Sunday, November 3, 2013

                                 ਕਾਹਦੀ ਦੀਵਾਲੀ !
                     ਏਥੇ ਦੀਵੇ ਬਲਦੇ ਦੁੱਖਾਂ ਦੇ...
                                  ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਕਰੀਬ ਦੋ ਲੱਖ ਘਰਾਂ ਵਿੱਚ ਨਿੱਤ ਦੀਵੇ ਹੀ ਬਲਦੇ ਹਨ। ਲੋਕ ਤਾਂ ਦੀਵਾਲੀ ਮੌਕੇ ਖੁਸ਼ੀ ਦੇ ਦੀਵੇ ਬਾਲਦੇ ਹਨ ਪਰ ਇਨ੍ਹਾਂ ਘਰਾਂ ਨੂੰ ਇਕੱਲੇ ਦੀਵੇ ਹੀ ਨਸੀਬ ਹੋਏ ਹਨ, ਖੁਸ਼ੀ ਨਹੀਂ। ਪੰਜਾਬ ਦੀ ਤਰੱਕੀ ਦੇ ਨਕਸ਼ੇ ਤੋਂ ਇਹ ਪਰਿਵਾਰ ਬਾਹਰ ਹਨ। ਪੰਜਾਬ ਦੇ ਪੰਜਾਹ ਫੀਸਦੀ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਘਰਾਂ ਨੂੰ ਬਿਜਲੀ ਦਾ ਬੱਲਬ ਨਹੀਂ ਜੁੜ ਸਕਿਆ ਹੈ। ਇਹ ਪਰਿਵਾਰ ਅੱਜ ਵੀ ਘਰਾਂ ਵਿੱਚ ਦੀਵੇ ਹੀ ਬਾਲਦੇ ਹਨ। ਲਾਲਟੈਨ ਜਾਂ ਮੋਮਬੱਤੀ ਦੇ ਚਾਨਣ ਨੂੰ ਹੀ ਇਹ ਪਰਿਵਾਰ ਆਪਣਾ ਭਾਗ ਸਮਝਦੇ ਹਨ। ਜਿਨ੍ਹਾਂ ਘਰਾਂ 'ਚ ਬਿਜਲੀ ਦੇ ਬਿੱਲਾਂ ਦੇ ਭਾਰ ਨੇ ਹਨੇਰਾ ਕਰ ਦਿੱਤਾ ਹੈ, ਉਨ੍ਹਾਂ ਦੀ ਗਿਣਤੀ ਵੱਖਰੀ ਹੈ। ਇਨ੍ਹਾਂ ਘਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਇਨ੍ਹਾਂ ਪਰਿਵਾਰਾਂ ਵਿੱਚ ਦਲਿਤ ਵਰਗ ਅਤੇ ਛੋਟੀ ਕਿਸਾਨੀ ਸ਼ਾਮਲ ਹੈ। ਇਨ੍ਹਾਂ ਪਰਿਵਾਰਾਂ ਦਾ ਝੌਰਾ ਹੈ ਕਿ ਕੋਈ ਦੀਵਾਲੀ ਉਨ੍ਹਾਂ ਦੀ ਜ਼ਿੰਦਗੀ ਨੂੰ ਰੁਸ਼ਨਾ ਨਹੀਂ ਸਕੀ। ਇਨ੍ਹਾਂ ਘਰਾਂ ਦੀਆਂ ਕਈ ਕਈ ਪੀੜ੍ਹੀਆਂ ਦੀਵੇ ਦੇ ਚਾਨਣ ਦਾ ਪਰਛਾਵਾਂ ਬਣ ਕੇ ਹੀ ਤੁਰ ਗਈਆਂ।
               ਅੰਕੜਾ ਸਾਰ ਪੰਜਾਬ 2012 ਜੋ ਪੰਜ ਮਾਰਚ 2013 ਨੂੰ ਰਿਲੀਜ਼ ਹੋਇਆ, ਦੇ ਇਨ੍ਹਾਂ ਤੱਥਾਂ ਅਨੁਸਾਰ ਪੰਜਾਬ ਦੇ 2,20,142 ਘਰਾਂ ਵਿੱਚ ਬਿਜਲੀ ਦੀ ਸਹੂਲਤ ਹੀ ਨਹੀਂ ਹੈ ਜਿਨ੍ਹਾਂ ਘਰਾਂ ਦਾ ਚਾਨਣ ਸਿਰਫ਼ ਦੀਵੇ ਹੀ ਬਣਦੇ ਹਨ। ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ 54,09,699 ਘਰ ਹਨ ਜਦੋਂ ਕਿ ਘਰੇਲੂ ਬਿਜਲੀ ਦੇ ਕੁਨੈਕਸ਼ਨਾਂ ਦੀ ਗਿਣਤੀ 51,89,557 ਹੈ। ਇਸ ਹਿਸਾਬ ਨਾਲ 2.20 ਲੱਖ ਘਰ ਘਰੇਲੂ ਬਿਜਲੀ ਦੇ ਕੁਨੈਕਸ਼ਨ ਤੋਂ ਵਿਰਵੇ ਹਨ। ਮਾਲਵਾ ਪੱਟੀ ਵਿੱਚ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਹੋਏ ਹਨ ਜਿਸ ਕਰਕੇ ਇਨ੍ਹਾਂ ਘਰਾਂ ਵਿੱਚ ਵੀ ਹੁਣ ਦੁਖਾਂ ਦੀ ਦੀਵੇ ਹੀ ਬਲਦੇ ਹਨ। ਸਰਕਾਰੀ ਤੱਥਾਂ ਅਨੁਸਾਰ ਜਿਨ੍ਹਾਂ ਜ਼ਿਲ੍ਹਿਆਂ 'ਚ ਹਰ ਘਰ ਬਿਜਲੀ ਕੁਨੈਕਸ਼ਨ ਹੈ, ਉਨ੍ਹਾਂ 'ਚ ਜ਼ਿਲ੍ਹਾ ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਮੁਹਾਲੀ, ਲੁਧਿਆਣਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ 'ਚ ਘਰਾਂ ਤੋਂ ਜਿਆਦਾ ਕੁਨੈਕਸ਼ਨਾਂ ਦੀ ਗਿਣਤੀ ਹੈ।
               ਬਠਿੰਡਾ ਜ਼ਿਲ੍ਹੇ ਦੇ 30196 ਘਰਾਂ 'ਚ ਬਿਜਲੀ ਕੁਨੈਕਸ਼ਨ ਨਹੀਂ ਹਨ। ਇਨ੍ਹਾਂ ਘਰਾਂ ਵਿੱਚ ਲਾਲਟੈਨ ਜਾਂ ਦੀਵੇ ਦੀ ਰੋਸ਼ਨੀ ਵਿੱਚ ਹੀ ਜ਼ਿੰਦਗੀ ਚੱਲ ਰਹੀ ਹੈ। ਜ਼ਿਲ੍ਹੇ ਵਿੱਚ 2,66,035 ਘਰ ਹਨ ਜਦੋਂ ਕਿ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ 2,35,839 ਹੈ। ਜ਼ਿਲ੍ਹਾ ਬਰਨਾਲਾ ਵਿੱਚ 7152 ਘਰਾਂ ਵਿੱਚ ਬਿਜਲੀ ਦਾ ਇੱਕ ਬੱਲਬ ਵੀ ਨਹੀਂ ਹੈ। ਇਸ ਜ਼ਿਲ੍ਹੇ ਵਿੱਚ 1,12,276 ਘਰ ਹਨ ਜਦੋਂ ਕਿ ਬਿਜਲੀ ਕੁਨੈਕਸ਼ਨ 1,05,124 ਹੈ। ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਵਿੱਚ 15053 ਘਰਾਂ ਵਿੱਚ ਬਿਜਲੀ ਨਹੀਂ ਹੈ ਜਦੋਂ ਕਿ ਜ਼ਿਲ੍ਹਾ ਫਰੀਦਕੋਟ ਦੇ 3532 ਘਰਾਂ ਵਿੱਚ ਬਿਜਲੀ ਦਾ ਚਾਨਣ ਨਹੀਂ ਹੈ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਥੋੜ੍ਹੇ ਸਮੇਂ ਵਿੱਚ ਪੰਜਾਬ ਸਰਪਲੱਸ ਬਿਜਲੀ ਵਾਲਾ ਸੂਬਾ ਬਣ ਜਾਣਾ ਹੈ। ਵਾਧੂ ਬਿਜਲੀ ਦਾ ਇਨ੍ਹਾਂ ਘਰਾਂ ਨੂੰ ਕੀ ਫਾਇਦਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ ਵਿੱਚ 13042 ਘਰਾਂ 'ਚ ਹਾਲੇ ਤੱਕ ਬਿਜਲੀ ਕੁਨੈਕਸ਼ਨ ਨਹੀਂ ਹੈ। ਇਸ ਜ਼ਿਲ੍ਹੇ 'ਚ 1,72,792 ਘਰ ਹਨ ਜਦੋਂ ਕਿ ਘਰੇਲੂ ਬਿਜਲੀ ਦੇ ਕੁਨੈਕਸ਼ਨਾਂ ਦੀ ਗਿਣਤੀ 1,59,750 ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ 'ਚ 26124 ਘਰਾਂ ਤੇ ਤਰਨਤਾਰਨ ਦੇ 35718 ਘਰ ਬਿਜਲੀ ਤੋਂ ਵਾਂਝੇ ਹਨ।
                 ਪਿੰਡ ਭੁੱਟੀਵਾਲਾ ਦੇ ਮਜ਼ਦੂਰ ਮੁਨੀ ਰਾਮ ਦੇ ਦੋ ਲੜਕੇ ਹਨ ਜੋ ਕਿ ਚੌਥੀ ਅਤੇ ਸੱਤਵੀਂ ਕਲਾਸ ਵਿਚ ਪੜ੍ਹਦੇ ਹਨ। ਮਿੱਟੀ ਦੇ ਤੇਲ ਵਾਲਾ ਦੀਵਾ ਹੀ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਵਿੱਦਿਆ ਦਾ ਚਾਨਣ ਫੈਲਾਉਣ ਵਿੱਚ ਮਦਦਗਾਰ ਬਣ ਰਿਹਾ ਹੈ। ਬਾਪ ਮਜ਼ਦੂਰੀ ਕਰਦਾ ਹੈ ਜਿਸ ਦੀ ਮਿਹਨਤ ਨਾਲ ਘਰ ਦਾ ਸਿਰਫ਼ ਗੁਜ਼ਾਰਾ ਹੀ ਚੱਲਦਾ ਹੈ। ਇਸੇ ਤਰ੍ਹਾਂ ਬਿਰਧ ਔਰਤ ਨੰਦ ਕੌਰ ਨੇ ਸਾਰੀ ਜ਼ਿੰਦਗੀ ਕੱਚੇ ਕੋਠੇ ਹੇਠ ਕੱਢ ਦਿੱਤੀ ਹੈ ਅਤੇ ਹੁਣ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਉਸ ਨੂੰ ਇੱਕ ਕਮਰਾ ਬਣਾ ਕੇ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਤਾਂ ਸਾਰੀ ਉਮਰ ਹੀ ਦੀਵੇ ਹੇਠ ਗੁਜ਼ਾਰੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਗਰੀਬਾਂ ਨੂੰ ਦੀਵਾਲੀ ਦੇ ਕਾਹਦੇ ਚਾਅ, ਉਨ੍ਹਾਂ ਲਈ ਦੋ ਵਕਤ ਦੀ ਰੋਟੀ ਹੀ ਵੱਡਾ ਮਸਲਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਹੁਣ ਬਿਜਲੀ ਦੇ ਇੰਨੀ ਮਹਿੰਗੀ ਹੈ ਕਿ ਗਰੀਬ ਮਜ਼ਦੂਰ ਬਿਜਲੀ ਦਾ ਸੁਪਨਾ ਵੀ ਨਹੀਂ ਲੈ ਸਕਦਾ ਹੈ।

1 comment:

  1. ਸ਼ਾਇਦ ਇਸੇ ਤਰਾਂ ਹੀ ਬਚਾਈ ਹੋਈ ਬਿਜਲੀ ਦੂਜੇ ਸੂਬਿਆਂ ਅਤੇ ਪਾਕਿਸਤਾਨ ਨੂੰ ਵੇਚਣ ਦੀ ਤਿਆਰੀ ਹੋ ਰਹੀ ਹੈ ?????

    ReplyDelete