Friday, November 29, 2013

                                     ਮਾਲੀ ਸੰਕਟ
               ਸ਼ਹਿਰਾਂ ਦੀ ਸੰਪਤੀ ਗਹਿਣੇ ਰੱਖੀ
                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਖ਼ਜ਼ਾਨਾ ਭਰਨ ਲਈ ਪੰਜਾਬ ਦੀ ਅਹਿਮ ਸਰਕਾਰੀ ਸੰਪਤੀ ਨੂੰ ਗਿਰਵੀ ਕਰਕੇ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ। ਲੰਘੇ ਅੱਠ ਮਹੀਨਿਆਂ ਵਿੱਚ ਪੰਜ ਬੈਂਕਾਂ ਤੋਂ ਦੋ ਪੜਾਵਾਂ ਵਿੱਚ ਇਹ ਕਰਜ਼ ਚੁੱਕਿਆ ਗਿਆ ਹੈ। ਪੁੱਡਾ ਵਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਦੀਆਂ 14 ਸਰਕਾਰੀ ਜਾਇਦਾਦਾਂ ਨੂੰ ਗਿਰਵੀ ਕਰਕੇ ਬੈਂਕਾਂ ਤੋਂ ਕਰਜ਼ ਲੈ ਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਇਆ ਗਿਆ ਹੈ। ਪੁੱਡਾ ਨੇ ਇਸ ਕਰਜ਼ ਖਾਤਰ ਉਨ੍ਹਾਂ ਜਾਇਦਾਦਾਂ ਨੂੰ ਗਿਰਵੀ ਕੀਤਾ ਹੈ ਜੋ ਸਰਕਾਰ ਨੇ ਪੁੱਡਾ ਹਵਾਲੇ ਵੇਚਣ ਲਈ ਕੀਤੀਆਂ ਸਨ। ਦੂਸਰੀ ਤਰਫ਼ ਪੰਜਾਬ ਸਰਕਾਰ ਲਗਾਤਾਰ ਆਖ ਰਹੀ ਹੈ ਕਿ ਕੋਈ ਮਾਲੀ ਸੰਕਟ ਨਹੀਂ ਅਤੇ ਸਭ ਅੱਛਾ ਹੈ। ਪੁੱਡਾ ਵਲੋਂ ਆਰ.ਟੀ.ਆਈ. ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਵਿੱਚ ਇਹ ਤੱਥ ਜ਼ਾਹਰ ਹੋਏ ਹਨ ਕਿ ਪੁੱਡਾ ਨੇ 18 ਮਾਰਚ 2013 ਤੋਂ ਹੀ ਬੈਂਕਾਂ ਤੋਂ ਕਰਜ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਕੱਲੇ ਮਾਰਚ ਮਹੀਨੇ ਵਿੱਚ ਹੀ ਇੱਕ ਹਜ਼ਾਰ ਕਰੋੜ ਦਾ ਕਰਜ਼ਾ ਚੁੱਕਿਆ ਗਿਆ ਜਦੋਂ ਕਿ ਲੰਘੇ ਤਿੰਨ ਮਹੀਨਿਆਂ ਵਿੱਚ ਦੂਸਰੇ ਪੜਾਅ ਤਹਿਤ ਇੱਕ ਹਜ਼ਾਰ ਕਰੋੜ ਦਾ ਹੋਰ ਕਰਜ਼ਾ ਚੁੱਕਿਆ ਗਿਆ ਹੈ। ਇਹ ਕਰਜ਼ ਕਿਨ੍ਹਾਂ ਕੰਮਾਂ ਵਾਸਤੇ ਲਿਆ ਗਿਆ ਅਤੇ ਕਿਥੇ ਕਿਥੇ ਵਰਤਿਆ ਗਿਆ, ਇਸ ਦੀ ਸੂਚਨਾ ਨਹੀਂ ਦਿੱਤੀ ਗਈ ਹੈ। ਇਕੱਲੀ ਕੇਨਰਾ ਬੈਂਕ ਤੋਂ ਹੀ ਦੋ ਪੜਾਵਾਂ ਵਿੱਚ 18 ਮਾਰਚ ਅਤੇ 23 ਅਗਸਤ 2013 ਨੂੰ 750 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ, ਜਦੋਂ ਕਿ ਬੈਂਕ ਆਫ਼ ਇੰਡੀਆ ਤੋਂ 30 ਸਤੰਬਰ ਅਤੇ 15 ਅਕਤੂਬਰ 2013 ਨੂੰ 500 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ।
                    ਇਸੇ ਤਰ੍ਹਾਂ ਪੰਜਾਬ ਐਂਡ ਸਿੰਧ ਬੈਂਕ ਤੋਂ 28 ਮਾਰਚ 2013 ਨੂੰ 400 ਕਰੋੜ,ਬੈਂਕ ਆਫ਼ ਬੜੌਦਾ ਤੋਂ 28 ਮਾਰਚ 2013 ਨੂੰ 250 ਕਰੋੜ ਰੁਪਏ ਅਤੇ ਆਂਧਰਾ ਬੈਂਕ ਤੋਂ  26 ਮਾਰਚ 2013 ਨੂੰ 100 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਹੈ। ਸਰਕਾਰੀ ਸੂਚਨਾ ਵਿੱਚ ਦੱਸਿਆ ਗਿਆ ਹੈ ਕਿ ਓ.ਯੂ.ਵੀ.ਜੀ.ਐਲ ਸਕੀਮ ਅਧੀਨ ਪੁੱਡਾ ਨੂੰ ਤਬਦੀਲ ਹੋਈਆਂ ਜ਼ਮੀਨਾਂ ਦੀ ਕੀਮਤ ਦੇ ਬਦਲੇ ਵਿੱਚ ਵੱਖ ਵੱਖ ਬੈਂਕਾਂ ਤੋਂ ਇਹ ਦੋ ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਇਆ ਗਿਆ ਹੈ।ਸੂਤਰਾਂ ਅਨੁਸਾਰ ਪੁੱਡਾ ਵੱਲੋਂ  ਆਪਣੀਆਂ ਜਾਇਦਾਦਾਂ 'ਤੇ ਚੁੱਕਿਆ ਗਿਆ ਕਰਜ਼ ਵੱਖਰਾ ਹੈ। ਪੁੱਡਾ ਭਵਨ ਦੇ ਗਿਰਵੀ ਰੱਖਣ ਦੇ ਚਰਚੇ ਵੀ ਪਿਛਲੇ ਸਮੇਂ ਵਿੱਚ ਚੱਲੇ ਹਨ। ਕਰਜ਼ਾ ਲੈਣ ਲਈ ਪੰਜਾਬ ਦੇ ਅੱਧੀ ਦਰਜਨ ਸ਼ਹਿਰਾਂ ਦੀ ਸਰਕਾਰੀ ਸੰਪਤੀ ਬੈਂਕਾਂ ਕੋਲ ਗਿਰਵੀ ਕੀਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਪੁੱਡਾ ਨੇ ਕਰਜ਼ੇ ਲਈ ਬੁਢਲਾਡਾ ਦਾ ਪੁੱਡਾ ਐਨਕਲੇਵ ਅਤੇ ਜਗਰਾਓਂ ਦਾ ਪੁੱਡਾ ਐਨਕਲੇਵ ਵੀ ਗਿਰਵੀ ਕਰ ਦਿੱਤਾ ਹੈ। ਪੁੱਡਾ ਵਲੋਂ ਸੂਗਰ ਮਿੱਲਾਂ ਦੀ ਜਗ੍ਹਾ 'ਤੇ ਇਹ ਕਲੋਨੀਆਂ ਵਸਾਈਆਂ ਗਈਆਂ ਸਨ। ਇਹ ਦੋਵੇਂ ਕਲੋਨੀਆਂ ਹੁਣ ਕੇਨਰਾ ਬੈਂਕ ਕੋਲ ਗਿਰਵੀ ਹਨ।
                      ਇਸੇ ਤਰ੍ਹਾਂ ਬੈਂਕ ਆਫ ਇੰਡੀਆ ਕੋਲ ਕਰਜ਼ ਲਈ ਲੁਧਿਆਣਾ ਦੀ ਪੁਰਾਣੀ ਜ਼ਿਲ੍ਹਾ ਕਚਹਿਰੀ,ਪਟਿਆਲਾ ਦੀ ਛੋਟੀ ਬਾਰਾਂਦਰੀ ਸਾਈਟ ਅਤੇ ਅੰਮ੍ਰਿਤਸਰ ਦਾ ਕੈਨਾਲ ਰੈਸਟ ਹਾਊਸ ਗਿਰਵੀ ਕੀਤਾ ਗਿਆ ਹੈ। ਕੇਨਰਾ ਬੈਂਕ ਕੋਲ ਪਟਿਆਲਾ ਦੀ ਦੇਵੀਗੜ੍ਹ ਡਿਵੀਜ਼ਨ,ਰਾਜਪੁਰਾ ਕਲੋਨੀ, ਪਬਲਿਕ ਹੈਲਥ ਸਾਈਟ (ਸਾਹਮਣੇ ਫੁਹਾਰਾ ਚੌਕ) ਗਿਰਵੀ ਰੱਖੀ ਗਈ ਹੈ। ਪੰਜਾਬ ਐਂਡ ਸਿੰਧ ਬੈਂਕ ਕੋਲ ਲੁਧਿਆਣਾ ਦਾ ਗਰੀਨ ਪਾਰਕ ਐਨਕਲੇਵ (ਕੈਨਾਲ ਕਲੋਨੀ),ਜਲੰਧਰ ਦੀ ਜੇਲ੍ਹ ਸਾਈਟ,ਅੰਮ੍ਰਿਤਸਰ ਦੀ ਮੈਂਟਲ ਹਸਪਤਾਲ ਸਾਈਟ ਗਿਰਵੀ ਰੱਖੀ ਗਈ ਹੈ। ਆਂਧਰਾ ਬੈਂਕ ਤੋਂ ਅੰਮ੍ਰਿਤਸਰ ਦੀ ਰਣਜੀਤ ਐਵੇਨਿਊ ਸਾਈਟ ਨੂੰ ਗਿਰਵੀ ਰੱਖ ਕੇ ਕਰਜ਼ਾ ਚੁੱਕਿਆ ਗਿਆ ਹੈ। ਬੈਂਕ ਆਫ਼ ਬੜੌਦਾ ਕੋਲ ਜਲੰਧਰ ਦੇ ਪੁਰਾਣੇ ਡੀ.ਸੀ, ਐਸ.ਐਸ.ਪੀ. ਦਫ਼ਤਰ ਸਾਈਟ ਅਤੇ ਗਾਂਧੀ ਵਨੀਤਾ ਆਸ਼ਰਮ ਸਾਈਟ ਨੂੰ ਗਿਰਵੀ ਕੀਤਾ ਗਿਆ ਹੈ।   ਪਤਾ ਲੱਗਾ ਹੈ ਕਿ ਪ੍ਰਾਪਰਟੀ ਦੇ ਕਾਰੋਬਾਰ ਵਿਚ ਮੰਦਾ ਹੋਣ ਕਰਕੇ ਸਰਕਾਰੀ ਜਾਇਦਾਦਾਂ ਵੇਚਣ ਵਿਚ ਵੀ ਮੁਸ਼ਕਲ ਆ ਰਹੀ ਹੈ ਜਿਸ ਕਰਕੇ ਇਨ੍ਹਾਂ ਜਾਇਦਾਦਾਂ 'ਤੇ ਨਾਲੋ ਨਾਲ ਕਰਜ਼ਾ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ ਹੈ।
                                                     ਦਸ ਸਾਲਾਂ ਵਿੱਚ ਕਰਜ਼ਾ ਹੋਵੇਗਾ ਵਾਪਸ
ਪੁੱਡਾ ਦੇ ਮੁੱਖ ਪ੍ਰਸ਼ਾਸਕ ਮਨਵੇਸ਼ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪੁੱਡਾ ਨੇ ਦੋ ਹਜ਼ਾਰ ਕਰੋੜ ਦਾ ਕਰਜ਼ਾ ਸਰਕਾਰੀ ਸੰਪਤੀ ਦੇ ਬਦਲੇ ਵਿੱਚ ਸਰਕਾਰ ਨੂੰ ਲੈ ਕੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਰਜ਼ਾ 10 ਸਾਲਾਂ ਵਿੱਚ ਵਾਪਸ ਕਰਨਾ ਹੈ। ਉਨ੍ਹਾਂ ਆਖਿਆ ਕਿ ਇਹ ਕਰਜ਼ ਕਿਥੇ ਵਰਤਿਆ ਜਾਣਾ ਹੈ, ਇਸ ਦਾ ਵਿੱਤ ਵਿਭਾਗ ਨੂੰ ਪਤਾ ਹੋਵੇਗਾ। ਉਨ੍ਹਾਂ ਨੇ  ਸਰਕਾਰੀ ਖ਼ਜ਼ਾਨੇ ਵਿੱਚ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਹੈ।

No comments:

Post a Comment