Sunday, March 16, 2014

                                     ਸਿਆਸੀ ਸਪਲਾਈ
                       ਭੁੱਕੀ ਦੇ ਰੇਟਾਂ ਨੇ ਕੱਢੀ ਧੁੱਕੀ
                                      ਚਰਨਜੀਤ ਭੁੱਲਰ
ਬਠਿੰਡਾ : ਲੋਕ ਸਭਾ ਚੋਣਾਂ ਨੇ ਰਾਜਸਥਾਨ ਵਿੱਚ ਭੁੱਕੀ ਦੀ ਕੀਮਤ ਅਸਮਾਨੀ ਚੜ੍ਹਾ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਜ਼ਿਆਦਾ ਪੋਸਤ ਰਾਜਸਥਾਨ ਵਿੱਚੋਂ ਹੀ ਸਪਲਾਈ ਹੁੰਦਾ ਹੈ। ਪੰਜਾਬ ਦੀ ਸੀਮਾ ਨੇੜਲੇ ਭੁੱਕੀ ਦੇ ਠੇਕਿਆਂ 'ਤੇ ਇੱਕ ਹਫ਼ਤੇ ਵਿੱਚ ਪ੍ਰਤੀ ਕਿਲੋ ਪੋਸਤ ਦੀ ਕੀਮਤ ਵਿੱਚ 400 ਤੋਂ 700 ਰੁਪਏ ਦਾ ਵਾਧਾ ਹੋ ਗਿਆ ਹੈ ਜਦੋਂ ਕਿ ਪੰਜਾਬ ਤੋਂ ਦੂਰ ਪੈਂਦੇ ਠੇਕਿਆਂ 'ਤੇ ਕੀਮਤ ਵਿੱਚ ਤਿੰਨ ਸੌ ਤੋਂ ਪੰਜ ਸੌ ਰੁਪਏ ਦਾ ਵਾਧਾ ਹੋਇਆ ਹੈ। ਜ਼ਿਲ੍ਹਾ ਬੀਕਾਨੇਰ ਦੇ ਪਿੰਡ ਅਰਜਨਸਰ ਦੇ ਠੇਕੇ ਬਾਹਰ ਭੁੱਕੀ ਦਾ ਭਾਅ 27 ਫਰਵਰੀ ਤੋਂ 1000 ਰੁਪਏ ਪ੍ਰਤੀ ਕਿਲੋ ਹੋਣ ਦਾ ਬੋਰਡ ਲੱਗਾ ਹੈ। ਪੰਜਾਬ ਦੇ ਮਾਲਵਾ ਖ਼ਿੱਤੇ ਵਿੱਚ ਪੋਸਤ ਦੀ ਖਪਤ ਜ਼ਿਆਦਾ ਹੈ। ਪੰਜਾਬ ਵਿੱਚ ਪਰਚੂਨ ਵਿੱਚ ਭੁੱਕੀ ਦੀ ਕੀਮਤ ਹੁਣ 1700 ਰੁਪਏ ਤੋਂ ਉਪਰ ਚਲੀ ਗਈ ਹੈ। ਰਾਜਸਥਾਨ ਸਰਕਾਰ ਵੱਲੋਂ ਪੋਸਤ ਦੀ ਸਰਕਾਰੀ ਕੀਮਤ 500 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਹੋਈ ਹੈ ਜਦੋਂ ਕਿ ਠੇਕੇਦਾਰ ਭੁੱਕੀ ਪਹਿਲਾਂ ਹੀ 700 ਰੁਪਏ ਪ੍ਰਤੀ ਕਿਲੋ ਵੇਚ ਰਹੇ ਸਨ। ਮਾਣਕਸਰ ਠੇਕੇ ਦੇ ਕਰਿੰਦੇ ਰਵੀ ਨੇ ਦੱਸਿਆ ਕਿ ਹੁਣ ਚੋਣਾਂ ਦਾ ਮੌਸਮ ਹੈ, ਜਿਸ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਭੁੱਕੀ ਦੀ ਮੰਗ ਵਧ ਗਈ ਹੈ। ਉਸ ਨੇ ਦੱਸਿਆ ਕਿ ਦੋ ਹਫ਼ਤਿਆਂ ਤੋਂ ਭੁੱਕੀ ਦੀ ਕੀਮਤ 1000 ਤੋਂ 1200 ਰੁਪਏ ਹੋ ਗਈ ਹੈ।
                  ਅਰਜਨਸਰ ਦੇ ਭੁੱਕੀ ਦੇ ਠੇਕੇ ਤੋਂ ਜ਼ਿਆਦਾ ਸਪਲਾਈ ਟਰੱਕਾਂ ਵਾਲੇ ਲੈਂਦੇ ਹਨ। ਇੱਥੇ ਭੁੱਕੀ ਦੀ ਕੀਮਤ 700 ਤੋਂ 1000 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਅਬੋਹਰ ਨੇੜਲੇ ਰਾਜਸਥਾਨੀ ਮਾਲਾ ਰਾਮਪੁਰਾ ਠੇਕੇ 'ਤੇ  ਭੁੱਕੀ 1200 ਰੁਪਏ ਮਿਲਣ ਲੱਗੀ ਹੈ ਜਦੋਂ ਕਿ ਹਲਕਾ ਲੰਬੀ ਨਾਲ ਲੱਗਦੇ ਹਰੀਪੁਰਾ ਦੇ ਭੁੱਕੀ ਦੇ ਠੇਕੇ 'ਤੇ ਕੀਮਤ 1400 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ ਹੈ। ਸੰਗਰੀਆ ਠੇਕੇ 'ਤੇ ਭੁੱਕੀ 1300 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਠੇਕੇਦਾਰਾਂ ਨੇ ਦੱਸਿਆ ਕਿ ਪਹਿਲੀ ਅਪਰੈਲ ਤੋਂ ਨਵੀਆਂ ਫਰਮਾਂ ਕੋਲ ਕਾਰੋਬਾਰ ਆ ਜਾਣਾ ਹੈ ਅਤੇ ਉਪਰੋਂ ਚੋਣਾਂ ਹਨ ਜਿਸ ਕਰਕੇ ਪੋਸਤ ਦੇ ਭਾਅ ਇੱਕ ਦਮ ਵਧੇ ਹਨ। ਵੱਡੇ ਤਸਕਰਾਂ ਵੱਲੋਂ ਚੋਣਾਂ ਵਿੱਚ ਖਾਸ ਕਰਕੇ ਮਾਲਵਾ ਖ਼ਿੱਤੇ ਦੇ ਪਿੰਡਾਂ ਵਿੱਚ ਭੁੱਕੀ ਦੀਆਂ ਖੇਪਾਂ ਭੇਜੀਆਂ ਜਾਂਦੀਆਂ ਹਨ ਤਾਂ ਜੋ ਵੋਟਰ ਨੂੰ ਨਸ਼ੇ ਵੰਡੇ ਜਾ ਸਕਣ। ਆਗੂਆਂ ਵੱਲੋਂ ਕੁਰਸੀ ਖਾਤਰ ਹਰ ਤਰ੍ਹਾਂ ਦੇ ਹੱਥ-ਕੰਡੇ ਵਰਤੇ ਜਾਂਦੇ ਹਨ।ਇਨ੍ਹਾਂ ਦਿਨਾਂ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕੰਬਾਇਨਾਂ ਅਤੇ ਰੀਪਰ ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ ਫਸਲ ਦੀ ਕਟਾਈ ਵਾਸਤੇ ਜਾ ਰਹੇ ਹਨ। ਜਿਧਰ ਦੀ ਇਹ ਲੰਘਦੇ ਹਨ, ਉਨ੍ਹਾਂ ਸੜਕਾਂ 'ਤੇ ਪੈਂਦੇ ਠੇਕਿਆਂ 'ਤੇ ਭੁੱਕੀ ਦੀ ਸੇਲ ਵੱਧ ਗਈ ਹੈ। ਜ਼ਿਲ੍ਹਾ ਨਾਗੌਰ ਦੇ ਆਸੋਟਾ ਦੇ ਠੇਕੇ ਦੇ ਕਰਿੰਦੇ ਉਮੇਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਠੇਕੇ 'ਤੇ 80 ਕਿਲੋ ਪ੍ਰਤੀ ਦਿਨ ਵਿਕਰੀ ਹੋ ਗਈ ਹੈ ਜੋ ਕਿ ਦੋ ਹਫ਼ਤੇ ਪਹਿਲਾਂ 30 ਕਿਲੋ ਪ੍ਰਤੀ ਦਿਨ ਸੀ। ਇਸ ਠੇਕੇ ਅੱਗੇ ਪੰਜਾਬ ਦੀਆਂ ਕੰਬਾਇਨਾਂ ਦੀ ਕਤਾਰ ਲੱਗੀ ਹੋਈ ਸੀ।
                  ਬਠਿੰਡਾ ਦੇ ਪਿੰਡ ਘੰਡਾਬੰਨਾ ਦੇ ਗੁਰਪਾਲ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਮੱਧ ਪ੍ਰਦੇਸ਼ ਸੀਜ਼ਨ ਲਾਉਣ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਪੰਜਾਬੀ ਰਾਜਸਥਾਨੀ ਠੇਕਿਆਂ ਤੋਂ ਪੋਸਤ ਨਾਲ ਲਿਜਾਂਦੇ ਹਨ। ਆਸੋਟਾ ਠੇਕੇ ਦੇ ਬਾਹਰ ਖੜ੍ਹੇ ਪਿੰਡ ਸ਼ੇਰੋ (ਧੂਰੀ) ਦੇ ਬਲਿਹਾਰ ਸਿੰਘ ਨੇ ਦੱਸਿਆ ਕਿ ਕੰਬਾਇਨਾਂ ਨਾਲ ਜਾਣ ਵਾਲੇ ਮਜ਼ਦੂਰ ਰਾਜਸਥਾਨੀ ਠੇਕਿਆਂ ਤੋਂ ਪੋਸਤ ਲੈ ਲੈਂਦੇ ਹਨ ਕਿਉਂਕਿ ਪੰਜਾਬ ਵਿੱਚ ਇਹ ਮੌਜ ਨਹੀਂ ਹੈ। ਮੁੱਖ ਸੜਕਾਂ 'ਤੇ ਜਿਥੇ ਵੀ ਭੁੱਕੀ ਦੇ ਠੇਕੇ ਦੇਖੇ ਗਏ, ਉਥੇ ਨਾਲ ਹੀ ਪੰਜਾਬੀ ਲੋਕਾਂ ਦੇ ਢਾਬੇ ਵੀ ਸਨ। ਟਰੱਕਾਂ ਵਾਲੇ ਇਨ੍ਹਾਂ ਢਾਬਿਆਂ ਤੇ 'ਹੀ ਹਰ ਵੰਨਗੀ ਦਾ ਲੁਤਫ਼ ਲੈਂਦੇ ਹਨ।ਜ਼ਿਲ੍ਹਾ ਮੁਕਤਸਰ ਦੇ ਐਸ.ਐਸ.ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਅਤੇ ਰਾਜਸਥਾਨ ਦੀਆਂ ਹੱਦਾਂ 'ਤੇ ਨਾਕੇ ਲਗਾ ਰਹੇ ਹਨ ਅਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਸੂਬਿਆਂ ਤੋਂ ਨਸ਼ਿਆਂ ਦੀ ਸਪਲਾਈ ਰੋਕੀ ਜਾ ਸਕੇ। ਉਨ੍ਹਾਂ ਦੱਸਿਆ ਕਿ ਰਾਜਸਥਾਨ 'ਚੋਂ ਨਸ਼ਿਆਂ ਦੀ ਤਸਕਰੀ ਰੋਕਣ ਵਾਸਤੇ ਪਿੰਡ ਕੰਦੂਖੇੜਾ ਵਿੱਚ ਪੱਕਾ ਪੁਲੀਸ ਨਾਕਾ ਲਗਾਇਆ ਗਿਆ ਹੈ।
                                          160 ਕਰੋੜ ਦੀ ਭੁੱਕੀ ਦੀ ਗ਼ੈਰਕਾਨੂੰਨੀ ਵਿਕਰੀ
                   ਰਾਜਸਥਾਨ ਵਿੱਚ ਦੋ ਵਰ੍ਹਿਆਂ ਵਿੱਚ 160 ਕਰੋੜ ਰੁਪਏ ਦੀ ਭੁੱਕੀ ਦੀ ਗ਼ੈਰਕਾਨੂੰਨੀ ਵਿਕਰੀ ਹੋਈ ਹੈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ ਰਗੜਾ ਲੱਗਾ ਹੈ। ਰਾਜਸਥਾਨ ਦੀ ਅਸੈਂਬਲੀ ਵਿੱਚ 27 ਅਗਸਤ, 2013 ਨੂੰ ਪੇਸ਼ ਹੋਈ ਆਡਿਟ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਨਿਯਮਾਂ ਅਨੁਸਾਰ ਠੇਕਿਆਂ ਤੋਂ ਭੁੱਕੀ ਦੀ ਸਪਲਾਈ ਸਿਰਫ਼ ਰਾਜਸਥਾਨ ਦੇ ਕਾਰਡ ਹੋਲਡਰਾਂ ਨੂੰ ਹੋ ਸਕਦੀ ਹੈ, ਜਿਨ੍ਹਾਂ ਦੀ ਗਿਣਤੀ ਤਕਰੀਬਨ 22 ਹਜ਼ਾਰ ਹੈ ਪਰ ਜ਼ਿਆਦਾ ਪੋਸਤ ਦੋ ਨੰਬਰ ਵਿੱਚ ਵੇਚ ਦਿੱਤਾ ਜਾਂਦਾ ਹੈ। ਲਾਇਸੈਂਸੀ ਕਾਸ਼ਤਕਾਰਾਂ ਤੋਂ ਠੇਕੇਦਾਰ ਭੁੱਕੀ 129 ਰੁਪਏ (ਸਰਕਾਰੀ ਭਾਅ) ਵਿੱਚ ਖਰੀਦ ਸਕਦੇ ਹਨ ਅਤੇ ਪੰਜ ਸੌ ਰੁਪਏ ਪ੍ਰਤੀ ਕਿਲੋ ਵੇਚ ਸਕਦੇ ਹਨ।

No comments:

Post a Comment