Monday, February 10, 2014

                                      ਬੱਚੀ ਦੀ ਕੁਰਬਾਨੀ
                   ਹਜ਼ਾਰਾਂ ਘਰਾਂ ਵਿੱਚ ਹੁਣ 'ਏਕਨੂਰ'
                                       ਚਰਨਜੀਤ ਭੁੱਲਰ
ਬਠਿੰਡਾ  :  ਭਾਵੇਂ ਕਿਰਨਦੀਪ ਦੇ ਘਰ ਦਾ ਚਿਰਾਗ  ਬੁੱਝ ਗਿਆ ਹੈ ਪਰ ੳਸਦੀ ਨੰਨ੍ਹੀ ਬੱਚੀ ਦੀ ਕੁਰਬਾਨੀ ਨੇ ਪੰਜਾਬ ਦੇ ਸੱਤ ਹਜ਼ਾਰ ਘਰਾਂ ਵਿੱਚ ਮੁੜ ਦੀਪ ਜਗਾ ਦਿੱਤੇ ਹਨ। ਬਠਿੰਡਾ ਵਿਚ ਬੱਚੀ ਏਕਨੂਰ ਉਰਫ਼ ਰੂਥ ਦੀ ਕੁਰਬਾਨੀ ਨੇ ਅਧਿਆਪਕਾਂ ਦੇ ਲੰਮੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਬੂਰ ਪਾ ਦਿੱਤਾ ਹੈ। ਇਸ ਨੰਨ੍ਹੀ ਬੱਚੀ ਦੀ ਕੁਰਬਾਨੀ ਨੇ ਹਨੇਰੇ ਦੇ ਇਸ ਦੌਰ ਵਿੱਚ ਹਜ਼ਾਰਾਂ ਅਧਿਆਪਕਾਂ ਤੇ ਸੰਘਰਸ਼ੀ ਲੋਕਾਂ ਵਿੱਚ ਉਮੀਦ ਦੀ  ਕਿਰਨ ਜਗਾ ਦਿੱਤੀ ਹੈ। ਅੱਜ ਪੰਜਾਬ ਸਰਕਾਰ ਨੇ ਈ.ਜੀ.ਐਸ ਅਧਿਆਪਕਾਂ ਨੂੰ ਮੁੜ ਦੋ ਵਰ੍ਹਿਆਂ ਲਈ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਰੁਜ਼ਗਾਰ ਦਾ ਪੱਕਾ ਪ੍ਰਬੰਧ ਨਹੀਂ ਹੈ ਪਰ ਸੰਘਰਸ਼ੀ ਅਧਿਆਪਕਾਂ ਨੂੰ ਫਿਲਹਾਲ ਧਰਵਾਸ ਜ਼ਰੂਰ ਮਿਲਿਆ ਹੈ। ਈ.ਜੀ.ਐਸ ਅਧਿਆਪਕ ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਵੀਰਪਾਲ ਕੌਰ  ਨੇ ਕਿਹਾ ਕਿ ਬੱਚੀ ਦੀ ਕੁਰਬਾਨੀ ਵੱਡੀ ਹੈ ਜਦੋਂ ਕਿ ਰੁਜ਼ਗਾਰ ਛੋਟਾ ਹੈ। ਸਿਰਫ਼ ਦੋ ਵਰ੍ਹਿਆਂ ਲਈ 2500  ਰੁਪਏ ਦੀ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਬੱਚੀ ਦੀ ਕੁਰਬਾਨੀ ਨੂੰ ਜਥੇਬੰਦੀ ਹਮੇਸ਼ਾ ਯਾਦ ਰੱਖੇਗੀ। ਜਾਣਕਾਰੀ  ਅਨੁਸਾਰ ਈ.ਜੀ.ਐਸ ਅਧਿਆਪਕ ਛੇ ਵਰ੍ਹਿਆਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਸਨ।  ਇਸੇ ਸੰਘਰਸ਼ ਦੌਰਾਨ ਫ਼ਰੀਦਕੋਟ ਦੀ ਕਿਰਨਜੀਤ ਕੌਰ ਨੇ 8 ਫਰਵਰੀ 2010 ਨੂੰ ਕਪੂਰਥਲਾ ਟੈਂਕੀ 'ਤੇ ਆਤਮਦਾਹ ਕਰ ਲਿਆ ਸੀ ਜਿਸ ਦੀ ਬੀਤੇ ਕੱਲ੍ਹ ਚੌਥੀ ਬਰਸੀ ਮਨਾਈ ਗਈ ਹੈ। ਇਨ੍ਹਾਂ ਅਧਿਆਪਕਾਂ ਨੇ ਜਲਾਲਾਬਾਦ,ਚੀਮਾ,ਕਪੂਰਥਲਾ,ਬਠਿੰਡਾ ਅਤੇ ਭੋਖੜਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਸੰਘਰਸ਼ ਕੀਤਾ ਸੀ। 11 ਫਰਵਰੀ 2009 ਨੂੰ ਵੀ ਇਹ ਅਧਿਆਪਕ ਬਠਿੰਡਾ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਸਨ ਜਿਸ 'ਤੇ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਨੂੰ ਈ.ਟੀ.ਟੀ ਦਾ ਕੋਰਸ ਕਰਵਾਇਆ ਸੀ।
                     ਪੰਜਾਬ ਸਰਕਾਰ ਨੇ ਪਹਿਲੀ ਦਫ਼ਾ ਸਾਲ 2007 ਵਿੱਚ ਈ.ਜੀ.ਐਸ ਸੈਂਟਰ ਬੰਦ ਕਰਨ ਦਾ ਪੱਤਰ ਜਾਰੀ ਕੀਤਾ ਸੀ।  ਪਰ ਜਦੋਂ 25 ਜੁਲਾਈ 2007 ਨੂੰ  ਅਧਿਆਪਕਾਂ ਨੇ ਕਪੂਰਥਲਾ 'ਚ ਧਰਨਾ ਲਾ ਦਿੱਤਾ ਤਾਂ ਸੈਂਟਰਾਂ ਨੂੰ ਤਿੰਨ ਮਹੀਨੇ ਹੋਰ ਚਲਾਉਣ ਦਾ ਫੈਸਲਾ ਕੀਤਾ ਗਿਆ ਸੀ। ਮੁੜ 25 ਸਤੰਬਰ 2007 ਨੂੰ ਜਦੋਂ ਕਪੂਰਥਲਾ 'ਚ ਧਰਨਾ ਲਾਇਆ ਗਿਆ ਸੀ ਤਾਂ ਸਰਕਾਰ ਨੇ ਛੇ ਮਹੀਨੇ ਹੋਰ ਸੈਂਟਰ ਚਲਾਉਣ ਦਾ ਫੈਸਲਾ ਕੀਤਾ ਸੀ। ਪੰਜਾਬ ਪੁਲੀਸ ਨੇ ਇਨ੍ਹਾਂ ਅਧਿਆਪਕਾਂ 'ਤੇ ਬਰਨਾਲਾ ਅਤੇ ਬਠਿੰਡਾ ਵਿੱਚ  ਕੇਸ ਵੀ ਦਰਜ ਕੀਤੇ ਹਨ। ਬਠਿੰਡਾ ਸੰਘਰਸ਼ ਦੌਰਾਨ ਕਿਰਨਜੀਤ ਕੌਰ ਦੀ ਬੱਚੀ ਦੀ ਧਰਨੇ   ਦੌਰਾਨ ਠੰਢ ਲੱਗਣ ਕਾਰਨ ਮੌਤ ਹੋ ਗਈ ਜਿਸ ਕਰਕੇ ਅਧਿਆਪਕਾਂ ਨੇ ਬੱਚੀ ਦੀ ਲਾਸ਼ ਸੜਕ 'ਤੇ ਰੱਖ ਕੇ ਸੜਕ ਜਾਮ ਕੀਤੀ ਹੋਈ ਸੀ। ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਨ੍ਹਾਂ ਅਧਿਆਪਕਾਂ ਦੇ ਵਫ਼ਦ ਨਾਲ ਮੀਟਿੰਗ ਕਰਕੇ ਈ.ਜੀ.ਐਸ, ਏ.ਆਈ.ਈ ਅਤੇ ਐਸ.ਟੀ. ਆਰ ਅਧਿਆਪਕਾਂ ਨੂੰ ਦੋ ਸਾਲ ਲਈ ਨੌਕਰੀ 'ਤੇ ਰੱਖਣ ਦਾ ਫੈਸਲਾ ਕੀਤਾ ਹੈ। ਏ.ਆਈ.ਈ ਯੂਨੀਅਨ ਦੇ ਅਵਤਾਰ ਸਿੰਘ ਫਰੀਦਕੋਟ ਦਾ ਕਹਿਣਾ ਹੈ ਕਿ ਏਡਾ ਵੱਡਾ ਸੰਘਰਸ਼ ਲੜ ਕੇ ਵੀ ਉਨ੍ਹਾਂ  ਨੂੰ ਸਰਕਾਰ ਨੇ ਤੱਛ ਜਿਹਾ ਰੁਜ਼ਗਾਰ ਦਿੱਤਾ ਹੈ ਅਤੇ ਉਹ ਵੀ ਸਿਰਫ਼ ਦੋ ਵਰ੍ਹਿਆਂ ਲਈ। ਉਨ੍ਹਾਂ ਆਖਿਆ ਕਿ ਬੱਚੀ ਰੂਥ ਦੀ ਸ਼ਹੀਦੀ ਨੇ ਸਰਕਾਰ  ਨੂੰ ਫੈਸਲਾ ਲੈਣ ਲਈ ਮਜਬੂਰ ਕੀਤਾ ਹੈ।
                                                         ਕੈਂਡਲ ਮਾਰਚ ਨਾਲ ਸੰਘਰਸ਼ ਸਮਾਪਤ
ਈ.ਜੀ.ਐਸ ਅਧਿਆਪਕਾਂ ਦਾ ਬਠਿੰਡਾ ਵਿੱਚ ਹਫ਼ਤੇ ਭਰ ਤੋਂ ਚੱਲ ਰਿਹਾ ਸੰਘਰਸ਼ ਅੱਜ ਸ਼ਾਮ ਕੈਂਡਲ ਮਾਰਚ ਨਾਲ ਸਮਾਪਤ ਹੋ ਗਿਆ ਹੈ। ਕੱਲ੍ਹ ਇਸ ਸੰਘਰਸ਼ ਦੌਰਾਨ ਠੰਢ ਲੱਗਣ ਕਾਰਨ ਫੌਤ ਹੋਈ 14 ਮਹੀਨੇ ਦੀ ਬੱਚੀ ਰੂਥ ਦਾ ਸਸਕਾਰ ਕੀਤਾ ਜਾਵੇਗਾ । ਈ.ਜੀ.ਐਸ ਅਧਿਆਪਕਾਂ ਨੇ ਤਿੰਨ ਦਿਨਾਂ ਤੋਂ ਇੱਥੇ ਬੱਸ ਅੱਡੇ  ਅੱਗੇ ਬੱਚੀ ਦੀ ਲਾਸ਼ ਰੱਖ ਕੇ ਸੜਕ ਜਾਮ ਕੀਤੀ ਹੋਈ ਸੀ। ਅੱਜ ਪੰਜਾਬ ਸਰਕਾਰ ਨਾਲ ਸਮਝੌਤਾ ਹੋਣ ਮਗਰੋਂ ਬਠਿੰਡਾ ਸੰਘਰਸ਼ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ। ਧਿਰਾਂ ਨੇ ਸੜਕ ਜਾਮ ਪ੍ਰੋਗਰਾਮ ਸਮਾਪਤੀ ਤੋਂ ਪਹਿਲਾਂ ਬੱਸ ਅੱਡੇ ਤੋਂ ਪਾਣੀ ਵਾਲੀ ਟੈਂਕੀ ਤੱਕ ਕੈਂਡਲ ਮਾਰਚ ਵੀ ਕੀਤਾ।

No comments:

Post a Comment