Tuesday, February 18, 2014

                                  ਅਸਲ ਨਾਇਕ   
                 ਖੇਤਾਂ ਦੇ ਪੁੱਤ ਮਰਨ ਤ੍ਰਿਹਾਏ
                                  ਚਰਨਜੀਤ ਭੁੱਲਰ
ਬਠਿੰਡਾ : ਖੇਤੀ ਸੰਮੇਲਨ ਦੀ ਚਮਕ ਵਿੱਚ ਖੇਤੀ ਸ਼ਹੀਦਾਂ ਦੇ ਵਾਰਸ ਗੁਆਚ ਗਏ ਹਨ। ਖੇਤਾਂ ਦੇ ਅਸਲ ਨਾਇਕ ਸੜਕਾਂ 'ਤੇ ਰੁਲ ਰਹੇ ਹਨ ਪਰ ਸਰਕਾਰ ਸੰਮੇਲਨ ਵਿੱਚ ਖੇਤੀਬਾੜੀ ਵਿਕਾਸ ਦੇ ਦਮਗਜੇ ਮਾਰ ਰਹੀ ਹੈ। ਜਿਨ੍ਹਾਂ ਨੇ ਆਪਣੇ ਕਮਾਊ ਪੁੱਤ ਖੇਤਾਂ ਵਿੱਚ ਗੁਆ ਦਿੱਤੇ ਹਨ, ਉਹ ਬਜ਼ੁਰਗ ਮਾਪੇ ਫਸਲਾਂ ਦੇ ਭਾਅ ਨਹੀਂ ਬਲਕਿ ਫੌਤ ਹੋਏ ਪੁੱਤਾਂ ਦਾ ਮੁਆਵਜ਼ਾ ਮੰਗਦੇ ਹਨ। ਹਰੀ ਕ੍ਰਾਂਤੀ ਦੇ ਮੋਹਰੀ ਹੁਣ ਸਰਕਾਰ ਨੇ ਪਿੱਛੇ ਧੱਕ ਦਿੱਤੇ ਹਨ। ਕਪਾਹ ਪੱਟੀ ਦੇ ਹਰ ਪਿੰਡ ਦੀ ਜੂਹ ਹੌਂਕੇ ਭਰਦੀ ਹੈ ਪਰ ਸਰਕਾਰ ਨੂੰ ਦਰਦ ਨਹੀਂ ਆਇਆ। ਪੰਜਾਬ ਸਰਕਾਰ ਨੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਬਾਰੇ ਸਰਵੇਖਣ ਕਰਾਇਆ ਸੀ। ਇਸ ਸਰਵੇਖਣ ਦੇ ਮੁਢਲੇ ਗੇੜ ਵਿੱਚ 4800 ਅਜਿਹੇ ਪਰਿਵਾਰਾਂ ਦੀ ਸ਼ਨਾਖ਼ਤ ਕੀਤੀ ਗਈ ਸੀ, ਜਿਨ੍ਹਾਂ ਦੇ ਕਮਾਊ ਜੀਅ ਕਰਜ਼ੇ ਦੀ ਪੰਡ ਦਾ ਬੋਝ ਨਹੀਂ ਸਹਾਰ ਸਕੇ ਸਨ। ਕੋਈ ਰੇਲ ਲਾਈਨ 'ਤੇ ਲੇਟ ਗਿਆ ਅਤੇ ਕਿਸੇ ਨੇ ਰੱਸਾ ਗਲ ਪਾ ਲਿਆ। ਅਕਾਲੀ-ਭਾਜਪਾ ਸਰਕਾਰ ਨੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ। ਸਰਕਾਰ ਨੇ ਇਨ੍ਹਾਂ ਪਰਿਵਾਰਾਂ ਨੂੰ ਸਿਰਫ਼ ਇੱਕ ਇੱਕ ਲੱਖ ਰੁਪਏ ਦਿੱਤੇ ਅਤੇ ਬਹੁਤੇ ਪਰਿਵਾਰਾਂ ਨੂੰ ਇਹ ਰਾਸ਼ੀ ਵੀ ਨਹੀਂ ਮਿਲੀ ਹੈ। ਇਹ ਪਰਿਵਾਰ ਆਖਦੇ ਹਨ ਕਿ ਖੇਤੀ ਸੰਮੇਲਨ ਲਈ ਪੈਸਾ ਹੈ ਪਰ ਸੰਮੇਲਨ ਦੇ ਅਸਲ ਨਾਇਕਾਂ ਲਈ ਨਹੀਂ।
                ਪਿੰਡ ਲਹਿਰਾ ਬੇਗਾ ਦਾ ਕਿਸਾਨ ਹਰਬੰਸ ਸਿੰਘ ਹੁਣ ਇਕੱਲਾ ਰਹਿ ਗਿਆ ਹੈ। ਉਸ ਕੋਲ ਨਾ ਜ਼ਮੀਨ ਰਹੀ ਹੈ ਅਤੇ ਨਾ ਜਵਾਨ ਪੁੱਤ। ਕਰਜ਼ੇ ਵਿੱਚ ਜ਼ਮੀਨ ਵਿਕ ਗਈ ਅਤੇ ਸਦਮੇ ਵਿੱਚ ਦੋ ਪੁੱਤ ਖ਼ੁਦਕੁਸ਼ੀ ਕਰ ਗਏ। ਇਸ ਕਿਸਾਨ ਦੀ ਪਤਨੀ ਗਠੀਏ ਦੀ ਮਰੀਜ਼ ਹੈ, ਜੋ ਮੰਜੇ ਨਾਲ ਜੁੜੀ ਪਈ ਹੈ। ਜਿਹੜੇ ਖੇਤਾਂ ਦਾ ਉਹ ਮਾਲਕ ਸੀ,ਹੁਣ ਉਨ੍ਹਾਂ ਖੇਤਾਂ ਵਿੱਚ ਹੀ ਉਹ ਦਿਹਾੜੀ ਕਰਦਾ ਹੈ। ਇਸ ਕਿਸਾਨ ਦੀ ਸਾਰੀ 30 ਏਕੜ ਜ਼ਮੀਨ ਵਿਕ ਚੁੱਕੀ ਹੈ। ਉਸ ਦੇ ਸਿਰ ਹਾਲੇ ਵੀ 70 ਹਜ਼ਾਰ ਰੁਪਏ ਕਰਜ਼ਾ ਹੈ। ਇਹ ਕਿਸਾਨ ਕਈ ਵਰ੍ਹਿਆਂ ਤੋਂ ਪੁੱਤਾਂ ਦੀ ਖ਼ੁਦਕੁਸ਼ੀ ਦਾ ਮੁਆਵਜ਼ਾ ਲੈਣ ਲਈ ਜੱਦੋਜਹਿਦ ਕਰ ਰਿਹਾ ਹੈ। ਜ਼ਿਲ੍ਹਾ ਮੁਕਤਸਰ ਦੇ ਪਿੰਡ ਥੇੜੀ ਭਾਈ ਦਾ ਮੁਖਤਿਆਰ ਸਿੰਘ ਅੱਖਾਂ ਤੋਂ ਅੰਨ੍ਹਾ ਹੋ ਗਿਆ ਹੈ। ਖੇਤੀ ਸੰਕਟ ਨੇ ਉਸ ਦੇ ਦੋ ਪੁੱਤ ਖੋਹ ਲਏ ਹਨ। ਉਸ ਕੋਲ ਗੁਜ਼ਾਰੇ ਦਾ ਕੋਈ ਸਾਧਨ ਨਹੀਂ ਹੈ। ਮੁਖਤਿਆਰ ਸਿੰਘ ਤੇ ਉਸ ਦੀ ਪਤਨੀ ਪਿੰਡ ਦੇ ਗੁਰੂ ਘਰੋਂ ਰੋਟੀ ਪਾਣੀ ਖਾ ਰਹੇ ਹਨ। ਸਰਕਾਰੀ ਸਰਵੇਖਣ ਵਿੱਚ ਉਸ ਦੇ ਦੋਹੇ ਪੁੱਤਾਂ ਦਾ ਨਾਂ ਬੋਲਦਾ ਹੈ ਪਰ ਸਰਕਾਰ ਨੇ ਉਨ੍ਹਾਂ ਨੂੰ ਹਾਲੇ ਤਕ ਮੁਆਵਜ਼ਾ ਨਹੀਂ ਦਿੱਤਾ ਹੈ। ਉਸ ਨੇ ਕਿਹਾ,'ਮੁੱਖ ਮੰਤਰੀ ਜੀ, ਮੈਨੂੰ ਤਾਂ ਹੁਣ ਆਪਣੇ ਦੁੱਖਾਂ ਤੋਂ ਬਿਨਾਂ ਕੁਝ ਨਹੀਂ ਦਿੱਸਦਾ, ਤੁਸੀਂ ਤਾਂ ਪਿੰਡ ਪਿੰਡ ਗੇੜਾ ਮਾਰਿਆ ਹੈ, ਸੰਗਤ ਦਰਸ਼ਨ ਵੀ ਕੀਤੇ ਹਨ, ਫਿਰ ਵੀ ਮੁਆਵਜ਼ਾ ਕਿਉਂ ਨਹੀਂ ਘੱਲਿਆ।'
                    ਪਿੰਡ ਪਿੱਥੋ ਦੀ ਵਿਧਵਾ ਗੁਰਜੀਤ ਕੌਰ ਦਾ ਪਤੀ ਗੁਰਮੇਲ ਸਿੰਘ ਕਰਜ਼ੇ ਤੋਂ ਤੰਗ ਆ ਕੇ ਕੀਟਨਾਸ਼ਕ ਪੀ ਗਿਆ ਸੀ ਅਤੇ ਨੌਜਵਾਨ ਲੜਕੇ ਕੁਲਵਿੰਦਰ ਸਿੰਘ ਨੇ ਸਲਫਾਸ ਖਾ ਕੇ ਆਤਮਹੱਤਿਆ ਕਰ ਲਈ ਸੀ। ਤਿੰਨ ਕਨਾਲ ਜ਼ਮੀਨ ਵਿਕਣ ਮਗਰੋਂ ਵੀ ਸਿਰ 'ਤੇ ਸਾਢੇ ਤਿੰਨ ਲੱਖ ਰੁਪਏ ਕਰਜ਼ਾ ਹੈ। ਉਸ ਨੇ ਮੁੱਖ ਮੰਤਰੀ ਨੂੰ ਆਖਿਆ, 'ਤੁਸੀਂ ਹੀ ਦੱਸੋ, ਮੈਂ ਕਿਧਰ ਜਾਵਾਂ, ਮੁਆਵਜ਼ਾ ਤਾਂ ਕੀ ਦੇਣਾ ਸੀ, ਵਿਧਵਾ ਪੈਨਸ਼ਨ ਵੀ ਨਹੀਂ ਲਾਈ।'  ਪਿੰਡ ਭੂੰਦੜ ਦੀ ਕਰਨੈਲ ਕੌਰ ਦਾ ਸੁਹਾਗ ਤਾਂ ਵਾਰ ਵਾਰ ਲੁੱਟਿਆ ਗਿਆ। ਉਸ ਦਾ ਪਤੀ ਬੂਟਾ ਸਿੰਘ ਖ਼ੁਦਕੁਸ਼ੀ ਕਰ ਗਿਆ ਤਾਂ ਉਸ ਨੂੰ ਦਿਓਰ ਹਰਦੇਵ ਸਿੰਘ ਦੇ ਲੜ ਲਗਾ ਦਿੱਤਾ ਗਿਆ। ਬਾਅਦ ਵਿੱਚ ਉਹ ਵੀ ਖ਼ੁਦਕੁਸ਼ੀ ਕਰ ਗਿਆ। ਸਭ ਕੁਝ ਗੁਆਉਣ ਵਾਲੀ ਕਰਨੈਲ ਕੌਰ ਨੂੰ ਸਰਕਾਰੀ ਮੁਆਵਜ਼ਾ ਹਾਲੇ ਤਕ ਨਸੀਬ ਨਹੀਂ ਹੋ ਸਕਿਆ ਹੈ। ਏਦਾ ਦੇ ਹਜ਼ਾਰਾਂ ਪਰਿਵਾਰ ਹਨ ਜਿਨ੍ਹਾਂ ਨੂੰ ਸਰਕਾਰੀ ਤਸਦੀਕ ਮਗਰੋਂ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਅਕਾਲੀ-ਭਾਜਪਾ ਸਰਕਾਰ ਨੇ ਸਭ ਤੋਂ ਪਹਿਲਾਂ ਸਾਲ 2001-02 ਦੇ ਬਜਟ ਵਿੱਚ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਰਾਸ਼ੀ ਰੱਖੀ ਸੀ ਪਰ ਲੰਮੇ ਸਮੇਂ ਮਗਰੋਂ ਸਰਕਾਰ ਨੇ ਨਿਗੂਣਾ ਮੁਆਵਜ਼ਾ ਵੰਡਿਆ ਅਤੇ ਕਾਫ਼ੀ ਪਰਿਵਾਰ ਹਾਲੇ ਵੀ ਮੁਆਵਜ਼ੇ ਤੋਂ ਵਾਂਝੇ ਹਨ। ਇਹ ਪਰਿਵਾਰ ਮੁਆਵਜ਼ੇ ਲਈ ਕਦੇ ਸੜਕਾਂ 'ਤੇ ਬੈਠਦੇ ਹਨ।

No comments:

Post a Comment