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ। ਜ਼ਿਲ੍ਹੇ ਦੀਆਂ ਅੱਠ ਸਮਿਤੀਆਂ ਦੇ 39 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ ਅਤੇ ਹੁਣ ਇਨ੍ਹਾਂ ਸਮਿਤੀਆਂ ਦੇ ਚੋਣ ਮੈਦਾਨ ਵਿੱਚ 442 ਉਮੀਦਵਾਰ ਰਹਿ ਗਏ ਹਨ।
                                                   ਭਾਜਪਾ ਤੇ ਕਮਿਊਨਿਸਟ ਵੀ ਮੈਦਾਨ ਵਿੱਚ
ਪੀਪਲਜ਼ ਪਾਰਟੀ ਅਤੇ ਭਾਜਪਾ ਨੇ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਜ਼ਿਲ੍ਹਾ ਪ੍ਰੀਸ਼ਦ ਦੇ ਕਿਲੀ ਨਿਹਾਲ ਸਿੰਘ ਵਾਲਾ ਜ਼ੋਨ ਤੋਂ ਪੀ.ਪੀ.ਪੀ. ਦਾ ਬਲਵਿੰਦਰ ਸਿੰਘ ਚੋਣ ਮੈਦਾਨ ਵਿੱਚ ਹੈ। ਬਲਾਕ ਸਮਿਤੀ ਫੂਲ ਵਿੱਚ ਧਿੰਗੜ ਜ਼ੋਨ ਤੋਂ ਪੀਪਲਜ਼ ਪਾਰਟੀ ਦਾ ਰੇਸ਼ਮ ਸਿੰਘ ਅਤੇ ਘੰਡਾਬੰਨਾ ਜ਼ੋਨ ਤੋਂ ਬਸਪਾ ਦੀ ਕਰਮਜੀਤ ਕੌਰ ਚੋਣ ਲੜ ਰਹੀ ਹੈ। ਇਸ ਹਲਕੇ ਵਿੱਚ 7 ਆਜ਼ਾਦ ਉਮੀਦਵਾਰ ਵੀ ਹਨ। ਨਥਾਣਾ ਸਮਿਤੀ ਹਲਕੇ ਵਿੱਚ ਪੀਪਲਜ਼ ਪਾਰਟੀ ਦੇ ਦੋ ਉਮੀਦਵਾਰ ਹਨ ਅਤੇ ਭਾਜਪਾ ਦਾ ਪ੍ਰਿਤਪਾਲ ਸਿੰਘ ਬੀਬੀਵਾਲਾ ਜ਼ੋਨ ਤੋਂ ਚੋਣ ਲੜ ਰਿਹਾ ਹੈ। ਸੀ.ਪੀ.ਆਈ. ਨੇ ਕਲਿਆਣ ਸੁੱਖਾ ਜ਼ੋਨ ਤੋਂ ਗੁਰਭਜਨ ਸਿੰਘ ਨੂੰ ਟਿਕਟ ਦਿੱਤੀ ਹੈ। ਤਲਵੰਡੀ ਸਾਬੋ ਸਮਿਤੀ ਵਿੱਚ ਸੀ.ਪੀ.ਆਈ. ਦਾ ਇਕ ਉਮੀਦਵਾਰ ਅਤੇ ਪੀਪਲਜ਼ ਪਾਰਟੀ ਦੇ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੰਗਤ ਸਮਿਤੀ ਦੇ ਮੱਲਵਾਲਾ ਜ਼ੋਨ ਤੋਂ ਭਾਜਪਾ ਦਾ ਇਕ ਉਮੀਦਵਾਰ ਅਤੇ ਪੀਪਲਜ਼ ਪਾਰਟੀ ਦੇ ਦੋ ਉਮੀਦਵਾਰ ਚੋਣ ਮੈਦਾਨ 'ਚ ਹਨ।

No comments:

Post a Comment