Tuesday, November 19, 2013

                                   ਵਾਹ ਜੀ ਵਾਹ
        ਵਿਧਾਇਕ ਬੀਬੀਆਂ ਦੇ ਪਤੀ ਦੇਵ ਪੀ.ਏ
                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਵਿੱਚ ਵਿਧਾਇਕ ਬੀਬੀਆਂ ਨੇ ਆਪਣੇ ਪਤੀ ਦੇਵ ਹੀ ਬਤੌਰ ਪੀ.ਏ ਰੱਖ ਲਏ ਹਨ ਜਦੋਂ ਕਿ ਇੱਕ ਵਿਧਾਇਕਾ ਨੇ ਆਪਣੇ ਪੁੱਤਰ ਨੂੰ ਹੀ ਪੀ.ਏ ਵਜੋਂ ਰੱਖ ਲਿਆ ਹੈ। ਇਸ ਤੋਂ ਇੰਜ ਲੱਗਦਾ ਹੈ ਕਿ ਇਨ੍ਹਾਂ ਵਿਧਾਇਕਾਂ ਨੂੰ ਸਿਰਫ਼ ਆਪਣਿਆਂ 'ਤੇ ਹੀ ਭਰੋਸਾ ਹੈ ਅਤੇ ਉਹ ਪ੍ਰਬੰਧਕੀ ਤਾਕਤ ਵੀ ਦੂਸਰੇ ਹੱਥ ਨਹੀਂ ਦੇਣਾ ਚਾਹੁੰਦੇ। ਕਈ ਵਿਧਾਇਕਾਂ ਦੇ ਅਮਲੀ ਰੂਪ ਵਿੱਚ ਪੀ.ਏ. ਕੋਈ ਹੋਰ ਹਨ ਜਦੋਂ ਕਿ ਸਰਕਾਰੀ ਖ਼ਜ਼ਾਨੇ 'ਚੋਂ ਤਨਖਾਹ ਉਨ੍ਹਾਂ ਦੇ ਆਪਣੇ ਲੈ ਰਹੇ ਹਨ। ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਆਰਟੀਆਈ ਤਹਿਤ ਦਿੱਤੀ ਸੂਚਨਾ ਦੀ ਘੋਖ ਤੋਂ ਇਹ ਤੱਥ ਸਾਹਮਣੇ ਆਏ ਹਨ। ਪਠਾਨਕੋਟ ਜ਼ਿਲ੍ਹੇ ਦੇ ਭੋਆ ਹਲਕੇ ਤੋਂ ਵਿਧਾਇਕਾ ਸੀਮਾ ਕੁਮਾਰੀ  ਨੇ ਆਪਣੇ ਪਤੀ ਵਿਨੋਦ ਕੁਮਾਰ ਨੂੰ ਪੀ.ਏ. ਰੱਖਿਆ ਹੋਇਆ ਹੈ। ਵਿਧਾਇਕਾ ਦੇ ਪਤੀ ਵਿਨੋਦ ਕੁਮਾਰ ਨੇ ਤਰਕ ਦਿੱਤਾ ਕਿ ਅੱਜ-ਕੱਲ੍ਹ ਭਰੋਸੇ ਵਾਲਾ ਪੀ.ਏ. ਮਿਲਦਾ ਕਿੱਥੇ ਹੈ? ਅਤੇ ਕਈ ਪੀ.ਏ. ਹੀ ਨੇਤਾਵਾਂ ਦੀ ਬਦਨਾਮੀ ਦਾ ਕਾਰਨ ਬਣਦੇ ਹਨ ਜਿਸ ਕਰਕੇ ਉਹੀ ਬਤੌਰ ਪੀ.ਏ. ਆਪਣੀ ਪਤਨੀ ਨਾਲ ਸਹਿਯੋਗ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਖੁਦ ਵੀ ਕੋਈ ਨੌਕਰੀ ਵਗੈਰਾ ਨਹੀਂ ਕਰਦਾ ਅਤੇ ਇਸ ਵਿੱਚ ਕੋਈ ਸ਼ਰਮ ਵਾਲੀ ਗੱਲ ਵੀ ਨਹੀਂ ਹੈ। ਇਸੇ ਤਰ੍ਹਾਂ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਦੀ ਵਿਧਾਇਕਾ ਹਰਚੰਦ ਕੌਰ ਨੇ ਵੀ ਆਪਣੇ ਪਤੀ ਸੰਤ ਸਿੰਘ ਨੂੰ ਆਪਣਾ ਪੀ.ਏ. ਰੱਖਿਆ ਹੋਇਆ ਹੈ।
                  ਵਿਧਾਇਕਾ ਹਰਚੰਦ ਕੌਰ ਦਾ ਕਹਿਣਾ ਸੀ ਕਿ ਅਸਲ ਵਿੱਚ ਉਨ੍ਹਾਂ ਦੇ ਪੀ.ਏ. ਬਦਲਦੇ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਦਾ ਨਾਮ ਵਾਰੋ ਵਾਰੀ ਵਿਧਾਨ ਸਭਾ ਨੂੰ ਦੇਣਾ ਪੈਂਦਾ ਸੀ। ਇਸ ਝੰਜਟ ਤੋਂ ਬਚਣ ਲਈ ਉਨ੍ਹਾਂ ਨੇ ਸਿਰਫ਼ ਕਾਗ਼ਜ਼ਾਂ ਵਿੱਚ ਆਪਣੇ ਪਤੀ ਦਾ ਨਾਂ ਬਤੌਰ ਪੀ.ਏ. ਲਿਖਵਾਇਆ ਹੈ ਅਤੇ ਮਿਲਦੀ ਤਨਖਾਹ ਅਸਲ ਕੰਮ ਕਰਦੇ ਪੀ.ਏ. ਨੂੰ ਦੇ ਦਿੱਤੀ ਜਾਂਦੀ ਹੈ। ਹਲਕਾ ਭਦੌੜ ਤੋਂ ਕਾਂਗਰਸ ਦੇ ਵਿਧਾਇਕ ਅਤੇ ਲੋਕ ਗਾਇਕ ਮੁਹੰਮਦ ਸਦੀਕ ਨੇ ਤਾਂ ਆਪਣੇ ਜਵਾਈ ਸੂਰਜ ਭਾਰਦਵਾਜ ਨੂੰ ਹੀ ਆਪਣਾ ਪੀ.ਏ. ਰੱਖਿਆ ਹੋਇਆ ਹੈ। ਉਨ੍ਹਾਂ ਦੇ ਜਵਾਈ ਸ੍ਰੀ ਭਾਰਦਵਾਜ, ਵਾਸੀ ਹਰਿਆਣਾ ਦਾ ਕਹਿਣਾ ਸੀ ਕਿ ਉਹ ਚੋਣਾਂ ਸਮੇਂ ਹਲਕੇ ਦੇ ਲੋਕਾਂ ਵਿਚ ਵਿਚਰੇ ਹਨ ਅਤੇ ਸਾਰੇ ਲੋਕਾਂ ਨੂੰ ਜਾਣਦੇ  ਹਨ, ਜਿਸ ਕਰਕੇ ਉਨ੍ਹਾਂ ਨੂੰ ਵਿਧਾਇਕ ਨੇ ਆਪਣਾ ਪੀ.ਏ. ਬਣਾਇਆ ਹੈ। ਉਨ੍ਹਾਂ ਆਖਿਆ ਕਿ ਉਹ ਖੁਦ ਬਿਜ਼ਨਸਮੈਨ ਹਨ ਅਤੇ ਪੈਸੇ ਦੇ ਲਾਲਚ ਵਿਚ ਪੀ.ਏ. ਨਹੀਂ ਬਣੇ ਹਨ।  ਇਵੇਂ ਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤੋਂ ਭਾਜਪਾ ਦੀ ਵਿਧਾਇਕਾ ਸੁਖਜੀਤ ਕੌਰ ਸਾਹੀ ਨੇ ਆਪਣੇ ਡਾਕਟਰ ਲੜਕੇ ਨੂੰ ਆਪਣਾ ਪੀ.ਏ. ਰੱਖਿਆ ਹੈ। ਡਾ. ਹਰਸਿਮਰਤ ਸਿੰਘ ਸਾਹੀ ਆਪਣੀ ਵਿਧਾਇਕ ਮਾਂ ਦੀ ਮਦਦ ਕਰਦਾ ਹੈ। ਬੀਬੀ ਸੁਖਜੀਤ ਕੌਰ ਸਾਹੀ ਦਾ ਕਹਿਣਾ ਸੀ ਕਿ ਸਾਰੇ ਵਿਧਾਇਕਾਂ ਨੇ ਹੀ ਆਪਣੇ ਲੜਕਿਆਂ ਦੇ ਨਾਮ ਵਿਧਾਨ ਸਭਾ ਨੂੰ ਬਤੌਰ ਪੀ.ਏ. ਦਿੱਤੇ ਹੋਏ ਹਨ।  ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਲਾਲ ਸਿੰਘ ਨੇ ਪੀ.ਏ. ਦਾ ਅਹੁਦਾ ਆਪਣੇ ਭਤੀਜੇ ਸੰਦੀਪ ਸਿੰਘ ਨੂੰ ਦਿੱਤਾ ਹੋਇਆ ਹੈ।
                   ਸੰਦੀਪ ਸਿੰਘ ਦਾ ਕਹਿਣਾ ਸੀ ਕਿ ਭਰੋਸੇ ਕਰਕੇ ਹੀ ਉਸ ਨੂੰ ਪੀ.ਏ. ਰੱਖਿਆ ਗਿਆ ਹੈ ਜਦੋਂ ਕਿ ਪਹਿਲਾਂ ਕੋਈ ਹੋਰ ਪੀ.ਏ. ਹੁੰਦਾ ਸੀ। ਜਦੋਂ ਇਸ ਪੱਤਰਕਾਰ ਨੇ ਵਿਧਾਇਕਾਂ ਨੂੰ ਫੋਨ ਕੀਤੇ ਤਾਂ ਫੋਨ ਚੁੱਕਣ ਵਾਲਿਆਂ ਨੇ ਆਪਣੇ ਆਪ ਨੂੰ ਪੀ.ਏ. ਦੱਸਿਆ ਜਦੋਂ ਕਿ ਸਰਕਾਰੀ ਰਿਕਾਰਡ ਵਿੱਚ ਪੀ.ਏ. ਵਜੋਂ ਉਨ੍ਹਾਂ ਦੀ ਥਾਂ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਦਾ ਨਾਮ ਬੋਲਦਾ ਹੈ।ਵਿਧਾਨ ਸਭਾ ਦੇ ਸਕੱਤਰ ਵੇਦ ਪ੍ਰਕਾਸ਼ ਦਾ ਕਹਿਣਾ ਸੀ ਕਿ ਵਿਧਾਇਕ ਦੇ ਪੀ.ਏ. ਲਈ ਕੋਈ ਯੋਗਤਾ ਨਿਸ਼ਚਿਤ ਨਹੀਂ ਕੀਤੀ ਗਈ ਹੈ, ਪਰ ਜ਼ਿਆਦਾਤਾਰ ਪੀ.ਏ. ਗਰੈਜੂਏਟ ਹੀ ਹੁੰਦੇ ਹਨ। ਉਨ੍ਹਾਂ ਆਖਿਆ ਕਿ ਵਿਧਾਇਕ ਕਿਸੇ ਨੂੰ ਵੀ ਆਪਣਾ ਪੀ.ਏ. ਰੱਖ ਸਕਦੇ ਹਨ, ਇਸ ਨਾਲ ਵਿਧਾਨ ਸਭਾ ਸਕੱਤਰੇਤ ਨੂੰ ਕੋਈ ਤੁਅੱਲਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੀ.ਏ. ਦੀ ਤਨਖਾਹ ਪੰਜ ਹਜ਼ਾਰ ਰੁਪਏ ਹੈ, ਪਰ ਹੁਣ ਨਵੇਂ ਵਾਧੇ ਮਗਰੋਂ 10 ਹਜ਼ਾਰ ਰੁਪਏ ਹੋ ਜਾਣੀ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਨੂੰ ਵਿਧਾਇਕ ਵਲੋਂ ਜਿਸ ਦਾ ਨਾਮ ਪੀ.ਏ. ਵਜੋਂ  ਦਿੱਤਾ ਜਾਂਦਾ ਹੈ, ਉਸੇ ਨੂੰ ਪੀ.ਏ. ਤਾਇਨਾਤ ਕਰ ਦਿੱਤਾ ਜਾਂਦਾ ਹੈ। ਫਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰ ਸਿੰਘ ਨੇ ਵੀ ਆਪਣੇ ਲੜਕੇ ਸ਼ਰਨਜੀਤ ਸਿੰਘ ਨੂੰ ਪੀ.ਏ. ਰੱਖਿਆ ਹੋਇਆ ਹੈ। ਇਸ ਵਿਧਾਇਕ ਦਾ ਕਹਿਣਾ ਸੀ ਕਿ ਵਿਧਾਨ ਸਭਾ ਵੱਲੋਂ ਪੀ.ਏ. ਦੀ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਏਨੀ ਕੁ ਤਨਖਾਹ 'ਤੇ ਹੋਰ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ ਹੈ। ਉਨ੍ਹਾਂ ਇਹ ਵੀ ਤਰਕ ਦਿੱਤਾ ਕਿ ਉਹ ਆਪਣੇ ਲੜਕੇ ਨੂੰ ਸਿਆਸਤ ਵਿੱਚ ਉਤਾਰਨਾ ਚਾਹੁੰਦੇ ਹਨ। ਬਤੌਰ ਪੀ.ਏ. ਉਸ ਦੀ ਟਰੇਨਿੰਗ ਵੀ ਹੋ ਜਾਵੇਗੀ।
                   ਲੁਧਿਆਣਾ (ਉੱਤਰੀ) ਹਲਕੇ ਤੋਂ ਵਿਧਾਇਕ ਰਾਕੇਸ਼ ਪਾਂਡੇ ਨੇ ਆਪਣੇ ਗਰੈਜੂਏਟ ਲੜਕੇ ਭੀਸ਼ਮ ਨੂੰ ਪੀ.ਏ. ਤਾਇਨਾਤ ਕੀਤਾ ਹੋਇਆ ਹੈ। ਵਿਧਾਇਕ  ਪਾਂਡੇ ਦਾ ਕਹਿਣਾ ਸੀ ਕਿ ਲੜਕੇ ਨੂੰ ਕੰਪਿਊਟਰ ਵਗੈਰਾ ਦੀ ਵੱਧ ਜਾਣਕਾਰੀ ਹੋਣ ਕਰਕੇ ਉਸ ਨੂੰ ਪੀ.ਏ. ਵਜੋਂ ਰੱਖਿਆ ਹੈ।  ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਤੋਂ ਅਕਾਲੀ ਵਿਧਾਇਕ ਚਤਿੰਨ ਸਿੰਘ ਸਮਾਓਂ ਨੇ ਆਪਣੇ ਵੱਡੇ ਭਰਾ ਦੇ ਪੋਤੇ ਜਗਤਾਰ ਸਿੰਘ ਨੂੰ ਆਪਣਾ ਪੀ.ਏ. ਰੱਖਿਆ ਹੈ। ਇਸ ਵਿਧਾਇਕ ਦਾ ਕਹਿਣਾ ਸੀ ਕਿ ਉਹ ਹੁਣ ਨਵੇਂ ਪੀ.ਏ. ਦੀ ਤਜਵੀਜ਼ ਵਿਧਾਨ ਸਭਾ ਕੋਲ ਭੇਜ ਰਹੇ ਹਨ। ਇਸ ਤੋਂ ਇਲਾਵਾ ਮੁਕਤਸਰ ਦੇ ਹਲਕਾ ਮਲੋਟ ਤੋਂ ਨੌਜਵਾਨ ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਨੇ ਆਪਣੇ ਚਚੇਰੇ ਭਰਾ ਕੁਲਬੀਰ ਸਿੰਘ ਨੂੰ ਆਪਣਾ ਪੀ.ਏ. ਰੱਖਿਆ ਹੋਇਆ ਹੈ। ਵਿਧਾਨ ਸਭਾ ਵੱਲੋਂ 72 ਵਿਧਾਇਕਾਂ ਦੇ ਪੀ.ਏ.ਦੀ ਸੂਚਨਾ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਖਰੜ ਤੋਂ ਕਾਂਗਰਸੀ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਸ੍ਰੀਮਤੀ ਸੁਰਿੰਦਰ ਕੁਮਾਰੀ ਨੂੰ ਆਪਣਾ ਪੀ.ਏ. ਰੱਖਿਆ ਹੋਇਆ ਹੈ। ਸ੍ਰੀ ਕੰਗ ਦਾ ਕਹਿਣਾ ਸੀ ਕਿ ਮਿਹਨਤੀ ਮਹਿਲਾ ਹੋਣ ਕਰਕੇ ਉਸ ਨੂੰ ਪੀ.ਏ. ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੱਕ ਹੋਰ ਪੀ.ਏ. ਹਰਪ੍ਰੀਤ ਸਿੰਘ ਵੀ ਹੈ।

No comments:

Post a Comment