Wednesday, November 6, 2013

                                    ਖੁੱਲ੍ਹੀ ਛੁੱਟੀ
                    ਲੀਡਰਾਂ ਨੇ ਡਕਾਰੀ ਜ਼ਮੀਨ
                                  ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਨਹਿਰੀ ਮਹਿਕਮੇ ਦੀ ਤਕਰੀਬਨ ਪੰਜ ਸੌ ਕਰੋੜ ਰੁਪਏ ਦੀ ਜ਼ਮੀਨ ਲੋਕਾਂ ਨੇ ਨੱਪੀ ਹੋਈ ਹੈ, ਜਿਨ੍ਹਾਂ ਵਿੱਚ ਸਿਆਸੀ ਆਗੂ ਅਤੇ ਸਨਅਤੀ ਘਰਾਣੇ ਸ਼ਾਮਲ ਹਨ। ਮੁੱਖ ਮੰਤਰੀ ਪੰਜਾਬ ਦੇ ਸਨਅਤੀ ਸਲਾਹਕਾਰ ਕਮਲ ਓਸਵਾਲ ਵੱਲੋਂ ਤਕਰੀਬਨ 25 ਕਰੋੜ ਦੀ ਸਰਕਾਰੀ ਸੰਪਤੀ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਕਮਲ ਓਸਵਾਲ ਦੀ ਓਸਵਾਲ ਵੂਲਨ ਮਿੱਲਜ਼ ਲੁਧਿਆਣਾ ਦਾ ਨਹਿਰੀ ਮਹਿਕਮੇ ਦੀ 1.10 ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹੈ। ਸੂਤਰਾਂ ਮੁਤਾਬਕ ਇਸ ਸੰਪਤੀ ਦੀ ਬਾਜ਼ਾਰੂ ਕੀਮਤ ਤਕਰੀਬਨ 25 ਕਰੋੜ ਰੁਪਏ ਬਣਦੀ ਹੈ। ਪੀ.ਪੀ.ਐਕਟ ਤਹਿਤ 24 ਮਾਰਚ,1998 ਨੂੰ ਇਸ ਜਾਇਦਾਦ ਦਾ ਨਹਿਰੀ ਮਹਿਕਮੇ ਦੇ ਹੱਕ ਵਿੱਚ ਫੈਸਲਾ ਵੀ ਹੋ ਚੁੱਕਾ ਹੈ ਪਰ ਡੇਢ ਦਹਾਕੇ ਮਗਰੋਂ ਵੀ ਨਹਿਰੀ ਮਹਿਕਮੇ ਨੂੰ ਇਹ ਸੰਪਤੀ ਹਾਸਲ ਨਹੀਂ ਹੋ ਸਕੀ ਹੈ। ਨਹਿਰੀ ਮਹਿਕਮੇ ਨੇ ਉਦੋਂ ਮਾਲ ਵਿਭਾਗ ਨੂੰ ਕਬਜ਼ਾ ਲੈਣ ਵਾਸਤੇ ਲਿਖਿਆ ਸੀ ਪਰ ਜਾਇਦਾਦ ਉਪਰ ਉਸਾਰੀ ਹੋਣ ਕਰਕੇ ਕਬਜ਼ਾ ਨਹੀਂ ਮਿਲ ਸਕਿਆ। ਨਹਿਰੀ ਮਹਿਕਮੇ ਦੀ ਪੰਜਾਬ ਵਿੱਚ 1100 ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਹਿੰਗੀ ਜਾਇਦਾਦ 'ਤੇ ਓਸਵਾਲ ਵੂਲਨ ਮਿਲਜ਼ ਲੁਧਿਆਣਾ ਨੇ ਕਬਜ਼ਾ ਕੀਤਾ ਹੋਇਆ ਹੈ। ਨਹਿਰੀ ਵਿਭਾਗ ਵੱਲੋਂ ਆਪਣੀ ਸਰਪਲੱਸ ਜਾਇਦਾਦ ਦੀ ਜੋ ਸੂਚੀ ਪੂਡਾ ਨੂੰ ਸੌਂਪੀ ਗਈ ਹੈ, ਉਸ ਤੋਂ ਕੁਝ ਗੁੱਝੇ ਤੱਥ ਸਾਹਮਣੇ ਆਏ ਹਨ। ਸਰਕਾਰੀ ਰਿਪੋਰਟ ਅਨੁਸਾਰ ਸਿੰਧਵਾ ਨਹਿਰ ਮੰਡਲ ਦੀ ਪਿੰਡ ਡਾਬਾ ਵਿੱਚ 1.35 ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹੈ, ਜਿਸ ਵਿੱਚੋਂ 1.10 ਏਕੜ 'ਤੇ ਓਸਵਾਲ ਵੂਲਨ ਮਿੱਲਜ਼ ਅਤੇ 0.25 ਏਕੜ 'ਤੇ ਮਜ਼ੀਨ ਮੈਸਰਜ਼ ਲੁਧਿਆਣਾ ਦਾ ਨਾਜਾਇਜ਼ ਕਬਜ਼ਾ ਹੈ। ਪਿੰਡ ਡਾਬਾ ਦੀ ਸਾਰੀ ਜਾਇਦਾਦ ਹੁਣ ਸ਼ਹਿਰੀ ਸੰਪਤੀ ਬਣ ਗਈ ਹੈ।
                     ਇਸ ਬਾਰੇ ਕਮਲ ਓਸਵਾਲ ਨੇ ਕਿਹਾ ਕਿ ਉਨ੍ਹਾਂ ਨੇ ਨਹਿਰੀ ਵਿਭਾਗ ਦੀ ਜਾਇਦਾਦ 'ਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਹੈ ਅਤੇ ਮਿੱਲ 60 ਸਾਲ ਤੋਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਦਾ ਰਿਕਾਰਡ ਠੀਕ ਨਹੀਂ ਹੈ ਅਤੇ ਇੱਥੇ ਤਾਂ ਸਿਰਫ ਮਹਿਕਮੇ ਦੀ ਇੱਕ ਛੋਟੀ ਜੇਹੀ ਸਟਰਿਪ ਸੀ। ਉਨ੍ਹਾਂ ਆਖਿਆ ਕਿ ਇਹ ਪੁਰਾਣਾ ਕੇਸ ਹੈ ਅਤੇ ਤੱਥ ਵੇਖਣ ਮਗਰੋਂ ਹੀ ਉਹ ਵਿਸਥਾਰ ਵਿੱਚ ਦੱਸ ਸਕਦੇ ਹਨ। ਸਿੰਧਵਾ ਨਹਿਰ ਮੰਡਲ ਲੁਧਿਆਣਾ ਦੇ ਨਿਗਰਾਨ ਇੰਜਨੀਅਰ ਤਿਲਕ ਰਾਜ ਚੌਹਾਨ ਨੇ ਕਿਹਾ ਕਿ ਓਸਵਾਲ ਵੂਲਨ ਮਿੱਲਜ਼ ਤੋਂ ਕਬਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਕੇਸ ਪਾਇਆ ਹੈ। ਮੁੱਖ ਇੰਜਨੀਅਰ (ਨਹਿਰਾਂ) ਪੰਜਾਬ ਅਮਰਜੀਤ ਸਿੰਘ  ਨੇ ਕਿਹਾ ਕਿ ਓਸਵਾਲ ਗਰੁੱਪ ਵੱਲੋਂ ਇੱਕ ਏਕੜ ਤੋਂ ਉਪਰ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਆਖਿਆ ਕਿ ਭਾਵੇਂ ਕਬਜ਼ੇ ਵਾਲੀ ਜਗ੍ਹਾ 'ਤੇ ਉਸਾਰੀ ਕੀਤੀ ਹੋਈ ਹੈ ਪਰ ਉਹ ਹੁਣ ਸਰਕਾਰੀ ਨੀਤੀ ਮੁਤਾਬਿਕ ਇਸ ਜਗ੍ਹਾ ਨੂੰ ਨਿਲਾਮ ਕਰਨਗੇ। ਉਨ੍ਹਾਂ ਕਿਹਾ ਕਿ ਬਾਜ਼ਾਰੂ ਭਾਅ ਤਾਰ ਕੇ ਓਸਵਾਲ ਗਰੁੱਪ ਵੀ ਇਹ ਜਗ੍ਹਾ ਲੈ ਸਕਦਾ ਹੈ। ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕਾ ਜਲਾਲਾਬਾਦ ਵਿੱਚ ਪੈਂਦੇ ਪਿੰਡ ਘੁਬਾਇਆ ਵਿਚਲੇ ਨਹਿਰੀ ਮਹਿਕਮੇ ਦੇ ਰੈਸਟ ਹਾਊਸ 'ਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਭਰਾ ਮੁਨਸ਼ਾ ਸਿੰਘ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜੋ ਤਿੰਨ ਏਕੜ ਵਿੱਚ ਹੈ। ਇਸ ਜ਼ਮੀਨ ਦੀ ਬਾਜ਼ਾਰੂ ਕੀਮਤ ਤਕਰੀਬਨ ਇੱਕ ਕਰੋੜ ਤੋਂ ਉਪਰ ਬਣਦੀ ਹੈ। ਇਸ ਬਾਰੇ ਮੁਨਸ਼ਾ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਲੰਮੇ ਸਮੇਂ ਤੋਂ ਉਨ੍ਹਾਂ ਦੇ ਕਬਜ਼ੇ ਹੇਠ ਹੈ ਅਤੇ ਉਨ੍ਹਾਂ ਨੇ ਨਿਲਾਮੀ ਵਿੱਚ ਇਹ ਰੈਸਟ ਹਾਊਸ ਖਰੀਦਿਆ ਸੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਤਿੰਨ ਕਿਸ਼ਤਾਂ ਭਰ ਦਿੱਤੀਆਂ ਸਨ ਪਰ ਮਗਰੋਂ ਸਰਕਾਰ ਨੇ ਅਲਾਟਮੈਂਟ ਰੱਦ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਹ ਬਾਕੀ ਕਿਸ਼ਤਾਂ ਭਰਨ ਨੂੰ ਤਿਆਰ ਹੈ।
               ਪੂਰਬੀ ਨਹਿਰ ਮੰਡਲ ਫਿਰੋਜ਼ਪੁਰ ਦੇ ਕਾਰਜਕਾਰੀ ਇੰਜਨੀਅਰ ਸੁਰਿੰਦਰ ਸਿੰਘ ਨੇ ਕਿਹਾ  ਕਿ ਉਨ੍ਹਾਂ ਨੇ ਘੁਬਾਇਆ ਰੈਸਟ ਹਾਊਸ ਦਾ ਕਬਜ਼ਾ ਲੈਣ ਲਈ ਐਸ.ਡੀ.ਐਮ. ਦੀ ਅਦਾਲਤ ਵਿੱਚ ਪੀ.ਪੀ.ਐਕਟ ਤਹਿਤ ਕੇਸ ਦਾਇਰ ਕੀਤਾ ਹੋਇਆ ਹੈ।ਇਸੇ ਤਰ੍ਹਾਂ 4.93 ਏਕੜ ਵਿੱਚ ਬਣੇ ਮੋਹਨ ਕੀ ਰੈਸਟ ਹਾਊਸ 'ਤੇ ਨਾਜਾਇਜ਼ ਕਬਜ਼ਾ ਹੈ। ਕਾਬਜ਼ ਧਿਰ ਵੱਲੋਂ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ। ਸਰਕਾਰੀ ਵੇਰਵਿਆਂ ਅਨੁਸਾਰ ਨਹਿਰ ਮਹਿਕਮੇ ਦੀਆਂ ਪੰਜਾਬ ਭਰ ਵਿੱਚ 234 ਸੰਪਤੀਆਂ ਹਨ, ਜੋ ਨਾਜਾਇਜ਼ ਕਬਜ਼ਿਆਂ ਹੇਠ ਹਨ। ਸੂਤਰਾਂ ਮੁਤਾਬਕ ਕਾਫੀ ਸੰਪਤੀਆਂ 'ਤੇ ਰਸੂਖਦਾਰਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਨਹਿਰ ਮਹਿਕਮੇ ਦੇ ਪੁਰਾਣੇ ਬੇਕਾਰ ਰਜਵਾਹਿਆਂ 'ਤੇ ਜ਼ਿਆਦਾਤਰ ਨਾਜਾਇਜ਼ ਕਬਜ਼ੇ ਹਨ। ਇਨ੍ਹਾਂ ਸੰਪਤੀਆਂ ਲਈ ਪੀ.ਪੀ. ਐਕਟ ਤਹਿਤ ਕੇਸ ਵੀ ਚੱਲ ਰਹੇ ਹਨ। ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਹਲਕੇ ਮੌੜ ਦੇ ਪਿੰਡ ਮੌੜ ਖੁਰਦ ਵਿੱਚ ਨਹਿਰ ਮਹਿਕਮੇ ਦੀ 4.16 ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਹੈ। ਮੋਗਾ ਦੇ ਕੈਨਾਲ ਰੈਸਟ ਹਾਊਸ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਦੁਬਰਜੀ ਰੈਸਟ ਹਾਊਸ 'ਤੇ ਪੁਲੀਸ ਨੇ ਕਬਜ਼ਾ ਕੀਤਾ ਹੋਇਆ ਹੈ। ਮੁੱਖ ਇੰਜਨੀਅਰ (ਨਹਿਰਾਂ) ਅਮਰਜੀਤ ਸਿੰਘ ਦੁੱਲਟ ਨੇ ਕਿਹਾ ਕਿ ਸਰਪਲੱਸ ਜਾਇਦਾਦਾਂ ਨੂੰ ਡਿਸਪੋਜ਼ ਆਫ ਕੀਤਾ ਜਾਣਾ ਹੈ ਜਿਸ ਕਰਕੇ ਸਾਰੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ 1100 ਏਕੜ ਸੰਪਤੀ ਨਾਜਾਇਜ਼ ਕਬਜ਼ਿਆਂ ਹੇਠ ਹੈ, ਜਿਨ੍ਹਾਂ ਵਿੱਚ ਜ਼ਿਆਦਾ ਸੰਪਤੀ ਪਿੰਡਾਂ ਵਿੱਚ ਹੈ। ਉਨ੍ਹਾਂ ਆਖਿਆ ਕਿ ਕਈ ਸੰਪਤੀਆਂ ਉਹ ਹਨ, ਜਿਨ੍ਹਾਂ ਨੂੰ ਨਿਲਾਮ ਕੀਤਾ ਗਿਆ ਸੀ ਪਰ ਲੋਕਾਂ ਵੱਲੋਂ ਪੈਸਾ ਨਾ ਭਰਨ ਕਰਕੇ ਉਨ੍ਹਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਸੀ।
                                           ਨਾਜਾਇਜ਼ ਕਬਜ਼ੇ ਹੇਠ ਨਹਿਰੀ ਮਹਿਕਮੇ ਦੀ ਜ਼ਮੀਨ
* ਪਿੰਡ ਮਾਹੀਨੰਗਲ (ਬਠਿੰਡਾ) ਵਿੱਚ 69 ਕਨਾਲਾਂ, 17 ਮਰਲੇ ਬੀਰੋਕੇ ਕਲਾਂ (ਮਾਨਸਾ) ਵਿੱਚ 14 ਕਨਾਲਾਂ ਅਤੇ ਗੋਰਖਨਾਥ ਵਿੱਚ 45 ਕਨਾਲਾਂ
* ਫਿਰੋਜ਼ਪੁਰ ਦੇ ਪਿੰਡ ਚੁੱਘਾ ਵਿੱਚ 3.12 ਏਕੜ ਅਤੇ ਕਾਠਗੜ੍ਹ ਵਿੱਚ 5.25 ਏਕੜ ਮੋਗਾ ਦੇ ਪਿੰਡ ਨੂਰਪੁਰ ਹਕੀਮਾਂ ਵਿੱਚ 12.24 ਏਕੜ ,ਪਿੰਡ ਦਾਨੇਵਾਲਾ ਅਤੇ ਬਹਾਦਰਵਾਲਾ ਵਿੱਚ 8.93 ਏਕੜ ਪਟਿਆਲਾ ਵਿੱਚ ਭਾਖੜਾ ਮੇਨ ਲਾਈਨ ਦੀਆਂ 40 ਸੰਪਤੀਆਂ 'ਤੇ ਨਾਜਾਇਜ਼ ਕਬਜ਼ਾ
* ਕੋਟਲਾ ਬਰਾਂਚ ਦੀ 12.23 ਏਕੜ ਗੁਰਦਾਸਪੁਰ ਦੇ ਪਿੰਡ ਬਹਿਰੀ ਬੁਰਜ ਵਿੱਚ 7.25 ਏਕੜ ਫ਼ਰੀਦਕੋਟ ਨਹਿਰੀ ਮੰਡਲ ਦੇ ਪਿੰਡ ਧੂਲਕੋਟ, ਸੂਰੇਵਾਲਾ ਅਤੇ ਢੀਮਾਂਵਾਲੀ ਵਿੱਚ 7.25 ਏਕੜ 'ਤੇ ਨਾਜਾਇਜ਼ ਕਬਜ਼ਾ।

1 comment: