Saturday, March 15, 2014

                           ਵਿਸ਼ਵ ਕਬੱਡੀ ਕੱਪ
         ਚੈਪੀਅਨਾਂ ਨੂੰ ਨਹੀਂ ਦਿੱਤਾ ਇਨਾਮ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਤਿੰਨ ਮਹੀਨੇ ਬੀਤ ਜਾਣ ਮਗਰੋਂ ਵੀ ਚੌਥੇ ਵਿਸ਼ਵ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਇਨਾਮ ਨਹੀਂ ਦਿੱਤਾ ਗਿਆ ਹੈ ਜਦੋਂ ਕਿ ਫ਼ਿਲਮੀ ਸਿਤਾਰੇ ਮੌਕੇ 'ਤੇ ਹੀ ਅਦਾਇਗੀ ਲੈ ਚੁੱਕੇ ਹਨ। ਭਾਰਤੀ ਕਬੱਡੀ ਟੀਮ ਲੁਧਿਆਣਾ ਵਿੱਚ 14 ਦਸੰਬਰ ਨੂੰ ਚੌਥੇ ਵਿਸ਼ਵ ਕਬੱਡੀ ਕੱਪ ਦੀ ਜੇਤੂ ਟੀਮ ਬਣੀ ਸੀ। ਅੱਜ ਪੂਰੇ ਤਿੰਨ ਮਹੀਨੇ ਹੋ ਜਾਣ ਦੇ ਬਾਵਜੂਦ ਭਾਰਤੀ ਟੀਮਾਂ (ਮੁੰਡੇ ਤੇ ਕੁੜੀਆਂ) ਨੂੰ ਤਿੰਨ ਕਰੋੜ ਰੁਪਏ ਦੀ ਇਨਾਮੀ ਰਕਮ ਨਹੀਂ ਮਿਲੀ ਹੈ। ਨਾਲ ਹੀ ਜੇਤੂ ਟੀਮ ਦੇ ਕਿਸੇ ਖਿਡਾਰੀ ਨੂੰ ਚੌਥੇ ਵਿਸ਼ਵ ਕੱਪ ਦਾ ਕੋਈ ਸਰਟੀਫਿਕੇਟ ਵੀ ਨਹੀਂ ਮਿਲਿਆ ਹੈ। ਪੰਜਾਬ ਸਰਕਾਰ ਨੇ ਚੌਥੇ ਕਬੱਡੀ ਕੱਪ ਦੇ ਜੇਤੂਆਂ ਵਾਸਤੇ 6.67 ਕਰੋੜ ਰੁਪਏ ਦੀ ਇਨਾਮੀ ਰਕਮ ਰੱਖੀ ਸੀ ਜਿਸ 'ਚੋਂ ਵਿਜੇਤਾ ਨੂੰ ਦੋ ਕਰੋੜ ਅਤੇ ਦੂਸਰੀ ਪੁਜ਼ੀਸ਼ਨ 'ਤੇ ਆਉਣ ਵਾਲੀ ਟੀਮ ਨੂੰ ਇਕ ਕਰੋੜ ਰੁਪਏ ਦਿੱਤੇ ਜਾਣੇ ਸਨ। ਪੰਜਾਬ ਦੇ ਖੇਡ ਵਿਭਾਗ ਵੱਲੋਂ ਸਾਰੇ ਮੁਲਕਾਂ ਦੀਆਂ ਟੀਮਾਂ ਨੂੰ ਬਣਦੀ ਇਨਾਮੀ ਰਕਮ ਭੇਜ ਦਿੱਤੀ ਗਈ ਹੈ ਲੇਕਿਨ ਭਾਰਤੀ ਟੀਮ ਦੇ ਖਿਡਾਰੀ ਅਜੇ ਇਨਾਮੀ ਰਕਮ ਦੀ ਉਡੀਕ ਕਰ ਰਹੇ ਹਨ। ਭਾਰਤੀ ਟੀਮ (ਮੁੰਡੇ ਤੇ ਕੁੜੀਆਂ) ਦੇ 28 ਖਿਡਾਰੀਆਂ ਤੋਂ ਇਲਾਵਾ ਟੀਮਾਂ ਦੇ ਕੋਚਾਂ ਅਤੇ ਮੈਨੇਜਰਾਂ ਨੂੰ ਵੀ ਇਨਾਮੀ ਰਕਮ ਨਹੀਂ ਦਿੱਤੀ ਗਈ ਹੈ।
                ਜਾਣਕਾਰੀ ਅਨੁਸਾਰ ਇਨਾਮੀ ਰਕਮ 'ਚੋਂ ਪੰਜ ਫ਼ੀਸਦੀ ਰਕਮ ਟੀਮ ਦੇ ਮੈਨੇਜਰ ਅਤੇ ਕੋਚ ਨੂੰ ਦਿੱਤੀ ਜਾਂਦੀ ਹੈ। ਭਾਰਤੀ ਕਬੱਡੀ ਟੀਮ ਦੇ ਕਪਤਾਨ ਸੁਖਵੀਰ ਸਿੰਘ ਸਰਾਂਵਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਵਾਰ ਇਨਾਮੀ ਰਕਮ ਲੇਟ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਫ਼ਤੇ ਅੰਦਰ ਇਨਾਮੀ ਰਕਮ ਮਿਲਣ ਦੀ ਉਮੀਦ ਹੈ। ਭਾਰਤੀ ਕਬੱਡੀ ਟੀਮ ਦੇ ਕੋਚ ਹਰਪ੍ਰੀਤ ਸਿੰਘ ਬਾਬਾ ਮੁਤਾਬਕ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਨਾਮੀ ਰਕਮ ਦੇ ਚੈੱਕ ਤਿਆਰ ਹੋ ਚੁੱਕੇ ਹਨ ਅਤੇ ਇਹ ਜਲਦੀ ਮਿਲ ਜਾਣਗੇ। ਇਵੇਂ ਹੀ ਲੜਕੀਆਂ ਦੀ ਭਾਰਤੀ ਕਬੱਡੀ ਟੀਮ ਦੀ ਕੋਚ ਪਲਵਿੰਦਰ ਕੌਰ ਦਾ ਕਹਿਣਾ  ਹੈ ਕਿ ਪਹਿਲਾਂ ਤਾਂ ਰਕਮ ਸਮੇਂ 'ਤੇ ਮਿਲ ਜਾਂਦੀ ਸੀ ਪ੍ਰੰਤੂ ਇਸ ਵਾਰ ਥੋੜੀ ਲੇਟ ਹੈ।  ਦੱਸਣਯੋਗ ਹੈ ਕਿ ਚੌਥਾ ਵਿਸ਼ਵ ਕਬੱਡੀ ਕੱਪ ਬਠਿੰਡਾ ਵਿੱਚ 30 ਨਵੰਬਰ, 2013 ਨੂੰ ਸ਼ੁਰੂ ਹੋਇਆ ਸੀ। ਉਦਘਾਟਨੀ ਸਮਾਰੋਹ ਵਿੱਚ ਬਾਲੀਵੁੱਡ ਕਲਾਕਾਰ ਪ੍ਰਿਅੰਕਾ ਚੋਪੜਾ ਪੁੱਜੀ ਸੀ ਜਦੋਂ ਕਿ ਸਮਾਪਤੀ ਸਮਾਰੋਹ ਵਿੱਚ ਫ਼ਿਲਮੀ ਐਕਟਰ ਰਣਵੀਰ ਸਿੰਘ ਪੁੱਜਾ ਸੀ। ਦੋਹਾਂ ਸਮਾਗਮਾਂ ਦਾ ਪ੍ਰਬੰਧ ਮੁੰਬਈ ਦੀ ਫੈਰਿਸੈਵ੍ਹੀਲ ਕੰਪਨੀ ਵੱਲੋਂ ਕੀਤਾ ਗਿਆ ਸੀ ਜਿਸ ਨੇ ਪ੍ਰਬੰਧ ਅਤੇ ਫ਼ਿਲਮੀ ਸਿਤਾਰਿਆਂ ਦੇ 6.45 ਕਰੋੜ ਰੁਪਏ ਲਏ ਹਨ। ਸਰਕਾਰੀ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਫੈਰਿਸੈਵ੍ਹੀਲ ਕੰਪਨੀ ਨੂੰ 90 ਫ਼ੀਸਦੀ ਅਦਾਇਗੀ ਕਰ ਦਿੱਤੀ ਹੈ, ਖਾਸ ਕਰਕੇ ਫ਼ਿਲਮੀ ਸਿਤਾਰਿਆਂ ਨੇ ਤਾਂ ਐਡਵਾਂਸ ਰਕਮ ਹੀ ਲਈ ਸੀ। ਦੂਜੇ ਪਾਸੇ ਕਬੱਡੀ ਕੱਪ ਦੇ ਜੋ ਅਸਲ ਸਿਤਾਰੇ ਹਨ, ਉਨ੍ਹਾਂ ਤੱਕ ਇਨਾਮੀ ਰਕਮ ਪੁੱਜੀ ਹੀ ਨਹੀਂ। ਪਹਿਲੇ ਵਿਸ਼ਵ ਕਬੱਡੀ ਕੱਪ ਵਿੱਚ ਇਨਾਮੀ ਰਕਮ ਇਕ ਕਰੋੜ ਰੁਪਏ ਰੱਖੀ ਗਈ ਸੀ।
                 ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਨੇ ਪਹਿਲੇ ਵਿਸ਼ਵ ਕਬੱਡੀ ਕੱਪ ਦੇ ਜੇਤੂਆਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਸਨ ਪ੍ਰੰਤੂ ਉਸ ਮਗਰੋਂ ਕਿਸੇ ਵੀ ਖਿਡਾਰੀ ਨੂੰ ਨੌਕਰੀ ਨਹੀਂ ਦਿੱਤੀ ਗਈ ਹੈ। ਏਨਾ ਕੁ ਪਤਾ ਲੱਗਾ ਹੈ ਕਿ ਦੂਜੇ ਵਿਸ਼ਵ ਕਬੱਡੀ ਕੱਪ ਦੀ ਲੜਕੀਆਂ ਦੀ ਜੇਤੂ ਟੀਮ 'ਚੋਂ 7 ਖਿਡਾਰਨਾਂ ਨੂੰ ਵੀ ਨੌਕਰੀ ਮਿਲ ਗਈ ਹੈ। ਤੀਜੇ ਅਤੇ ਚੌਥੇ ਕੱਪ ਦੀਆਂ ਜੇਤੂ ਖਿਡਾਰਨਾਂ ਨੂੰ ਨਾ ਨੌਕਰੀ ਮਿਲੀ ਹੈ ਅਤੇ ਨਾ ਹੀ ਇਨਾਮੀ ਰਕਮ।  ਚੌਥੇ ਕਬੱਡੀ ਕੱਪ ਦੇ ਰੈਫ਼ਰੀ ਵੀ ਆਪਣੇ ਮਾਣ ਭੱਤੇ ਦੇ ਇੰਤਜ਼ਾਰ ਵਿੱਚ ਹਨ। ਕਬੱਡੀ ਕੱਪ ਵਿੱਚ ਕਰੀਬ 30 ਰੈਫ਼ਰੀ ਤਾਇਨਾਤ ਕੀਤੇ ਗਏ ਸਨ ਜਿਨ੍ਹਾਂ 'ਚੋਂ ਹਰ ਰੈਫ਼ਰੀ ਨੂੰ ਪ੍ਰਤੀ ਦਿਨ ਦੋ ਹਜ਼ਾਰ ਰੁਪਏ ਦੀ ਰਕਮ ਦਿੱਤੀ ਜਾਣੀ ਸੀ। ਹਾਲੇ ਤੱਕ ਇਨ੍ਹਾਂ ਰੈਫ਼ਰੀਆਂ ਨੂੰ ਵੀ ਰਕਮ ਨਹੀਂ ਮਿਲੀ ਹੈ। ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਨਾਮ ਦੀ ਰਕਮ ਲੈਣ ਲਈ ਕੋਈ ਵੀ ਖਿਡਾਰੀ ਨਹੀਂ ਆ ਰਿਹਾ ਹੈ ਅਤੇ ਵਿਭਾਗ ਕੋਲ ਪੈਸੇ ਦੀ ਕੋਈ ਦਿੱਕਤ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਨੌਕਰੀਆਂ ਦਾ ਮਾਮਲਾ ਪਹਿਲਾਂ ਦਾ ਹੈ ਅਤੇ ਚੌਥੇ ਕਬੱਡੀ ਕੱਪ ਸਮੇਂ ਹੀ ਚਾਰਜ ਸੰਭਾਲਿਆ ਹੈ। ਵਿਭਾਗ ਦੇ ਡਾਇਰੈਕਟਰ ਟੀ ਐਸ ਧਾਲੀਵਾਲ ਨੂੰ ਵਾਰ ਵਾਰ ਫੋਨ 'ਤੇ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

No comments:

Post a Comment