Wednesday, November 13, 2013

                                                                 
                                 ਬਜ਼ੁਰਗਾਂ ਨਾਲ ਬੇਤਰਸੀ
               ਵਿਧਾਇਕਾਂ ਉਤੇ ਸਰਕਾਰੀ 'ਬਖ਼ਸ਼ਿਸ਼'
                                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ ਬੁਢਾਪਾ ਪੈਨਸ਼ਨ ਵਿੱਚ ਵਾਧਾ ਤਾਂ ਕੀੜੀ ਦੀ ਚਾਲ ਹੋਇਆ, ਜਦੋਂ ਕਿ ਵਿਧਾਇਕਾਂ ਦੇ ਭੱਤੇ ਛੜੱਪੇ ਮਾਰ ਕੇ ਵਧੇ ਹਨ। ਲੰਘੇ ਢਾਈ ਦਹਾਕੇ ਵਿੱਚ ਬੁਢਾਪਾ ਪੈਨਸ਼ਨ ਤਾਂ ਪੰਜ ਗੁਣਾ ਵਧੀ, ਜਦੋਂ ਕਿ ਵਿਧਾਇਕਾਂ ਦੀ ਤਨਖਾਹ ਤੇ ਭੱਤਿਆਂ ਵਿੱਚ 36 ਗੁਣਾ ਵਾਧਾ ਹੋਇਆ ਹੈ। ਸਾਲ 1986 ਵਿੱਚ ਵਿਧਾਇਕਾਂ ਨੂੰ ਤਨਖਾਹ ਤੇ ਭੱਤਿਆਂ ਦੇ ਰੂਪ ਵਿੱਚ 2600 ਰੁਪਏ ਪ੍ਰਤੀ ਮਹੀਨਾ ਮਿਲਦੇ ਸਨ, ਜਦੋਂ ਕਿ ਬਜ਼ੁਰਗਾਂ ਨੂੰ ਸਿਰਫ਼ 100 ਰੁਪਏ ਬੁਢਾਪਾ ਪੈਨਸ਼ਨ ਮਿਲਦੀ ਸੀ। ਤਾਜ਼ਾ ਸਥਿਤੀ ਦੇਖੀਏ ਤਾਂ ਵਿਧਾਇਕਾਂ ਦੀ ਤਨਖਾਹ ਤੇ ਭੱਤੇ 94,000 ਰੁਪਏ ਪ੍ਰਤੀ ਮਹੀਨਾ ਹੋ ਗਏ ਹਨ, ਜਿਸ ਵਿੱਚ 3481 ਫੀਸਦੀ ਵਾਧਾ ਹੋਇਆ ਪਰ ਬੁਢਾਪਾ ਪੈਨਸ਼ਨ ਵਿੱਚ 150 ਫੀਸਦੀ ਵਾਧਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਭੱਤਿਆਂ ਤੋਂ ਇਲਾਵਾ ਹਰ ਵਿਧਾਇਕ ਨੂੰ 23 ਅਪਰੈਲ 2003 ਤੋਂ 4,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਵੀ ਫੈਸਲਾ ਕੀਤਾ ਗਿਆ ਸੀ, ਜੋ ਹੁਣ ਵਾਧੇ ਮਗਰੋਂ 25,000 ਰੁਪਏ ਹੋ ਜਾਣੀ ਹੈ। ਹਰ ਵਿਧਾਇਕ ਨੂੰ ਹੁਣ ਤਨਖਾਹ, ਕੰਪਨਸੇਟਰੀ ਅਲਾਊਂਸ, ਹਲਕਾ ਸਕੱਤਰੇਤ ਤੇ ਪੋਸਟਲ ਖਰਚਾ, ਦਫ਼ਤਰੀ ਖਰਚਾ, ਚਾਹ ਪਾਣੀ, ਬਿਜਲੀ ਪਾਣੀ, ਸਕੱਤਰੇਤ ਭੱਤਾ ਅਤੇ ਟੈਲੀਫੋਨ ਭੱਤੇ ਦੇ ਰੂਪ ਵਿੱਚ 94,000 ਰੁਪਏ ਮਿਲਣੇ ਸ਼ੁਰੂ ਹੋ ਜਾਣੇ ਹਨ। ਪ੍ਰਾਈਵੇਟ ਸਫ਼ਰ ਭੱਤਾ, ਟੀ.ਏ., ਪੜਾਅ ਭੱਤਾ ਅਤੇ ਮੈਡੀਕਲ ਭੱਤਾ ਵੱਖਰਾ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਦੀ ਸਰਕਾਰੀ ਸੂਚਨਾ ਅਨੁਸਾਰ ਸਾਲ 1986 ਵਿੱਚ ਹਰ ਵਿਧਾਇਕ ਨੂੰ ਪੜਾਅ ਭੱਤਾ ਪ੍ਰਤੀ ਦਿਨ 100 ਰੁਪਏ ਮਿਲਦਾ ਸੀ, 1992 ਵਿੱਚ ਇਹ 150 ਰੁਪਏ ਅਤੇ ਸਾਲ 2003 ਵਿੱਚ 1,000 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ। ਹੁਣ ਪੜਾਅ ਭੱਤਾ 1500 ਰੁਪਏ ਪ੍ਰਤੀ ਦਿਨ ਹੋ ਜਾਣਾ ਹੈ।
                   ਟੈਲੀਫੋਨ ਭੱਤਾ 1986 ਵਿੱਚ ਹਰ ਵਿਧਾਇਕ ਨੂੰ 600 ਰੁਪਏ ਤੇ 1992 ਵਿੱਚ 1500 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ, ਜੋ ਹੁਣ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਹਲਕਾ ਬਠਿੰਡਾ (ਦਿਹਾਤੀ) ਤੋਂ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਦਾ ਕਹਿਣਾ ਹੈ ਕਿ ਹਲਕੇ ਦੇ ਰੋਜ਼ਾਨਾ ਖਰਚੇ ਹੀ ਬਰਦਾਸ਼ਤ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹਲਕੇ ਦੇ ਸਮਾਜਕ ਸਮਾਗਮਾਂ 'ਤੇ ਪੱਲਿਓਂ ਲੋੜੋਂ ਵੱਧ ਖਰਚਾ ਹੋ ਜਾਂਦਾ ਹੈ। ਉਨ੍ਹਾਂ ਆਖਿਆ ਕਿ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ਤੇ ਭੱਤੇ ਘੱਟ ਹਨ। ਸਰਦੂਲਗੜ੍ਹ ਹਲਕੇ ਦੇ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਜ਼ਮਾਨੇ ਵਿੱਚ ਹਲਕੇ ਵਿੱਚ 24 ਘੰਟੇ ਕੰਮ ਕਰਦੇ ਹੋਏ ਜੇਬ ਖ਼ਾਲੀ ਹੋ ਜਾਂਦੀ ਹੈ। ਉਨ੍ਹਾਂ ਆਖਿਆ ਕਿ ਵਿਧਾਇਕਾਂ ਦੇ ਨਾਲ ਨਾਲ ਬਾਕੀ ਲੋਕਾਂ ਨੂੰ ਵੀ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ। ਸੂਚਨਾ ਅਨੁਸਾਰ ਸਾਲ 1986 ਵਿੱਚ ਹਰ ਵਿਧਾਇਕ ਨੂੰ ਸਫ਼ਰੀ ਭੱਤਾ ਦੋ ਰੁਪਏ ਪ੍ਰਤੀ ਕਿਲੋਮੀਟਰ ਮਿਲਦਾ ਸੀ, 1992 ਵਿੱਚ ਤਿੰਨ ਰੁਪਏ, 31 ਅਕਤੂਬਰ 2009 ਨੂੰ ਟੀ.ਏ. 6 ਰੁਪਏ ਅਤੇ 23 ਸਤੰਬਰ 2011 ਨੂੰ 15 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ। ਹਲਕਾ ਭੱਤਾ ਅਤੇ ਪੋਸਟਲ ਖਰਚ ਵਜੋਂ ਵਿਧਾਇਕਾਂ ਨੂੰ ਸਾਲ 1986 ਵਿੱਚ 1100 ਰੁਪਏ ਪ੍ਰਤੀ ਮਹੀਨਾ ਮਿਲਦੇ ਸਨ, ਜੋ ਹੁਣ 25,000 ਰੁਪਏ ਕਰ ਦਿੱਤੇ ਗਏ ਹਨ। ਇਸ ਵਿੱਚ 22 ਗੁਣਾ ਵਾਧਾ ਹੋਇਆ ਹੈ। ਵਿਧਾਇਕਾਂ ਨੂੰ 23 ਅਪਰੈਲ 2003 ਤੋਂ ਪ੍ਰਤੀ ਮਹੀਨਾ 250 ਰੁਪਏ ਮੈਡੀਕਲ ਭੱਤਾ ਦੇਣਾ ਸ਼ੁਰੂ ਕੀਤਾ। ਹੁਣ ਮੈਡੀਕਲ ਭੱਤਾ ਅਸੀਮਤ ਹੈ। ਵਿਧਾਇਕਾਂ ਨੂੰ ਆਪਣੇ ਪੂਰੇ ਪਰਿਵਾਰ ਦਾ ਸਰਕਾਰੀ ਖਰਚੇ 'ਤੇ ਇਲਾਜ ਦੇਸ਼ ਜਾਂ ਵਿਦੇਸ਼ ਵਿੱਚ ਕਰਾਉਣ ਦੀ ਪੂਰੀ ਸਹੂਲਤ ਹੈ, ਜਦੋਂ ਕਿ ਪੰਜਾਬ ਦੇ ਹਜ਼ਾਰਾਂ ਬਜ਼ੁਰਗ ਤਾਂ ਬੁਢਾਪਾ ਪੈਨਸ਼ਨ ਉਡੀਕਦੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ।
                   ਬਠਿੰਡਾ ਦੇ ਪਿੰਡ ਸੂਚ ਦੀ ਵਿਧਵਾ ਸੁਰਜੀਤ ਕੌਰ ਇਕ ਕਮਰੇ ਦੇ ਮਕਾਨ ਵਿੱਚ ਅਧਰੰਗ ਪੀੜਤ ਲੜਕੇ ਨਾਲ ਰਹਿ ਰਹੀ ਹੈ। ਉਸ ਦਾ ਕਹਿਣਾ ਹੈ ਕਿ ਬੁਢਾਪਾ ਪੈਨਸ਼ਨ ਨਾਲ ਤਾਂ ਦੋ ਦਿਨ ਘਰ ਵਿੱਚ ਰੋਟੀ ਮਸਾਂ ਪੱਕਦੀ ਹੈ। ਉਹ ਲੋਕਾਂ ਦੇ ਘਰਾਂ ਵਿੱਚ ਗੋਹਾ ਕੂੜਾ ਕਰ ਕੇ ਆਪਣੀ ਦਵਾਈ ਦਾ ਇੰਤਜ਼ਾਮ ਕਰਦੀ ਹੈ। ਉਸ ਨੇ ਆਖਿਆ ਕਿ ਲੀਡਰ ਆਪਣੀ ਤਨਖਾਹ ਤਾਂ ਵਧਾ ਲੈਂਦੇ ਹਨ ਪਰ ਗ਼ਰੀਬਾਂ ਵਾਰੀ ਖ਼ਜ਼ਾਨਾ ਖ਼ਾਲੀ ਹੋ ਜਾਂਦਾ ਹੈ। ਪਿੰਡ ਬਾਂਡੀ ਦੇ 75 ਵਰ੍ਹਿਆਂ ਦੇ ਮਹਿੰਦਰ ਸਿੰਘ ਦਾ ਲੜਕਾ ਅਪੰਗ ਹੈ ਅਤੇ ਪਤਨੀ ਬਿਮਾਰ ਰਹਿੰਦੀ ਹੈ। ਇਲਾਜ ਕਰਾਉਣ ਵਾਸਤੇ ਬੱਸ ਦਾ ਕਿਰਾਇਆ ਵੀ ਬੁਢਾਪਾ ਪੈਨਸ਼ਨ ਨਾਲ ਪੂਰਾ ਨਹੀਂ ਹੁੰਦਾ, ਇਲਾਜ ਤਾਂ ਦੂਰ ਦੀ ਗੱਲ। ਉਸ ਨੇ ਆਖਿਆ ਕਿ ਨੇਤਾਵਾਂ ਨੂੰ ਤਾਂ ਵੋਟਾਂ ਵੇਲੇ ਬਜ਼ੁਰਗ ਚੇਤੇ ਆਉਂਦੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ 2007 ਸਮੇਂ ਬੁਢਾਪਾ ਪੈਨਸ਼ਨ 250 ਰੁਪਏ ਤੋਂ 400 ਰੁਪਏ ਕਰਨ ਦਾ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਸੀ। ਪੰਜ ਵਰ੍ਹੇ ਸੁੱਕੇ ਲੰਘ ਗਏ। ਵਿਧਾਨ ਸਭਾ ਚੋਣਾਂ 2012 ਵਿੱਚ ਬੁਢਾਪਾ ਪੈਨਸ਼ਨ 250 ਤੋਂ 500 ਰੁਪਏ ਕਰਨ ਦਾ ਮੈਨੀਫੈਸਟੋ ਵਿੱਚ ਵਾਅਦਾ ਕੀਤਾ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਕੱਤਰ ਜਗਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਬੁਢਾਪਾ ਪੈਨਸ਼ਨ ਵਿੱਚ ਵਾਧੇ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਹੈ।
                                                      ਕਦੋਂ ਕਦੋਂ ਵਧੀ ਬੁਢਾਪਾ ਪੈਨਸ਼ਨ
                                  ਸਾਲ                     ਬੁਢਾਪਾ ਪੈਨਸ਼ਨ ਦੀ ਰਾਸ਼ੀ (ਪ੍ਰਤੀ ਮਹੀਨਾ)
                                 1964                                      15 ਰੁਪਏ
                                 1968                                      25 ਰੁਪਏ
                                 1973                                      50 ਰੁਪਏ
                                 1990                                     100 ਰੁਪਏ
                                 1992                                     150 ਰੁਪਏ
                                 1995                                      200 ਰੁਪਏ
                                 2006                                      250 ਰੁਪਏ

No comments:

Post a Comment