Friday, March 14, 2014

                           ਵਿਚਾਰੇ ਅਮਲੀ
               ਭੁੱਕੀ ਖਾਤਰ ਹੋਏ ਪ੍ਰਵਾਸੀ
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਸੈਂਕੜੇ ਲੋਕ ਸਿਰਫ਼ ਨਸ਼ੇ ਕਰਕੇ ਰਾਜਸਥਾਨ ਵਿੱਚ ਪਰਵਾਸ ਕਰ ਗਏ ਹਨ। ਇਸ ਤਰ੍ਹਾਂ ਦੇ ਕਰੀਬ ਦੋ ਸੌ ਪੰਜਾਬੀ ਹਨ ਜਿਨ੍ਹਾਂ ਨੇ ਰਾਜਸਥਾਨੀ ਪਿੰਡਾਂ ਵਿੱਚ ਪੱਕੇ ਟਿਕਾਣੇ ਬਣਾ ਲਏ ਹਨ। ਹਨੂੰਮਾਨਗੜ੍ਹ ਜ਼ਿਲ੍ਹੇ ਦਾ ਇਹ ਪਿੰਡ ਹਰੀਪੁਰਾ ਇੱਕ ਤਰ੍ਹਾਂ ਨਾਲ ਅਮਲੀਆਂ ਦਾ ਕੈਂਪ ਬਣਿਆ ਹੋਇਆ ਹੈ। ਜ਼ਿਲ੍ਹਾ ਗੰਗਾਨਗਰ ਅਤੇ ਹਨੂੰਮਾਨਗੜ੍ਹ ਦੇ ਦਰਜਨਾਂ ਪਿੰਡਾਂ ਵਿੱਚ ਪੰਜਾਬੀ ਲੋਕ ਸਿਰਫ਼ ਭੁੱਕੀ ਪੋਸਤ ਕਰਕੇ ਰਹਿ ਰਹੇ ਹਨ। ਇਹ ਪੰਜਾਬੀ ਲੋਕ ਰਾਜਸਥਾਨੀ ਪਿੰਡਾਂ ਵਿੱਚ ਦਿਹਾੜੀਆਂ ਕਰਦੇ ਹਨ।   ਪੰਜਾਬ ਰਾਜਸਥਾਨ ਸੀਮਾ 'ਤੇ ਪੈਂਦੇ ਇਸ ਪਿੰਡ ਵਿੱਚ ਦਰਜਨਾਂ ਪੰਜਾਬੀ ਠਹਿਰੇ ਹੋਏ ਹਨ। ਇਸ ਪਿੰਡ ਦੀ ਗਊਸ਼ਾਲਾ ਵਿੱਚ ਇਹ ਅਮਲੀ ਦਿਹਾੜੀ ਕਰਦੇ ਹਨ। ਗਊਸ਼ਾਲਾ ਦਾ ਪ੍ਰਬੰਧਕ ਜੀਤ ਰਾਮ ਆਖਦਾ ਹੈ, ਪੰਜਾਬ ਦੇ ਇਹ ਅਮਲੀ ਆਉਂਦੇ ਜਾਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਇੱਕ ਤਰ੍ਹਾਂ ਨਾਲ ਰੋਟੇਸ਼ਨ ਬਣ ਗਈ ਹੈ। ਮੁਕਤਸਰ ਦੇ ਪਿੰਡ ਭਾਗਸਰ ਦੇ ਗੁਰਮੀਤ ਸਿੰਘ ਨੇ ਇਸ ਪਿੰਡ ਵਿੱਚ ਹੀ ਪੱਕਾ ਡੇਰਾ ਲਾ ਰੱਖਿਆ ਹੈ। ਉਹ ਆਖਦਾ ਹੈ ਕਿ ਚੰਦਰੇ ਨਸ਼ੇ ਨੇ ਪੰਜਾਬ ਛੁਡਾ ਦਿੱਤਾ ਹੈ। ਉਸ ਨੂੰ 150 ਰੁਪਏ ਦਿਹਾੜੀ ਦੇ ਮਿਲਦੇ ਹਨ ਜਿਸ ਨਾਲ ਉਹ ਭੁੱਕੀ ਦੇ ਠੇਕੇ ਤੋਂ 100 ਗਰਾਮ ਭੁੱਕੀ ਖਰੀਦ ਕੇ ਖਾ ਲੈਂਦਾ ਹੈ।
                 ਲੱਖੇਵਾਲੀ (ਮੁਕਤਸਰ) ਦੇ ਚਮਕੌਰ ਸਿੰਘ ਨੇ ਦੱਸਿਆ ਕਿ ਇੱਥੇ ਭੁੱਕੀ ਖੁੱਲ੍ਹੀ ਹੈ ,ਕੋਈ ਰੋਕ ਟੋਕ ਨਹੀਂ ਜਿਸ ਕਰਕੇ ਉਸ ਨੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਪਿੱਛੇ ਆਪਣੇ ਪਰਿਵਾਰ ਨੂੰ ਕੁਝ ਪੈਸੇ ਵੀ ਭੇਜ ਦਿੰਦਾ ਹੈ। ਇਹ ਅਮਲੀ ਪਿੰਡ ਨੰਦਗੜ੍ਹ ਦੇ ਮੰਗਲ ਸਿੰਘ ਨੂੰ ਵੀ ਆਪਣੇ ਨਾਲ ਹੀ ਇਸ ਪਿੰਡ ਵਿੱਚ ਲੈ ਆਏ ਹਨ। ਨੌਜਵਾਨ ਰਾਜੂ ਨੂੰ ਵੀ ਨਸ਼ਿਆਂ ਨੇ ਇਸ ਪਿੰਡ ਦਾ ਵਸਨੀਕ ਬਣਾ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਪਿੰਡ ਵਿੱਚ ਭੁੱਕੀ ਦਾ ਸਰਕਾਰੀ ਠੇਕਾ ਹੈ ਜਿਥੋਂ ਇਹ ਲੋਕ ਨਸ਼ਾ ਲੈਂਦੇ ਹਨ। ਹਰੀਪੁਰਾ ਪਿੰਡ ਦੇ ਜੱਦੀ ਵਸਨੀਕ ਦਰਸ਼ਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬਹੁਤੇ ਅਮਲੀ ਤਾਂ ਪੱਕੇ ਵੀ ਰਹਿ ਰਹੇ ਹਨ ਅਤੇ ਕਾਫ਼ੀ ਅਮਲੀ ਮਹੀਨਾ ਮਹੀਨਾ ਇਕੱਠਾ ਰਹਿ ਜਾਂਦੇ ਹਨ। ਪੰਜਾਬ ਦੇ ਚਾਰ ਅਮਲੀ ਇਸ ਪਿੰਡ ਵਿੱਚ ਆਪਣੀ ਜਾਨ ਵੀ ਗੁਆ ਬੈਠੇ ਹਨ। ਇਸ ਪਿੰਡ ਦੇ ਲੋਕਾਂ ਨੇ ਹੀ ਉਨ੍ਹਾਂ ਦਾ ਸਸਕਾਰ ਕੀਤਾ ਹੈ। ਹਾਲੇ 20 ਦਿਨ ਪਹਿਲਾਂ ਹੀ ਪੰਜਾਬ ਦੇ ਇੱਕ ਅਮਲੀ ਦਾ ਸਸਕਾਰ ਪਿੰਡ ਵਾਲਿਆਂ ਨੇ ਕੀਤਾ ਹੈ। ਇਸ ਪਿੰਡ ਦੇ ਗੁਰੂ ਘਰ ਵਿੱਚ ਵੀ ਕਈ ਅਮਲੀ ਪੱਕੇ ਠਹਿਰੇ ਹੋਏ ਹਨ। ਇਹ ਅਮਲੀ ਪਿੰਡ 'ਚੋਂ ਡਾਲੀ ਮੰਗ ਕੇ ਲਿਆਉਂਦੇ ਹਨ। ਨਾਲ ਹੀ ਪੈਂਦੇ ਪਿੰਡ ਢਾਬਾਂ ਵਿਚ ਵੀ ਕਈ ਅਮਲੀ ਰਹਿ ਰਹੇ ਹਨ। ਬਠਿੰਡਾ ਦੇ ਪਿੰਡ ਚੱਕ ਅਤਰ ਸਿੰਘ ਵਾਲਾ ਦਾ ਇੱਕ ਵਿਅਕਤੀ 11 ਸਾਲ ਤੋਂ ਇੱਥੇ ਰਹਿ ਰਿਹਾ ਹੈ। ਪਿੰਡ ਢਾਬਾਂ ਵਿੱਚ ਵੀ ਭੁੱਕੀ ਦਾ ਠੇਕਾ ਹੈ। ਇਸ ਵਿਅਕਤੀ ਦਾ ਕੋਈ ਘਰ ਬਾਰ ਨਹੀਂ ਅਤੇ ਉਹ ਕਦੇ ਢਾਬਾਂ ਪਿੰਡ ਦੇ ਜਲ ਘਰ ਵਿੱਚ ਸੌਂਦਾ ਹੈ ਅਤੇ ਕਦੇ ਬੱਸ ਸਟੈਂਡ ਵਿੱਚ।
                  ਸੰਗਰੀਆਂ ਮੰਡੀ ਵਿੱਚ ਤਾਂ ਦਰਜਨਾਂ ਪੰਜਾਬੀ ਪੱਕੇ ਰਹਿ ਰਹੇ ਹਨ। ਇਸ ਮੰਡੀ ਦੇ ਭੁੱਕੀ ਦੇ ਠੇਕੇ 'ਤੇ ਮਿਲੇ ਦੋ ਅਮਲੀਆਂ ਨੇ ਆਪਣਾ ਪਤਾ ਟਿਕਾਣਾ ਤਾਂ ਨਹੀਂ ਦੱਸਿਆ ਪ੍ਰੰਤੂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਚੰਗੀ ਪੈਲੀ ਸੀ ਜੋ ਨਸ਼ਿਆਂ ਵਿਚ ਹੀ ਚਲੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਸੰਗਰੀਆਂ ਵਿੱਚ ਛੋਟਾ ਮੋਟਾ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਰਾਜਸਥਾਨ ਦੇ ਸਾਦੁਲ ਸ਼ਹਿਰ ਅਤੇ ਪਿੰਡ ਮਾਲਾ ਰਾਮਪੁਰਾ ਵਿੱਚ ਵੀ ਕਾਫ਼ੀ ਪੰਜਾਬੀ ਲੋਕ ਪੱਕੇ ਤੌਰ 'ਤੇ ਵੀ ਰਹਿ ਰਹੇ ਹਨ। ਪਿੰਡ ਮਾਲਾ ਰਾਮਪੁਰਾ ਵਿੱਚ ਟੈਂਟ ਦਾ ਕਾਰੋਬਾਰ ਕਰਦੇ ਸਿਮਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬਹੁਤੇ ਲੋਕ ਰਾਜਸਥਾਨੀ ਖੇਤਾਂ ਵਿੱਚ ਦਿਹਾੜੀ ਕਰਦੇ ਹਨ।  ਪੰਜਾਬ ਰਾਜਸਥਾਨ ਸੀਮਾ 'ਤੇ ਪੈਂਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੰਦੂਖੇੜਾ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਤਾਂ ਅਮਲੀਆਂ ਦਾ ਲਾਂਘਾ ਬਣੇ ਹੋਏ ਹਨ ਜਿਸ ਕਰਕੇ ਫਸਲਾਂ ਦਾ ਨੁਕਸਾਨ ਵੀ ਹੁੰਦਾ ਹੈ। ਹਨੂੰਮਾਨਗੜ੍ਹ ਦੇ ਪਿੰਡ ਢਾਬਾਂ ਦੇ ਸ਼ਹੀਦ ਭਗਤ ਸਿੰਘ ਕਲੱਬ ਦੇ ਸਰਪ੍ਰਸਤ ਦਾਰਾ ਸਿੰਘ ਗਿੱਲ ਦਾ ਕਹਿਣਾ ਸੀ ਕਿ ਭੁੱਕੀ ਖਾਤਰ ਬਹੁਤੇ ਰਾਜਸਥਾਨੀ ਪਿੰਡਾਂ ਵਿੱਚ ਪੰਜਾਬ ਦੇ ਇਹ ਲੋਕ ਵਸ ਗਏ ਹਨ ਜਿਨ੍ਹਾਂ ਕਰਕੇ ਭੁੱਕੀ ਦੇ ਠੇਕੇਦਾਰਾਂ ਨੂੰ ਚੰਗੀ ਕਮਾਈ ਵੀ ਹੋ ਰਹੀ ਹੈ ਕਿਉਂਕਿ ਇਹ ਪੰਜਾਬੀ ਲੋਕ ਉਨ੍ਹਾਂ ਦੇ ਪੱਕੇ ਗਾਹਕ ਹਨ।
               ਪੀਲੀਆਂ ਬੰਗਾਂ ਵਿੱਚ ਭੁੱਕੀ ਦੇ ਠੇਕੇ ਦੇ ਆਸ-ਪਾਸ ਪੈਂਦੇ ਕਈ ਢਾਬਿਆਂ 'ਤੇ ਪੰਜਾਬ ਦੇ ਅਮਲੀ ਵੀ ਮਜ਼ਦੂਰੀ ਕਰ ਰਹੇ ਹਨ। ਪਿੰਡ ਮਾਨਕਸਰ ਦੇ ਠੇਕੇ ਤੋਂ ਭੁੱਕੀ ਲੈਣ ਆਏ ਇੱਕ ਜੀਪ ਚਾਲਕ ਨੇ ਦੱਸਿਆ ਕਿ ਉਹ ਆਪਣਾ ਪੰਜਾਬ ਵਿਚਲਾ ਕਾਰੋਬਾਰ ਛੱਡ ਕੇ ਇੱਥੇ ਆ ਗਿਆ ਕਿਉਂਕਿ ਉਸ ਨੂੰ ਪੋਸਤ ਦੀ ਲਤ ਲੱਗੀ ਹੋਈ ਸੀ। ਉਸ ਨੇ ਦੱਸਿਆ ਕਿ ਉਹ ਇੱਥੇ ਖੇਤੀ ਕਰ ਰਿਹਾ ਹੈ। ਇਵੇਂ ਹੀ ਹੋਰ ਪੰਜਾਬੀ ਹਨ ਜਿਨ੍ਹਾਂ ਨਸ਼ਿਆਂ ਖਾਤਰ ਪੰਜਾਬ ਛੱਡ ਦਿੱਤਾ ਹੈ।

No comments:

Post a Comment